ਇਜ਼ਰਾਇਲ-ਇਰਾਨ ਵਿਚਾਲੇ ਹੋਈ ਜੰਗਬੰਦੀ ਦਾ ਵਿਸ਼ਵ ’ਤੇ ਕੀ ਪਵੇਗਾ ਪ੍ਰਭਾਵ?

In ਮੁੱਖ ਲੇਖ
June 28, 2025

ਬਾਰਾਂ ਦਿਨਾਂ ਤੋਂ ਚੱਲ ਰਹੀ ਇਜ਼ਰਾਇਲ-ਇਰਾਨ ਜੰਗ ਦੋ ਘੰਟਿਆਂ ਦੀ ਗੱਲਬਾਤ ਨਾਲ ਬੰਦ ਹੋ ਗਈ ਹੈ। ਅਮਰੀਕਾ ਨੇ ਖਾੜੀ ਦੇਸ਼ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੂੰ ਵਿਚੋਲਗੀ ਲਈ ਮਨਾ ਲਿਆ। ਜੰਗਬੰਦੀ ਦੀ ਵਿਚੋਲਗੀ ਲਈ ਕਤਰ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਉਸ ਦੇ ਇਰਾਨ ਤੇ ਅਮਰੀਕਾ ਨਾਲ ਬੜੇ ਸੁਖਾਵੇਂ ਸਬੰਧ ਹਨ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਨੇ ਇਜ਼ਰਾਇਲ ਨਾਲ ਗੱਲਬਾਤ ਕਰ ਕੇ ਉਸ ਨੂੰ ਜੰਗਬੰਦੀ ਲਈ ਮਨਾ ਲਿਆ ਕਿਉਂਕਿ ‘ਇਜ਼ਰਾਇਲ ਨੇ ਫ਼ੌਜੀ ਮੁਹਿੰਮ ਦਾ ਟੀਚਾ ਮੁਕੰਮਲ ਕਰ ਲਿਆ ਹੈ’। ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁੱਲਾ ਰਹਿਮਾਨ ਅਲ ਥਾਨੀ ਨੇ ਇਰਾਨ ਨਾਲ ਗੱਲਬਾਤ ਕੀਤੀ ਜਿਸ ਦੇ ਫਲਸਰੂਪ ਇਰਾਨ ਜੰਗਬੰਦੀ ਲਈ ਸਹਿਮਤ ਹੋ ਗਿਆ।
ਓਧਰ ਦੋਵਾਂ ਮੁਲਕਾਂ ਨੇ ਜੰਗਬੰਦੀ ਦੇ ਐਲਾਨ ਮਗਰੋਂ ਇੱਕ-ਦੂਜੇ ’ਤੇ ਹਮਲੇ ਦੇ ਦੋਸ਼ ਲਾਏ। ਟਰੰਪ ਅਜੇ ਵੀ ਦਾਅਵਾ ਕਰਦਾ ਹੈ ਕਿ ਡੇਢ ਮਹੀਨਾ ਹੀ ਹੋਇਆ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਅਮਰੀਕਾ ਦੇ ਕਹਿਣ ’ਤੇ ਜੰਗਬੰਦੀ ਲਈ ਸਹਿਮਤ ਹੋਏ ਸਨ। ਹੁਣ ਉਨ੍ਹਾਂ ਇਜ਼ਰਾਇਲ-ਇਰਾਨ ਯੁੱਧਬੰਦੀ ਦਾ ਐਲਾਨ ਕਰ ਦਿੱਤਾ। ਕੀ ਇਰਾਨ ਨੇ ਪਰਮਾਣੂ ਪ੍ਰੋਗਰਮ ਰੋਕਣ ਦਾ ਅਮਰੀਕਾ ਨੂੰ ਵਾਅਦਾ ਕੀਤਾ ਹੈ? ਟਰੰਪ ਇਹ ਯਕੀਨੀ ਬਣਾਉਣ ਲਈ ਬੇਤਾਬ ਹਨ ਕਿ ਇਜ਼ਰਾਇਲ ਤੇ ਇਰਾਨ ਸਮਝੌਤਾ ਕਾਇਮ ਰਹੇ। ਜਦਕਿ ਦੋਵਾਂ ਧਿਰਾਂ ਨੇ ਆਪੋ-ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਇਰਾਨ ਨੇ ਅਮਰੀਕਾ ਵੱਲੋਂ ਆਪਣੇ ਪਰਮਾਣੂ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਖ਼ਿਲਾਫ਼ ਜਵਾਬੀ ਕਾਰਵਾਈ ਕਰਦਿਆਂ ਕਤਰ ਤੇ ਇਰਾਕ ਵਿੱਚ ਅਮਰੀਕੀ ਫ਼ੌਜੀ ਅੱਡਿਆਂ ’ਤੇ 10 ਮਿਜ਼ਾਇਲਾਂ ਦਾਗੀਆਂ। ਕਤਰ ’ਚ ਅਮਰੀਕਾ ਦਾ ਮਿਡਲ-ਈਸਟ ਵਿਚਲਾ ਸਭ ਤੋਂ ਵੱਡਾ ਫ਼ੌਜੀ ਟਿਕਾਣਾ ਹੈ ਜਿੱਥੇ ਦਸ ਹਜ਼ਾਰ ਅਮਰੀਕੀ ਫ਼ੌਜ ਤਾਇਨਾਤ ਹੈ। ਇਰਾਨ ਦੇ ਚਾਰੇ ਪਾਸੇ ਦੇ ਨੌਂ ਦੇਸ਼ਾਂ ਦੇ ਫ਼ੌਜੀ ਅੱਡਿਆਂ ’ਤੇ 50 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਫ਼ੌਜੀ ਹਨ। ਇਰਾਨ ਨੇ ਆਪਣੇ ਪਰਮਾਣੂ ਟਿਕਾਣਿਆਂ ’ਤੇ ਟਰੰਪ ਪ੍ਰਸ਼ਾਸਨ ਦੇ ਹਮਲਿਆਂ ਤੋਂ ਬਾਅਦ ਕਿਹਾ ਸੀ ਕਿ ਉਸ ਦੀ ਫ਼ੌਜ ਨੂੰ ਅਮਰੀਕੀ ਫ਼ੌਜੀ ਅੱਡਿਆਂ ’ਤੇ ਹਮਲੇ ਕਰਨ ਦੀ ਖੁੱਲ੍ਹ ਮਿਲ ਗਈ ਹੈ। ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਖਾੜੀ ’ਚ ਫਸੇ ਜਿਹੇ ਮਹਿਸੂਸ ਕਰ ਰਹੇ ਹਨ’। ਇਸ ਜੰਗ ’ਚ ਸਿੱਧੇ ਤੌਰ ’ਤੇ ਸ਼ਾਮਲ ਹੁੰਦਿਆਂ ਅਮਰੀਕਾ ਨੇ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਫੋਰਦੋ, ਇਸਫ਼ਹਾਨ ਤੇ ਨਤਾਂਜ ’ਤੇ ਹਮਲੇ ’ਚ 13500 ਕਿੱਲੋ ਵਜ਼ਨੀ ਬੰਕਰ-ਬਸਟਰ ਬੰਬਾਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਅਮਰੀਕਾ ਨੇ ਇਸ ਕਾਰਵਾਈ ਨੂੰ ‘ਆਪ੍ਰੇਸ਼ਨ ਮਿਡਨਾਈਟ ਹੈਮਰ’ ਦਾ ਨਾਂ ਦਿੱਤਾ ਹੈ।
