ਪੀ.ਕੇ. ਮਿਸ਼ਰਾ
ਕਪੂਰਥਲਾ ਦੇ ਮਹਾਰਾਜਾ ਅਤੇ ਉਨ੍ਹਾਂ ਦਾ ਸੁਪਨਾ
ਇੱਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਆਹਲੂਵਾਲੀਆ ਖਾਨਦਾਨ ਦੀ ਰਾਜਧਾਨੀ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਇਥੇ ਆਪਣਾ ਵਰਸਾਏ (ਫਰਾਂਸ ਦੇ ਸੁੰਦਰ ਸ਼ਹਿਰ) ਵਰਗਾ ਸ਼ਹਿਰ ਬਣਾਉਣ ਦਾ ਸੁਪਨਾ ਦੇਖਿਆ ਸੀ। 1872 ਵਿੱਚ ਜਨਮੇ, ਬਰਤਾਨੀਆ ਵਿਚ ਪੜ੍ਹੇ ਤੇ ਦਿਲੋਂ ਭਾਰਤੀ ਹੋਣ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਯੂਰਪੀ ਰੁਚੀਆਂ ਰੱਖਣ ਵਾਲੇ ਸਨ। ਜਗਤਜੀਤ ਸਿੰਘ ਨੇ ਪੈਰਿਸ, ਲੰਡਨ ਅਤੇ ਰੋਮ ਦੀ ਯਾਤਰਾ ਕੀਤੀ ਅਤੇ ਕਲਾਕਾਰਾਂ, ਵਾਸਤੂਕਾਰਾਂ ਅਤੇ ਰਾਜਨਾਇਕਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੂੰ ਨਾ ਪੈਰਿਸ ਦੀਆਂ ਮੁੱਖ ਸੜਕਾਂ ਅਤੇ ਸੈਲੂਨ ਨਾਲ, ਸਗੋਂ ਯੂਰਪ ਦੇ ਮੂਲ ਵਿਚਾਰ ਨਾਲ ਵੀ ਪ੍ਰੇਮ ਹੋ ਗਿਆ ਸੀ। ਜਦੋਂ ਉਹ ਪੰਜਾਬ ਵਿੱਚ ਆਪਣੀ ਛੋਟੀ ਜਿਹੀ ਰਿਆਸਤ ਵਿੱਚ ਆਏ, ਤਾਂ ਆਪਣੇ ਨਾਲ ਉਸ ਸੁਪਨੇ ਦਾ ਖਾਕਾ ਵੀ ਲੈ ਕੇ ਆਏ। ਇੱਕ ਇਸ ਤਰ੍ਹਾਂ ਦਾ ਮਹੱਲ ਜੋ ਸਰਬੋਤਮ ਮਹੱਲਾਂ ਨੂੰ ਟੱਕਰ ਦੇ ਸਕੇ, ਜੋ ਨਾ ਸਿਰਫ਼ ਪੱਥਰ ਨਾਲ ਬਣਿਆ ਹੋਵੇ, ਸਗੋਂ ਕਲਪਨਾ ਨਾਲ ਵੀ ਬਣਿਆ ਹੋਵੇ।
