ਇੱਕ ਪਾਸੇ ਵਿਸ਼ਵ ਦੇ ਅਨੇਕਾਂ ਦੇਸ਼ ਚੰਦ ’ਤੇ ਮਨੁੱਖੀ ਬਸਤੀਆਂ ਵਸਾਉਣ ਦੇ ਉਪਰਾਲੇ ਕਰਨ ਦਾ ਦਾਅਵਾ ਕਰ ਰਹੇ ਹਨ ਅਤੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਨ। ਦੂਜੇ ਪਾਸੇ ਗ਼ਾਜ਼ਾ ਵਿੱਚ ਇਜ਼ਰਾਇਲ ਵੱਲੋਂ ਵੱਡੇ ਪੱਧਰ ’ਤੇ ਮਨੁੱਖਤਾ ਦੇ ਕੀਤੇ ਜਾ ਰਹੇ ਘਾਣ ਸਬੰਧੀ ਆਲਮੀ ਭਾਈਚਾਰਾ ਸਿਰਫ਼ ਇਜ਼ਰਾਇਲ ਦੀ ਆਲੋਚਨਾ ਕਰਨ ਤੱਕ ਹੀ ਸੀਮਿਤ ਹੈ। ਕਿਸੇ ਵੀ ਦੇਸ਼ ਵੱਲੋਂ ਜੰਗ ਅਤੇ ਤਬਾਹੀ ਦਾ ਸ਼ਿਕਾਰ ਗ਼ਾਜ਼ਾ ਦੇ ਪੀੜਤਾਂ ਦੀ ਬਾਂਹ ਨਹੀਂ ਫ਼ੜੀ ਜਾ ਰਹੀ। ਭਾਵੇਂ ਕਿ ਕੁਝ ਕੁ ਦੇਸ਼ਾਂ ਨੇ ਗ਼ਾਜ਼ਾ ਵਿੱਚ ਸਹਾਇਤਾ ਪ੍ਰੋਗਰਾਮ ਚਲਾਏ ਹੋਏ ਹਨ, ਜੋ ਕਿ ਵੱਡੀ ਤਬਾਹੀ ਅੱਗੇ ਨਾਕਾਫ਼ੀ ਹਨ। ਇਜ਼ਰਾਇਲ ਵੱਲੋਂ ਹੋਰਨਾਂ ਦੇਸ਼ਾਂ ਵੱਲੋਂ ਗਾਜ਼ਾ ਪੱਟੀ ਵਿੱਚ ਭੇਜੀ ਜਾ ਰਹੀ ਰਾਹਤ ਸਮੱਗਰੀ ਵੀ ਰੋਕੀ ਜਾ ਰਹੀ ਹੈ, ਜਿਸ ਦੀ ਤਾਜ਼ਾ ਉਦਾਹਰਨ ਗਾਜ਼ਾ ਪੱਟੀ ਲਈ ਜਹਾਜ਼ ਵਿੱਚ ਰਾਹਤ ਸਮੱਗਰੀ ਲੈ ਕੇ ਜਾ ਰਹੀ ਸਵੀਡਨ ਦੀ ਸਮਾਜਿਕ ਕਾਰਕੁਨ ਗਰੇਟਾ ਥੁਨਬਰਗ ਦੇ ਜਹਾਜ਼ ਨੂੰ ਇਜ਼ਰਾਇਲ ਦੀ ਫ਼ੌਜ ਵੱਲੋਂ ਜ਼ਬਤ ਕਰਕੇ ਥੁਨਬਰਗ ਨੂੰ ਡਿਪੋਰਟ ਕਰਨ ਤੋਂ ਦਿੱਤੀ ਜਾ ਸਕਦੀ ਹੈ।
ਗ਼ਾਜ਼ਾ ਦੀ ਵੱਡੀ ਤ੍ਰਾਸਦੀ ਹੈ ਕਿ ਇਜ਼ਰਾਇਲ-ਹਮਾਸ ਯੁੱਧ ਵਿੱਚ ਉਸ ਨੂੰ ਤਬਾਹ ਕੀਤਾ ਜਾ ਰਿਹਾ ਹੈ। ਇਜ਼ਰਾਇਲ ਦੇ ਹਮਲਿਆਂ ਕਾਰਨ ਗ਼ਾਜ਼ਾ ਪੱਟੀ ਵਿੱਚ ਅਮਨ ਦੇ ਪਾਣੀਆਂ ਨੂੰ ਅੱਗ ਲੱਗੀ ਹੋਈ ਹੈ ਪਰ ਇਜ਼ਰਾਇਲ ਅਮਰੀਕਾ ਦੀ ਹਮਾਇਤ ਮਿਲਣ ਕਾਰਨ ਅਜੇ ਵੀ ਬੜ੍ਹਕਾਂ ਮਾਰ ਰਿਹਾ ਹੈ। ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਇਜ਼ਰਾਇਲ ਦੇ ਹਮਲਿਆਂ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਇਜ਼ਰਾਇਲ ਵੱਲੋਂ ਗ਼ਾਜ਼ਾ ’ਤੇ ਹਮਲੇ ਜਾਰੀ ਹਨ, ਜਿਨ੍ਹਾਂ ਵਿੱਚ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ।
ਸੰਯੁਕਤ ਰਾਸ਼ਟਰ ਦੇ ਖੁਰਾਕ ਪ੍ਰੋਗਰਾਮ ਦੇ ਅਨੁਸਾਰ, ਗ਼ਾਜ਼ਾ ਦੁਨੀਆ ਵਿੱਚ ਬਾਲ ਕੁਪੋਸ਼ਣ ਦੇ ਸਭ ਤੋਂ ਭੈੜੇ ਪੱਧਰ ਤੋਂ ਪੀੜਤ ਹੈ ਅਤੇ ਭੁੱਖਮਰੀ ਵੱਲ ਵਧ ਰਿਹਾ ਹੈ। ਇਸ ਇਲਾਕੇ ਦੀ ਜ਼ਿਆਦਾਤਰ ਆਬਾਦੀ ਦੱਖਣੀ ਗ਼ਾਜ਼ਾ ਵਿੱਚ ਸ਼ਰਨਾਰਥੀ ਕੈਂਪਾਂ ਵਿੱਚ ਘਿਰੀ ਹੋਈ ਹੈ ਜਿੱਥੇ ਸ਼ਾਇਦ ਹੀ ਕੋਈ ਜ਼ਰੂਰੀ ਵਸਤੂਆਂ ਉਪਲਬਧ ਹੋਣ। ਹਸਪਤਾਲ ਦਾ ਸਿਸਟਮ ਢਹਿ-ਢੇਰੀ ਹੋਣ ਦੀ ਕਗਾਰ ’ਤੇ ਹੈ ਅਤੇ ਸ਼ਕਤੀਸ਼ਾਲੀ ਦੇਸ਼ ਮਨੁੱਖ ਦੁਆਰਾ ਕੀਤੀ ਗਈ 21ਵੀਂ ਸਦੀ ਦੀ ਸਭ ਤੋਂ ਭੈੜੀ ਤਬਾਹੀ ਨੂੰ ਵੇਖ ਰਹੇ ਹਨ।
ਇਜ਼ਰਾਇਲ ਨੇ ਸਫ਼ਲਤਾ ਪੂਰਵਕ ਬੰਬਾਰੀ ਕਰਕੇ ਗ਼ਾਜ਼ਾ ਨੂੰ ਮੌਤ, ਦੁੱਖ ਅਤੇ ਭੁੱਖਮਰੀ ਦੇ ਪੁਲ ਵਿੱਚ ਬਦਲ ਦਿੱਤਾ ਹੈ ਪਰ ਉਹ ਅਜੇ ਵੀ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਤੋਂ ਦੂਰ ਹੈ। ਅੰਤਰਰਾਸ਼ਟਰੀ ਭਾਈਚਾਰੇ ਦੀ ਆਵਾਜ਼ ਹਮਾਸ ਵੱਲੋਂ ਇਜ਼ਰਾਇਲ ’ਤੇ ਕੀਤੇ ਗਏ ਹਮਲੇ ਕਾਰਨ ਪਹਿਲਾਂ ਜ਼ਿਆਦਾਤਰ ਇਜ਼ਰਾਇਲ ਦੇ ਹੱਕ ਵਿੱਚ ਸੀ, ਪਰ ਅੱਜ ਗ਼ਾਜ਼ਾ ਪੱਟੀ ’ਤੇ ਇਜ਼ਰਾਇਲ ਦੇ ਹਮਲਿਆਂ ਕਾਰਨ ਗੁੱਸੇ ਵਿੱਚ ਹੈ ਅਤੇ ਪੂਰੇ ਆਲਮੀ ਭਾਈਚਾਰੇ ਵਿੱਚ ਇਜ਼ਰਾਇਲ ਖ਼ਿਲਾਫ਼ ਗੁੱਸੇ ਦੀ ਲਹਿਰ ਹੈ। ਇਜ਼ਰਾਇਲ ’ਤੇ ਹਮਾਸ ਦੇ ਹਮਲੇ ਨਾਲ ਸ਼ੁਰੂ ਹੋਈ ਜੰਗ ਨੇ ਗ਼ਾਜ਼ਾ ਪੱਟੀ ਦੇ ਜ਼ਿਆਦਾਤਰ ਹਿੱਸੇ ਨੂੰ ਮਲਬੇ ਦੇ ਢੇਰ ’ਚ ਬਦਲ ਦਿੱਤਾ ਹੈ।
