ਲੇਖਾ-ਜੋਖਾ 2025: ਭਾਰਤ ਤੇ ਪਾਕਿਸਤਾਨ ਵਿਚਕਾਰ ਨਫ਼ਰਤ ਦੀ ਖਾਈ ਹੋਰ ਡੂੰਘੀ ਹੋਈ

In ਖਾਸ ਰਿਪੋਰਟ
December 31, 2025

ਸਾਲ 2025 ਭਾਰਤ ਤੇ ਪਾਕਿਸਤਾਨ ਵਿਚਕਾਰ ਸਬੰਧਾਂ ਲਈ ਇੱਕ ਕਾਲਾ ਅਧਿਆਏ ਵਾਂਗ ਬੀਤ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਵਿਖੇ 22 ਅਪ੍ਰੈਲ ਨੂੰ ਹੋਏ ਜਿਹਾਦੀ ਹਮਲੇ ਨੇ ਦੋਵਾਂ ਮੁਲਕਾਂ ਨੂੰ ਜੰਗ ਦੇ ਮੂੰਹ ਵੱਲ ਧੱਕ ਦਿੱਤਾ ਸੀ। ਇਸ ਹਮਲੇ ਵਿੱਚ ਕਈ ਨਿਰਦੋਸ਼ ਲੋਕ ਮਾਰੇ ਗਏ ਸਨ ਤੇ ਭਾਰਤ ਨੇ ਇਸ ਲਈ ਪਾਕਿਸਤਾਨ ਨੂੰ ਸਿੱਧੇ ਤੌਰ ’ਤੇ ਜਿੰਮੇਵਾਰ ਠਹਿਰਾਇਆ। ਇਸ ਦੇ ਜਵਾਬ ਵਿੱਚ ਭਾਰਤ ਨੇ 7 ਮਈ ਨੂੰ ‘ਅਪਰੇਸ਼ਨ ਸੰਧੂਰ’ ਸ਼ੁਰੂ ਕੀਤਾ, ਜਿਸ ਵਿੱਚ ਪਾਕਿਸਤਾਨ ਵਿੱਚ ਜਿਹਾਦੀ ਟਿਕਾਣਿਆਂ ’ਤੇ ਮਿਜ਼ਾਇਲ ਹਮਲੇ ਕੀਤੇ ਗਏ। ਇਸ ਨੇ ਨਾ ਸਿਰਫ਼ ਜਿਹਾਦੀ ਸੰਗਠਨਾਂ ਜਿਵੇਂ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਨੂੰ ਨੁਕਸਾਨ ਪਹੁੰਚਾਇਆ, ਸਗੋਂ ਦੋਵਾਂ ਮੁਲਕਾਂ ਵਿਚਕਾਰ ਨਫ਼ਰਤ ਦੀ ਖਾਈ ਨੂੰ ਹੋਰ ਡੂੰਘਾ ਕਰ ਦਿੱਤਾ। ਇਸ ਸਾਲ ਦੌਰਾਨ ਕਰਤਾਰਪੁਰ ਲਾਂਘਾ ਬੰਦ ਹੋਣ ਨਾਲ ਸਿੱਖ ਭਾਈਚਾਰੇ ਨੂੰ ਵੱਡਾ ਝਟਕਾ ਲੱਗਾ ਹੈ, ਜਦਕਿ ਵਾਘਾ ਤੇ ਹੁਸੈਨੀ ਵਾਲਾ ਬਾਰਡਰ ਨਾ ਖੁੱਲ੍ਹਣ ਕਾਰਨ ਪੰਜਾਬ ਦੀ ਅਰਥ ਵਿਵਸਥਾ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਪਹਿਲਗਾਮ ਹਮਲਾ ਤੇ ਇਸ ਦੇ ਬਾਅਦ ਵਧਿਆ ਤਣਾਅ
ਸਭ ਤੋਂ ਪਹਿਲਾਂ ਗੱਲ ਕਰੀਏ ਉਸ ਘਟਨਾ ਦੀ ਜਿਸ ਨੇ 2025 ਸਾਲ ਨੂੰ ਤਣਾਅ ਨਾਲ ਭਰ ਦਿੱਤਾ। 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਇੱਕ ਵੱਡਾ ਹਮਲਾ ਕੀਤਾ, ਜਿਸ ਵਿੱਚ ਕਈ ਨਿਰਦੋਸ਼ ਲੋਕ ਮਾਰੇ ਗਏ ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤੀ ਸੁਰੱਖਿਆ ਏਜੰਸੀਆਂ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ, ਕਹਿੰਦੇ ਹੋਏ ਕਿ ਇਹ ਜਿਹਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਨ, ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮੱਦਦ ਮਿਲ ਰਹੀ ਹੈ। ਭਾਰਤ ਨੇ ਇਸ ਨੂੰ ਬਰਦਾਸ਼ਤ ਨਾ ਕੀਤਾ ਤੇ 7 ਮਈ ਨੂੰ ‘ਅਪਰੇਸ਼ਨ ਸੰਧੂਰ’ ਸ਼ੁਰੂ ਕੀਤਾ। ਇਸ ਆਪ੍ਰੇਸ਼ਨ ਵਿੱਚ ਭਾਰਤੀ ਫ਼ੌਜ ਨੇ ਪਾਕਿਸਤਾਨ ਵਿੱਚ ਬਹਾਵਲਪੁਰ, ਮੁਰੀਦਕੇ, ਕੋਟਲੀ, ਭਿੰਬਰ, ਬਾਗ ਤੇ ਮੁਜ਼ੱਫਰਾਬਾਦ ਵਰਗੇ ਥਾਂਵਾਂ ’ਤੇ ਮਿਜ਼ਾਈਲ ਹਮਲੇ ਕੀਤੇ। ਭਾਰਤੀ ਅਧਿਕਾਰੀਆਂ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਮੈਂਬਰਾਂ ਸਮੇਤ 100 ਤੋਂ ਵੱਧ ਅੱਤਵਾਦੀ ਮਾਰੇ ਗਏ ਤੇ ਪਾਕਿਸਤਾਨ ਦੇ ਕਈ ਹਵਾਈ ਅੱਡੇ ਤਬਾਹ ਹੋ ਗਏ।
ਪਾਕਿਸਤਾਨ ਨੇ ਇਸ ਨੂੰ ਜੰਗ ਦੀ ਘੋਸ਼ਣਾ ਮੰਨਿਆ ਤੇ ਜਵਾਬ ਵਿੱਚ ‘ਬੁਨਯਾਨ-ਅਲ-ਮਰਸੂਸ’ ਨਾਂ ਨਾਲ ਫ਼ੌਜੀ ਕਾਰਵਾਈ ਸ਼ੁਰੂ ਕੀਤੀ। ਇਸ ਵਿੱਚ ਪਾਕਿਸਤਾਨ ਨੇ ਭਾਰਤ ਦੇ ਪਠਾਨਕੋਟ, ਊਧਮਪੁਰ, ਗੁਜਰਾਤ, ਰਾਜਸਥਾਨ ਤੇ ਆਦਮਪੁਰ ਵਰਗੇ ਹਵਾਈ ਅੱਡਿਆਂ ਤੇ ਬ੍ਰਹਮੋਸ ਮਿਜ਼ਾਇਲਾਂ ਦੇ ਸਟੋਰਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਦੋਵੇਂ ਮੁਲਕ ਜੰਗ ਦੇ ਮੂੰਹ ਵੱਲ ਵਧ ਰਹੇ ਸਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਚੋਲਗੀ ਕੀਤੀ ਤੇ ਜੰਗਬੰਦੀ ਦਾ ਐਲਾਨ ਕਰਵਾਇਆ। ਪਰ ਭਾਰਤ ਨੇ ਕਿਹਾ ਕਿ ਉਹ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਨਹੀਂ ਮੰਨਦਾ। ਇਸ ਸਭ ਨੇ ਨਫ਼ਰਤ ਨੂੰ ਹੋਰ ਵਧਾ ਦਿੱਤਾ ਤੇ ਇਸ ਦੇ ਨਤੀਜੇ ਵਜੋਂ ਕਰਤਾਰਪੁਰ ਲਾਂਘਾ ਬੰਦ ਹੋ ਗਏ, ਜਿਨ੍ਹਾਂ ਨੇ ਆਮ ਲੋਕਾਂ ਨੂੰ ਪ੍ਰਭਾਵਿਤ ਕੀਤਾ।
