ਅੰਮ੍ਰਿਤਸਰ ਵਿਖੇ ਸੈਲਾਨੀਆਂ ਦੀ ਆਮਦ ਵਧੀ

In ਪੰਜਾਬ
December 30, 2025

ਅੰਮ੍ਰਿਤਸਰ/ਏ.ਟੀ.ਨਿਊਜ਼ : ਨਵੇਂ ਸਾਲ ਮੌਕੇ ਗੁਰੂ ਨਗਰੀ ਸ਼ਰਧਾਲੂਆਂ ਅਤੇ ਸੈੈਲਾਨੀਆਂ ਨਾਲ ਗੁਲਜ਼ਾਰ ਹੋ ਗਈ ਹੈ। ਧੁੰਦ ਤੇ ਠੰਡ ਵਿਚਾਲੇ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਭੀੜ ਉਮੜ ਪਈ ਹੈ। ਰੋਜ਼ਾਨਾ ਇੱਕ ਲੱਖ ਤੋਂ ਵੱਧ ਸੈਲਾਨੀ ਪਹੁੰਚ ਰਹੇ ਹਨ। ਸ਼ਹਿਰ ਦੇ ਹੋਟਲ, ਰੈਸਟੋਰੈਂਟ ਤੇ ਸਰਾਵਾਂ ਦੇ ਸਾਰੇ ਕਮਰੇ ਫੁਲ ਹੋ ਚੁੱਕੇ ਹਨ। ਸਾਲ 2025 ਵਿੱਚ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਕਰੀਬ ਡੇਢ ਲੱਖ ਸੈਲਾਨੀ ਗੁਰੂ ਨਗਰੀ ਆਏ ਸਨ। ਇਸ ਵਾਰ ਦੋ ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਸੰਭਾਵਨਾ ਹੈ।
ਧਾਰਮਿਕ ਤੇ ਇਤਿਹਾਸਕ ਮਹੱਤਵ ਦੇ ਚੱਲਦੇ ਅੰਮ੍ਰਿਤਸਰ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਚੁੱਕਾ ਹੈ। ਸ੍ਰੀ ਹਰਿਮੰਦਰ ਸਾਹਿਬ, ਜੱਲਿਆਂਵਾਲਾ ਬਾਗ਼, ਸ਼੍ਰੀ ਦੁਰਗਿਆਣਾ ਤੀਰਥ ਅਤੇ ਭਾਰਤ-ਪਾਕਿਸਤਾਨ ਨੂੰ ਵੰਡਣ ਕੌਮਾਂਤਰੀ ਅਟਾਰੀ ਸਰਹੱਦ ’ਤੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦੇਖਣ ਲਈ ਸੈਲਾਨੀਆਂ ਵਿੱਚ ਖ਼ਾਸਾ ਉਤਸ਼ਾਹ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਸਾਲ ਦੇ ਅੰਤ ਦੀਆਂ ਛੁੱਟੀਆਂ ਤੇ ਨਵਾਂ ਸਾਲ ਮਨਾਉਣ ਲਈ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਇੱਕ ਲੱਖ ਤੋਂ ਵੱਧ ਸੈਲਾਨੀ ਅੰਮ੍ਰਿਤਸਰ ਪਹੁੰਚ ਰਹੇ ਹਨ।
ਕੜਾਕੇ ਦੀ ਠੰਡ ਵਿਚਾਲੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਪਰਿਕਰਮਾ ਵਿੱਚ ਲੱਗੀਆਂ ਲੰਬੀਆਂ ਲਾਈਨਾਂ ਸ਼ਰਧਾਲੂਆਂ ਦੀ ਭਗਤੀ ਨੂੰ ਦਰਸਾ ਰਹੀਆਂ ਹਨ। ਹੈਰੀਟੇਜ ਸਟ੍ਰੀਟ ’ਤੇ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਹੈ। ਦੇਸ਼ ਭਗਤੀ ਦਾ ਪ੍ਰਤੀਕ ਜੱਲਿਆਂਵਾਲਾ ਬਾਗ਼ ਵੀ ਸੈਲਾਨੀਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੈ। ਇਹੀ ਨਹੀਂ ਨਵੇਂ ਸਾਲ ’ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮਨਾਉਣ ਲਈ ਸ਼ਰਧਾਲੂਆਂ ਤੇ ਸੈਲਾਨੀਆਂ ਨੇ ਐਡਵਾਂਸ ਵਿੱਚ ਹੀ ਹੋਟਲਾਂ ਤੇ ਐੱਸ.ਜੀ.ਪੀ.ਸੀ. ਦੀਆਂ ਸਰਾਵਾਂ ਵਿੱਚ ਬੁਕਿੰਗ ਕਰਵਾ ਲਈ ਹੈ।
