ਪਾਕਿਸਤਾਨ ਵਿੱਚ ਗੁੰਮ ਸਿੱਖ ਤੀਰਥ ਯਾਤਰੀ ਸਰਬਜੀਤ ਕੌਰ ਕਿਉਂ ਬਣੀ ਨੂਰ ਹੁਸੈਨ?

In ਮੁੱਖ ਖ਼ਬਰਾਂ
November 17, 2025

ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਧਾਮ ਯਾਤਰਾ ਦੌਰਾਨ ਪਾਕਿਸਤਾਨ ਪਹੁੰਚੀ ਇੱਕ 48 ਸਾਲਾਂ ਦੀ ਸਿੱਖ ਔਰਤ ਸਰਬਜੀਤ ਕੌਰ ਦਾ ਅਚਾਨਕ ਗੁੰਮ ਹੋਣਾ ਨੇ ਨਾ ਸਿਰਫ਼ ਭਾਰਤੀ ਪੰਜਾਬ ਪੁਲਿਸ ਨੂੰ ਪਰੇਸ਼ਾਨ ਕੀਤਾ ਹੈ, ਸਗੋਂ ਪੂਰੇ ਸਿੱਖ ਪੰਥ ਨੂੰ ਡੂੰਘੀ ਸੋਚ ਵਿੱਚ ਪਾ ਦਿੱਤਾ ਹੈ। ਸਰਬਜੀਤ ਕੌਰ, ਜੋ ਹੁਣ ਨੂਰ ਹੁਸੈਨ ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੇ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਇੱਕ 43 ਸਾਲਾਂ ਦੇ ਮੁਸਲਮਾਨ ਮਰਦ ਨਾਸਰ ਹੁਸੈਨ ਨਾਲ ਨਿਕਾਹ ਕਰਵਾ ਲਿਆ। ਇਸ ਘਟਨਾ ਨੇ ਸਿੱਖ ਪੰਥ ਵਿੱਚ ਅਨਮਤੀ ਵਰਤਾਰੇ ਦੀਆਂ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ ਹੈ। ਇਹ ਘਟਨਾ ਸਿੱਖ ਪੰਥ ਲਈ ਇੱਕ ਵੱਡੇ ਸਾਮਾਜਿਕ ਅਤੇ ਧਾਰਮਿਕ ਸੰਕਟ ਦਾ ਪ੍ਰਤੀਬਿੰਬ ਹੈ।

ਸਰਬਜੀਤ ਦੇ ਨਿਕਾਹ ਦੀ ਦਾਸਤਾਨ

ਸਰਬਜੀਤ ਕੌਰ, ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤਹਿਸੀਲ ਵਿੱਚ ਅਮਨੀਪੁਰ ਪਿੰਡ ਵਿੱਚ ਰਹਿੰਦੀ ਸੀ, ਜੋ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ 1931 ਮੈਂਬਰਾਂ ਵਾਲੇ ਵੱਡੇ ਜਥੇ ਦਾ ਹਿੱਸਾ ਸੀ। ਇਹ ਜਥਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਅਗਵਾਈ ਵਿੱਚ ਗਿਆ ਸੀ। ਜਦੋਂ ਗੁਰਧਾਮਾਂ ਦੀ ਯਾਤਰਾ ਕਰਕੇ 13 ਨਵੰਬਰ ਨੂੰ ਜਥਾ ਵਾਪਸ ਭਾਰਤ ਆਇਆ, ਤਾਂ ਸਰਬਜੀਤ ਗੁੰਮ ਪਾਈ ਗਈ।