ਉਨ੍ਹਾਂ ਨੇ ਪ੍ਰਸਿੱਧ ਫਰਾਂਸੀਸੀ ਵਾਸਤੂਕਾਰ ਐਮ. ਮਾਰਸੇਲ ਨੂੰ ਇਹ ਕੰਮ ਸੌਂਪਿਆ ਅਤੇ 1900 ਵਿੱਚ ਕੰਮ ਸ਼ੁਰੂ ਹੋ ਗਿਆ। ਦੂਰ-ਦੂਰ ਤੋਂ ਸਮੱਗਰੀ ਅਤੇ ਕਾਰੀਗਰ ਲਿਆਂਦੇ ਗਏ। ਰਾਜਸਥਾਨ ਤੋਂ ਸੰਗਮਰਮਰ, ਬੈਲਜੀਅਮ ਤੋਂ ਝੂਮਰ, ਵੀਨਸ ਤੋਂ ਸ਼ੀਸ਼ਾ ਆਦਿ। ਇਟਲੀ ਤੋਂ ਲਾਪੀਸ ਲਾਜੁਲੀ ਦੇ ਥੰਮ੍ਹ ਅਤੇ ਸੰਗਮਰਮਰ ਦੀਆਂ ਚਿਮਨੀਆਂ ਆਈਆਂ। ਫਰਾਂਸ ਤੋਂ ਨਾਜ਼ੁਕ ਪਲਾਸਟਰ ਅਤੇ ਫਰਨੀਚਰ ਅਤੇ ਹਾਲੈਂਡ ਤੋਂ ਸੈਲੂਨ ਦੀ ਸਜਾਵਟ ਲਈ ਚਿੱਤਰਕਾਰੀ। 1908 ਵਿਚ ਜਦੋਂ ਇਹ ਕੰਮ ਪੂਰਾ ਹੋਇਆ ਤਾਂ ਜਗਤਜੀਤ ਪੈਲੇਸ ਆਪਣੇ ਸੁੰਦਰ ਬਗ਼ੀਚਿਆਂ ਵਿੱਚ ਚਮਕਾਂ ਮਾਰਦਾ ਖੜ੍ਹਾ ਸੀ, ਜੋ ਪੂਰਬ ਅਤੇ ਪੱਛਮ ਦਾ ਇਕ ਦੁਰਲੱਭ ਮਿਲਣ ਸੀ।
ਵਰਸਾਏ ਅਤੇ ਫਾਨਟੇਨਬਲਿਊ ਦੀ ਤਰਜ਼ ’ਤੇ ਬਣਿਆ ਇਹ ਮਹੱਲ ਪੰਜਾਬ ਦੇ ਪੱਧਰੇ ਮੈਦਾਨਾਂ ’ਤੇ ਲਗਭਗ ਲਾਇਰ ਘਾਟੀ ਤੋਂ ਆਈ ਮ੍ਰਿਗਤ੍ਰਿਸ਼ਣਾ ਦੀ ਤਰ੍ਹਾਂ ਉੱਭਰਿਆ ਸੀ। ਇਸ ਦੇ ਮੂਹਰਲੇ ਹਿੱਸੇ 19ਵੀਂ ਸਦੀ ਦੀ ਫਰਾਂਸ ਦੀ ਬਿਊ-ਆਰਟਸ ਸ਼ੈਲੀ ਨਾਲ ਸਜੇ ਸਨ, ਜਿਨ੍ਹਾਂ ’ਤੇ ਲੂਵਰ ਦੀ ਤਰ੍ਹਾਂ ਆਂਡਾਕਾਰ ਖਿੜਕੀਆਂ ਵਾਲੀਆਂ ਮੈਨਸਾਰਡ ਛੱਤਾਂ ਸਨ। ਸਵਾਗਤ ਕਮਰੇ ਦਾ ਨਾਂਅ ਸੂਰਜ ਰਾਜਾ ਲੁਈ 14ਵੇਂ ਦੇ ਨਾਂਅ ’ਤੇ ਰੱਖਿਆ ਗਿਆ ਸੀ, ਜਿਨ੍ਹਾਂ ਦੇ ਸ਼ਾਸਨਕਾਲ ਨੇ ਫਰਾਂਸੀਸੀ ਦਰਬਾਰ ਦੀ ਸੁੰਦਰਤਾ ਨੂੰ ਪ੍ਰੀਭਾਸ਼ਿਤ ਕੀਤਾ ਸੀ।