ਹਾਲਾਤ ਇਹ ਹਨ ਕਿ ਸ਼ਹਿਰ ਦੇ 900 ਦੇ ਕਰੀਬ ਛੋਟੇ-ਵੱਡੇ ਹੋਟਲ ਤੇ ਜ਼ਿਲ੍ਹੇ ਦੀਆਂ 65 ਦੇ ਕਰੀਬ ਸਰਾਵਾਂ ਫੁਲ ਚੱਲ ਰਹੀਆਂ ਹਨ। ਇਨ੍ਹਾਂ ਵਿੱਚ ਐੱਸ.ਜੀ.ਪੀ.ਸੀ. ਦੀਆਂ ਅੱਠ ਸਰਾਵਾਂ ਵੀ ਸ਼ਾਮਲ ਹਨ। ਐੱਸ.ਜੀ.ਪੀ.ਸੀ. ਨੇ ਸਰਾਵਾਂ ਵਿੱਚ ਸ਼ਰਧਾਲੂਆਂ ਦੇ ਠਹਿਰਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਵਾਲਡ ਸਿਟੀ ਵਿੱਚ 500 ਦੇ ਲਗਪਗ ਛੋਟੇ-ਵੱਡੇ ਹੋਟਲ ਹਨ ਜਦਕਿ ਸਿਵਲ ਲਾਈਨ, ਰੇਲਵੇ ਸਟੇਸ਼ਨ, ਬੱਸ ਅੱਡੇ ਦੇ ਆਲੇ-ਦੁਆਲੇ ਹੋਟਲਾਂ ਦੀਆਂ ਗਿਣਤੀ 400 ਦੇ ਕਰੀਬ ਹੈ। ਇਨ੍ਹਾਂ ਹੋਟਲਾਂ ਵਿੱਚ ਕਮਰਿਆਂ ਦੀ ਗਿਣਤੀ 11 ਹਜ਼ਾਰ ਹੈ ਪਰ ਸਾਰੇ ਫੁਲ ਹਨ। ਉੱਥੇ ਸ਼ਹਿਰ ਦੀਆਂ ਸਰਾਵਾਂ ਵਿੱਚ 10,500 ਕਮਰੇ ਹਨ।
ਛੋਟੇ ਹੋਟਲਾਂ ਵਿੱਚ ਕਮਰੇ ਦਾ ਕਿਰਾਇਆ ਇੱਕ ਹਜ਼ਾਰ ਤੋਂ ਲੈ ਕੇ 2500 ਰੁਪਏ ਤੱਕ ਹੈ ਜਦਕਿ ਵੱਡੇ ਹੋਟਲਾਂ ਵਿੱਚ ਤਿੰਨ ਤੋਂ ਪੰਜ ਹਜ਼ਾਰ ਅਤੇ 35 ਤੋਂ 40 ਹਜ਼ਾਰ ਰੁਪਏ ਹੈ। ਹੋਟਲ ਕਾਰੋਬਾਰੀ ਸੰਜੈ ਕੁਮਾਰ ਨੇ ਦੱਸਿਆ ਕਿ ਹੋਟਲਾਂ ਵਿੱਚ ਕਈ ਦਿਨ ਪਹਿਲਾਂ ਬੁਕਿੰਗ ਹੋ ਚੁੱਕੀ ਹੈ। ਨਵੇਂ ਸਾਲ ’ਤੇ ਹੋਟਲਾਂ ਵੱਲੋਂ ਵਿਸ਼ੇਸ਼ ਪੈਕੇਜ ਵੀ ਦਿੱਤੇ ਜਾ ਰਹੇ ਹਨ।
ਡੱਬੀ
ਦੁਕਾਨਦਾਰਾਂ ਦੀ ਕਮਾਈ ਹੋਈ ਦੁੱਗਣੀ
ਅੰਮ੍ਰਿਤਸਰ ਦੀਆਂ ਗਲੀਆਂ ਅਤੇ ਬਾਜ਼ਾਰ ਵੀ ਸੈਲਾਨੀਆਂ ਦੀ ਆਮਦ ਦੇ ਚੱਲਦੇ ਜੀਵੰਤ ਨਜ਼ਰ ਆ ਰਹੇ ਹਨ। ਹਾਲ ਬਾਜ਼ਾਰ, ਕੱਟੜਾ ਜੈਮਲ ਸਿੰਘ, ਗੁਰੂ ਬਾਜ਼ਾਰ, ਰਾਮਬਾਗ਼ ਤੇ ਪੁਰਾਣੇ ਸ਼ਹਿਰ ਵਿੱਚ ਦੇਸ਼-ਦੁਨੀਆ ਤੋਂ ਆਏ ਲੋਕ ਖ਼ਰੀਦਦਾਰੀ ਕਰਦੇ ਦੇਖੇ ਜਾ ਸਕਦੇ ਹਨ। ਕੱਟੜਾ ਜੈਮਲ ਸਿੰਘ ਵਿਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਨਵੇਂ ਸਾਲ ਦੇ ਸਮੇਂ ਉਨ੍ਹਾਂ ਦੀ ਵਿਕਰੀ ਵਿੱਚ ਦੁੱਗਣਾ ਵਾਧਾ ਹੁੰਦਾ ਹੈ। ਖ਼ਾਸ ਕਰ ਕੇ ਰਵਾਇਤੀ ਵਿਅੰਜਨ, ਹੈਂਡੀਕ੍ਰਾਫਟ ਅਤੇ ਯਾਦਗਾਰੀ ਚਿੰਨ੍ਹ ਸੈਲਾਨੀਆਂ ਨੂੰ ਕਾਫੀ ਪਸੰਦ ਆ ਰਹੇ ਹਨ।

Loading