ਦੁਨੀਆ ਦੇ ਵਿੱਚ ਕਿਤੇ ਵੀ ਯੁੱਧ ਚੱਲ ਰਿਹਾ ਹੁੰਦਾ ਹੈ ਤਾਂ ਉਸ ਵਿੱਚ ਸ਼ਾਮਲ ਦੋਵੇਂ ਪੱਖ ਇੱਕ ਦੂਜੇ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੇ ਹਨ। ਇਜ਼ਰਾਇਲੀ ਸਰਹੱਦ ਅੰਦਰ ਵੜ ਕੇ ਜਦੋਂ ਹਮਾਸ ਨੇ ਹਮਲਾ ਕੀਤਾ ਸੀ ਤਾਂ ਬਹੁਤ ਸਾਰੇ ਦੇਸ਼ਾਂ ਨੇ ਇਸ ਦੀ ਨਿੰਦਾ ਕੀਤੀ ਸੀ। ਇਜ਼ਰਾਇਲ ਨੇ ਜਵਾਬੀ ਹਮਲੇ ਨੂੰ ਬਚਾਅ ਦੀ ਕੋਸ਼ਿਸ਼ ਕਿਹਾ ਸੀ ਪਰ ਬਾਅਦ ਵਿੱਚ ਯੁੱਧ ਨੇ ਜਿਵੇਂ ਦੀ ਸ਼ਕਲ ਅਖ਼ਤਿਆਰ ਕੀਤੀ, ਉਸ ਤੋਂ ਇਜ਼ਰਾਇਲ ਦੀਆਂ ਗਤੀਵਿਧੀਆਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਸਵਾਲ ਇਹ ਉੱਠਦਾ ਹੈ ਕਿ ਤਮਾਮ ਦੇਸ਼ਾਂ ਦੀ ਸਹਿਮਤੀ ਦੇ ਨਾਲ ਜਿਹੜੇ ਅੰਤਰਰਾਸ਼ਟਰੀ ਨਿਯਮ ਤੇ ਕਾਨੂੰਨ ਬਣਾਏ ਗਏ ਹਨ ਕੀ ਉਹ ਖਤਮ ਹੋ ਗਏ ਹਨ। ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਤਾਬਿਕ ਤਾਂ ਇਹ ਮਿਥਿਆ ਗਿਆ ਕਿ ਕਿਹੜੀ ਧਿਰ ’ਤੇ ਹਮਲਾ ਕਰਨਾ ਤੇ ਕਿਥੇ ਨਹੀਂ ਕਰਨਾ ਤੇ ਕਿਹੜੇ ਹਾਲਾਤਾਂ ਦੇ ਵਿੱਚ ਕਰਨਾ ਹੈ। ਨਿਯਮ ਤੇ ਕਾਨੂੰਨਾਂ ਵਿੱਚ ਤਾਂ ਇਹ ਵੀ ਹੈ ਕਿ ਆਮ ਲੋਕਾਂ, ਹਸਪਤਾਲਾਂ, ਸਕੂਲਾਂ ਤੇ ਰਹਿਣ ਵਾਲੀ ਜਗ੍ਹਾ ਦੇ ਨੇੜੇ ਹਮਲਾ ਕਰਨ ਦੀ ਮਨਾਹੀ ਹੈ ਪਰ ਜੋ ਇਜ਼ਰਾਇਲ ਹੁਣ ਤੱਕ ਫ਼ਲਸਤੀਨ ’ਤੇ ਹਮਲੇ ਨੂੰ ਆਪਣੀ ਜਵਾਬੀ ਕਾਰਵਾਈ ਦੱਸਦਾ ਰਿਹਾ, ਕੀ ਉਹ ਭੁੱਖ ਦੇ ਨਾਲ ਲਾਚਾਰ ਲੋਕਾਂ ’ਤੇ ਇਸ ਤਰ੍ਹਾਂ ਦੀ ਗੋਲ਼ਾਬਾਰੀ ਨੂੰ ਸਹੀ ਠਹਿਰਾਅ ਸਕਦੈ?
