11 views 10 secs 0 comments

ਗਿਆਨੀ ਗੁਰਦਿੱਤ ਸਿੰਘ ਨੂੰ ਚੇਤੇ ਕਰਦਿਆਂ

In ਪੰਜਾਬ
January 10, 2026

ਕੁਲਦੀਪ ਸਿੰਘ ਧਨੌਲਾ

ਜਦੋਂ ਗਿਆਨੀ ਗੁਰਦਿੱਤ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ ਤਾਂ ਅੱਛਾ! ਅੱਛਾ!! ਓਹ ‘ਮੇਰਾ ਪਿੰਡ ਵਾਲੇ’ ਆਪ ਮੁਹਾਰੇ ਹੀ ਸ਼ਬਦ ਮੂੰਹੋਂ ਨਿਕਲ ਆਉਂਦੇ ਹਨ। ਗਿਆਨੀ ਜੀ ਪੰਜਾਬੀ ਦੇ ਪੋਟਿਆਂ ’ਤੇ ਗਿਣੇ ਜਾਣ ਵਾਲੇ ਉਨ੍ਹਾਂ ਸਾਹਿਤਕਾਰਾਂ ਵਿਚੋਂ ਇੱਕ ਹਨ, ਜਿਨ੍ਹਾਂ ਦੇ ਨਾਂਅ ਨਾਲ ਉਨ੍ਹਾਂ ਦੀ ਲਿਖਤ ਦਾ ਜ਼ਿਕਰ ਆਉਂਦਾ ਹੈ। ਪੰਜਾਬੀ ਸਾਹਿਤ ਦੇ ਪਿੜ ਵਿੱਚ ਉਨ੍ਹਾਂ ਦੀ ‘ਮੇਰਾ ਪਿੰਡ’ ਅਜਿਹੀ ਇਕਲੌਤੀ ਕਿਤਾਬ ਹੈ, ਜਿਸ ਦਾ 1961 ਤੋਂ ਯਾਨੀ ਸਾਢੇ ਛੇ ਦਹਾਕਿਆਂ ਤੋਂ ਹੁਣ ਤੱਕ 23ਵਾਂ ਐਡੀਸ਼ਨ ਛਪ ਰਿਹਾ ਹੈ। ਇੱਕ ਸਮਾਗਮ ਦੌਰਾਨ ਜਦੋਂ ਮੈਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ‘ਮੇਰਾ ਪਿੰਡ’ ਕਿਤਾਬ ਭੇਟ ਕੀਤੀ ਤਾਂ ਉਨ੍ਹਾਂ ਧਾਰਮਿਕ ਪੁਸਤਕ ਵਾਂਗ ਇਸ ਨੂੰ ਮੱਥੇ ਨਾਲ ਲਾਇਆ। ਇਹ ਹੈ ਇਸ ਕਿਤਾਬ ਦੀ ਮਹਾਨਤਾ। ਗਿਆਨੀ ਜੀ ਸਾਹਿਤਕ, ਸਮਾਜਿਕ, ਧਾਰਮਿਕ ਅਤੇ ਰਾਜਨੀਤੀ ਖੇਤਰ ਵਿੱਚ ਆਪਣੀ ਕਲਮ ਨਾਲ ਜਿਹੜੇ ਝੰਡੇ ਗੱਡ ਗਏ ਹਾਲੇ ਤਕ ਉਥੇ ਕੋਈ ਅੱਪੜ ਨਹੀਂ ਸਕਿਆ। ਕਿਸੇ ਲੇਖਕ ਲਈ ਇਸ ਤੋਂ ਵੱਡਾ ਮਾਣ-ਸਨਮਾਨ ਹੋਰ ਕੀ ਹੋ ਸਕਦਾ ਹੈ?
ਅੱਜ ਤੋਂ 103 ਵਰ੍ਹੇ ਪਹਿਲਾਂ ਯਾਨੀ 1923 ਨੂੰ ਪਿਤਾ ਸ. ਹੀਰਾ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਜ਼ਿਲ੍ਹਾ ਮਾਲੇਰਕੋਟਲਾ) ਵਿਖੇ ਜਨਮ ਲੈਣ ਵਾਲੇ ਬਾਲ ਗੁਰਦਿੱਤ ਸਿੰਘ ਨੇ ਪੜ੍ਹਾਈ ਦੇ ਸਾਰੇ ਸਾਧਨਾਂ ਤੋਂ ਦੂਰ ਪਿੰਡ ਦੇ ਗੁਰਦੁਆਰੇ ਦੀ ਪੁਰਾਣੀ ਰੀਤ ਅਨੁਸਾਰ ਆਰੰਭਕ ਪੋਥੀਆਂ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ। ਘਰੇਲੂ ਧੰਦਿਆਂ ਦੇ ਨਾਲ ਸਾਧਾਂ, ਸੰਤਾਂ ਅਤੇ ਗੁਣਵਾਨਾਂ ਤੋਂ, ਨੀਤੀ, ਭਾਖਾ ਪਿੰਗਲ ਤੇ ਕਾਵਯ ਦੇ ਗ੍ਰੰਥ ਪੜ੍ਹੇ। ਗਿਆਨੀ ਜੀ ਸਰਬਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਅੰਦਰ ਇੱਕ ਸਾਹਿਤਕਾਰ, ਗੁਰਬਾਣੀ ਵੇਤਾ, ਵਿਆਖਿਆਕਾਰ ਤੇ ਖ਼ੋਜੀ, ਸਿਆਸਤਦਾਨ ਤੇ ਪੱਤਰਕਾਰ ਦੇ ਗੁਣ ਸਮਰੂਪ ਵਿੱਚ ਸਮੋਏ ਹੋਏ ਸਨ। ਗਿਆਨੀ ਗੁਰਦਿੱਤ ਸਿੰਘ ਨੇ 1956 ਵਿੱਚ ਇੱਕ ਲੇਖ ਲਿਖਿਆ ‘ਮੇਰਾ ਪਿੰਡ’, ਜਿਸ ਦੀ ਚਰਚਾ ਅਤੇ ਪ੍ਰਸੰਸਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਕੁਝ ਹੋਰ ਲੇਖ ਲਿਖੇ। 1961 ਵਿੱਚ ‘ਮੇਰਾ ਪਿੰਡ’ ਦਾ ਪਹਿਲਾ ਐਡੀਸ਼ਨ ਛਪਿਆ ਤਾਂ ਇਹ ਪੁਸਤਕ ਪੰਜਵੀਂ ਜਮਾਤ ਤੋਂ ਲੈ ਕੇ ਐਮ.ਏ. ਤੱਕ ਦੀਆਂ ਕਲਾਸਾਂ ਨੂੰ ਪੜ੍ਹਾਈ ਜਾਣ ਲੱਗੀ। ਛੋਟੀਆਂ ਜਮਾਤਾਂ ਦੇ ਬੱਚਿਆਂ ਲਈ ਇਸ ਕਿਤਾਬ ਵਿਚੋਂ ਲੇਖ ਚੁਣ ਕੇ ‘ਸਪਲੀਮੈਂਟਰੀ ਰੀਡਰਜ਼’ ਛਾਪੀਆਂ ਗਈਆਂ। ਅੱਜ ਵੀ ਇਹ ਕਿਤਾਬ ਪੰਜਾਬ ਅਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਅਤੇ ਸਕੂਲਾਂ ਦੀਆਂ ਜਮਾਤਾਂ ਨੂੰ ਪੜ੍ਹਾਈ ਜਾਂਦੀ ਹੈ।
ਗਿਆਨੀ ਗੁਰਦਿੱਤ ਸਿੰਘ ਦੀ ਮਿੱਠੀ ਬੋਲੀ, ਮਿੱਠੀ ਮੁਸਕਰਾਹਟ ਅਤੇ ਮੱਠੀ ਟਕੋਰ ਨੇ ਪੰਜਾਬੀ ਪਾਠਕਾਂ ਦਾ ਮਨ ਮੋਹ ਲਿਆ। ਸ਼ਾਇਦ ਇਹ ਸਾਰੀਆਂ ਬਰਕਤਾਂ ਉਨ੍ਹਾਂ ਦੇ ਪਿੰਡ ਮਿੱਠੇਵਾਲ ਦੀਆਂ ਹਨ। ਟਿੱਬਿਆਂ ਅਤੇ ਸਰਕੰਡਿਆਂ ਵਿੱਚ ਵਸੇ ਇਸ ਪਿੰਡ ਵਿੱਚ ਪਤਾ ਨਹੀਂ ਗੁਲਾਬ ਦਾ ਫੁੱਲ ਕਿਵੇਂ ਖਿੜ ਪਿਆ? ਗਿਆਨੀ ਜੀ ਕਹਿੰਦੇ ਹੁੰਦੇ ਸਨ ਕਿ ਸਾਡੇ ਪਿੰਡ ਦੇ ਵੀਹ-ਵੀਹ ਕੋਹ ਦੂਰ ਕਿਤੇ ਸਕੂਲ ਨਹੀਂ ਸੀ ਹੁੰਦਾ। ਫਿਰ ਵੀ ਮਿੱਠੇਵਾਲ ਨੇ ਪੰਜਾਬੀ ਸਾਹਿਤ ਨੂੰ ਗਿਆਨੀ ਗੁਰਦਿੱਤ ਸਿੰਘ ਵਰਗਾ ਵਿਦਵਾਨ ਭੇਟ ਕੀਤਾ। ਅਸਲ ਵਿੱਚ ਇਹ ਉਨ੍ਹਾਂ ਵੱਲੋਂ ਦਿਨ-ਰਾਤ ਪੜ੍ਹਾਈ ਕਰਨ ਦੀ ਅਤੇ ਵਿਸ਼ੇਸ਼ ਵਿਦਵਾਨਾਂ ਤੋਂ ਸਮੇਂ-ਸਮੇਂ ਵਿੱਦਿਆ ਪ੍ਰਾਪਤ ਕਰਨ ਦੀ ਘਾਲਣਾ ਦਾ ਫ਼ਲ ਹੈ। ਇਸ ਤੋਂ ਬਾਅਦ ਗਿਆਨ ਦੇ ਬਿਖੜੇ ਰਾਹਾਂ ’ਤੇ ਗਿਆਨੀ ਜੀ ਤੁਰਦੇ ਰਹੇ ਅਤੇ ਅੱਜ ਇਕ ਮਾਣਯੋਗ ਵਿਦਵਾਨ ਸ਼ਖ਼ਸੀਅਤ ਦੇ ਰੂਪ ਵਿੱਚ ਸਾਡੇ ਸਾਹਮਣੇ ਹਨ।
‘ੱਮੇਰਾ ਪਿੰਡ’ ਦੇ ਮੇਰੇ ਵੱਡੇ-ਵਡੇਰੇ ਚੈਪਟਰ ਵਿੱਚ ਉਹ ਲਿਖਦੇ ਹਨ —ਮੇਰੇ ਦਾਦੇ ਪੜਦਾਦੇ, ਵੱਡ-ਵਡੇਰੇ, ਕਿਸੇ ਰਾਜੇ ਨਵਾਬ ਦੇ ਨੌਕਰ, ਰਈਸ ਜਾਂ ਬਖਤਾਵਰ ਬੰਦੇ ਨਹੀਂ ਸਨ। ਨਾ ਹੀ ਉਹ ਅਧਿਆਤਮਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸੀ, ਤੇ ਵਿਦਵਾਨ ਹੋਣਾ ਤਾਂ ਉਨ੍ਹਾਂ ਲਈ ਇੱਕ ਦਮ ਹੀ ਅਜਨਬੀ ਹੋਇਆ।
ੱੱਮੇਰੇ ਪਿੰਡ ਦਾ ਨਾਂ ਹੈ ਮਿੱਠੇਵਾਲ ਕਹਿੰਦੇ ਇਸ ਕਰਕੇ ਪਿਆ ਸੀ ਕਿ ਸਾਡਾ ਪਿੰਡ ਅਕਬਰ ਦੇ ਸਮੇਂ ਪਰਗਣਾ ਦੀਨਾ ਕਾਂਗੜ ਦੇ ਇੱਕ ਮੁਖੀ ਚੌਧਰੀ ਮਹਿਰ ਮਿੱਠੇ ਨੇ ਬੰਨਿ੍ਹਆ ਸੀ। ਪਹਾੜਾਂ ਜਿੱਡੇ ਉੱਚੇ ਰੇਤੇ ਦੇ ਟਿੱਬਿਆਂ ਅਤੇ ਚੀਲ੍ਹਾਂ ਲੰਮੇ-ਲੰਝੇ ਜ਼ੋਰੀਂ ਸ਼ੂਕਰਾਂ ਪਾਉਂਦੇ ਸਰਕੜੇ ਦੇ ਸੰਘਣੇ ਜੰਗਲਾਂ ਵਿਚਾਲੇ, ਪਲ੍ਹੋਂ ਵਾਲੀ ਕਾਲੀ ਮਿੱਟੀ ਨਾਲ ਲਿੱਪੇ ਹੋਏ ਕੱਚਿਆਂ ਕੋਠਿਆਂ ਵਾਲਾ ਇੱਕ ਟਾਪੂ ਜਿਹਾ ਹੈ ਮੇਰਾ ਪਿੰਡ, ਜਿਹੜਾ ਆਪਣੇ ਨਾਂ ਨਾਲੋਂ ਵੀ ਵੱਧ ਮਿੱਠੇ ਸੁਆਦ ਆਪਣੀਆਂ ਯਾਦਾਂ ਵਿੱਚ ਸਮਾਈ ਬੈਠਾ ਹੈ।