ਲਾਹੌਰ ਪੁਲਿਸ ਨੇ ਦੱਸਿਆ ਕਿ ਸਰਬਜੀਤ ਨੇ 5 ਨਵੰਬਰ ਨੂੰ ਸ਼ੇਖੂਪੁਰਾ ਜ਼ਿਲ੍ਹੇ ਦੇ ਹਾਲ ਮੌਕੀਨ ਪਿੰਡ ਵਿੱਚ ਨਾਸਰ ਹੁਸੈਨ ਨਾਲ ਨਿਕਾਹ ਕਰਵਾ ਲਿਆ। ਉਹ ਹੁਣ ਨੂਰ ਹੁਸੈਨ ਬਣ ਗਈ ਹੈ । ਪਾਕਿਸਤਾਨੀ ਅਧਿਕਾਰੀਆਂ ਅਨੁਸਾਰ, ਨਿਕਾਹਨਾਮੇ ਵਿੱਚ ਉਸ ਦਾ ਨਵਾਂ ਪਤਾ ਸ਼ੇਖੂਪੁਰਾ ਦਾ ਹਾਲ ਮੌਕੀਨ ਪਿੰਡ ਦਰਜ ਹੈ। ਪੁਲਿਸ ਅਨੁਸਾਰ ਜੋੜਾ ਗੁੰਮ ਹੋ ਗਿਆ ਹੈ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੀ ਸਰਬਜੀਤ ਕੌਰ ਨੂੰ ਬੀਤੇ ਦਿਨੀਂ ਭਾਰੀ ਸੁਰੱਖਿਆ ਹੇਠ ਜ਼ਿਲ੍ਹਾ ਸ਼ੇਖ਼ੂਪੁਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੁਡੀਸ਼ੀਅਲ ਮੈਜਿਸਟਰੇਟ ਸ਼ਾਹਬਾਜ਼ ਹਸਨ ਰਾਣਾ ਦੇ ਸਾਹਮਣੇ ਪੇਸ਼ ਹੋ ਕੇ ਉਸ ਨੇ ਸੂਚਿਤ ਕੀਤਾ ਹੈ ਕਿ ਉਹ ਨਾਸਰ ਨੂੰ ਕਈ ਸਾਲਾਂ ਤੋਂ ਜਾਣਦੀ ਹੈ। ਉਹ ਤਲਾਕਸ਼ੁਦਾ ਹੈ, ਉਸਨੇ ਆਪਣੀ ਪੂਰੀ ਇੱਛਾ ਨਾਲ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਪੁੱਤਰ ਮੁਹੰਮਦ ਤੁਫ਼ੈਲ ਨਾਲ ਸ਼ਰੀਅਤ ਅਨੁਸਾਰ ਨਿਕਾਹ ਕੀਤਾ ਹੈ ਤੇ ਇਸਲਾਮ ਨੂੰ ਖੁਸ਼ੀ ਨਾਲ ਕਬੂਲ ਕੀਤਾ ਹੈ। ਵਕੀਲ ਨੇ ਦੱਸਿਆ ਕਿ ਹੁਣ ਮੈਜਿਸਟਰੇਟ ਇਹ ਨਿਰਧਾਰਿਤ ਕਰਨਗੇ ਕਿ ਉਸ ਨੂੰ ਵਾਪਸ ਭੇਜਿਆ ਜਾਵੇਗਾ ਜਾਂ ਪਾਕਿ ਵਿੱਚ ਆਪਣੇ ਨਵੇਂ ਬਣੇ ਪਤੀ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਨੂਰ ਹੁਸੈਨ ਬਣੀ ਸਰਬਜੀਤ ਨੇ ਥਾਣਾ ਸਦਰ ਫ਼ਾਰੂਖ਼ਾਬਾਦ, ਜ਼ਿਲ੍ਹਾ ਸ਼ੇਖ਼ੂਪੁਰਾ ਨੂੰ ਦਿੱਤੀ ਵੱਖਰੀ ਦਰਖਾਸਤ ਵਿੱਚ ਸੁਰੱਖਿਆ ਦੀ ਮੰਗ ਕਰਦਿਆਂ ਲਿਖਿਆ ਕਿ ਕਿ ਪਾਕਿ ਵਿੱਚ ਕੁਝ ਲੋਕ ਉਸ ਨੂੰ ਅਤੇ ਉਸ ਦੇ ਪਤੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਫਿਲਹਾਲ ਸਰਬਜੀਤ ਤੇ ਉਸ ਦਾ ਪਾਕਿਸਤਾਨੀ ਪਤੀ ਘਰ ਨਹੀਂ ਪਰਤੇ ਅਤੇ ਕਿਸੇ ਅਣਦੱਸੀ ਥਾਂ ’ਤੇ ਚਲੇ ਗਏ ਹਨ।
ਭਾਰਤੀ ਪੱਖ ਵਿੱਚ, ਕਪੂਰਥਲਾ ਦੇ ਸੀਨੀਅਰ ਸੁਪਰਡੰਟੈਂਡੈਂਟ ਆਫ਼ ਪੁਲਿਸ ਗੌਰਵ ਤੂੜਾ ਨੇ ਦੱਸਿਆ, ‘ਇਹ ਗੰਭੀਰ ਮਾਮਲਾ ਹੈ। ਅਸੀਂ ਕੇਂਦਰੀ ਖੁਫੀਆ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਧਿਕਾਰੀਆਂ ਨੇ ਅਮਨੀਪੁਰ ਪਿੰਡ ਵਿੱਚ ਉਸ ਦੇ ਦੋ ਬੇਟਿਆਂ ਨਾਲ ਗੱਲ ਕੀਤੀ ਹੈ ਅਤੇ ਉਸ ਦੇ ਪਾਕਿਸਤਾਨ ਜਾਣ ਦੇ ਇਰਾਦੇ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ।’ ਤੂੜਾ ਨੇ ਇਹ ਵੀ ਜ਼ਿਕਰ ਕੀਤਾ ਕਿ ਸਰਬਜੀਤ ਦਾ ਪਾਸਪੋਰਟ ਮੁਕਤਸਰ ਜ਼ਿਲ੍ਹੇ ਦੇ ਮਲੋਟ ਦਾ ਹੈ ਅਤੇ ਉਸ ਨੇ ਵੀਜ਼ਾ ਅਰਜ਼ੀ ਵਿੱਚ ਨਾਗਰਿਕਤਾ ਅਤੇ ਪਾਸਪੋਰਟ ਨੰਬਰ ਨਹੀਂ ਲਿਖਿਆ ਸੀ, ਜੋ ਇੱਕ ਹੈਰਾਨੀ ਵਾਲੀ ਗੱਲ ਹੈ।

ਸਰਬਜੀਤ ਦਾ ਬੀਤਿਆ ਜੀਵਨ: ਤਲਾਕ, ਅਪਰਾਧੀ ਰਿਕਾਰਡ ਅਤੇ ਪਰਿਵਾਰਕ ਵਿਵਾਦ
ਸਰਬਜੀਤ ਅਮਨੀਪੁਰ ਪਿੰਡ ਵਿੱਚ ਆਪਣੇ ਦੋ ਬੇਟਿਆਂ ਨਾਲ ਰਹਿੰਦੀ ਸੀ। ਉਸ ਦਾ ਆਪਣੇ ਪਤੀ ਕਰਨੈਲ ਸਿੰਘ, ਨਾਲ ਤਲਾਕ ਹੋ ਗਿਆ ਸੀ। ਉਹ ਪਿਛਲੇ 15 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ, ਤਲਾਕ ਤੋਂ ਬਾਅਦ ਸਰਬਜੀਤ ਨੇ ਆਪਣੇ ਬੱਚਿਆਂ ਨੂੰ ਇਕੱਲਿਆਂ ਪਾਲਿਆ ਅਤੇ ਘਰੇਲੂ ਕੰਮਾਂ ਨਾਲ ਗੁਜ਼ਾਰਾ ਚਲਾਇਆ। ਪਰ ਉਸ ਦਾ ਅਪਰਾਧੀ ਰਿਕਾਰਡ ਇਸ ਕਹਾਣੀ ਨੂੰ ਹੋਰ ਗੁੰਝਲਦਾਰ ਬਣਾਉਂਦਾ ਹੈ। ਬਠਿੰਡਾ ਅਤੇ ਕਪੂਰਥਲਾ ਵਿੱਚ ਉਸ ਵਿਰੁੱਧ ਧੋਖਾਧੜੀ ਅਤੇ ਚੋਰੀ ਦੇ ਤਿੰਨ ਕੇਸ ਰਜਿਸਟਰ ਹਨ। ਉਸ ਦੇ ਦੋਵੇਂ ਬੇਟੇ ਵੀ 10 ਐੱਫਆਈਆਰਾਂ ਵਿੱਚ ਘਿਰੇ ਹੋਏ ਹਨ, ਜਿਨ੍ਹਾਂ ਵਿੱਚ ਧੋਖਾਧੜੀ, ਹਮਲਾ ਅਤੇ ਚੋਰੀ ਸ਼ਾਮਲ ਹਨ।
