ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਸਬੰਧਿਤ ਸੱਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂਅ ਇੱਕ ਪੱਤਰ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ’ਤੇ ਮਰਿਆਦਾ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਜਥੇਦਾਰ ਦੀ ਜਵਾਬਤਲਬੀ ਕਰਨ ਅਤੇ ਇਸ ਦੋਸ਼ ਹੇਠ ਅਹੁਦੇ ਤੋਂ ਫਾਰਗ ਕਰਨ ਦੀ ਮੰਗ ਕੀਤੀ ਹੈ।
ਇਸ ਪੱਤਰ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮਿੱਠੂ ਸਿੰਘ ਕਾਹਨੇਕੇ, ਬੀਬੀ ਕਿਰਨਜੋਤ ਕੌਰ, ਨਿਰਮੈਲ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਵੱਲੋਂ ਦਸਤਖਤ ਕੀਤੇ ਗਏ ਹਨ। ਜਦੋਂ ਕਿ ਇਹ ਪੱਤਰ ਸ਼੍ਰੋਮਣੀ ਕਮੇਟੀ ਦੇ ਦਫਤਰ ਵਿਖੇ ਮਿੱਠੂ ਸਿੰਘ ਕਾਹਨੇਕੇ ਅਤੇ ਬੀਬੀ ਕਿਰਨਜੋਤ ਕੌਰ ਵੱਲੋਂ ਸੌਂਪਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਂਅ ’ਤੇ ਦਿੱਤੇ ਗਏ ਇਸ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਪਤਿਤ ਸਿੱਖ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ ਵਿਖੇ ਸੱਦ ਕੇ ਗੈਰ ਪੰਥਕ ