ਕਿਵੇਂ ਲੰਬੀ ਉਮਰ ਭੋਗਦੇ ਨੇ ਜਾਪਾਨੀ ਲੋਕ?

In ਮੁੱਖ ਲੇਖ
January 08, 2026

ਹਰੀ ਕ੍ਰਿਸ਼ਨ ਮਾਇਰ

ਜਾਪਾਨ ਨੂੰ ਚੜ੍ਹਦੇ ਸੂਰਜ ਦਾ ਮੁਲਕ ਕਿਹਾ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਵੇਲੇ ਪ੍ਰਮਾਣੂ ਬੰਬਾਂ ਨੇ ਇਸ ਮੁਲਕ ਨੂੰ ਢਹਿ-ਢੇਰੀ ਕਰਨ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਤਾ ਨਹੀਂ ਲਗਦਾ ਇੱਥੇ ਕਦ ਭੁਚਾਲ਼ ਆ ਜਾਂਦੇ ਹਨ। ਜਾਪਾਨ ਨੇ ਸੁਨਾਮੀ ਨਾਲ ਵੀ ਮੱਥਾ ਲਾਇਆ ਸੀ। ਹਰ ਵਾਰ ਜਾਪਾਨ ਉੱਜੜ ਉਜੜ ਕੇ ਮੁੜ ਵਸਦਾ ਰਿਹਾ ਹੈ। ਜਾਪਾਨ ਦੀ ਤਾਜ਼ੀ ਉਪਲਬਧੀ ਅੱਜ-ਕੱਲ੍ਹ ਅਖ਼ਬਾਰਾਂ ਦੀ ਖ਼ਬਰ ਬਣੀ ਹੋਈ ਹੈ। ਜਾਪਾਨ ਦੇ ਲੋਕਾਂ ਦੀ ਲੰਬੀ ਉਮਰ ਦੇ ਅੰਕੜੇ ਤੁਹਾਨੂੰ ਸਭ ਨੂੰ ਹੈਰਾਨ ਕਰ ਦੇਣਗੇ। ਜਾਪਾਨੀ ਔਰਤਾਂ ਔਸਤਨ 87.3 ਸਾਲ ਦੀ ਉਮਰ ਤੱਕ ਜਿਊਂਦੀਆਂ ਹਨ। ਹਾਂਗਕਾਂਗ ਤੋਂ ਬਾਅਦ ਵਿਸ਼ਵ ਭਰ ਵਿਚੋਂ, ਉਮਰ ਪੱਖੋਂ ਜਾਪਾਨੀ ਔਰਤਾਂ ਦੂਜੇ ਸਥਾਨ ’ਤੇ ਹਨ। ਜਦ ਕਿ ਜਾਪਾਨੀ ਮਰਦ ਔਸਤਨ 81.3 ਸਾਲ ਦੀ ਉਮਰ ਤੱਕ ਜਿਊਂਦੇ ਹਨ ਜਿਹੜੇ ਵਿਸ਼ਵ ਭਰ ਵਿਚੋਂ ਤੀਜੇ ਸਥਾਨ ’ਤੇ ਹਨ। ਸਰਕਾਰ ਨੇ ਹੁਣੇ ਇੱਕ ਐਲਾਨ ਕੀਤਾ ਹੈ ਕਿ ਜਾਪਾਨ ਵਲੋਂ ਇੱਕ ਵਿਲੱਖਣ ਰਿਕਾਰਡ ਬਣਾਇਆ ਗਿਆ ਹੈ ਕਿ ਜਾਪਾਨ ਵਿੱਚ ਇਸ ਵੇਲੇ ਤਕਰੀਬਨ ਇੱਕ ਲੱਖ ਲੋਕਾਂ ਦੀ ਉਮਰ 100 ਸਾਲ ਤੋਂ ਉੱਪਰ ਹੈ। ਉਨ੍ਹਾਂ ਵਿੱਚ 88 ਫ਼ੀਸਦੀ ਔਰਤਾਂ ਹਨ। ਹੁਣ ਤੱਕ ਸਭ ਤੋਂ ਵੱਡੀ ਉਮਰ ਦੀ ਜਾਪਾਨੀ ਔਰਤ ਕਾਨੇ ਤਨਕਾ ਸੀ। ਜਿਸ ਦੀ 119 ਸਾਲ 107 ਦਿਨ ਦੀ ਉਮਰ ਭੋਗਣ ਉਪਰੰਤ, ਸੰਨ 2022 ’ਚ ਮੌਤ ਹੋ ਗਈ ਸੀ। ਮੌਜੂਦਾ ਨਿਬੰਧ ਉਨ੍ਹਾਂ ਕਾਰਕਾਂ ਬਾਰੇ ਚਰਚਾ ਛੇੜੇਗਾ, ਜਿਨ੍ਹਾਂ ਕਰਕੇ ਜਾਪਾਨੀ ਐਨੀ ਲੰਬੀ ਉਮਰ ਜਿਊਂਦੇ ਹਨ। ਆਓ, ਇੱਕ ਇੱਕ ਕਰਕੇ ਸਮਝਣ ਦਾ ਯਤਨ ਕਰੀਏ।
ਖਾਣ-ਪੀਣ
ਜਾਪਾਨੀ ਲੋਕ ਦਿਨ ਵਿੱਚ ਤਿੰਨ ਵਾਰੀ ਖਾਣਾ ਖਾਂਦੇ ਹਨ। ਭਾਵ ਕਿ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ। ਖਾਣੇ ਵਿੱਚ ਭਰਪੂਰ ਤਾਜ਼ੀਆਂ ਮੌਸਮੀ ਸਬਜ਼ੀਆਂ, ਮੱਛੀ, ਸੋਇਆ ਪਦਾਰਥ ਟੋਫੂ, ਮੀਚੋ ਬਗੈਰਾ, ਸਮੁੰਦਰੀ ਭੋਜਨ ਆਦਿ ਸ਼ਾਮਲ ਹੁੰਦੇ ਹਨ। ਲਾਲ ਮੀਟ ਦੀ ਥਾਂ ਮੱਛੀ, ਆਂਡੇ ਅਤੇ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਸਮੁੰਦਰੀ ਭੋਜਨ ਦਾ ਸੇਵਨ ਕੀਤਾ ਜਾਂਦਾ ਹੈ। ਜਾਪਾਨੀ ਹਾਰਾ ਹਾਸ਼ੀ ਬੂ ਦੇ ਅਸੂਲ ਹਨ, ਜਦ ਤੁਸੀਂ 80 ਫ਼ੀਸਦੀ ਤੱਕ ਰੱਜ ਗਏ, ਉਸ ਤੋਂ ਵੱਧ ਖਾਣਾ ਨਾ ਖਾਣਾ ’ਤੇ ਅਮਲ ਕਰਦੇ ਹਨ। ਭੋਜਨ ਵਿੱਚ ਚਾਵਲ ਤੇ ਨੂਡਲ, ਫਲਾਂ ਵਿੱਚ ਪਪੀਤਾ, ਸੰਗਤਰਾ, ਕੀਵੀ, ਪਾਈਨ ਐਪਲ, ਕੇਲਾ, ਕਿੰਨੂ, ਸਬਜ਼ੀਆਂ ਵਿੱਚ ਪਾਲਕ, ਬੰਦ ਗੋਭੀ, ਗਾਜਰ, ਮਿਰਚਾਂ, ਟਮਾਟਰ, ਫਲੀਆਂ, ਪੁੰਗਰੀਆਂ ਦਾਲਾਂ, ਸ਼ਕਰਕੰਦੀ, ਨੋਰੀ, ਕੋਂਬੂ ਬਗੈਰਾ ਸ਼ਾਮਿਲ ਕੀਤੇ ਜਾਂਦੇ ਹਨ। ਪੀਣ ਲਈ ਪਾਣੀ, ਗ੍ਰੀਨ ਟੀ, ਮਾਚਾ, ਕਾਲੀ ਚਾਹ ਦੀ ਵਰਤੋਂ ਕੀਤੀ ਜਾਂਦੀ ਹੈ।
ਭੋਜਨ ਵਿੱਚ ਡੇਅਰੀ ਉਤਪਾਦ, ਚਰਬੀ, ਸੂਰਜਮੁਖੀ ਦਾ ਤੇਲ, ਚਟਣੀਆਂ, ਮਿੱਠੇ ਸੀਰੀਅਲ, ਗੋਲ਼ੀਆਂ ਟਾਫ਼ੀਆਂ, ਸਾਫਟ ਡਰਿਕਾਂ, ਫਾਸਟ ਫੂਡ, ਆਈਸਕ੍ਰੀਮ, ਜੰਮੇ ਭੋਜਨ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ। ਭਾਵੇਂ ਪੱਛਮੀ ਖਾਣ ਪੀਣ ਵੀ ਜਾਪਾਨੀਆ ਲਈ ਇੱਕ ਚੁਣੌਤੀ ਬਣਿਆ ਹੋਇਆ ਹੈ, ਫਿਰ ਵੀ ਅਮਰੀਕਾ ਵਿੱਚ ਕੁੱਲ ਵਸੋਂ ਦੇ 36 ਫ਼ੀਸਦੀ ਅਤੇ ਇੰਗਲੈਂਡ ਵਿੱਚ 28 ਫ਼ੀਸਦੀ ਨਾਲੋਂ ਜਾਪਾਨੀਆਂ ਵਿੱਚ ਮੋਟਾਪਾ ਤਕਰੀਬਨ 5 ਫ਼ੀਸਦੀ ਹੀ ਹੈ। ਜਿੱਥੇ ਵਿਸ਼ਵ ਭਰ ਵਿੱਚ ਖੰਡ ਅਤੇ ਨਮਕ ਦਾ ਰੁਝਾਨ ਵੱਧ ਰਿਹਾ ਹੈ, ਜਾਪਾਨੀ ਘੱਟ ਮਿੱਠਾ ਖਾਂਦੇ ਹਨ ਅਤੇ ਖਾਣ-ਪੀਣ ਵਿਚਨਮਕ ਦੀ ਵਰਤੋਂ ਨਾ-ਮਾਤਰ ਕਰਦੇ ਹਨ।
ਸਿਹਤ ਦੀ ਦੇਖਭਾਲ
ਜਾਪਾਨ ਵਿੱਚ ਸਿਹਤ ਦੀ ਦੇਖ-ਰੇਖ ਦਾ ਵਿਆਪਕ ਪ੍ਰਬੰਧ ਹੈ। ਸਰਕਾਰ ਸਾਰਿਆਂ ਲਈ ਬਰਾਬਰ ਸਿਹਤ ਬੀਮਾ ਸਕੀਮ ਅਦਾ ਕਰਦੀ ਹੈ। ਨਿਰੰਤਰ ਰੋਗਾਂ ਦੀ ਚੈੱਕਅੱਪ, ਸਕੂਲਾਂ ਅਤੇ ਕੰਮ ਕਰਨ ਵਾਲੀਆਂ ਥਾਵਾਂ ’ਤੇ ਕੀਤੀ ਜਾਂਦੀ ਹੈ। ਪੀਣ ਲਈ ਸਾਫ ਪਾਣੀ, ਕੂੜਾ ਕਰਕਟ ਸਮੇਟਣ ਦਾ ਵਧੀਆ ਪ੍ਰਬੰਧ, ਘੱਟ ਪ੍ਰਦੂਸ਼ਨ ਹੋਣ ਕਰਕੇ ਬਜ਼ੁਰਗਾਂ ਦੇ ਰੋਗ ਨੇੜੇ ਵੀ ਨਹੀਂ ਢੁਕਦੇ। ਜਾਪਾਨ ਵਿੱਚ ਨਿੱਕੇ ਬੱਚਿਆਂ ਦੀ ਮੌਤ ਦਰ ਹੋਰਨਾਂ ਮੁਲਕਾਂ ਨਾਲੋਂ ਬੜੀ ਘੱਟ ਹੈ। ਵਡੇਰੀ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਮੈਡੀਕਲ ਸਹੂਲਤਾਂ ਉਪਲਬਧ ਹੁੰਦੀਆਂ ਹਨ। ਉਹ ਸਮਾਜਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਨ।
ਜਾਪਾਨੀਆਂ ਦਾ ਜਿਊਣ ਦਾ ਆਪਣਾ ਢੰਗ ਹੈ। ਖਾਣ ਪੀਣ, ਕਸਰਤ, ਪੈਦਲ ਤੁਰਨ, ਇਸ਼ਨਾਨ ਕਰਨ ਦੀਆਂ ਵੱਖਰੀਆਂ ਆਦਤਾਂ ਹਨ। ਜਪਾਨੀ ਜ਼ਿਆਦਾ ਸੈਰ ਕਰਦੇ, ਜ਼ਿਆਦਾ ਪੌੜੀਆਂ ਚੜ੍ਹਦੇ ਉਤਰਦੇ, ਸਰੀਰਕ ਕਸਰਤ ਕਰਦੇ ਹਨ। ਅੱਸੀ ਨੱਬੇ ਸਾਲ ਦੇ ਤੰਦਰੁਸਤ ਬਜ਼ੁਰਗ ਉੱਥੇ ਆਮ ਮਿਲ ਜਾਂਦੇ ਹਨ। ਕਾਰਾਂ ਚਲਾਉਂਦੇ ਹਨ।
ਰੋਗਾਂ ਦੀ ਘਾਟ
ਜਾਪਾਨ ਵਿੱਚ ਛਾਤੀ ਅਤੇ ਪ੍ਰੋਸਟੈਟ ਦੇ ਕੈਂਸਰ ਨਾਲ ਘੱਟ ਲੋਕ ਮਰਦੇ ਹਨ। ਪੱਛਮੀ ਮੁਲਕਾਂ ਤੋਂ ਦਿਲ ਦੇ ਰੋਗੀ ਘੱਟ ਹਨ।
ਕਿਚਨ ਗਾਰਡਨ ਵਿੱਚ ਸਬਜ਼ੀਆਂ ਉਗਾਉਂਦੇ ਅਤੇ ਗੋਡੀ ਕਰਦੇ ਨਜ਼ਰ ਆ ਜਾਂਦੇ ਹਨ। ਕੱਠੇ ਹੋ ਕੇ ਗੱਪ-ਸ਼ੱਪ ਕਰਦੇ ਹਨ।
ਸਮਾਜਿਕ ਭਾਈਚਾਰਾ
ਜਾਪਾਨੀਆਂ ਵਿੱਚ ਮਾਨਸਿਕ ਅਤੇ ਜਿਸਮਾਨੀ ਸਰਗਰਮੀ ਅਤੇ ਆਪਸੀ ਮੇਲਜੋਲ ਬੜਾ ਨੇੜਤਾ ਵਾਲਾ ਅਤੇ ਉਦੇਸ਼ ਵੀ ਸੰਵੇਦਨਾ ਭਰਪੂਰ ਹੁੰਦਾ ਹੈ
ਗੂੜ੍ਹੀ ਤੇ ਮਜ਼ਬੂਤ ਸਮਾਜੀ ਸਾਂਝ ਹੁੰਦੀ ਹੈ। ਜਾਪਾਨ ਦੇ ਉਮਰ ਦਰਾਜ਼ ਲੋਕਾਂ ਵਿੱਚ ਇਹ ਰਿਵਾਜ ਹੈ ਕਿ ਉਹ ਨਵਾਂ ਕੁਝ ਸਿੱਖਦੇ ਹਨ। ਜਿਵੇਂ ਕੋਈ ਸਾਇਕਲ ਚਲਾਉਣਾ ਸਿੱਖ ਰਿਹਾ। ਕੋਈ ਸੰਗੀਤ ਸਿੱਖ ਰਿਹਾ। ਕੋਈ ਗੱਡੀ ਚਲਾਉਣੀ ਸਿੱਖ ਰਿਹਾ। ਕੋਈ ਨਵੀਂ ਭਾਸ਼ਾ ਸਿੱਖ ਰਿਹਾ ਹੈ। ਆਪਣੀ ਹਾਂ-ਪੱਖੀ ਸੋਚ ਨਾਲ ਅੱਗੇ ਤੁਰ ਰਿਹਾ ਹੈ। ਬਜ਼ੁਰਗ ਇਕੱਠੇ ਸਮਾਗਮ ਕਰਦੇ ਹੱਸਦੇ-ਗਾਉਂਦੇ ਕਸਰਤਾਂ ਵੀ ਕਰਦੇ ਹਨ। ਸਮਾਜ ਲਈ ਕੰਮ ਵੀ ਕਰਦੇ ਹਨ।