ਫੋਰਦੋ, ਇਸਫ਼ਹਾਨ ਤੇ ਨਤਾਂਜ ਇਹ ਸਾਰੇ ਯੂਰੇਨੀਅਮ ਸੋਧ ਸਥਾਨ ਹਨ। ਫੋਰਦੋ ਦਾ ਟੀਚਾ ਪਰਮਾਣੂ ਹਥਿਆਰ ਵਿਕਸਤ ਕਰਨਾ ਸੀ। ਫੋਰਦੋ ਪਲਾਂਟ ਜ਼ਮੀਨ ਤੋਂ 80 ਤੋਂ 300 ਫੁੱਟ ਹੇਠਾਂ ਸੀ। ਮਾਹਿਰਾਂ ਅਨੁਸਾਰ ਇਹ ਹਰ ਮਹੀਨੇ ਅੰਦਾਜ਼ਨ 166 ਕਿੱਲੋ ਜਾਂ 60% ਵਿਕਸਤ ਯੂਰੇਨੀਅਮ ਦਾ ਉਤਪਾਦਨ ਕਰਦਾ ਸੀ ਜਿਹੜਾ ਚਾਰ ਪਰਮਾਣੂ ਬੰਬ ਬਣਾਉਣ ਲਈ ਕਾਫ਼ੀ ਹੋ ਸਕਦਾ ਸੀ। ਇਰਾਨ ਦੇ ਪਰਮਾਣੂ ਟਿਕਾਣਿਆਂ ’ਚੋਂ ਕਿਰਨਾਂ ਦਾ ਕੋਈ ਰਿਸਾਅ ਵੇਖਣ ਨੂੰ ਨਹੀਂ ਮਿਲਿਆ। ਕੀ ਅਮਰੀਕੀ ਹਮਲੇ ਤੋਂ ਪਹਿਲਾਂ ਇਰਾਨ ਨੇ ਆਪਣਾ ਸੋਧਿਆ ਯੂਰੇਨੀਅਮ ਸੰਭਾਲ ਲਿਆ ਸੀ। ਅਮਰੀਕਾ ਨੇ ਇਰਾਨ ਦੇ ਯੂਰੇਨੀਅਮ ਸੋਧਣ ਵਾਲੇ ਅੰਡਰ-ਗਰਾਊਂਡ ਪਰਮਾਣੂ ਟਿਕਾਣੇ ਫੋਰਦੋ ’ਤੇ ਦੁਬਾਰਾ ਹਮਲਾ ਕੀਤਾ ਸੀ। ਸੀਐੱਨਐੱਨ ਤੇ ਅਮਰੀਕਾ ਦੀ ਖ਼ੁਫ਼ੀਆ ਏਜੰਸੀ ਅਨੁਸਾਰ ਇਰਾਨ ਦੇ ਪਰਮਾਣੂ ਕੇਂਦਰਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਇਰਾਨ ਨੇ ਵੀ ਇਹੀ ਮੰਨਿਆ। ਉਸ ਨੇ ਅਮਰੀਕਾ ’ਤੇ ਖ਼ਤਰਨਾਕ ਜੰਗ ਛੇੜਨ ਦਾ ਦੋਸ਼ ਲਾਇਆ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਕੂਟਨੀਤੀ ਦਾ ਦੌਰ ਹੁਣ ਬੀਤ ਗਿਆ ਹੈ ਤੇ ਉਨ੍ਹਾਂ ਦੇ ਮੁਲਕ ਨੂੰ ਆਤਮ ਰੱਖਿਆ ਦਾ ਹੱਕ ਹੈ। ਉਨ੍ਹਾਂ ਤੁਰਕੀ ’ਚ ਇੱਕ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਦਾ ਜੰਗ ਭੜਕਾਉਣ ਤੇ ਬਦਅਮਨੀ ਵਾਲਾ ਪ੍ਰਸ਼ਾਸਨ ਇਸ ਕਾਰੇ ਦੇ ਖ਼ਤਰਨਾਕ ਪ੍ਰਭਾਵਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅਮਰੀਕਾ ਨੇ ਸਾਡੇ ਪਰਮਾਣੂ ਕੇਂਦਰਾਂ ’ਤੇ ਹਮਲੇ ਕਰ ਕੇ ਬਹੁਤ ਵੱਡੀ ਲਾਲ ਲਕੀਰ ਉਲੰਘ ਦਿੱਤੀ ਹੈ। ਸਾਡਾ ਪਰਮਾਣੂ ਪ੍ਰੋਗਰਾਮ ਨਹੀਂ ਰੁਕੇਗਾ। ਇਰਾਨ ਤੇ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨੀ ਸੰਸਥਾ ਨੇ ਕਿਹਾ ਕਿ ਹਮਲਿਆਂ ਮਗਰੋਂ ਤਿੰਨਾਂ ਥਾਵਾਂ ਤੋਂ ਰੇਡੀਓ-ਐਕਟਿਵ ਰਿਸਾਅ ਦੇ ਕੋਈ ਸੰਕੇਤ ਨਹੀਂ ਮਿਲੇ ਹਨ।