ਪੁਲਿਸ ਅਨੁਸਾਰ, ਸਰਬਜੀਤ ਪਹਿਲਾਂ ਵੀ ਕਰਤਾਰਪੁਰ ਧਾਰਮਿਕ ਯਾਤਰਾ ਰਾਹੀਂ ਪਾਕਿਸਤਾਨ ਜਾ ਕੇ ਵਾਪਸ ਮੁੜੀ ਹੋਵੇ । ਕੇਂਦਰੀ ਏਜੰਸੀਆਂ ਹੁਣ ਉਸ ਦੇ ਪੁਰਾਣੇ ਰਿਕਾਰਡਾਂ ਨੂੰ ਖੰਗਾਲ ਰਹੀਆਂ ਹਨ ਕਿ ਇਹ ਕੋਈ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜਾਂ ਵਿਅਕਤੀਗਤ ਫੈਸਲਾ ਹੈ।
ਸਿੱਖ ਸੱਭਿਆਚਾਰ ਦਾ ਸੰਕਟ ਤੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਚਿੰਤਕਾਂ ਦਾ ਪ੍ਰਤੀਕਰਮ
ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਤਾਪ ਸਿੰਘ ਨੇ ਕਿਹਾ, ‘ਸ਼੍ਰੋਮਣੀ ਕਮੇਟੀ ਨੇ ਸਿਰਫ਼ ਯਾਤਰੀਆਂ ਦੇ ਨਾਮ ਸਿਫ਼ਾਰਸ਼ ਕੀਤੇ ਸਨ। ਪੁਲਿਸ ਵੈਰੀਫਿਕੇਸ਼ਨ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਅਤੇ ਕੇਂਦਰੀ ਏਜੰਸੀਆਂ ਦੀ ਹੈ। ਇਹ ਏਜੰਸੀਆਂ ਦੀ ਨਾਕਾਮੀ ਹੈ ਕਿ ਉਹ ਇਹ ਨਹੀਂ ਭਾਂਪ ਸਕੀਆਂ ਕਿ ਸਰਬਜੀਤ ਪਹਿਲਾਂ ਹੀ ਇੱਕ ਪਾਕਿਸਤਾਨੀ ਨਾਗਰਿਕ ਨਾਲ ਸੰਪਰਕ ਵਿੱਚ ਸੀ।’ ਪਰਤਾਪ ਸਿੰਘ ਨੇ ਇਹ ਵੀ ਜੋੜਿਆ ਕਿ ਸਰਬਜੀਤ ਦੇ ਇਸ ਫੈਸਲੇ ਨੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਸਿੱਖ ਵਿਦਵਾਨ ਪਰਮਿੰਦਰ ਸਿੰਘ ਸ਼ੌਂਕੀ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਸਮੱਸਿਆ ਸਿਰਫ਼ ਇਹ ਨਹੀਂ ਕਿ ਇੱਕ ਸਿੱਖ ਬੀਬੀ ਨੇ ਮੁਸਲਮਾਨ ਨਾਲ ਵਿਆਹ ਕਰ ਲਿਆ। ਅਸਲ ਸਮੱਸਿਆ ਇਹ ਹੈ ਕਿ ਸਿੱਖ ਕੁੜੀਆਂ ਦੇ ਵਿਆਹ ਹਿੰਦੂਆਂ ਨਾਲ ਵੀ ਬਹੁਤ ਜ਼ਿਆਦਾ ਹੋ ਰਹੇ ਹਨ। ਪਰ ਗੋਦੀ ਮੀਡੀਆ ਅਤੇ ਹਿੰਦੂਤਵੀ ਸ਼ਕਤੀਆਂ ਇਸ ਨੂੰ ਬਲੈਕ ਐਂਡ ਵਾਈਟ ਪਰਿਪੇਖ ਵਿੱਚ ਵਿਖਾਉਂਦੀਆਂ ਹਨ – ਮੁਸਲਮਾਨ ਨਾਲ ਵਿਆਹ ਨੂੰ ਅਪਰਾਧ ਵਜੋਂ ਅਤੇ ਹਿੰਦੂ ਨਾਲ ਨੂੰ ਆਮ ਗੱਲ ਵਜੋਂ। ਵਿਦਵਾਨ ਸ਼ੌਂਕੀ ਨੇ ਉਦਾਹਰਣਾਂ ਵੀ ਦਿੱਤੀਆਂ ਕਿ ਦਿੱਲੀ, ਯੂਪੀ, ਉੱਤਰਾਖੰਡ ਅਤੇ ਪੰਜਾਬ ਵਿੱਚ ਹਜ਼ਾਰਾਂ ਸਿੱਖ ਕੁੜੀਆਂ ਹਿੰਦੂ ਪਰਿਵਾਰਾਂ ਵਿੱਚ ਵਿਆਹੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਔਲਾਦ ਹਿੰਦੂ-ਸਿੱਖ ਮਿਲੇ ਜੁਲੇ ਰੀਤੀ-ਰਿਵਾਜ਼ ਅਪਣਾਉਂਦੀ ਹੈ। ਕੀ ਅਜਿਹੀ ਔਲਾਦ ਸਿੱਖ ਰਹਿ ਸਕਦੀ ਹੈ? ਇਹ ਅਨਮਤੀ ਵਰਤਾਰਾ ਸਿੱਖ ਸੱਭਿਆਚਾਰ ਉੱਤੇ ਭਾਰੀ ਪੈ ਰਿਹਾ ਹੈ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਵੀ ਟਿੱਪਣੀ ਕੀਤੀ, ਸ਼੍ਰੋਮਣੀ ਕਮੇਟੀ ਨੂੰ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪਰ ਉਹ ਇਸ ਮਾਮਲੇ ਵਿੱਚ ਏਜੰਸੀਆਂ ਨੂੰ ਦੋਸ਼ ਦੇਕੇ ਇਸ ਸਿੱਖ ਵਿਰੋਧੀ ਸੱਭਿਆਚਾਰਕ ਵਰਤਾਰੇ ਤੋਂ ਸੁਰਖਰੂ ਹੋਣਾ ਚਾਹੁੰਦੀ ਹੈ ਤੇ ਪੰਥਕ ਸੰਕਟ ਲਈ ਆਪਣੀ ਜਿੰਮੇਵਾਰੀ ਨਹੀਂ ਸਮਝ ਰਹੀ। ਖ਼ਾਲਸਾ ਨੇ ਕਿਹਾ ਕਿ ਅਸੀਂ ਤੀਸਰਾ ਪੰਥ ਹਾਂ – ਹਿੰਦੂ ਜਾਂ ਮੁਸਲਮਾਨ ਨਹੀਂ। ਸਾਡੇ ਰਿਸ਼ਤੇ ਸਿੱਖ ਪਰਿਵਾਰਾਂ ਵਿੱਚ ਹੀ ਹੋਣੇ ਚਾਹੀਦੇ ਹਨ, ਜਿਵੇਂ ਸਿੱਖ ਮਰਿਆਦਾ ਵਿੱਚ ਲਿਖਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਤਾਬਦੀਆਂ ਮਨਾਕੇ ਰਵਾਇਤੀ ਕਾਰਜ ਕਰ ਰਹੀ ਹੈ ,ਪੰਥਕ ਸੰਕਟਾਂ ਦੇ ਹੱਲ ਨਹੀਂ ਲਭ ਰਹੀ। ਖਾਲਸਾ ਨੇ ਕਿਹਾ ਕਿ ਸਿੱਖ ਪੰਥ ਲਈ ਚਿੰਤਾਜਨਕ ਗੱਲ ਇਹ ਹੈ ਕਿ ਸਿੱਖ ਕੁੜੀਆਂ ਗੈਰ ਸਿਖਾਂ ਨਾਲ ਵਿਆਹ ਕਰਾ ਰਹੀਆਂ ਹਨ। ਉਹਨਾਂ ਵਿੱਚ ਸਿੱਖੀ ਦਾ ਮਾਣ ਨਹੀਂ ਰਿਹਾ। ਉਹ ਆਪਣੇ ਮਾਂ ਬਾਪ ਤੋਂ ਬਾਗੀ ਹੋਕੇ ਇਹ ਰਾਹ ਅਪਨਾ ਰਹੀਆਂ ਹਨ। ਨਵੀਂ ਪੀੜ੍ਹੀ ਵਿੱਚ ਸਿੱਖੀ ਨੂੰ ਅਪਣਾਉਣ ਵਾਲੇ ਘੱਟ ਹੋ ਰਹੇ ਹਨ। ਉਹਨਾਂ ਨੂੰ ਸਿੱਖ ਵਿਚਾਰਧਾਰਾ ਤੇ ਇਤਿਹਾਸ ਬਾਰੇ ਉਕਾ ਗਿਆਨ ਨਹੀਂ ਹੈ।
ਇੱਕ ਹੋਰ ਪੱਖ ਤੋਂ, ਸਿੱਖ ਬੁੱਧੀਜੀਵੀ ਡਾਕਟਰ ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਗਰੀਬ ਸਿੱਖ ਈਸਾਈ ਬਣ ਰਹੇ ਹਨ, ਸਿੱਖ ਕੁੜੀਆਂ ਹਿੰਦੂ-ਮੁਸਲਮਾਨਾਂ ਨਾਲ ਵਿਆਹ ਕਰ ਰਹੀਆਂ ਹਨ, ਮੁੰਡੇ ਗੈਂਗਸਟਰਵਾਦ ਅਤੇ ਨਸ਼ਿਆਂ ਵਿੱਚ ਫਸ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਮੱਸਿਆਵਾਂ ਲਈ ਕੋਈ ਮੁਹਿੰਮ ਨਹੀਂ ਵਿੱਢੀ। ਸ਼੍ਰੋਮਣੀ ਕਮੇਟੀ ਆਪਣੇ ਬਜਟ ਦਾ ਵੱਡਾ ਹਿੱਸਾ ਗੁਰਦੁਆਰਿਆਂ ਦੀ ਸੰਭਾਲ ’ਤੇ ਖ਼ਰਚ ਕਰਦੀ ਹੈ, ਪਰ ਨੌਜਵਾਨਾਂ ਲਈ ਵਿਦਿਅਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ’ਤੇ ਨਹੀਂ। 2025 ਦੇ ਬਜਟ ਵਿੱਚ ਐੱਸ.ਜੀ.ਪੀ.ਸੀ. ਨੇ 500 ਕਰੋੜ ਰੁਪਏ ਗੁਰਦੁਆਰਿਆਂ ਲਈ ਰੱਖੇ, ਪਰ ਸਿੱਖੀ ਪ੍ਰਚਾਰ ਲਈ ਸਿਰਫ਼ 50 ਕਰੋੜ। ਇਹ ਅਸੰਤੁਲਨ ਸਿੱਖ ਕੌਮ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਡਾਕਟਰ ਮਾਨਸਾ ਨੇ ਕਿਹਾ ਕਿ ਜੇ ਉਹ ਪਾਕਿਸਤਾਨ ਜਾਣ ਵਾਲੇ ਜਥਿਆਂ ਉੱਤੇ ਸੁਰੱਖਿਆ ਏਜੰਸੀਆਂ ਵੱਲੋਂ ਸਖ਼ਤੀ ਦੀ ਗੱਲ ਕਰੇਗੀ, ਤਾਂ ਇਹ ਸਿੱਖ ਸ਼ਰਧਾਲੂਆਂ ਲਈ ਰੁਕਾਵਟਾਂ ਪੈਦਾ ਕਰੇਗੀ। ਉਹ ਅਜਿਹੇ ਬਿਆਨ ਦੇ ਕੇ ਪੰਥ ਲਈ ਅੜਚਨਾਂ ਖੜ੍ਹੀਆਂ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਸਿੱਖੀ ਪ੍ਰਚਾਰ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ। ਨੌਜਵਾਨਾਂ ਨੂੰ ਆਨੰਦ ਕਾਰਜ ਦੀ ਮਹੱਤਤਾ, ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਅਤੇ ਸਿੱਖੀ ਵਿਰਸੇ ਬਾਰੇ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ, ਗੁਰਦੁਆਰਿਆਂ ਵਿੱਚ ਅੰਤਰ-ਧਾਰਮਿਕ ਵਿਆਹਾਂ ਤੇ ਪਾਬੰਦੀ ਲਗਾਈ ਜਾਵੇ ।
ਸਿੱਖਾਂ ਦੇ ਦੂਜੇ ਧਰਮਾਂ ਵਿੱਚ ਵਿਆਹ ਇੱਕ ਸੱਭਿਆਚਾਰਕ ਸੰਕਟ
ਸਿੱਖ ਕੁੜੀਆਂ ਵਿੱਚ ਦੂਜੇ ਧਰਮਾਂ ਵਿੱਚ ਵਿਆਹਾਂ ਦਾ ਰੁਝਾਨ ਵਧ ਰਿਹਾ ਹੈ, ਜੋ ਸਿੱਖ ਪੰਥ ਨੂੰ ਸੱਭਿਆਚਾਰਕ ਸੰਕਟ ਵਿੱਚ ਪਾ ਰਿਹਾ ਹੈ। ਇੱਕ ਅਧਿਐਨ ਅਨੁਸਾਰ ਪੰਜਾਬ ਵਿੱਚ 20% ਤੋਂ ਵੱਧ ਵਿਆਹ ਹੁਣ ਅੰਤਰਧਰਮੀ ਹਨ, ਜਿਨ੍ਹਾਂ ਵਿੱਚ ਹਿੰਦੂ-ਸਿੱਖ ਵਿਆਹ ਸਭ ਤੋਂ ਵੱਧ ਹਨ। ਹਾਲਾਂਕਿ ਮੁਸਲਮਾਨਾਂ ਨਾਲ ਵਿਆਹ ਨਾਮਾਤਰ ਹਨ, ਪਰ ਜਦੋਂ ਮੁਸਲਮਾਨਾਂ ਨਾਲ ਹੁੰਦੇ ਹਨ ਤਾਂ ਮੀਡੀਆ ਵਿੱਚ ਵੱਡੀ ਚਰਚਾ ਹੁੰਦੀ ਹੈ ਪਰ ਹਿੰਦੂ ਨਾਲ ਵਿਆਹ ਉੱਪਰ ਗੋਦੀ ਮੀਡੀਆ ਚੁੱਪ ਹੈ। ਇਸ ਵੱਡੇ ਸੰਕਟ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣਾ ਧਿਆਨ ਪਾਕਿਸਤਾਨ ਜਾਣ ਵਾਲੀਆਂ ਇਕੱਲੀਆਂ ਔਰਤਾਂ ਦੇ ਵੀਜ਼ੇ ’ਤੇ ਲਗਾ ਦਿੱਤਾ ਹੈ। ਸਰਬਜੀਤ ਕੌਰ ਦੇ ਮਾਮਲੇ ਨੂੰ ਬਹਾਨਾ ਬਣਾ ਕੇ ਐੱਸ.ਜੀ.ਪੀ.ਸੀ. ਨੇ ਐਲਾਨ ਕੀਤਾ ਹੈ ਕਿ ਭਵਿੱਖ ਵਿੱਚ ਇਕੱਲੀਆਂ ਔਰਤਾਂ ਲਈ ਵੀਜ਼ਾ ਅਰਜ਼ੀਆਂ ਨਹੀਂ ਕੀਤੀਆਂ ਜਾਣਗੀਆਂ। ਕੀ ਇਹ ਅਸਲ ਸਮੱਸਿਆ ਨੂੰ ਟਾਲਣ ਦੀ ਕੋਸ਼ਿਸ਼ ਨਹੀਂ?