ਉਦੋਂ ਲੋਕ ਇਸ ਨੂੰ ਪੰਜਾਬ ਦਾ ਪੈਰਿਸ ਕਹਿੰਦੇ ਸਨ। ਆਉਣ ਵਾਲਿਆਂ ਨੂੰ ਇਹ ਇਕ ਇਸ ਤਰ੍ਹਾਂ ਦੇ ਵਿਅਕਤੀ ਦੀ ਕਿਰਤ ਪ੍ਰਤੀਤ ਹੁੰਦੀ ਸੀ ਜੋ ਸਮੇਂ ਨੂੰ ਰੋਕ ਦੇਣ ਲਈ ਦ੍ਰਿੜ੍ਹ ਸੀ। ਇੱਕ ਇਸ ਤਰ੍ਹਾਂ ਦਾ ਮਹੱਲ ਜਿਸ ਦਾ ਬਾਹਰੀ ਹਿੱਸਾ ਫ੍ਰੈਂਚ ਅਤੇ ਆਤਮਾ ਪੰਜਾਬੀ ਬੋਲਦੀ ਸੀ।
ਪੰਜਾਬ ਦਾ ਪੈਰਿਸ
ਜਗਤਜੀਤ ਮਹੱਲ ਦਾ ਮੂਹਰਲਾ ਹਿੱਸਾ ਖ਼ਸਤਾ ਹਾਲ ਵਿੱਚ ਵੀ ਮਨਮੋਹਕ ਬਣਿਆ ਹੋਇਆ ਹੈ। ਇਸ ਦੇ ਨਵੇਂ ਸ਼ਾਨਦਾਰ ਥਮਲੇ, ਮਹਿਰਾਬਦਾਰ ਖਿੜਕੀਆਂ ਅਤੇ ਬਾਂਸੁਰੀਨੁਮਾ ਥੰਮ੍ਹ ਸੀਨ ਨਦੀ ਦੇ ਕੰਢਿਆਂ ਦੇ ਨਾਲ-ਨਾਲ ਦੁਆਬੇ ਦੇ ਮੈਦਾਨਾਂ ਨਾਲ ਵੀ ਜੁੜੇ ਹੋਏ ਪ੍ਰਤੀਤ ਹੁੰਦੇ ਹਨ। ਰਾਜਾ ਸਾਲ ਦਾ ਜ਼ਿਆਦਾਤਰ ਸਮਾਂ ਯੂਰਪ ਵਿੱਚ ਬਿਤਾਉਂਦੇ ਸਨ। ਉਹ ਉਥੇ ਓਪੇਰਾ ਦੇਖਦੇ, ਕਲਾਕ੍ਰਿਤੀਆਂ ਖਰੀਦਦੇ ਅਤੇ ਹਰ ਸਰਦੀਆਂ ਵਿੱਚ ਕਪੂਰਥਲਾ ਆਉਂਦੇ ਸਨ। ਉਨ੍ਹਾਂ ਦੇ ਟਰੰਕ ਫ਼ਰਨੀਚਰ, ਟੈਪੇਸਟ੍ਰੀ ਅਤੇ ਇਤਰ ਨਾਲ ਭਰੇ ਹੁੰਦੇ ਸਨ। ਦਰਬਾਰ ਦੀ ਭਾਸ਼ਾ ਫ੍ਰਾਂਸੀਸੀ ਸੀ। ਉਨ੍ਹਾਂ ਦੇ ਮੰਤਰੀ ਉਨ੍ਹਾਂ ਨੂੰ ਵਾਲਟੇਅਰ ਦੀ ਭਾਸ਼ਾ ਵਿੱਚ ਸੰਬੋਧਿਤ ਕਰਦੇ ਸਨ।
ਉਹ ਚੀਨੀ ਮਿੱਟੀ ਦੇ ਭਾਂਡਿਆਂ ਵਿੱਚ ਭੋਜਨ ਕਰਦੇ ਸਨ, ਫਰਾਟੇਦਾਰ ਫ੍ਰਾਂਸੀਸੀ ਬੋਲਦੇ ਸਨ ਅਤੇ ਯੂਰਪੀ ਰਾਜ ਘਰਾਣਿਆਂ ਦੇ ਨਾਲ ਪੱਤਰ-ਵਿਹਾਰ ਕਰਦੇ ਸਨ। ਫਿਰ ਵੀ ਆਪਣੇ ਪੱਛਮੀ ਲਿਬਾਸ ਦੇ ਬਾਵਜੂਦ ਜਗਤਜੀਤ ਸਿੰਘ ਕਦੀ ਆਪਣੀਆਂ ਜੜ੍ਹਾਂ ਤੋਂ ਵੱਖ ਨਹੀਂ ਹੋਏ।
ਉਨ੍ਹਾਂ ਦੇ ਪੋਤੇ, ਬ੍ਰਿਗੇਡੀਅਰ ਸੁਖਜੀਤ ਸਿੰਘ ਅਨੁਸਾਰ ਮਹੱਲ ਇੱਕ ਸ਼ਾਂਤ ਯਾਦਗਾਰ ਘੱਟ ਅਤੇ ਇੱਕ ਲਗਾਤਾਰ ਗਤੀਸ਼ੀਲ ਥਾਂ ਜ਼ਿਆਦਾ ਸੀ। ਕਲਰਕ, ਪਹਿਰੇਦਾਰ, ਸੇਵਾਦਾਰ ਅਤੇ ਸੰਗੀਤਕਾਰ ਇਨ੍ਹਾਂ ਦੇ ਕਮਰਿਆਂ ਵਿੱਚ ਕਿਸੇ ਸੁੰਦਰ ਬੈਲੇ ਦੇ ਪਾਤਰਾਂ ਦੀ ਤਰ੍ਹਾਂ ਘੁੰਮਦੇ ਰਹਿੰਦੇ ਸਨ। ਸ਼ਾਮ ਸਮੇਂ ਦਰਬਾਰ ਹਾਲ ਇੱਕ ਬਾਲਰੂਮ ਵਿੱਚ ਬਦਲ ਜਾਂਦਾ ਸੀ, ਜਿਥੇ ਮਹਾਰਾਜਾ ਚਮਕਦੇ ਝੂਮਰਾਂ ਅਤੇ ਛੱਤ ’ਤੇ ਲੱਗੇ ਰੰਗ-ਬਰੰਗੇ ਤਾਰਿਆਂ ਦੇ ਹੇਠਾਂ ਡਾਂਸ ਦੀ ਸ਼ੁਰੂਆਤ ਕਰਦੇ ਸਨ।
ਦੀਵਾਰਾਂ ਦੇ ਅੰਦਰ ਦੀ ਦੁਨੀਆ
ਯੂਰਪ ਪ੍ਰਤੀ ਉਨ੍ਹਾਂ ਦੀ ਖਿੱਚ ਉਨ੍ਹਾਂ ਦੇ ਨਿੱਜੀ ਜੀਵਨ ਤੱਕ ਵੀ ਫੈਲੀ ਹੋਈ ਸੀ। 1906 ਵਿੱਚ ਮੈਡ੍ਰਿਡ ਵਿੱਚ ਰਾਜਾ ਅਲਫੋਂਸੋ 13ਵੇਂ ਦੇ ਵਿਆਹ ਵਿੱਚ ਸ਼ਾਮਿਲ ਹੋਣ ਸਮੇਂ ਜਗਤਜੀਤ ਸਿੰਘ ਨੂੰ ਗਰੈਨ ਕੁਰਸਾਲ ਕੈਬਰੇ ਵਿੱਚ ਪੇਸ਼ਕਾਰੀ ਦੇ ਰਹੀ ਇੱਕ ਨੌਜਵਾਨ ਸਪੇਨ ਦੀ ਨ੍ਰਿਤਕੀ ਅਨੀਤਾ ਡੇਲਗਾਡੋ ਨਾਲ ਪ੍ਰੇਮ ਹੋ ਗਿਆ। ਪੱਤਰਾਂ ਅਤੇ ਤੋਹਫ਼ਿਆਂ ਜ਼ਰੀਏ ਹੋਏ ਇੱਕ ਸੰਖੇਪ ਪ੍ਰੇਮ-ਪ੍ਰਸੰਗ ਤੋਂ ਬਾਅਦ 16 ਸਾਲਾ ਅਨੀਤਾ ਨੂੰ ਪੈਰਿਸ ਲੈ ਜਾਇਆ ਗਿਆ, ਜਿੱਥੋਂ 1908 ਵਿੱਚ ਉਹ ਕਪੂਰਥਲਾ ਦੀ ਮਹਾਰਾਣੀ ਪ੍ਰੇਮ ਕੌਰ ਬਣ ਕੇ ਵਿੱਚ ਭਾਰਤ ਪਹੁੰਚੀ।
ਮਹੱਲ ਦੇ ਅੰਦਰ ਰੋਜ਼ ਜੀਵਨ ਰੰਗਮੰਚ ਦੀ ਤਰ੍ਹਾਂ ਚਲ ਰਿਹਾ ਸੀ। ਮਹਾਰਾਜਾ ਦੇ ਦਰਬਾਰੀ ਸੰਗੀਤਕਾਰ ਸੁਰ ਵਿੱਚ ਸਿਤਾਰ ਅਤੇ ਵਾਇਲਿਨ ਵਜਾਉਂਦੇ ਸਨ। ਉਨ੍ਹਾਂ ਦੇ ਰਸੋਈਏ ਪੰਜਾਬੀ ਪਕਵਾਨ ਅਤੇ ਫਰਾਂਸੀਸੀ ਪੇਸਟਰੀ, ਦੋਵੇਂ ਤਿਆਰ ਕਰਦੇ ਸਨ। ਉਨ੍ਹਾਂ ਦੇ ਮਹਿਮਾਨ ਫਰਾਂਸੀਸੀ ਰਾਜਿਆਂ ਅਤੇ ਸਿੱਖ ਵਡੇਰਿਆਂ, ਦੋਵਾਂ ਦੇ ਚਿੱਤਰਾਂ ਦੇ ਹੇਠਾਂ ਬੈਠ ਕੇ ਰਾਜਨੀਤੀ ’ਤੇ ਬਹਿਸ ਕਰਦੇ ਸਨ। ਜਗਜੀਤ ਸਿੰਘ ਦਾ ਮਹੱਲ ਸੱਭਿਅਤਾਵਾਂ ਵਿਚਾਲੇ ਇੱਕ ਪੁਲ ਬਣ ਗਿਆ ਸੀ। ਫਿਰ ਵੀ, ਵਿਲਾਸਿਤਾ ਦੀ ਤਹਿ ਦੇ ਹੇਠਾਂ ਇੱਕ ਯੁੱਗ ਦੇ ਅੰਤ ਦਾ ਸ਼ਾਂਤ ਵਿਸ਼ਾਦ ਲੁਕਿਆ ਸੀ। ਰਾਜਕੁਮਾਰਾਂ, ਮਹੱਲਾਂ ਅਤੇ ਪਰਦਿਆਂ ਦੀ ਦੁਨੀਆ ਲੁਪਤ ਹੋ ਰਹੀ ਸੀ ਅਤੇ ਛੇਤੀ ਹੀ ਆਜ਼ਾਦੀ ਅਤੇ ਐਸ਼ੋਇਸ਼ਰਤ ਦੀ ਫਜ਼ੂਲ ਖਰਚੀ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਸੀ। ਦੁਨੀਆ ਦੀ ਬਦਲਦੀ ਨੁਹਾਰ ਦੇ ਸਾਹਮਣੇ ਕਪੂਰਥਲਾ ਦੀ ਸੁੰਦਰਤਾ ਨੂੰ ਵੀ ਫਿੱਕੀ ਪੈਣ ਲੱਗੀ ਸੀ। ਜਦੋਂ ਬਰਤਾਨਵੀ ਸਾਮਰਾਜ ਦਾ ਪਤਨ ਹੋਇਆ ਤਾਂ ਉਸ ਦੀ ਛਤਰਛਾਇਆ ਹੇਠ ਰਹਿਣ ਵਾਲੀਆਂ ਛੋਟੀਆਂ ਰਿਆਸਤਾਂ ਵੀ ਲੁਪਤ ਹੋ ਗਈਆਂ।