ਸਿੰਧੂ ਜਲ ਸੰਧੀ ਦੀ ਮੁਅੱਤਲੀ ਤੇ ਪਾਕਿਸਤਾਨ ਦਾ ਜਲ ਸੰਕਟ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ, ਜਿਸ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘ਪਾਣੀ ਤੇ ਖੂਨ ਇਕੱਠੇ ਨਹੀਂ ਵਹਿ ਸਕਦੇ।’ ਇਸ ਨਾਲ ਪਾਕਿਸਤਾਨ ਵਿੱਚ ਜਲ ਸੰਕਟ ਵਧ ਗਿਆ ਤੇ ਮਾਨਸੂਨ ਬਾਰਿਸ਼ਾਂ ਤੋਂ ਬਾਅਦ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ। ਪਾਕਿਸਤਾਨ ਨੇ ਇਸ ਲਈ ਭਾਰਤ ਨੂੰ ਜਿੰਮੇਵਾਰ ਠਹਿਰਾਇਆ ਤੇ ਕੌਮਾਂਤਰੀ ਮੰਚਾਂ ਤੇ ਦਰਜਨਾਂ ਵਾਰ ਅਪੀਲ ਕੀਤੀ ਕਿ ਸੰਧੀ ਨੂੰ ਬਹਾਲ ਕੀਤਾ ਜਾਵੇ। ਪਾਕਿਸਤਾਨੀ ਅਧਿਕਾਰੀ ਕਹਿੰਦੇ ਹਨ ਕਿ ਸਿੰਧੂ ਨਦੀ ਉਨ੍ਹਾਂ ਦੀ ਜੀਵਨ ਰੇਖਾ ਹੈ – ਉਨ੍ਹਾਂ ਦੇ 90 ਫੀਸਦੀ ਫਸਲਾਂ ਇਸ ਤੋਂ ਪਾਣੀ ਲੈਂਦੀਆਂ ਹਨ ਤੇ ਹਰ 10 ਵਿੱਚੋਂ 9 ਲੋਕ ਇਸ ਤੇ ਨਿਰਭਰ ਹਨ। ਉਨ੍ਹਾਂ ਨੇ ਇਸ ਨੂੰ ‘ਪਾਣੀ ਦਾ ਬੰਬ’ ਕਿਹਾ ਤੇ ਕਿਹਾ ਕਿ ਜੇ ਨਾ ਹੱਲ ਕੀਤਾ ਗਿਆ ਤਾਂ ਲੋਕ ਭੁੱਖ ਨਾਲ ਮਰ ਜਾਣਗੇ।
ਪਾਕਿਸਤਾਨੀ ਫ਼ੌਜ ਨੇ ਬਿਆਨ ਜਾਰੀ ਕਰਕੇ ਭਾਰਤ ਨੂੰ ਧਮਕੀਆਂ ਦਿੱਤੀਆਂ ਕਿ ਜੇ ਪਾਣੀ ਬੰਦ ਕੀਤਾ ਤਾਂ ਅਸੀਂ ਤੁਹਾਡਾ ਸਾਹ ਬੰਦ ਕਰ ਦੇਵਾਂਗੇ। ਕਈ ਸੀਨੀਅਰ ਸਿਆਸਤਦਾਨਾਂ ਨੇ ਖੂਨ-ਖਰਾਬੇ ਦੀ ਧਮਕੀ ਵੀ ਦਿੱਤੀ। ਭਾਰਤ ਨੇ ਇਨ੍ਹਾਂ ਧਮਕੀਆਂ ਨੂੰ ਨਜ਼ਰਅੰਦਾਜ਼ ਕੀਤਾ ਤੇ ਕਿਹਾ ਕਿ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 9 ਮਹੀਨੇ ਬੀਤਣ ਤੋਂ ਬਾਅਦ ਵੀ ਇਹ ਮਾਮਲੇ ਕੌਮਾਂਤਰੀ ਚਰਚਾ ਵਿੱਚ ਹਨ ਤੇ ਨਫ਼ਰਤ ਵਧ ਰਹੀ ਹੈ। ਇਸ ਨੇ ਨਾ ਸਿਰਫ਼ ਫ਼ੌਜੀ ਤਣਾਅ ਵਧਾਇਆ ਸਗੋਂ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ, ਖਾਸ ਕਰਕੇ ਸਿੱਖ ਭਾਈਚਾਰੇ ਨੂੰ ਜੋ ਕਰਤਾਰਪੁਰ ਲਾਂਘੇ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਅਸਥਾਨ ’ਤੇ ਜਾਂਦੇ ਸਨ।
ਕਰਤਾਰਪੁਰ ਲਾਂਘਾ: ਕਿੰਨੀ ਵਾਰ ਬੰਦ ਹੋਇਆ ਤੇ ਪਾਬੰਦੀ ਦੇ ਕਾਰਨ
