ਦਿਲ ਦੇ ਦੌਰੇ ਦੇ ਪਹਿਲਾਂ ਤੋਂ ਹੀ ਮਿਲਣ ਲੱਗ ਜਾਂਦੇ ਨੇ ਸੰਕੇਤ

In ਮੁੱਖ ਖ਼ਬਰਾਂ
December 11, 2025

ਦਿਲ ਦੇ ਦੌਰੇ ਨੂੰ ਅਕਸਰ ਅਚਾਨਕ ਤੇ ਬਿਨਾਂ ਚਿਤਾਵਨੀ ਵਾਲੀ ਘਟਨਾ ਮੰਨਿਆ ਜਾਂਦਾ ਹੈ, ਪਰ ਇਹ ਧਾਰਨਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਸਿਹਤ ਮਾਹਰ ਦੱਸਦੇ ਹਨ ਕਿ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਈ ਸੰਕੇਤ ਦੇਣ ਲੱਗਦਾ ਹੈ ਜਿਨ੍ਹਾਂ ਨੂੰ ਪਛਾਣ ਕੇ ਤੁਰੰਤ ਮਦਦ ਲਈ ਜਾਵੇ ਤਾਂ ਜਾਨ ਬਚਾਈ ਜਾ ਸਕਦੀ ਹੈ। ਇਹ ਸੰਕੇਤ ਸਪਸ਼ਟ ਤਾਂ ਕਦੇ ਬਹੁਤ ਮਾਮੂਲੀ ਹੁੰਦੇ ਹਨ, ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਿਵੇਂ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ।

