ਹਾਦਸੇ ਸਮੇਂ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੇ ਨਸ਼ਾ ਨਹੀਂ ਕੀਤਾ ਸੀ: ਅਧਿਕਾਰੀ

In ਮੁੱਖ ਖ਼ਬਰਾਂ
November 05, 2025

ਵਾਸ਼ਿਗਟਨ/ਏ.ਟੀ.ਨਿਊਜ਼:
ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕੈਲੀਫੋਰਨੀਆ ਵਿੱਚ ਆਪਣੇ ਟਰੱਕ ਨਾਲ ਟੱਕਰ ਮਾਰ ਕੇ ਤਿੰਨ ਲੋਕਾਂ ਦੀ ਜਾਨ ਲੈਣ ਵਾਲਾ ਭਾਰਤੀ ਮੂਲ ਦਾ ਟਰੱਕ ਡਰਾਈਵਰ ਉਦੋਂ ਨਸ਼ੇ ਦੀ ਹਾਲਤ ਵਿੱਚ ਨਹੀਂ ਸੀ, ਪਰ ਇਹ ਵੱਡੀ ਅਣਗਹਿਲੀ ਕਾਰਨ ਹੋਈ ਹੱਤਿਆ ਦਾ ਮਾਮਲਾ ਬਣਿਆ ਹੋਇਆ ਹੈ। ਪਹਿਲਾਂ ਦਾਅਵਾ ਕੀਤਾ ਗਿਆ ਸੀ ਹਾਦਸੇ ਮੌਕੇ ਟਰੱਕ ਦਾ ਡਰਾਈਵਰ ਨਸ਼ੇ ਵਿਚ ਧੁੱਤ ਸੀ।
ਯੂਬਾ ਸਿਟੀ ਨਿਵਾਸੀ ਜਸ਼ਨਪ੍ਰੀਤ ਸਿੰਘ(21) ਨੂੰ 21 ਅਕਤੂਬਰ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਵੱਡੀ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਕਈ ਵਾਹਨਾਂ ਦੀ ਟੱਕਰ ਵਿੱਚ ਸੱਟ ਮਾਰਨ ਦਾ ਦੋਸ਼ ਲਗਾਇਆ ਗਿਆ ਸੀ। ਓਂਟਾਰੀਓ ਕੈਲੀਫੋਰਨੀਆ ਵਿੱਚ ਹੋਏ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਪਿਛਲੇ ਹਫ਼ਤੇ ਸੋਧ ਕੇ ਦਾਇਰ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਟੌਕਸੀਕੋਲੋਜੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਟੈਸਟ ਕੀਤੇ ਜਾਣ ਸਮੇਂ ਜਸ਼ਨਪ੍ਰੀਤ ਸਿੰਘ ਦੇ ਖੂਨ ਵਿੱਚ ਕੋਈ ਵੀ ਨਸ਼ੀਲਾ ਪਦਾਰਥ ਮੌਜੂਦ ਨਹੀਂ ਸੀ। ਸਾਂ ਬਰਨਾਰਡੀਨੋ ਕਾਊਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਕਿਹਾ, ‘‘ਹਾਲਾਂਕਿ ਇਹ ਸਿਰੇ ਦੀ ਲਾਪਰਵਾਹੀ ਨਾਲ ਕੀਤੇ ਗਏ ਕਤਲ ਦਾ ਮਾਮਲਾ ਬਣਿਆ ਹੋਇਆ ਹੈ।’’
ਅਪਡੇਟ ਕੀਤੀ ਗਈ ਸ਼ਿਕਾਇਤ ਵਿੱਚ ਵੱਡੀ ਲਾਪਰਵਾਹੀ ਨਾਲ ਵਾਹਨਾਂ ਰਾਹੀਂ ਕਤਲ ਦੇ ਤਿੰਨ ਦੋਸ਼ ਸ਼ਾਮਲ ਹਨ ਅਤੇ ਨਾਲ ਹੀ ‘ਹਾਈਵੇਅ ’ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਨਾਲ ਇੱਕ ਖਾਸ ਸੱਟ ਲੱਗਣ’ ਦਾ ਨਵਾਂ ਦੋਸ਼ ਵੀ ਸ਼ਾਮਲ ਹੈ। ਚਸ਼ਮਦੀਦ ਗਵਾਹਾਂ ਅਤੇ ਡੈਸ਼ਕੈਮ ਫੁਟੇਜ ਵਿੱਚ ਜਸ਼ਨਪ੍ਰੀਤ ਸਿੰਘ ਨੂੰ ਰੁਕੇ ਹੋਏ ਟ੍ਰੈਫਿਕ ਵਿੱਚ ਤੇਜ਼ ਰਫ਼ਤਾਰੀ ਨਾਲ ਯਾਤਰਾ ਕਰਦੇ ਦਿਖਾਇਆ ਗਿਆ ਹੈ।
ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਜਸ਼ਨਪ੍ਰੀਤ ਸਿੰਘ ਇੱਕ ਗ਼ੈਰ-ਕਾਨੂੰਨੀ ਪਰਵਾਸੀ ਹੈ ਜੋ 2022 ਵਿੱਚ ਅਮਰੀਕਾ ਦੀ ਦੱਖਣੀ ਸਰਹੱਦ ਉਲੰਘ ਕੇ ਦੇਸ਼ ਵਿੱਚ ਦਾਖ਼ਲ ਹੋਇਆ ਸੀ। ਉਦੋਂ ਉਸ ਨੂੰ ਇਮੀਗ੍ਰੇਸ਼ਨ ਸੁਣਵਾਈ ਤੱਕ ਰਿਹਾਅ ਕਰ ਦਿੱਤਾ ਗਿਆ ਸੀ। ਕਾਬਿਲੇਗੌਰ ਹੈ ਕਿ ਅਗਸਤ ਤੋਂ ਬਾਅਦ ਇਹ ਦੂਜੀ ਅਜਿਹੀ ਘਟਨਾ ਹੈ ਜਿਸ ਵਿੱਚ ਇੱਕ ਭਾਰਤੀ ਮੂਲ ਦੇ ਟਰੱਕ ਡਰਾਈਵਰ ’ਤੇ ਅਮਰੀਕਾ ਵਿੱਚ ਇੱਕ ਘਾਤਕ ਹਾਦਸੇ ਦਾ ਕਾਰਨ ਬਣਨ ਦਾ ਦੋਸ਼ ਲਗਾਇਆ ਗਿਆ ਹੈ।
ਹਰਜਿੰਦਰ ਸਿੰਘ(28) ਨੇ 12 ਅਗਸਤ ਨੂੰ ਫਲੋਰੀਡਾ ਵਿੱਚ ਆਪਣੇ ਟਰੈਕਟਰ-ਟ੍ਰੇਲਰ ਵਿੱਚ ਕਥਿਤ ਗ਼ੈਰ-ਕਾਨੂੰਨੀ ਯੂ-ਟਰਨ ਲਿਆ, ਜਿਸ ਕਾਰਨ ਇੱਕ ਘਾਤਕ ਹਾਦਸਾ ਹੋਇਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਉਸ ’ਤੇ ਵਾਹਨ ਹੱਤਿਆ ਦੇ ਤਿੰਨ ਦੋਸ਼ ਲੱਗੇ ਹਨ।

Loading