ਕਰਤਾਰਪੁਰ ਲਾਂਘਾ, ਜੋ ਨਵੰਬਰ 2019 ਵਿੱਚ ਖੁੱਲ੍ਹਿਆ ਸੀ, ਸਿੱਖਾਂ ਲਈ ਇੱਕ ਪੁਲ ਵਾਂਗ ਸੀ ਜੋ ਭਾਰਤ ਤੇ ਪਾਕਿਸਤਾਨ ਨੂੰ ਜੋੜਦਾ ਸੀ। ਇਹ ਲਾਂਘਾ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨੂੰ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰਦਾ ਹੈ। ਪਰ ਇਸ ਸਾਲ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ 7 ਮਈ 2025 ਨੂੰ ਇਸ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਲਾਂਘਾ ਬੰਦ ਹੋਇਆ – ਪਹਿਲਾਂ ਕੋਵਿਡ-19 ਮਹਾਮਾਰੀ ਦੌਰਾਨ 2020 ਵਿੱਚ ਬੰਦ ਹੋਇਆ ਸੀ ਤੇ 2022 ਵਿੱਚ ਫਿਰ ਖੁੱਲ੍ਹਿਆ। ਪਰ ਇਸ ਵਾਰ ਬੰਦੀ ਲੰਮੀ ਚੱਲ ਰਹੀ ਹੈ ਤੇ ਨਵੰਬਰ 2025 ਵਿੱਚ ਇਸ ਦੇ 6ਵੇਂ ਵਰ੍ਹੇਗੰਢ ’ਤੇ ਵੀ ਬੰਦ ਰਹਿਣ ਨੇ ਸਿੱਖਾਂ ਨੂੰ ਨਿਰਾਸ਼ ਕੀਤਾ।
ਭਾਰਤੀ ਸਰਕਾਰ ਨੇ ਬੰਦੀ ਦਾ ਕਾਰਨ ਸੁਰੱਖਿਆ ਨੂੰ ਦੱਸਿਆ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀ ਗਤੀਵਿਧੀਆਂ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਖਤਰਾ ਹੈ। ਪਰ ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਾਂਘਾ ਖੁੱਲ੍ਹਾ ਹੈ ਤੇ ਭਾਰਤ ਨੇ ਇੱਕਤਰਫ਼ਾ ਫੈਸਲਾ ਲਿਆ ਹੈ। ਨਵੰਬਰ 2025 ਵਿੱਚ ਲਾਂਘੇ ਦੀ ਵਰ੍ਹੇਗੰਢ ਤੇ ਪਾਕਿਸਤਾਨ ਨੇ ਐਲਾਨ ਕੀਤਾ ਸੀ ਕਿ ਉਹ ਅਪ੍ਰੈਲ 2026 ਤੱਕ 17 ਹੋਰ ਗੁਰਦੁਆਰੇ ਖੋਲ੍ਹਣਗੇ, ਪਰ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ। ਸਿੱਖ ਯਾਤਰੀਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਲਈ ਭਾਰਤ ਨੇ ਅਕਤੂਬਰ 2025 ਵਿੱਚ ਵੀਜ਼ਾ ਰੱਦ ਕਰ ਦਿੱਤੇ ਤੇ ਅਡਵਾਈਜ਼ਰੀ ਜਾਰੀ ਕੀਤੀ। ਇਸ ਨੇ ਸਿੱਖਾਂ ਵਿੱਚ ਰੋਸ ਪੈਦਾ ਕੀਤਾ ਹੈ।

Loading