ਉਨ੍ਹਾਂ 1944-45 ਵਿੱਚ ਲਾਹੌਰ ਤੋਂ ਗਿਆਨੀ ਪਾਸ ਕੀਤੀ। ਖੋਜ ਦੀ ਲਗਨ ਵਿੱਚ ਘਰ-ਬਾਰ ਛੱਡ ਕੇ 1943 ਤੋਂ 47 ਤਕ ਅਣਵੰਡੇ ਦੇਸ਼ ਦਾ ਪੰਜਾ ਸਾਹਿਬ ਤੋਂ ਪਟਨਾ, ਬਨਾਰਸ ਤਕ ਦਾ ਭਰਮਣ ਕੀਤਾ। ਧਰਮ ਸਥਾਨਾਂ ਦੇ ਤੋਸ਼ੇ ਖ਼ਾਨਿਆਂ ਤੋਂ ਲੈ ਕੇ ਲਾਹੌਰ, ਅੰਮ੍ਰਿਤਸਰ, ਪਟਿਆਲਾ ਦੀਆਂ ਲਾਇਬਰੇਰੀਆਂ ਅਤੇ ਕਾਂਸ਼ੀ ਦੀ ਨਾਗਰੀ ਪ੍ਰਚਾਰਣੀ ਸਭਾ ਦੀ ਲਾਇਬਰੇਰੀ ਘੋਖੀ। ਉੱਘੀਆਂ ਇਤਿਹਾਸਕ ਰਿਆਸਤੀ ਹਸਤੀਆਂ ਅਤੇ ਨਾਭੇ, ਪਟਿਆਲੇ ਦੇ ਸਿੱਖ ਘਰਾਣਿਆਂ ਵਿੱਚ ਹੱਥ ਲਿਖਤਾਂ, ਬੀੜਾਂ ਤੇ ਪੁਸਤਕਾਂ ਦੀ ਖੋਜ ਕੀਤੀ ਤੇ ਇਸ ਦੌਰਾਨ ਨਿਵਾਸ ਲਾਹੌਰ ਅਤੇ ਅੰਮ੍ਰਿਤਸਰ ਰਿਹਾ।
ਮਾਸਿਕ ਪੱਤਰ ‘ਜੀਵਨ ਸੰਦੇਸ਼’ ਪਟਿਆਲਿਓਂ ਕੱਢਿਆ, ਜਿਸ ਦੇ ਪੰਜਾਬੀ ਅੰਕ, ਸਿੱਖ ਇਤਿਹਾਸ ਅੰਕ ਵਿਸ਼ੇਸ਼ ਮੰਨੇ ਗਏ। ਪੰਜਾਬੀ ਬੋਲੀ, ਗੁਰਮੁਖੀ ਲਿਪੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਨਿਬੰਧ ਲਿਖੇ। ਉਹ ਧਰਮ ਅਰਥ ਬੋਰਡ ਦੇ ਜਨਰਲ ਸਕੱਤਰ 1943-44 ਤਕ ਰਹੇ। 1950 ਵਿੱਚ ਪੁਰਾਤਨ ਪੁਸਤਕ ‘ਅਮਰ ਨਾਮਾ’ ਪ੍ਰਕਾਸ਼ਿਤ ਕੀਤਾ। ਕਈ ਲੇਖ ਗੁਰਬਾਣੀ ਤੇ ਪੁਰਾਣੇ ਸਾਹਿਤ ਬਾਰੇ ਮਾਸਿਕ ਪੱਤਰਾਂ ਲਈ ਲਿਖੇ।
1947 ਦੇ ਆਰੰਭ ਵਿੱਚ ਪਟਿਆਲੇ ਵਿੱਚ ਨਿਵਾਸ ਕੀਤਾ। 1948 ਵਿੱਚ ‘ਪ੍ਰਕਾਸ਼’ ਅਖ਼ਬਾਰ ਪਹਿਲਾਂ ਸਪਤਾਹਿਕ ਫਿਰ ਰੋਜ਼ਾਨਾ ਕੱਢਿਆ, ਜੋ 1956 ਤਕ ਪਟਿਆਲੇ ਰਿਹਾ। ਪੈਪਸੂ ਦੇ ਪੰਜਾਬ ਵਿੱਚ ਰਲੇਵੇਂ ਅਤੇ ਸੰਪਾਦਕ ਦੇ ਲੈਜਿਸਲੇਟਿਵ ਕੌਂਸਲ (ਪੰਜਾਬ ਵਿਧਾਨ ਪ੍ਰੀਸ਼ਦ) ਦੇ 1956 ਤੋਂ 1964 ਤੱਕ ਮੈਂਬਰ ਬਣਨ ਕਰਕੇ ਚੰਡੀਗੜ੍ਹ ਤੋਂ ਛਪਦਾ ਰਿਹਾ। ਫਿਰ 1970 ਵਿੱਚ ਪਟਿਆਲੇ ਤੋਂ ਸਪਤਾਹਿਕ ਦੇ ਰੂਪ ਵਿੱਚ 1976 ਤਕ ਜਾਰੀ ਰਿਹਾ।
1973 ਵਿੱਚ ਸਿੰਘ ਸਭਾ ਲਹਿਰ ਦੀ ਯਾਦ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਭਾ ਸ਼ਤਾਬਦੀ ਕਮੇਟੀ ਦਾ ਕੰਮ ਉਨ੍ਹਾਂ ਨੂੰ ਸੌਂਪਿਆ ਗਿਆ ਸੀ, ਉਦੋਂ ਆਪ ਦਾ ਨਿਵਾਸ ਅੰਮ੍ਰਿਤਸਰ ਰਿਹਾ। ਪਹਿਲਾਂ ਦੇਸ਼ ਭਰ ਵਿੱਚ ਪ੍ਰਚਾਰ ਵਹੀਰ ਚਲਾਈ। 