ਸਰਗਰਮ ਰਹਿੰਦੇ ਹਨ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸਰੀਰਕ ਕਾਰਜ, ਸੈਰ ਕਰਨੀ, ਬਾਗਬਾਨੀ, ਕਸਰਤਾਂ, ਘਰ ਦੇ ਕੰਮ ਕਾਜ ਲਈ ਸਕੂਟਰ ਕਾਰਾਂ ਦੀ ਥਾਂ ਪਬਲਿਕ ਵਾਹਨਾਂ ਦੀ ਵਰਤੋਂ ਕਰਦੇ ਹਨ।
ਰੇਡੀਉ ਟਾਇਸੋ ਸਦੀ ਤੋਂ ਜਾਪਾਨ ਵਿੱਚ ਪ੍ਰਚੱਲਤ ਸਰੀਰਕ ਕਸਰਤਾਂ ਦਾ ਆਵਾਜ਼ ਅਧਾਰਿਤ ਰੇਡੀਉ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਨੂੰ ਲੋਕ ਸੁਣ ਕੇ ਸੌਖੀਆਂ ਸਰੀਰਕਕਸਰਤਾਂ ਕਰਦੇ ਆ ਰਹੇ ਹਨ। ਇਨ੍ਹਾਂ ਕਸਰਤਾਂ ਦਾ ਸਰੀਰ ਦੇ ਤੁਰਨ-ਫਿਰਨ ਵਿੱਚ ਕਾਫ਼ੀ ਫਾਇਦਾ ਹੁੰਦਾ ਹੈ।
ਇਕੀਗਾਈ ਹੈਕਟਰ ਗਾਰਸੀਆ ਅਤੇ ਫਰਾਂਸੇਕ ਮਿਰਾਲੇਸਦੀ ਇੱਕ ਲਾਜਵਾਬ ਜਾਪਾਨੀ ਪੁਸਤਕ ਹੈ ਜੋ ਲੰਬੀ ਖੁਸ਼ਹਾਲ ਜ਼ਿੰਦਗੀ ਜੀਣ ਅਤੇ ਮਾਨਣ ਦੇ ਭੇਤ ਸਮਝਾਉਂਦੀ ਹੈ, ਅੱਜਕੱਲ੍ਹ ਵਿਸ਼ਵ ਪੱਧਰ ’ਤੇ ਇਹ ਪੁਸਤਕ ਚਰਚਿਤ ਹੋ ਰਹੀ ਹੈ।
ਅਣੂਵੰਸ਼ਿਕ ਜਾਂ ਗੈਰਅਣੂਵੰਸ਼ਿਕ ਕਾਰਨ ਖੋਜੀਆਂ ਅਨੁਸਾਰ ਕੁਝ ਜਾਪਾਨੀਆਂ ਦੀ ਵੱਧ ਉਮਰ ਅਣੂਵੰਸ਼ਿਕ ਕਾਰਨਾਂ ਕਰਕੇ ਵੀ ਹੈ। ਜਿਨ੍ਹਾਂ ਦੇ ਬਾਬੇ ਦਾਦੇ ਅਰੋਗ ਉਮਰ ਜੀਅ ਕੇ ਗਏ, ਉਨ੍ਹਾਂ ਦੀ ਔਲਾਦ ਵਡੇਰੀ ਉਮਰ ਵਾਲੀ ਅਤੇ ਤੰਦਰੁਸਤ ਰਹਿੰਦੀ ਹੈ। ਉਮਰ ਦੇ ਵਡੇਰੀ ਹੋਣ ਦੇ ਹੋਰ ਗ਼ੈਰ ਅਣੂਵੰਸ਼ਿਕ ਕਾਰਨ ਵੀ ਹੋ ਸਕਦੇ ਹਨ। ਮਨੁੱਖ ਦੇ ਰਹਿਣ-ਸਹਿਣ, ਖਾਣ-ਪੀਣ, ਰੋਗ ਨਿਵਾਰਕ ਦਵਾਈਆਂ ਲੈਣ, ਸਰੀਰਕ ਕ੍ਰਿਆਵਾਂ ਦੇ ਵਧੀਆ ਕਾਰਜਸ਼ੀਲ ਹੋਣ ਨਾਲ ਵੀ ਉਮਰ ਲੰਬੀ ਹੋ ਸਕਦੀ ਹੈ।
