ਜਲੰਧਰ/ਏ.ਟੀ.ਨਿਊਜ਼: ਪੰਜਾਬ ਬਚਾਓ ਮੋਰਚਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਗੇ ਧਰਮ ਪਰਿਵਰਤਨ ਤੋਂ ਬਾਅਦ ਨਾਂਅ ਵਿੱਚ ‘ਸਿੰਘ’ ਅਤੇ ‘ਕੌਰ’ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਸ ਮੰਗ ਨੂੰ ਲੈ ਕੇ ਮੋਰਚੇ ਦੇ ਵਫ਼ਦ ਨੇ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸੰਗਠਨ ਦੇ ਮੁਖੀ ਤੇਜਸਵੀ ਮਿਨਹਾਸ, ਮਨਕੀਰਤ ਸਿੰਘ ਸਾਹਨੀ ਅਤੇ ਪੰਥਕ ਤਾਲਮੇਲ ਸੰਗਠਨ ਤੋਂ ਸੁਰਿੰਦਰਪਾਲ ਸਿੰਘ ਗੋਲਡੀ ਨੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਧਰਮ ਪਰਿਵਰਤਨ ਤੋਂ ਬਾਅਦ ਵੀ ਮੂਲ ਧਰਮ ਦੇ ਹਿੱਸੇ ਵਜੋਂ ਸਿੰਘ ਅਤੇ ਕੌਰ ਨਾਂਅ, ਧਾਰਮਿਕ ਚਿੰਨ੍ਹ ਅਤੇ ਪਛਾਣ ਦੀ ਵਰਤੋਂ ਜਾਰੀ ਰੱਖਣ ਦੀ ਲੋੜ ਬਾਰੇ ਦੱਸਿਆ ਗਿਆ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ, ਖਾਸ ਕਰ ਕੇ ਸਰਹੱਦੀ ਇਲਾਕਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਗਿਆ ਸਿੱਖ ਸਰੂਪ ਧਰਮ ਪਰਿਵਰਤਨ ਤੋਂ ਬਾਅਦ ਵੀ ਬਰਕਰਾਰ ਹੈ। ਉਨ੍ਹਾਂ ਧਰਮ ਪਰਿਵਰਤਨ ਤੋਂ ਬਾਅਦ ਵੀ ਪੱਗੜੀ ਅਤੇ ਕਿਰਪਾਨ ਪਹਿਨਣ ਸਮੇਤ ਪਵਿੱਤਰ ਚਿੰਨ੍ਹਾਂ ਦੀ ਵਰਤੋਂ ਬਾਰੇ ਵੀ ਗੱਲ ਕੀਤੀ। ਮਿਨਹਾਸ ਨੇ ਕਿਹਾ ਕਿ ਅਜਿਹਾ ਕਰ ਕੇ ਲੋਕ ਆਪਣੀ ਅਸਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਦੂਜਾ ਧਰਮ ਅਪਣਾ ਰਹੇ ਹਨ, ਜੋ ਕਿ ਸਿਧਾਂਤਾਂ ਦੇ ਉਲਟ ਹੈ। ਇਸ ਦੌਰਾਨ ਵੱਖ-ਵੱਖ ਧਰਮਾਂ ਲਈ ਸਰਕਾਰ ਦੇ ਰਾਹਤ ਉਪਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਸਿੱਖ ਧਰਮ ਦੀ ਸ਼ਾਨ ਦੀ ਉਲੰਘਣਾ ਕਰਦਾ ਹੈ। ਇਸ ਸਬੰਧੀ ਇੱਕ ਹੁਕਮਨਾਮਾ ਜਾਰੀ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਧਰਮ ਪਰਿਵਰਤਨ ਤੋਂ ਬਾਅਦ ‘ਸਿੱਖ’ ਅਤੇ ‘ਕੌਰ’ ਸ਼ਬਦਾਂ ਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ’ਤੇ ਪਾਬੰਦੀ ਸਬੰਧੀ ਹਦਾਇਤਾਂ ਸ਼ਾਮਲ ਹਨ। ਮਾਮਲੇ ਨੂੰ ਲੈ ਕੇ ਮੋਰਚੇ ਨੇ 12 ਨਵੰਬਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਦਾਅਵਾ ਕਰਦੇ ਹੋਏ ਜਥੇਦਾਰ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਸੀ।
ਇਸ ਮੌਕੇ ਉਨ੍ਹਾਂ ਦੇ ਨਾਲ ਜਗਦੀਪ ਸਿੰਘ ਸੋਨੂ ਸੰਧਾਰ, ਫਿਕਰ ਏ ਹੋਂਦ ਤੇ ਜੱਟ ਸਿੱਖ ਪ੍ਰੀਸ਼ਦ ਤੋਂ ਸੁਖਵਿੰਦਰ ਸਿੰਘ ਲਾਲੀ, ਗੁਰਮੀਤ ਸਿੰਘ, ਐਡਵੋਕੇਟ ਰਵੀ ਵਿਨਾਇਕ ਤੇ ਵਿਸ਼ਾਲ ਵਿਨਾਇਕ ਮੌਜੂਦ ਸਨ।
![]()