1973 ਵਿੱਚ ਜਨਰਲ ਸਕੱਤਰ ਅਤੇ 1983 ਤੋਂ 1992 ਤਕ ਕੇਂਦਰੀ ਸਿੰਘ ਸਭਾ ਦੀ ਪ੍ਰਧਾਨਗੀ ਦੇ ਰੂਪ ਵਿੱਚ ਸੇਵਾ ਕੀਤੀ। ਦਰਜਨਾਂ ਸਮਾਗਮ ਅਤੇ ਵਿਚਾਰ ਸੰਮੇਲਨ ਭਾਰਤ ਦੇ ਵੱਡੇ ਸ਼ਹਿਰਾਂ ਅਤੇ ਸਿੱਖਾਂ ਦੇ ਮੁੱਖ ਧਾਮਾਂ ਉੱਤੇ ਕੀਤੇ, ਸਿੰਘ ਸਭਾ ਪੱਤ੍ਰਿਕਾ ਰਸਾਲੇ ਦੇ ਮਹੱਤਵਪੂਰਨ ਵਿਸ਼ੇਸ਼ ਅੰਕ ਕੱਢੇ। ਸਿਧਾਂਤਕ ਇਤਿਹਾਸਿਕ ਮਸਲਿਆਂ ਉੱਤੇ ਵਿਚਾਰ ਸਮਾਗਮ ਕੀਤੇ। ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਲਦ, ਜੀਵਨ ਭਰ ਦੀ ਖੋਜ ਦਾ ਹਿੱਸਾ, ਭਗਤ ਬਾਣੀ ਦਾ ਇਤਿਹਾਸ ਛਾਪਿਆ, ਜਿਸ ਦਾ ਦੇਸ਼-ਵਿਦੇਸ਼ ਵਿੱਚ ਸਵਾਗਤ ਹੋਇਆ। ਇੰਗਲੈਂਡ, ਅਮਰੀਕਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੁਆਰਾ ਲਿਖੀਆਂ ਜੀਵਨੀਆਂ ‘ਸਿੰਘ ਸਭਾ ਪੱਤ੍ਰਿਕਾ’ ਵਿੱਚ ਛਪੀਆਂ।
ਜਦੋਂ ਗਿਆਨੀ ਗੁਰਦਿੱਤ ਸਿੰਘ ਜੀ ਦੀ ਕੋਈ ਕਿਤਾਬ ਛਪਦੀ ਸੀ ਤਾਂ ਪੰਜਾਬੀ ਸਾਹਿਤ ਦੇ ਸ਼ਾਂਤ ਪਾਣੀਆਂ ਵਿੱਚ ਹਲਚਲ ਮੱਚ ਜਾਂਦੀ ਸੀ। ਇਸ ਦਾ ਕਾਰਨ ਸੀ ਕਿ ਗਿਆਨੀ ਜੀ, ਜਿਸ ਵਿਸ਼ੇ ਉੱਤੇ ਵੀ ਕਲਮ ਚੁੱਕਦੇ ਸਨ, ਉਸ ਦਾ ਆਧਾਰ ਪਹਿਲਾਂ ਪ੍ਰਗਟ ਕੀਤੇ ਗਏ ਮਾਂਗਵੇਂ ਵਿਚਾਰਾਂ ਨੂੰ ਨਹੀਂ ਸਨ ਬਣਾਉਂਦੇ ਸਗੋਂ ਸਾਲਾਂਬੱਧੀ ਉਸ ਵਿਸ਼ੇ ਦਾ ਸਵੈ-ਅਧਿਐਨ ਕਰਦੇ ਅਤੇ ਉਸ ਵਿਸ਼ੇ ਨਾਲ ਸਬੰਧਤ ਦੂਰ-ਦੁਰਾਡੀਆਂ ਥਾਵਾਂ ਦੀ ਯਾਤਰਾ ਵੀ ਕਰਦੇ ਸਨ। ਇਸ ਪ੍ਰਕਾਰ ਦੀ ਘੋਖ ਉਪਰੰਤ ਜਿਹੜੇ ਵਿਚਾਰ ਅਤੇ ਨਤੀਜੇ ਸਾਹਮਣੇ ਆਉਂਦੇ, ਉਹ ਸੁਭਾਵਿਕ ਹੀ ਲੀਹ ਤੋਂ ਹਟਵੇਂ, ਨਵੇਂ ਅਤੇ ਵਿਲੱਖਣ ਹੁੰਦੇ ਸਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਅਕਸਰ ਹੈਰਾਨ ਹੋ ਜਾਂਦੇ ਸਨ।
1990 ਵਿਚ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ-1’ 668 ਪੰਨਿਆਂ ਦੀ ਇਸ ਪੁਸਤਕ ਵਿੱਚ ਬਾਣੀਕਾਰ ਭਗਤਾਂ ਦੇ ਜੀਵਨ ਅਤੇ ਰਚਨਾ ਬਾਰੇ ਸਮੱਗਰੀ ਇਕੱਤਰ ਕੀਤੀ ਗਈ। ਗਿਆਨੀ ਜੀ ਨੇ ਇਸ ਪੁਸਤਕ ਵਿੱਚ ਭਗਤਾਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੀ ਬਾਣੀ ਬਾਰੇ ਅਹਿਮ ਸਵਾਲ ਉਠਾਏ।