ਗ੍ਰਹਿਣ
ਆਜ਼ਾਦੀ ਤੋਂ ਬਾਅਦ ਕਪੂਰਥਲਾ ਦਾ ਭਾਰਤੀ ਸੰਘ ਵਿੱਚ ਰਲੇਵਾਂ ਹੋ ਗਿਆ ਅਤੇ ਮਹਾਰਾਜਾ ਉਦੋਂ ਤੱਕ ਬਜ਼ੁਰਗ ਹੋ ਚੁੱਕਿਆ ਸੀ। ਉਹ ਮਹੱਲ ਜੋ ਕਦੀ ਉਨ੍ਹਾਂ ਦੇ ਸੁਪਨਿਆਂ ਦਾ ਪ੍ਰਤੀਕ ਸੀ, ਇੱਕ ਫਜ਼ੂਲ ਦੀ ਚੀਜ਼ ਬਣ ਕੇ ਰਹਿ ਗਿਆ। ਕੁਝ ਸਾਲਾਂ ਤੱਕ ਉਹ ਖਾਮੋਸ਼ ਅਤੇ ਬੰਦ ਪਿਆ ਰਿਹਾ। ਉਸ ਦੇ ਬਗੀਚੇ ਬੇਰੌਣਕੇ ਹੋ ਗਏ, ਉਸ ਦੇ ਫੁਹਾਰੇ ਸੁੱਕ ਗਏ। ਫਿਰ 1961 ਵਿੱਚ ਉਸ ਦੇ ਵਿਹੜੇ ਵਿਚ ਸੈਨਿਕ ਸਕੂਲ ਦੀ ਸਥਾਪਨਾ ਹੋਈ। ਪਰ ਸਮੇਂ ਅਤੇ ਉਦਾਸੀਨਤਾ ਨੇ ਆਪਣਾ ਕੰਮ ਕਰ ਦਿੱਤਾ ਹੈ। ਦੀਵਾਰਾਂ ਉੱਖੜ ਰਹੀਆਂ ਹਨ, ਛੱਤਾਂ ਲਟਕ ਰਹੀਆਂ ਹਨ, ਦੀਵਾਰਾਂ ’ਤੇ ਚਿੱਤਰ ਧੁੰਦਲੇ ਪੈ ਰਹੇ ਹਨ।
ਮੇਰਾ ਦੌਰਾ
ਇਸੇ ਜਾਗਰੂਕਤਾ ਨਾਲ ਮੈਂ ਇਸ ਦੇ ਸ਼ਾਂਤ ਕਮਰਿਆਂ ਵਿਚੀਂ ਲੰਘਿਆ। ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੈਂਗਰ, ਉਪ ਪ੍ਰਿੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ ਅਤੇ ਸਕੂਲ ਦੇ ਅਧਿਆਪਕ ਅਤੇ ਸਾਬਕਾ ਵਿਦਿਆਰਥੀ ਸ੍ਰੀ ਮੁਨੀਸ਼ ਸ਼ਰਮਾ ਨੇ ਮੈਨੂੰ ਵਿਸ਼ਾਲ ਹਾਲ ਦਿਖਾਉਣ ਵਿੱਚ ਮੇਰਾ ਮਾਰਗਦਰਸ਼ਨ ਕੀਤਾ। ਉਹ ਮਹਾਰਾਜਾ ਅਤੇ ਜੋ ਕੁਝ ਬਚਿਆ ਹੈ, ਉਸ ਦੀ ਸੰਭਾਲ ਕਰਨ ਲਈ ਸਕੂਲ ਦੀ ਭੂਮਿਕਾ ਬਾਰੇ ਗੱਲ ਕਰ ਰਹੇ ਸਨ।
