ਅਮਰੀਕਾ ਵੱਲੋਂ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਵਾਈ ਹਮਲੇ

In ਮੁੱਖ ਖ਼ਬਰਾਂ
June 23, 2025

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਫ਼ੌਜ ਨੇ ਪਿਛਲੇ ਦਿਨੀਂ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਇਨ੍ਹਾਂ ਹਮਲਿਆਂ ਨਾਲ ਇਜ਼ਰਾਇਲ ਵੱਲੋਂ ਇਰਾਨ ਦੇ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਵਿੱਢੀ ਲੜਾਈ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਹਮਲੇ ਲਈ 26 ਬੰਕਰ ਬਸਟਰ ਬੰਬਾਂ ਤੇ ਕਰੂਜ਼ ਮਿਜ਼ਾਇਲਾਂ ਦੀ ਵਰਤੋਂ ਕੀਤੀ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਰਾਨ ਦੇ ਪ੍ਰਮੁੱਖ ਪਰਮਾਣੂ ਟਿਕਾਣਿਆਂ ਨੂੰ ‘ਪੂਰੀ ਤਰ੍ਹਾਂ ਨਾਲ ਤਬਾਹ’ ਕਰ ਦਿੱਤਾ ਹੈ। ਅਮਰੀਕੀ ਸਦਰ ਨੇ ਤਹਿਰਾਨ ਨੂੰ ਜਵਾਬੀ ਕਾਰਵਾਈ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਨੂੰ ‘ਸ਼ਾਂਤੀ ਜਾਂ ਦੁਖਾਂਤ’ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ।
ਉਧਰ ਇਰਾਨ ਦੀ ਪਰਮਾਣੂ ਏਜੰਸੀ ਨੇ ਅਮਰੀਕਾ ਵੱਲੋਂ ਉਸ ਦੇ ਤਿੰਨ ਪਰਮਾਣੂ ਟਿਕਾਣਿਆਂ ਫ਼ੋਰਡੋ, ਇਸਫ਼ਹਾਨ ਤੇ ਨਾਤਨਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ। ਤਹਿਰਾਨ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਉਸ ਦਾ ਕੰਮ ਨਹੀਂ ਰੁਕੇਗਾ। ਇਰਾਨ ਨੇ ਕਿਹਾ ਕਿ ਇਸਫ਼ਹਾਨ, ਫ਼ੋਰਡੋ, ਨਤਾਨਜ਼ ਅਤੇ ਹੋਰ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਤੋਂ ਬਾਅਦ ‘ਰੇਡੀਏਸ਼ਨ ਦੇ ਰਿਸਾਅ ਦੇ ਕੋਈ ਸੰਕੇਤ’ ਨਹੀਂ ਹਨ। ਅਮਰੀਕੀ ਹਮਲੇ ਮਗਰੋਂ ਇਜ਼ਰਾਇਲ ਨੇ ਇਰਾਨ ਦੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ।
ਟਰੰਪ ਨੇ ਮਗਰੋਂ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਕਿਹਾ, ‘‘”ਅਸੀਂ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਫ਼ੋਰਡੋ, ਨਤਾਨਜ਼ ਅਤੇ ਇਸਫ਼ਾਹਨ ’ਤੇ ਕੀਤੇ ਹਮਲੇ ਵਿੱਚ ਸਫ਼ਲ ਰਹੇ ਹਾਂ। ਸਾਰੇ ਅਮਰੀਕੀ ਜਹਾਜ਼ ਹੁਣ ਇਰਾਨ ਦੇ ਹਵਾਈ ਖੇਤਰ ’ਚੋਂ ਬਾਹਰ ਹਨ। ਬੰਬਾਂ ਦਾ ਪੂਰਾ ਪੇਲੋਡ ਪ੍ਰਾਇਮਰੀ ਸਾਈਟ, ਫ਼ੋਰਡੋ ’ਤੇ ਸੁੱਟਿਆ ਗਿਆ ਸੀ। ਸਾਰੇ ਜਹਾਜ਼ ਸੁਰੱਖਿਅਤ ਢੰਗ ਨਾਲ ਆਪਣੇ ਟਿਕਾਣੇ ’ਤੇ ਵਾਪਸ ਜਾ ਰਹੇ ਹਨ।’’ ਅਮਰੀਕੀ ਸਦਰ ਨੇ ਕਿਹਾ, ‘‘ਇਹ ਅਮਰੀਕਾ, ਇਜ਼ਰਾਈਲ ਤੇ ਕੁੱਲ ਆਲਮ ਲਈ ਇਤਿਹਾਸਕ ਪਲ ਹੈ। ਇਹ ਜੰਗ ਖਤਮ ਕਰਨ ਲਈ ਇਰਾਨ ਨੂੰ ਹੁਣ ਸਹਿਮਤ ਹੋਣਾ ਪਵੇਗਾ। ਧੰਨਵਾਦ!”
ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ’ਤੇ ਹਮਲਾ ਕਰਨ ਦੇ ਫ਼ੈਸਲੇ ਲਈ ਅਮਰੀਦੀ ਸਦਰ ਦੀ ਤਾਰੀਫ਼ ਕੀਤੀ ਹੈ। ਨੇਤਨਯਾਹੂ ਨੇ ਕਿਹਾ, ‘‘ਇਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਤੁਹਾਡਾ ਦਲੇਰਾਨਾ ਫ਼ੈਸਲਾ ਇਤਿਹਾਸ ਬਦਲ ਦੇਵੇਗਾ।’’ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਨੇ ‘ਉਹ ਕੀਤਾ ਹੈ ਜੋ ਧਰਤੀ ’ਤੇ ਕੋਈ ਹੋਰ ਮੁਲਕ ਨਹੀਂ ਕਰ ਸਕਦਾ ਸੀ।’’
ਇਸ ਦੌਰਾਨ ਵ੍ਹਾਈਟ ਹਾਊਸ ਅਤੇ ਪੈਂਟਾਗਨ ਨੇ ਤੁਰੰਤ ਕਾਰਵਾਈ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਫ਼ੌਕਸ ਨਿਊਜ਼ ਦੇ ਮੇਜ਼ਬਾਨ ਨੇ ਕਿਹਾ ਕਿ ਉਸ ਨੇ ਟਰੰਪ ਨਾਲ ਗੱਲ ਕੀਤੀ ਹੈ ਅਤੇ ਫ਼ੋਰਡੋ (ਪਰਮਾਣੂ ਟਿਕਾਣੇ) ਨੂੰ ਨਿਸ਼ਾਨਾ ਬਣਾਉਣ ਲਈ ਛੇ ਬੰਕਰ ਬਸਟਰ ਬੰਬ ਵਰਤੇ ਗਏ ਸਨ। ਉਨ੍ਹਾਂ ਕਿਹਾ ਕਿ 400 ਮੀਲ ਦੂਰ ਅਮਰੀਕੀ ਪਣਡੁੱਬੀਆਂ ਵੱਲੋਂ ਦਾਗ਼ੀਆਂ ਗਈਆਂ 30 ਟੋਮਾਹਾਕ ਮਿਜ਼ਾਇਲਾਂ ਨੇ ਇਰਾਨ ਦੇ ਨਤਾਨਜ਼ ਅਤੇ ਇਸਫ਼ਹਾਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਦੱਸ ਦੇਈਏ ਕਿ ਟਰੰਪ ਨੇ ਪਿਛਲੇ ਦਿਨੀਂ ਪੱਤਰਕਾਰਾਂ ਅੱਗੇ ਦਾਅਵਾ ਕੀਤਾ ਸੀ ਉਨ੍ਹਾਂ ਦੀ ਇਰਾਨ ਵਿੱਚ ਅਮਰੀਕੀ ਫ਼ੌਜਾਂ ਨੂੰ ਭੇਜਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕੀ ਸਦਰ ਨੇ ਇਸ਼ਾਰਾ ਕੀਤਾ ਸੀ ਕਿ ਉਹ ਇਸ ਬਾਰੇ ਅਗਲੇ ਦੋ ਹਫ਼ਤਿਆਂ ਵਿੱਚ ਫ਼ੈਸਲਾ ਕਰੇਗਾ।
ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਪਿਛਲੇ ਦਿਨੀਂ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ ਕਿ ਇਸਲਾਮਿਕ ਗਣਰਾਜ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੇ ਨਤੀਜੇ ਵਜੋਂ ‘ਉਸ ਨੂੰ ਕਦੇ ਵੀ ਪੂਰਾ ਨਾ ਹੋਣ ਨੁਕਸਾਨ ਝੱਲਣਾ ਹੋਵੇਗਾ।’ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਐਲਾਨ ਕੀਤਾ ਕਿ ‘ਅਮਰੀਕਾ ਦੀ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਖੇਤਰ ਵਿੱਚ ਮੁਕੰਮਲ ਜੰਗ ਦਾ ਸੱਦਾ ਹੋਵੇਗੀ।’’

Loading