ਮਾਨਸਿਕਤਾ ਅਤੇ ਕਦਰਾਂ ਕੀਮਤਾਂ
ਬਜ਼ੁਰਗਾਂ ਨੂੰ ਸਤਿਕਾਰ ਮਿਲਦਾ ਹੈ। ਸਮੁਦਾਇ ਵਿੱਚ ਮਾਨਤਾ ਮਿਲਦੀ ਹੈ। ਉਮਰ ਦਰਾਜ਼ ਲੋਕਾਂ ਪ੍ਰਤੀ ਲੋਕਾਂ ਦਾ ਰਵੱਈਆ ਹਾਂ, ਪੱਖੀ ਹੈ। ਇਹ ਮਨੋਵਿਗਿਆਨਕ ਵਰਤਾਰੇ ਹਨ ਜੋ ਬਜ਼ੁਰਗਾਂ ਨੂੰ ਢਹਿੰਦੀ ਕਲਾ ਵਿੱਚ ਨਹੀਂ ਜਾਣ ਦਿੰਦੇ। ਸੌ ਸਾਲਾਂ ਦੇ ਬਜ਼ੁਰਗ ਆਪਣੇ ਆਪ ਨੂੰ ਉਪਯੋਗੀ ਮੰਨਦੇ ਹਨ। ਲੋਕਾਂ ਨਾਲ ਜੁੜੇ ਹੁੰਦੇ ਹਨ। ਸ਼ਾਂਤ ਅਤੇ ਸੰਤੁਸ਼ਟ ਹੁੰਦੇ ਹਨ। ਸਮਾਜਿਕ ਤੌਰ ’ਤੇ ਹਰ ਵੇਲੇ ਸਰਗਰਮ ਅਤੇ ਮਦਦਗਾਰ ਸਾਬਤ ਹੁੰਦੇ ਹਨ।
ਦੁਨੀਆਂ ਜਾਪਾਨੀਆਂ ਤੋਂ ਕੁਝ ਸਿੱਖ ਸਕਦੀ ਹੈ
ਆਪਣੇ ਆਪ ਨੂੰ ਜਿਵੇਂ ਤੁਹਾਨੂੰ ਕੁਦਰਤ ਨੇ ਬਣਾਇਆ, ਉਸੇ ਨੂੰ ਪ੍ਰਵਾਨ ਕਰੋ। ਸਾਦਾ ਤੇ ਸੰਤੁਲਿਤ ਆਹਾਰ ਲਓ। ਚਿੰਤਾ-ਮੁਕਤ ਜੀਵਨ ਜੀਓ। ਸਮਾਜ ਨਾਲ ਜੁੜੇ ਰਹੋ। ਨੀਂਦ ਪੂਰੀ ਲਓ। ਚੁਸਤ ਫੁਰਤ ਰਹੋ। ਸੈਰ ਕਰੋ, ਕਸਰਤਾਂ ਕਰੋ। ਗੱਪ-ਸ਼ੱਪ ਕਰੋ, ਖੁੱਲ੍ਹ ਕੇ ਹੱਸੋ, ਗਾਓ, ਮਸਤੀ ਕਰੋ। ਜਾਪਾਨੀਆਂ ਨੇ ਇਹ ਦਿਖਾ ਦਿੱਤਾ ਹੈ ਕਿ ਬੁਢਾਪਾ ਵੀ ਉਮਰ ਦਾ ਖੁਸ਼ਗਵਾਰ ਪੜਾਅ ਹੁੰਦਾ ਹੈ। ਬੁੱਢੇ ਕਮਜ਼ੋਰ ਨਹੀਂ ਸਗੋਂ ਸਮਾਜ ਦਾ ਆਦਰਯੋਗ ਹਿੱਸਾ ਹੁੰਦੇ ਹਨ। ਰੈਫਰੈਂਸ ਪੁਸਤਕਾਂ ਵਰਗੇ, ਜਿਨ੍ਹਾਂ ਦਾ ਹਰ ਪੰਨਾ ਤੁਹਾਡੀ ਜ਼ਿੰਦਗੀ ਦੀ ਅਗਵਾਈ ਕਰਦਾ ਹੈ। ਆਓ, ਆਪਾਂ ਵੀ ਉਮਰ ਜਿਊਣ ਲਈ ਆਪਣਾ ਨਜ਼ਰੀਆ ਬਦਲੀਏ।

Loading