ਰੂਸ, ਚੀਨ ਤੇ ਪਾਕਿਸਤਾਨ ਸਮੇਤ ਕਈ ਹੋਰ ਦੇਸ਼ਾਂ ਨੇ ਇਜ਼ਰਾਇਲ/ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਹਮਲੇ ਦੀ ਨਿੰਦਾ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਰਾਨ ’ਤੇ ਕੀਤੇ ਗਏ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕੌਮਾਂਤਰੀ ਕਾਨੂੰਨਾਂ, ਸੰਯੁਕਤ ਰਾਸ਼ਟਰ ਚਾਰਟਰ ਅਤੇ ਸਲਾਮਤੀ ਕੌਂਸਲ ਦੇ ਮਤਿਆਂ ਦੀ ਘੋਰ ਉਲੰਘਣਾ ਹੈ। ਚੀਨ ਨੇ ਕਿਹਾ ਇਸ ਨਾਲ ਪੱਛਮੀ ਏਸ਼ੀਆ ਵਿੱਚ ਤਣਾਅ ਹੋਰ ਵਧੇਗਾ। ਪਾਕਿਸਤਾਨ ਨੇ ਇਸ ਨੂੰ ਕੌਮਾਂਤਰੀ ਨੇਮਾਂ ਦੀ ਉਲੰਘਣਾ ਦੱਸਿਆ। ਹਮਾਸ ਤੇ ਹੂਤੀ ਬਾਗ਼ੀਆਂ ਨੇ ਵੀ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ ਹੈ। ਇਰਾਨ ਵੱਲੋਂ ਸਲਾਮਤੀ ਕੌਂਸਲ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਗਈ ਹੈ। ਰੂਸ ਨੇ ਇਜ਼ਰਾਇਲ-ਇਰਾਨ ਵਿਚਕਾਰ ਜੰਗਬੰਦੀ ਦੇ ਐਲਾਨ ਦਾ ਸਵਾਗਤ ਕਰਦਿਆਂ ਆਸ ਜਤਾਈ ਕਿ ਇਹ ਜੰਗਬੰਦੀ ਸਥਾਈ ਤੌਰ ’ਤੇ ਕਾਇਮ ਰਹੇਗੀ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਜੰਗਬੰਦੀ ਦਾ ਸਵਾਗਤ ਕਰਦਿਆਂ ਕਿਹਾ ਕਿ ਰੂਸ ਪਹਿਲਾਂ ਤੋਂ ਹੀ ਸ਼ਾਂਤੀ ਦੀ ਅਪੀਲ ਕਰਦਾ ਆ ਰਿਹਾ ਸੀ। ਸਾਊਦੀ ਅਰਬ, ਮਿਸਰ ਸਮੇਤ ਕਈ ਮੁਲਕਾਂ ਨੇ ਜਗਬੰਦੀ ਦਾ ਸਵਾਗਤ ਕੀਤਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਜ਼ਰਾਇਲ, ਇਰਾਨ ਤੇ ਅਮਰੀਕਾ ’ਚ ਪ੍ਰਸਤਾਵਤ ਜੰਗਬੰਦੀ ਦਾ ਸਵਾਗਤ ਕੀਤਾ ਹੈ। ਅਮਰੀਕੀ ਹਮਲੇ ਤੋਂ ਬਾਅਦ ਇਰਾਨ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਨ ਅਤੇ ਆਪਣੀ ਖੇਤਰੀ ਪ੍ਰਭੂਸੱਤਾ ਅਤੇ ਅਖੰਡਤਾ ਦੇ ਵਿਰੁੱਧ ਜਾਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ (2017-21) ਦੌਰਾਨ ਕਿਹਾ ਸੀ ਕਿ ਅਮਰੀਕਾ ਮਹਿੰਗੀਆਂ ਅਤੇ ਖ਼ਤਮ ਨਾ ਹੋਣ ਵਾਲੀਆਂ ਜੰਗਾਂ ਵਿਚ ਹਿੱਸਾ ਨਹੀਂ ਲਵੇਗਾ ਪਰ ਉਹ ਆਲੋਚਨਾ ਦੀ ਪਰਵਾਹ ਨਾ ਕਰਦਿਆਂ ਮੁੱਕਰ ਗਏ। ਅਮਰੀਕਾ ਨੇ 2003 ਵਿੱਚ ਇਰਾਕ ਨੂੰ ਉਸ ਦੇ ਤੇਲ ਖੂਹਾਂ ’ਤੇ ਕਬਜ਼ੇ ਲਈ ਮਲੀਆਮੇਟ ਕੀਤਾ ਸੀ ਜਦਕਿ ਉਸ ਕੋਲ ਕੋਈ ਵਿਨਾਸ਼ਕਾਰੀ ਹਥਿਆਰ ਨਹੀਂ ਸਨ। ਇਰਾਨ ਸੰਕਟ ਨਾਲ ਪੂਰੀ ਦੁਨੀਆ ’ਚ ਚੁਣੌਤੀਆਂ ਵਧਣ ਦਾ ਸ਼ੰਕਾ ਹੈ। ਜੰਗ ਦੇ ਵਧਣ ਨਾਲ ਇਰਾਕ, ਜਾਰਡਨ, ਲਿਬਨਾਨ, ਸੀਰੀਆ ਤੇ ਯਮਨ ਸਹਿਤ ਪੱਛਮੀ ਏਸ਼ਿਆਈ ਦੇਸ਼ਾਂ ਨਾਲ ਭਾਰਤ ਦੇ ਵਪਾਰ ’ਤੇ ਖ਼ਾਸ ਕਰਕੇ ਦਰਾਮਦਾਂ-ਬਰਾਮਦਾਂ ’ਤੇ ਵਿਆਪਕ ਪ੍ਰਭਾਵ ਪਵੇਗਾ। ਭਾਰਤ ਦੀ ਇਨ੍ਹਾਂ ਦੇਸ਼ਾਂ ਨਾਲ 8.6 ਅਰਬ ਡਾਲਰ ਬਰਾਮਦ ਤੇ 33.1 ਅਰਬ ਡਾਲਰ ਦੀ ਦਰਾਮਦ ਹੁੰਦੀ ਹੈ। ਭਾਵੇਂ ਹੀ ਇਜ਼ਰਾਇਲ-ਇਰਾਨ ਵਿਚਾਲੇ ਸੰਘਰਸ਼ ਚੱਲ ਰਿਹਾ ਹੈ ਪਰ ਇਸ ਦਾ ਅਸਰ ਲੰਡਨ, ਨੈਰੋਬੀ, ਜਕਾਰਤਾ ਅਤੇ ਮੁੰਬਈ ’ਚ ਵੇਖਣ ਨੂੰ ਮਿਲੇਗਾ। ਇਸ ਸੰਘਰਸ਼ ਕਰਕੇ ਪੈਰਿਸ ਵਿੱਚ ਪੈਟਰੋਲ ਦੇ ਭਾਅ ਵਧ ਗਏ। ਸ਼ੰਘਾਈ ਤੋਂ ਜਹਾਜ਼ਾਂ ਰਾਹੀਂ ਮਾਲ ਦੀ ਢੁਆਈ ਦੀ ਲਾਗਤ ’ਚ ਵਾਧੇ ਦੀ ਸੰਭਾਵਨਾ ਹੈ। ਖੇਤਰੀ ਸੰਘਰਸ਼ ਸਿਰਫ਼ ਸਰਹੱਦਾਂ ਤੱਕ ਸੀਮਤ ਨਹੀਂ ਰਹਿਣਗੇ। ਇਸ ’ਚ ਹਿਜ਼ਬੁੱਲਾ, ਹੂਤੀ ਤੇ ਇਰਾਕੀ ਮਿਲਸ਼ੀਆ ਵੀ ਮਿਜ਼ਾਇਲਾਂ ਰਾਹੀਂ ਕੁੱਦ ਸਕਦੇ ਹਨ। ਵਿਸ਼ਵ ਅਰਥ-ਵਿਵਸਥਾ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਰਾਨੀ ਸੰਸਦ ਵੱਲੋਂ ਹੋਰਮੂਜ਼ ਜਲ ਮਾਰਗ ਬੰਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦਾ ਆਲਮੀ ਤੇਲ ਤੇ ਗੈਸ ਦੀ ਸਪਲਾਈ ’ਤੇ ਅਸਰ ਪਵੇਗਾ।
ਹੋਰਮੂਜ਼ ਜਲ ਮਾਰਗ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਦਾ ਹੈ। ਇਹ ਗਲੋਬਲ ਤੇਲ ਤੇ ਗੈਸ ਦੀ ਬਰਾਮਦ ਲਈ ਖ਼ਾਸ ਤੌਰ ’ਤੇ ਸਾਊਦੀ ਅਰਬ, ਇਰਾਨ, ਇਰਾਕ, ਕੁਵੈਤ ਅਤੇ ਯੂਏਈ ਤੋਂ ਮਹੱਤਵਪੂਰਨ ਰਸਤਾ ਹੈ। ਹੋਰਮੂਜ਼ ਜਲ ਮਾਰਗ ’ਤੇ ਆਵਾਜਾਈ ਬੰਦ ਹੈ। ਜਦਕਿ ਅਮਰੀਕਾ ਦੀ ਖ਼ੁਫ਼ੀਆ ਏਜੰਸੀ ਨੇ ਵੀ ਸਾਫ਼ ਕਹਿ ਦਿੱਤਾ ਸੀ ਕਿ ਇਰਾਨ ਐਟਮੀ ਹਥਿਆਰ ਨਹੀਂ ਬਣਾ ਰਿਹਾ ਸੀ ਜਿਸ ਨੂੰ ਗ਼ਲਤ ਰਿਪੋਰਟ ਕਿਹਾ ਗਿਆ ਸੀ। ਫਿਰ ਅਮਰੀਕਾ ਨੇ ਇਰਾਨ ਦੇ ਪਰਮਾਣੂ ਕੇਂਦਰਾਂ ’ਤੇ ਹਮਲਾ ਕਿਉਂ ਕੀਤਾ? ਜੰਗ ਦੀ ਸਥਿਤੀ ’ਚ ਜੇਕਰ ਕੁਝ ਦੇਸ਼ ਇਰਾਨ ਦੀ ਹਮਾਇਤ ’ਚ ਖੁੱਲ੍ਹੇ ਰੂਪ ਵਿੱਚ ਅੱਗੇ ਆ ਜਾਂਦੇ ਹਨ ਤਾਂ ਯੁੱਧ ਹੋਰ ਭਿਆਨਕ ਰੂਪ ਲੈ ਸਕਦਾ ਸੀ। ਜੰਗਾਂ ਦੇ ਮੱਦੇਨਜ਼ਰ ਭਾਰਤ ਸਮੇਤ ਦੁਨੀਆ ਦੇ ਸਾਹਮਣੇ ਖੜ੍ਹੀ ਹੋਣ ਵਾਲੀਆਂ ਆਰਥਿਕ ਚੁਣੌਤੀਆਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਭਾਰਤ ਤੇ ਪੱਛਮੀ ਦੇਸ਼ਾਂ ਦੇ ਵਪਾਰ ’ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਇਨ੍ਹਾਂ ਦੇਸ਼ਾਂ ਦੀ ਆਪਸੀ ਦਰਾਮਦ-ਬਰਾਮਦ ਡੀਲ ਨੂੰ ਵੱਡੀ ਢਾਹ ਲੱਗੀ ਹੈ। ਤੇਲ, ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੀ
ਸੰਭਾਵਨਾ ਹੈ।
-ਮੁਖ਼ਤਾਰ ਗਿੱਲ

Loading