ਪੈਨਸਿਲਵਾਨੀਆ ਦੇ ਇੱਕ ਨਰਸਿੰਗ ਹੋਮ ਵਿੱਚ ਧਮਾਕੇ ਉਪਰੰਤ ਲੱਗੀ ਅੱਗ, ਕਈ ਜ਼ਖਮੀ

In ਅਮਰੀਕਾ
December 26, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਪੈਨਸਿਲਵਾਨੀਆ ਵਿੱਚ ਫ਼ਿਲਾਡੈਲਫ਼ੀਆ ਦੇ ਬਾਹਰਵਾਰ ਇੱਕ ਨਰਸਿੰਗ ਹੋਮ ਵਿੱਚ ਜਬਰਦਸਤ ਧਮਾਕਾ ਹੋਣ ਉਪਰੰਤ ਅੱਗ ਲੱਗ ਗਈ। ਇਸ ਘਟਨਾ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਧਮਾਕੇ ਉਪਰੰਤ ਹਫ਼ੜਾ ਦਫ਼ੜੀ ਮਚ ਗਈ । ਬ੍ਰਿਸਟਲ ਟਾਊਨਸ਼ਿੱਪ ਪੁਲਿਸ ਲੈਫ਼ਟੀਨੈਂਟ ਸੀਨ ਗੋਰਗਰੋਵ ਨੇ ਕਿਹਾ ਹੈ ਕਿ ਅਜੇ ਇਹ ਸਾਫ਼ ਨਹੀਂ ਹੈ ਕਿ ਜ਼ਖਮੀਆਂ ਵਿੱਚ ਕੋਈ ਗੰਭੀਰ ਹੈ ਜਾਂ ਨਹੀਂ। ਮੁੱਢਲੀਆਂ ਰਿਪੋਰਟਾਂ ਅਨੁਸਾਰ ਕੁਝ ਲੋਕ ਅੰਦਰ ਫ਼ਸੇ ਹੋ ਸਕਦੇ ਹਨ।
ਪੈਨਸਿਲਵਾਨੀਆ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਰੂਥ ਮਿਲਰ ਨੇ ਕਿਹਾ ਹੈ ਕਿ ਧਮਾਕੇ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ ਹੈ। ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਧਮਾਕਾ ਗੈਸ ਰਿਸਣ ਕਾਰਨ ਹੋਇਆ ਹੋ ਸਕਦਾ ਹੈ। ਅਸਿਸਟੈਂਟ ਸੁਪਰਡੈਂਟ ਬ੍ਰਿਸਟਲ ਟਾਊਨਸ਼ਿੱਪ ਸਕੂਲ ਡਿਸਟ੍ਰਿਕਟ ਕ੍ਰਿਸਟੋਫ਼ਰ ਪੋਲਜ਼ਰ ਨੇ ਦੱਸਿਆ ਕਿ ਘਟਨਾ ਕਾਰਨ ਉਖੜੇ ਲੋਕਾਂ ਨੂੰ ਹੈਰੀ ਐਸ ਟਰਿਊਮੈਨ ਹਾਈ ਸਕੂਲ ਵਿੱਚ ਰਖਿਆ ਗਿਆ ਹੈ।

Loading