ਜੇਕਰ ਸ਼੍ਰੋਮਣੀ ਕਮੇਟੀ ਅਤੇ ਹੋਰ ਸੰਗਠਨ ਨੇ ਹੁਣ ਵੀ ਕੰਮ ਨਹੀਂ ਕੀਤਾ, ਤਾਂ ਅਜਿਹੀਆਂ ਘਟਨਾਵਾਂ ਵਧਣਗੀਆਂ।
ਪਾਕਿ ਭਾਰਤੀ ਯਾਤਰੂਆਂ ਉੱਪਰ ਕਰ ਸਕਦਾ ਹੈ ਸਖ਼ਤੀ -ਅਰੋੜਾ
ਅੰਮ੍ਰਿਤਸਰ: ਭਾਰਤੀ ਔਰਤ ਸਰਬਜੀਤ ਕੌਰ (48) ਦੇ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਪਹੁੰਚਣ ਤੋਂ ਬਾਅਦ ਉਥੋਂ ਫ਼ਰਾਰ ਹੋ ਕੇ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ (43) ਪੁੱਤਰ ਮੁਹੰਮਦ ਤੁਫ਼ੈਲ ਵਾਸੀ ਪਿੰਡ ਕੋਟ ਪਿੰਡੀ ਦਾਸ, ਨਵੀਂ ਆਬਾਦੀ, ਸ਼ੇਖ਼ੂਪੁਰਾ ਨਾਲ ਨਿਕਾਹ ਕਰਵਾਉਣ ਦੇ ਮਾਮਲੇ ਉਪਰੰਤ ਪਾਕਿ ਦੇ ਸਿੱਖ ਆਗੂਆਂ ਨੇ ਸਖ਼ਤ ਤੀਰਥ ਯਾਤਰਾ ਨੀਤੀ ਅਤੇ ਨਵੀਆਂ ਪਾਬੰਦੀਆਂ ਦੀ ਮੰਗ ਕੀਤੀ ਹੈ । ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿ ਭਾਰਤੀ ਯਾਤਰੂਆਂ ਲਈ ਸਖ਼ਤ ਨਿਯਮਾਂ ’ਤੇ ਵਿਚਾਰ ਕਰ ਰਿਹਾ ਹੈ, ਜਿਸ ’ਚ ਉਨ੍ਹਾਂ ਦੇ ਠਹਿਰਨ ਦੌਰਾਨ ਬਿਨਾਂ ਨਿਗਰਾਨੀ ਦੇ ਆਵਾਜਾਈ ਨੂੰ ਸੀਮਤ ਕਰਨਾ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਘਟਨਾ ਨਾਲ ਪਾਕਿ ਦੀ ਸਾਖ਼ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਅਰੋੜਾ ਨੇ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਨੇ ਇੱਕ ਇਕੱਲੀ ਔਰਤ ਨੂੰ ਜਥੇ ਨਾਲ ਯਾਤਰਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ, ਜਦੋਂਕਿ ਸਾਲ 2018 ’ਚ ਕਿਰਨ ਬਾਲਾ ਉਰਫ਼ ਆਮਨਾ ਬੀਬੀ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਾਕਿ ਗੁਰਦੁਆਰਾ ਕਮੇਟੀ ਸ਼੍ਰੋਮਣੀ ਕਮੇਟੀ ਦੀ ਮਾਰਫ਼ਤ ਰਸਮੀ ਤੌਰ ’ਤੇ ਬੇਨਤੀ ਕਰੇਗੀ ਕਿ ਭਵਿੱਖ ਦੇ ਜਥਿਆਂ ਵਿੱਚ ਕੋਈ ਵੀ ਇਕੱਲੀ ਔਰਤ ਸ਼ਰਧਾਲੂ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਨਾ ਭੇਜੀ ਜਾਵੇ।

Loading