ਚੰਡੀਗੜ੍ਹ : ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਕੜਾਕੇ ਦੀ ਠੰਢ ਨੇ ਪੰਜਾਬ, ਹਰਿਆਣਾ ਸਣੇ ਸਮੁੱਚੇ ਉੱਤਰੀ ਭਾਰਤ ਵਿੱਚ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਸੰਘਣੀ ਧੁੰਦ ਨੇ ਆਮ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ, ਜਿਸ ਕਰਕੇ ਸੜਕੀ ਆਵਾਜਾਈ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਮੌਸਮ ਵਿਗਿਆਨੀਆਂ ਨੇ 5 ਤੇ 6 ਜਨਵਰੀ ਨੂੰ ਪੰਜਾਬ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੀ ਪੇਸ਼ੀਨਗੋਈ ਕਰਦਿਆਂ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 2-3 ਡਿਗਰੀ ਦੀ ਹੋਰ ਗਿਰਾਵਟ ਆ ਸਕਦੀ ਹੈ। ਇਸ ਤੋਂ ਇਲਾਵਾ 7 ਤੋਂ 10 ਜਨਵਰੀ ਤੱਕ ਧੁੰਦ ਤੇ ਕੜਾਕੇ ਦੀ ਠੰਢ ਲਈ ‘ਯੈਲੋ ਅਲਰਟ’ ਵੀ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ’ਚ ਦਿਨ ਦੇ ਤਾਪਮਾਨ ਵਿੱਚ 6.2 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਦਿਨ ਸਮੇਂ ਬੱਲੋਵਾਲ ਸੌਖੜੀ (ਨਵਾਂ ਸ਼ਹਿਰ) ਸਭ ਤੋਂ ਠੰਢਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਨੂੰ ਹੁਸ਼ਿਆਰਪੁਰ ਸ਼ਹਿਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ-ਘੱਟ ਪਾਰਾ 6.8 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਿਆਲਾ ਵਿੱਚ 12.4, ਰੋਪੜ ਵਿੱਚ 12.3, ਹੁਸ਼ਿਆਰਪੁਰ ’ਚ 12.7, ਅੰਮ੍ਰਿਤਸਰ ’ਚ 13.5, ਲੁਧਿਆਣਾ ’ਚ 14.4, ਫਾਜ਼ਿਲਕਾ ’ਚ 14.4, ਮਾਨਸਾ ਤੇ ਪਠਾਨਕੋਟ ’ਚ 14.5, ਗੁਰਦਾਸਪੁਰ ’ਚ 15, ਬਠਿੰਡਾ ’ਚ 15.1 ਅਤੇ ਫਰੀਦਕੋਟ ’ਚ 17.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਇਹ ਤਾਪਮਾਨ ਆਮ ਨਾਲੋਂ 2 ਤੋਂ 6.2 ਡਿਗਰੀ ਤੱਕ ਘੱਟ ਹੈ।
![]()