ਇੱਕ ਸੈਲੂਨ ਵਿੱਚ ਰੰਗੀਨ ਸ਼ੀਸ਼ੇ ਵਿਚੀਂ ਛਣ ਕੇ ਸੂਰਜ ਦੀ ਰੌਸ਼ਨੀ ਇੱਕ ਸੌ ਸਾਲ ਪੁਰਾਣੇ ਪਿਆਨੋ ’ਤੇ ਪੈ ਰਹੀ ਸੀ। ਮੈਂ ਉਸ ਦੀਆਂ ਕੁੰਜੀਆਂ ਦਬਾ ਦਿੱਤੀਆਂ। ਮੈਨੂੰ ਹੈਰਾਨੀ ਹੋਈ ਕਿ ਅੰਦਰੋਂ ਇੱਕ ਸਪੱਸ਼ਟ, ਸੰਪੂਰਨ ਸੁਰ ਨਿਕਲੀ, ਇੱਕ ਭੂਤ ਦੀ ਆਵਾਜ਼ ਵਰਗੀ ਜੋ ਹਾਲੇ ਵੀ ਆਪਣੇ ਖੋਲ ਵਿੱਚ ਜਿਊਂਦੀ ਸੀ। ਇੱਕ ਪਲ ਲਈ ਮੈਂ ਸਮੇਂ ਦੇ ਨਾਲ ਵਗਦੇ ਸੰਗੀਤ ਨੂੰ ਲਗਭਗ ਸੁਣ ਸਕਦਾ ਸੀ।
ਕੋਲ ਹੀ, ਮੈਂ ਪਿੱਤਲ ਅਤੇ ਮੀਨਾਕਾਰੀ ਦੇ ਅਨੋਖੇ ਸ਼ਿਲਪ ਕੌਸ਼ਲ ਨਾਲ ਸਜੀ ਇੱਕ ਘੜੀ ਦੇਖੀ, ਜਿਸ ਦੇ ਗਿਅਰ ਹਾਲੇ ਵੀ ਹੌਲੀ ਰਫ਼ਤਾਰ ਨਾਲ ਚੱਲ ਰਹੇ ਸਨ। ਉਸ ਦੇ ਚਾਰੇ ਪਾਸੇ ਉਸ ਜ਼ਮਾਨੇ ਦਾ ਫਰਨੀਚਰ ਖਿੱਲਰਿਆ ਪਿਆ ਸੀ। ਨਕਾਸ਼ੀਦਾਰ ਕੁਰਸੀਆਂ, ਮਖਮਲੀ ਸੋਫ਼ੇ, ਮਹੋਗਨੀ ਦੀਆਂ ਮੇਜ਼ਾਂ, ਹਰ ਇੱਕ ਗਵਾਚੀ ਹੋਈ ਸ਼ਾਨ ਦਾ ਗਵਾਹ ਪੇਂਟਿੰਗ ਅਤੇ ਮੂਰਤੀਆਂ ਇਕਦਮ ਉਸੇ ਤਰ੍ਹਾਂ ਖੜ੍ਹੀਆਂ ਸਨ, ਜੋ ਕਿ ਮੱਕੜੀ ਦੇ ਜਾਲੇ ਨਾਲ ਅੱਧੀਆਂ ਢਕੀਆਂ ਹੋਈਆਂ ਸਨ।
ਇਹ ਸਿਰਫ਼ ਵਸਤਾਂ ਨਹੀਂ ਸਨ, ਇਹ ਇੱਕ ਲੁਪਤ ਚੇਤਨਾ ਦੇ ਟੁਕੜੇ ਸਨ। ਇੱਕ ਰਾਜਕੁਮਾਰ ਦੀ ਸੰਵੇਦਨਸ਼ੀਲਤਾ ਜਿਸ ਨੇ ਪੂਰਬ ਅਤੇ ਪੱਛਮ, ਆਸਥਾ ਅਤੇ ਆਧੁਨਿਕਤਾ, ਕਲਾ ਅਤੇ ਰਾਜਨੀਤੀ ਨੂੰ ਇੱਕ ਸੂਤਰ ਵਿੱਚ ਪਿਰੋਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਉਨ੍ਹਾਂ ਨੂੰ ਧੂੜ ਦੀਆਂ ਪਰਤਾਂ ਹੇਠਾਂ ਭੁਲਾ ਦਿੱਤਾ ਗਿਆ ਸੀ। ਇਹ ਦ੍ਰਿਸ਼ ਦਿਲ ਦਹਿਲਾਉਣ ਵਾਲਾ ਹੈ। ਮਹੱਲ ਦਾ ‘ਦਰਬਾਰ ਹਾਲ’ ਜੋ ਕਦੀ ਸ਼ਾਹੀ ਸੱਤਾ ਦਾ ਕੇਂਦਰ ਹੋਇਆ ਕਰਦਾ ਸੀ, ਹੁਣ ਉਦਾਸੀ ਭਰੀ ਖਸਤਾ ਹਾਲਤ ਵਿੱਚ ਖੜ੍ਹਾ ਹੈ। ਉਸ ਦੀ ਸੋਨੇ ਦੀ ਪਰਤ ਚੜ੍ਹੀ ਛੱਤ ਉੱਖੜ ਰਹੀ ਹੈ, ਉਸ ਦੇ ਅੰਦਰਲੇ ਚਿੱਤਰ ਟੁੱਟ ਚੁੱਕੇ ਹਨ। ਸਮੇਂ ਦੇ ਨਾਲ ਫਿੱਕੇ ਪੈ ਚੁੱਕੇ ਝੂਮਰ ਲਟਕਦੇ ਹੋਏ ਹਨ। ਸੰਗਮਰਮਰ ਦੇ ਫਰਸ਼ ’ਤੇ ਉਮਰ ਦੇ ਦਾਗ਼ ਹਨ ਅਤੇ ਦੀਵਾਰਾਂ ਫ਼ਖਰ ਨਾਲ ਫੁਸਫੁਸਾਹਟ ਨੂੰ ਭੂਤਕਾਲ ਵਿੱਚ ਬਦਲ ਰਹੀਆਂ ਹਨ।
ਫਿਰ ਵੀ ਇਸ ਥਾਂ ਦੀ ਆਤਮਾ ਬਚੀ ਹੋਈ ਹੈ। ਹਵਾ ਵਿੱਚ ਯਾਦਾਂ ਗੂੰਜਦੀਆਂ ਹਨ। ਰਾਜਸੀ ਜਲੂਸਾਂ ਦੀਆਂ, ਸੰਗੀਤ ਅਤੇ ਹਾਸੇ ਦੀਆਂ, ਗੁਲਾਬ ਜਲ ਅਤੇ ਇਤਰ ਨਾਲ ਮਹਿਕਦੀਆਂ ਸ਼ਾਮਾਂ ਦੀਆਂ। ਸਾਂਭ-ਸੰਭਾਲ ਦੀ ਅਣਦੇਖੀ ਦੇ ਬਾਵਜੂਦ ਇਸ ਦੀ ਸੁੰਦਰਤਾ ਘੱਟ ਨਹੀਂ ਹੋਈ ਹੈ। ਯਕੀਨੀ ਤੌਰ ’ਤੇ ਇਹ ਯਾਦਗਾਰ ਇਸ ਤੋਂ ਬਿਹਤਰ ਹੋਣ ਦਾ ਹੱਕਦਾਰ ਹੈ। ਭਾਰਤੀ ਪੂਰਾਤਤਵ ਵਿਭਾਗ ਨੂੰ ਅਜਿਹੀਆਂ ਪੇਸ਼ੇਵਰ ਸੰਸਥਾਵਾਂ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ।
-ਜਨਰਲ ਮੈਨੇਜਰ, ਆਰ. ਸੀ. ਐਫ., ਕਪੂਰਥਲਾ
![]()