ਗਿਆਨੀ ਗੁਰਦਿੱਤ ਸਿੰਘ ਦੀ ਬਹੁ-ਚਰਚਿਤ ਪੁਸਤਕ ‘ਮੁੰਦਾਵਣੀ’ 2003 ਵਿੱਚ ਛਪੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਰਾਗਮਾਲਾ’ ਦੇ ਵਿਸ਼ੇ ਨਾਲ ਸਬੰਧਤ ਹੈ। ਸਿੱਖ ਪੰਥ ਵਿੱਚ ਰਾਗਮਾਲਾ ਦਾ ਮਸਲਾ ਬਹੁਤ ਅਹਿਮ ਅਤੇ ਗੰਭੀਰ ਹੈ। ਰਾਗਮਾਲਾ ਦਾ ਵਿਵਾਦ ਕਈ ਵਾਰ ਉੱਠਿਆ ਤੇ ਦਬਿਆ ਹੈ। ਗਿਆਨੀ ਗੁਰਦਿੱਤ ਸਿੰਘ ਇਸ ਮਸਲੇ ਨੂੰ 60 ਸਾਲ ਤੋਂ ਵਾਚਦੇ ਆ ਰਹੇ ਸਨ ਅਤੇ ਨਾਲ ਹੀ ਇਸ ਉੱਤੇ ਖੋਜ ਵੀ ਕਰ ਰਹੇ ਸਨ। ਇਸ ਸਬੰਧ ਵਿੱਚ ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਸੈਂਕੜੇ ਹੱਥ ਲਿਖਤ ਬੀੜਾਂ ਦੇ ਦਰਸ਼ਨ ਕੀਤੇ, ਤਕਰੀਬਨ 500 ਬੀੜਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਰਾਗਮਾਲਾ ਨਾਲ ਸਬੰਧਤ ਪੰਨਿਆਂ ਦੇ ਚਿੱਤਰ ‘ਮੁੰਦਾਵਣੀ’ ਵਿੱਚ ਪ੍ਰਕਾਸ਼ਿਤ ਕੀਤੇ। ਰਾਗਮਾਲਾ ਕੀ ਹੈ? ਇਸ ਦਾ ਕਰਤਾ ਕੌਣ ਹੈ? ਰਾਗਮਾਲਾ ਕਦੋਂ ਲਿਖੀ ਗਈ ਅਤੇ ਕਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਈ? ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਉਤਰ ਲੱਭਣ ਲਈ ਗਿਆਨੀ ਜੀ ਨੇ ਹੱਥ ਲਿਖਤ ਪੁਰਾਤਨ ਬੀੜਾਂ ਅਤੇ ਪੰਜਾਬੀ ਵਿੱਚ ਛਪੀਆਂ ਪੁਸਤਕਾਂ ਦੇ ਅਧਿਐਨ ਤੋਂ ਬਿਨਾਂ ਹਿੰਦੀ ਵਿਦਵਾਨਾਂ ਦੀਆਂ ਤਕਰੀਬਨ 32 ਪੁਸਤਕਾਂ ਦਾ ਅਧਿਐਨ ਵੀ ਕੀਤਾ।
ਉਪਰੋਕਤ ਤਿੰਨ ਮੁੱਖ ਰਚਨਾਵਾਂ ਤੋਂ ਬਿਨਾਂ ਗਿਆਨੀ ਜੀ ਦੀ ਸਾਹਿਤ ਘਾਲਣਾ ਵਿੱਚ ਭੱਟ ਅਤੇ ਉਨ੍ਹਾਂ ਦੀ ਰਚਨਾ, ਪੰਜਾਬ ਦੀਆਂ ਲੋਕ ਕਹਾਣੀਆਂ (ਤਿੰਨ ਭਾਗ) ਅਤੇ ਭਾਈ ਰੂਪ ਚੰਦ ਅਤੇ ਉਨ੍ਹਾਂ ਦਾ ਵੰਸ਼ ਆਦਿ ਪੁਸਤਕਾਂ ਸ਼ਾਮਲ ਹਨ। ਉਨ੍ਹਾਂ ਨੇ 1950 ਵਿੱਚ ‘ਅਮਰ ਨਾਮਾ’ ਦੀ ਖੋਜ ਕੀਤੀ ਜੋ ਨਾਂਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਜੀ ਦੇ ਅੰਤਿਮ ਦਿਨਾਂ ਬਾਰੇ ਦੁਰਲੱਭ ਫ਼ਾਰਸੀ ਰਚਨਾ ਹੈ। ਖ਼ਾਲਸਾ ਸਿਰਜਣਾ ਦੀ ਤ੍ਰੈ-ਸ਼ਤਾਬਦੀ ਸਮੇਂ ਗਿਆਨੀ ਜੀ ਦੇ ਸੁਝਾਅ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਕਰੀਬਨ 100 ਪੁਰਾਣੀਆਂ ਅਤੇ ਅਣ-ਉਪਲਬਧ ਪੁਸਤਕਾਂ ਦੁਬਾਰਾ ਪ੍ਰਕਾਸ਼ਿਤ ਕੀਤੀਆਂ। ਇਹ ਸਾਰੀਆਂ ਪੁਸਤਕਾਂ ਗਿਆਨੀ ਜੀ ਨੇ ਆਪਣੇ ਨਿੱਜੀ ਪੁਸਤਕਾਲਿਆਂ ਵਿਚੋਂ ਸ਼੍ਰੋਮਣੀ ਕਮੇਟੀ ਨੂੰ ਉਪਲਬਧ ਕੀਤੀਆਂ। ਉਨ੍ਹਾਂ ਨੇ ਇਨ੍ਹਾਂ ਪੁਸਤਕਾਂ ਨੂੰ ਸੰਪਾਦਿਤ ਵੀ ਕੀਤਾ ਅਤੇ ਹਰ ਪੁਸਤਕ ਦੀ ਲੰਮੀ ਸਾਰਥਿਕ ਭੂਮਿਕਾ ਵੀ ਲਿਖੀ।
ਉਨ੍ਹਾਂ ਰਿਆਸਤ ਪਟਿਆਲਾ ਵਿੱਚ ਪੰਜਾਬੀ ਮਹਿਕਮਾ ਸਥਾਪਤ ਕਰਨ ਵਿੱਚ ਯੋਗਦਾਨ ਪਾਇਆ, ਜੋ ਬਾਅਦ ਵਿੱਚ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਬਣਿਆ।
ਇੱਕ ਥਾਂ ਮਰਹੂਮ ਲੇਖਕ ਭੂਸ਼ਨ ਨੇ ਲਿਖਿਐ ‘ਉਂਝ ਮੇਰਾ ਪਿੰਡ’ ਤੋਂ ਇਲਾਵਾ ਗਿਆਨੀ ਗੁਰਦਿੱਤ ਸਿੰਘ ਨੂੰ ਦੋ ਹੋਰ ਕਾਰਨਾਮਿਆਂ ਕਰਕੇ ਵੀ ਯਾਦ ਰੱਖਿਆ ਜਾਵੇਗਾ। ਇਕ ਤਾਂ ਇਹ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਕਾਇਮੀ ਲਈ ਸਭ ਤੋਂ ਪਹਿਲਾ ਮਤਾ ਪੇਸ਼ ਕਰਨ ਵਾਲੀ ਸ਼ਖ਼ਸੀਅਤ ਇਹੋ ਸੀ ਅਤੇ ਦੂਜਾ ਸਾਡਾ ਪੰਜਵਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਂਦ ਵਿੱਚ ਆਉਣ ਦਾ ਆਧਾਰ ਵੀ ਗਿਆਨੀ ਗੁਰਦਿੱਤ ਸਿੰਘ ਦੀ ਖੋਜ ਹੀ ਮੰਨੀ ਜਾਂਦੀ ਹੈ। ਜਿਉਂ-ਜਿਉਂ ਸਮਾਂ ਬੀਤੇਗਾ, ਬਹੁਤ ਕੁਝ ਪਤਾ ਲੱਗੇਗਾ। ਘਰ ਦੇ ਜੋਗੀ ਨੂੰ ਅਸੀਂ ‘ਜੋਗੜਾ’ ਹੀ ਸਮਝਦੇ ਰਹਿੰਦੇ ਹਾਂ। ‘ਮੇਰਾ ਦਾਗ਼ਸਿਤਾਨ’ ਆਉਣ ’ਤੇ ਸਾਨੂੰ ਹੋਸ਼ ਆਈ ਕਿ ਸਾਡੇ ਕੋਲ ਪਹਿਲਾਂ ‘ਮੇਰਾ ਪਿੰਡ’ ਵੀ ਹੈ। ਮਹਾਤਮਾ ਗਾਂਧੀ ਦਾ ਕਥਨ ਸੀ ਕਿ ਭਾਰਤ ਪਿੰਡਾਂ ਵਿੱਚ ਵਸਦਾ ਹੈ। ਮੇਰਾ ਦਾਅਵਾ ਹੈ ਕਿ ਪਿੰਡ ਗਿਆਨੀ ਗੁਰਦਿੱਤ ਸਿੰਘ ਵਿੱਚ ਵਸਦਾ ਹੈ।