ਮੀਡੀਆ ਰਿਪੋਰਟਾਂ ਅਨੁਸਾਰ ਗ਼ਾਜ਼ਾ ਵਿੱਚ ਮਾਪੇ ਆਪਣੇ ਬੱਚਿਆਂ ਦੀ ਭੁੱਖ ਮਿਟਾਉਣ ਲਈ ਪਸ਼ੂਆਂ ਦੇ ਚਾਰੇ ਦੀ ਵਰਤੋਂ ਕਰ ਰਹੇ ਹਨ। ਗ਼ਾਜ਼ਾ ਦੀ ਸਮੁੱਚੀ ਆਬਾਦੀ ਦੁਨੀਆ ਭਰ ਵਿੱਚ ਸ਼੍ਰੇਣੀਬੱਧ ਖੁਰਾਕੀ ਅਸੁਰੱਖਿਆ ਦੇ ਸਭ ਤੋਂ ਵੱਧ ਹਿੱਸੇ ਦਾ ਸਾਹਮਣਾ ਕਰ ਰਹੀ ਹੈ। ਗ਼ਾਜ਼ਾ ਵਿੱਚ ‘ਸੇਵ ਦ ਚਿਲਡਰਨ’ ਲਈ ਇੱਕ ਸਹਾਇਤਾ ਕਰਮਚਾਰੀ ਨੇ ਲੋਕਾਂ ਨੂੰ ਜਾਨਵਰਾਂ ਦੇ ਭੋਜਨ ਅਤੇ ਦਰਖਤਾਂ ਦੇ ਪੱਤੇ ਖਾਂਦੇ ਦੇਖਿਆ। ਉਸ ਨੇ ਲੋਕਾਂ ਨੂੰ ਚੂਹਿਆਂ ਦੁਆਰਾ ਪਹਿਲਾਂ ਹੀ ਖਾ ਚੁੱਕੇ ਭੋਜਨ ਨੂੰ ਖੋਖਲਾ ਕਰਦੇ ਦੇਖਿਆ। ਜਿਸ ਤੋਂ ਪਤਾ ਚੱਲ ਜਾਂਦਾ ਹੈ ਕਿ ਗ਼ਾਜ਼ਾ ਵਿੱਚ ਹਾਲਾਤ ਕਿਸ ਤਰੀਕੇ ਨਾਲ ਬਦਤਰ ਹੁੰਦੇ ਜਾ ਰਹੇ ਹਨ। ਇਸ ਤੋਂ ਵੱਡੀ ਤ੍ਰਾਸਦੀ ਕੀ ਹੋਵੇਗੀ ਕਿ ਪੂਰੀ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦਾ ਹੋਕਾ ਦੇਣ ਵਾਲੇ ਦੇਸ਼ ਵੀ ਇਜ਼ਰਾਇਲ ਦੀ ਹਮਾਇਤ ਵਿੱਚ ਹਨ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਅਮਰੀਕਾ ਇਜ਼ਰਾਇਲ ਦੀ ਸਹਾਇਤਾ ਕਰਕੇ ਖੁਦ ਗ਼ਾਜ਼ਾ ਪੱਟੀ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਗ਼ਾਜ਼ਾ ਪੱਟੀ ਸਿਆਸੀ ਵਪਾਰੀਆਂ ਨੂੰ ਰੜਕ ਰਹੀ ਹੈ ਅਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਥੇ ਕਬਜ਼ਾ ਕਰਨਾ ਚਾਹੁੰਦੇ ਹਨ।
ਗ਼ਾਜ਼ਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਪੂਰੀ ਦੁਨੀਆ ਭੁੱਖ ਨਾਲ ਤੜਫ਼ ਰਹੇ ਲੋਕਾਂ ਦੇ ਹੱਕ ਦੇ ਵਿੱਚ ਹਾਅ ਦਾ ਨਾਅਰਾ ਮਾਰ ਰਹੀ ਹੈ। ਢਿੱਡ ਦੇ ਪਿੱਛੇ ਲੋਕ ਆਪਣੀਆਂ ਜ਼ਿੰਦਗੀਆਂ ਗੁਆ ਰਹੇ ਨੇ। ਪਰ ਇਹ ਹਾਅ ਦੇ ਨਾਅਰੇ, ਇਹ ਬਿਆਨ ਦੇ ਕੇ ਅਸੀਂ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਸਕਦੇ, ਕਿਉਂਕਿ ਇਸ ਤੋਂ ਅੱਗੇ ਵੀ ਇਨਸਾਨੀਅਤ ਦੇ ਬਹੁਤ ਸਾਰੇ ਫ਼ਰਜ਼ ਬਣਦੇ ਹਨ।
![]()