  1. ਕੰਮ ਕਰਦੇ ਸਮੇਂ ਸਾਹ ਫੁੱਲਣਾ
    ਸਾਧਾਰਨ ਕੰਮ ਕਰਦੇ ਸਮੇਂ, ਜਿਵੇਂ ਤੁਰਨਾ, ਪੌੜੀਆਂ ਚੜ੍ਹਨਾ ਜਾਂ ਹਲਕਾ ਫਰਸ਼ ਸਾਫ਼ ਕਰਨ ’ਤੇ ਜੇਕਰ ਸਾਹ ਫੁੱਲਣ ਲੱਗੇ ਤੇ ਇਹ ਸਮੱਸਿਆ ਹੁਣੇ-ਹੁਣੇ ਸ਼ੁਰੂ ਹੋਈ ਹੈ ਤਾਂ ਇਹ ਦਿਲ ਦੀ ਕਮਜ਼ੋਰੀ ਦਾ ਸੰਕੇਤ ਹੋ ਸਕਦਾ ਹੈ। ਜਦੋਂ ਦਿਲ ਠੀਕ ਤਰ੍ਹਾਂ ਨਾਲ ਖੂਨ ਪੰਪ ਨਹੀਂ ਕਰ ਪਾਉਂਦਾ ਤਾਂ ਫੇਫੜਿਆਂ ਤਕ ਜ਼ਰੂਰੀ ਮਾਤਰਾ ’ਚ ਆਕਸੀਜਨ ਨਹੀਂ ਪਹੁੰਚਦੀ, ਜਿਸ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਇਸ ਨੂੰ ‘ਡਿਸਪਨੀਆ’ ਕਹਿੰਦੇ ਹਨ ਤੇ ਇਹ ਦਿਲ ਦੀ ਅਸਫਲਤਾ ਜਾਂ ਕੋਰੋਨਰੀ ਆਰਟਰੀ ਡਿਜ਼ੀਜ਼ ਦਾ ਲੱਛਣ ਹੋ ਸਕਦਾ ਹੈ।
  2. ਛਾਤੀ ’ਚ ਦਰਦ, ਦਬਾਅ ਜਾਂ ਬੇਚੈਨੀ
    ਇਹ ਦਿਲ ਦੇ ਦੌਰੇ ਦਾ ਸਭ ਤੋਂ ਆਮ ਲੱਛਣ ਹੈ, ਪਰ ਇਸ ਨੂੰ ਹਮੇਸ਼ਾ ਤੇਜ਼ ਦਰਦ ਦੇ ਰੂਪ ’ਚ ਮਹਿਸੂਸ ਨਹੀਂ ਕੀਤਾ ਜਾਂਦਾ। ਕਈ ਵਾਰ ਛਾਤੀ ’ਚ ਭਾਰੀਪਨ, ਜਲਨ, ਕਸਾਵ ਜਾਂ ਦਬਾਅ ਜਿਹਾ ਮਹਿਸੂਸ ਹੁੰਦਾ ਹੈ। ਇਹ ਦਰਦ ਕਦੇ-ਕਦੇ ਖੱਬੇ ਹੱਥ, ਜਬਾੜੇ, ਗਰਦਨ ਜਾਂ ਪਿੱਠ ਤਕ ਫੈਲ ਸਕਦਾ ਹੈ। ਇਹ ਆਰਾਮ ਕਰਨ ’ਤੇ ਘੱਟ ਹੋ ਸਕਦਾ ਹੈ ਅਤੇ ਸਰੀਰਕ ਜਾਂ ਭਾਵਨਾਤਮਕ ਤਣਾਅ ’ਚ ਵੱਧ ਸਕਦਾ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
  3. ਪੈਰਾਂ ’ਚ ਸੋਜ ਜਾਂ ਅਚਾਨਕ ਭਾਰ ਵਧਣਾ
    ਦਿਲ ਦੇ ਕਮਜ਼ੋਰ ਹੋਣ ’ਤੇ ਸਰੀਰ ਵਿੱਚ ਤਰਲ ਪਦਾਰਥ ਜਮ੍ਹਾਂ ਹੋਣ ਲੱਗਦੇ ਹਨ, ਜਿਸ ਨਾਲ ਪੈਰਾਂ, ਗਿੱਟਿਆਂ ਅਤੇ ਪੰਜਿਆਂ ’ਚ ਸੋਜ (ਐਡੀਮਾ) ਆ ਜਾਂਦੀ ਹੈ। ਨਾਲ ਹੀ, ਬਿਨਾਂ ਕਿਸੇ ਕਾਰਨ ਦੇ ਕੁਝ ਦਿਨਾਂ ’ਚ ਹੀ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਇਹ ਦਿਲ ਦੀ ਅਸਫਲਤਾ ਦਾ ਆਮ ਸੰਕੇਤ ਹੈ ਕਿਉਂਕਿ ਦਿਲ ਸਰੀਰ ਦੇ ਅੰਗਾਂ ਤੋਂ ਖੂਨ ਨੂੰ ਸਹੀ ਤਰੀਕੇ ਨਾਲ ਵਾਪਸ ਨਹੀਂ ਖਿੱਚ ਪਾਉਾਂਦਾ।
  4. ਚੱਕਰ ਆਉਣਾ, ਬੇਹੋਸ਼ੀ ਜਾਂ ਦਿਲ ਦੀ ਧੜਕਣ ਦਾ ਤੇਜ਼ ਹੋਣਾ
    ਬਿਨਾਂ ਕਿਸੇ ਕਾਰਨ ਦੇ ਚੱਕਰ ਆਉਣਾ, ਸਿਰ ਹਲਕਾ ਹੋਣਾ ਜਾਂ ਬੇਹੋਸ਼ ਹੋ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਦਿਮਾਗ ਤੱਕ ਸਹੀ ਮਾਤਰਾ ’ਚ ਖੂਨ ਨਹੀਂ ਪਹੁੰਚ ਪਾ ਰਿਹਾ। ਇਸੇ ਤਰ੍ਹਾਂ, ਦਿਲ ਦੀ ਧੜਕਣ ਦਾ ਅਚਾਨਕ ਵਧਣਾ, ਹੌਲੀ ਜਾਂ ਅਨਿਯਮਿਤ ਹੋ ਜਾਣਾ ਵੀ ਦਿਲ ਦੀ ਇਲੈਕਟ੍ਰਿਕ ਰਿਦਮ ’ਚ ਗੜਬੜੀ ਵੱਲ ਇਸ਼ਾਰਾ ਕਰਦਾ ਹੈ। ਇਹ ਲੱਛਣ ਐਰੀਥਮੀਆ ਨਾਲ ਜੁੜੇ ਹੋ ਸਕਦੇ ਹਨ।
  5. ਅਸਧਾਰਨ ਕਮਜ਼ੋਰੀ ਜਾਂ ਥਕਾਵਟ
    ਬਿਨਾਂ ਮਿਹਨਤ ਦੇ ਹੀ ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ, ਖਾਸ ਕਰਕੇ ਔਰਤਾਂ ’ਚ ਦਿਲ ਦੇ ਦੌਰੇ ਦਾ ਲੱਛਣ ਹੋ ਸਕਦਾ ਹੈ। ਇਹ ਥਕਾਵਟ ਆਰਾਮ ਕਰਨ ’ਤੇ ਵੀ ਦੂਰ ਨਹੀਂ ਹੁੰਦੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦਿਲ ਦੀਆਂ ਮਾਸਪੇਸ਼ੀਆਂ ਨੂੰ ਸਹੀ ਮਾਤਰਾ ’ਚ ਖ਼ੂਨ ਨਹੀਂ ਮਿਲ ਪਾ ਰਿਹਾ ਹੁੰਦਾ ਹੈ ਅਤੇ ਸਰੀਰ ਦੇ ਹੋਰ ਅੰਗਾਂ ਤਕ ਵੀ ਘੱਟ ਆਕਸੀਜਨ ਪਹੁੰਚਦੀ ਹੈ ਜਿਸ ਨਾਲ ਵਿਅਕਤੀ ਸੁਸਤ ਅਤੇ ਥੱਕਿਆ ਹੋਇਆ ਮਹਿਸੂਸ ਕਰਦਾ ਹੈ।

Loading