ਇਸ ਲੰਬੇ ਪੈਂਡੇ ਵਿੱਚ ਇਨ੍ਹਾਂ ਦੇ ਵਿਦਵਾਨ ਤੇ ਸੁਯੋਗ ਜੀਵਨ ਸਾਥਣ ਬੀਬੀ ਇੰਦਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਬੀਬੀ ਜੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਅਤੇ ਸਟਾਫ਼ ਸਿਲੈੱਕਸ਼ਨ ਕਮਿਸ਼ਨ, ਨਵੀਂ ਦਿੱਲੀ ਦੇ ਚੇਅਰਪਰਸਨ (ਮੁਖੀ) ਰਹੇ। ਬੀਬੀ ਜੀ ਨੂੰ ਜਿੱਥੇ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਪਹਿਲੇ ਇਸਤਰੀ ਮੁਖੀ ਹੋਣ ਦਾ ਮਾਣ ਹਾਸਲ ਹੈ, ਉੱਥੇ ਸਟਾਫ਼ ਸਿਲੈੱਕਸ਼ਨ ਕਮਿਸ਼ਨ ਦੇ ਵੀ ਉਹ ਪਹਿਲੇ ਇਸਤਰੀ ਮੁਖੀ ਸਨ। ਗਿਆਨੀ ਜੀ ਇਸ ਗੱਲੋਂ ਖ਼ੁਸ਼ਕਿਸਮਤ ਸਨ ਕਿ ਜਿੱਥੇ ਬੀਬੀ ਜੀ ਨੇ ਉਨ੍ਹਾਂ ਨੂੰ ਘਰੇਲੂ ਜ਼ਿੰਮੇਵਾਰੀਆਂ ਤੋਂ ਬੇਫ਼ਿਕਰ ਕੀਤਾ ਸੀ, ਉੱਥੇ ਉਹ ਸਮੇਂ-ਸਮੇਂ ਉਨ੍ਹਾਂ ਦੀਆਂ ਲਿਖਤਾਂ ਤੇ ਖੋਜ ਕਾਰਜਾਂ ਵਿੱਚ ਵੀ ਸਹਾਇਤਾ ਕਰਦੇ ਰਹਿੰਦੇ ਸਨ। ਇਸ ਵਿਦਵਾਨ ਜੋੜੀ ਦੇ ਦੋ ਸਪੁੱਤਰ ਰੁਪਿੰਦਰ ਸਿੰਘ (ਸੇਵਾ ਮੁਕਤ ਸੀਨੀਅਰ ਐਸੋਸੀਏਟ ਐਡੀਟਰ ਦੀ ਟ੍ਰਿਬਿਊਨ) ਅਤੇ ਰਵਿੰਦਰ ਸਿੰਘ (ਬਿਜਨਸਮੈਨ) ਹਨ। ਨਵੰਬਰ, 2006 ਵਿੱਚ ਭਾਸ਼ਾ ਵਿਭਾਗ, ਪੰਜਾਬ ਨੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਗਿਆਨੀ ਜੀ ਨੂੰ ਸਨਮਾਨਿਤ ਕੀਤਾ।
ਗਿਆਨੀ ਗੁਰਦਿੱਤ ਸਿੰਘ ਮਿਲਣ ’ਤੇ ਇਹ ਅਹਿਸਾਸ ਨਹੀਂ ਸੀ ਹੋਣ ਦਿੰਦੇ ਕਿ ਤੁਸੀਂ ਪਹਿਲੀ ਵਾਰ ਮਿਲ ਰਹੇ ਹੋ। ਇੱਕ ਵਾਰ ਉਹ ਟ੍ਰਿਬਿਊਨ ਦਫ਼ਤਰ ਆਏ। ਜਾਣ-ਪਛਾਣ ਕਰਵਾਉਂਦਿਆਂ ਰੁਪਿੰਦਰ ਸਿੰਘ ਹੋਰਾਂ ਮੇਰੇ ਬਾਰੇ ਕਿਹਾ ਇਹ ਮੁੰਡਾ ਧਨੌਲੇ ਤੋਂ ਹੈ ਤਾਂ ਅੱਗੋਂ ਗਿਆਨੀ ਜੀ ਹੱਸਦੇ ਹੋਏ ਕਹਿਣ ਲੱਗੇ, ‘ਓਹ ਮੁੰਡਿਆ ਮੇਰਾ ਮੁੰਡਾ (ਰੁਪਿੰਦਰ ਸਿੰਘ) ਤਾਂ ਵਾਇਆ ਅਮਰੀਕਾ ਟ੍ਰਿਬਿਊਨ ਵਿੱਚ ਆਇਐ ਤੇ ਤੂੰ ਸਿੱਧਾ ਈ ਧਨੌਲੇ ਤੋਂ ਆ ਗਿਆ। ’
ਭਾਵੇਂ ਗਿਆਨੀ ਗੁਰਦਿੱਤ ਸਿੰਘ 17 ਜਨਵਰੀ 2007 ਨੂੰ ਸਰੀਰਕ ਤੌਰ ’ਤੇ ਵਿਛੜ ਗਏ ਪ੍ਰੰਤੂ ਮਾਣ-ਸਨਮਾਨਾਂ ਤੋਂ ਇਲਾਵਾ ਗਿਆਨੀ ਜੀ ਦੇ ਕਾਰਜ, ਸ਼ਖ਼ਸੀਅਤ ਅਤੇ ਲਿਖਤਾਂ ਉਨ੍ਹਾਂ ਨੂੰ ਸਦਾ ਪੰਜਾਬੀਆਂ ਦੇ ਮਨਾਂ ਵਿੱਚ ਜੀਵਤ ਰੱਖਣਗੀਆਂ।

Loading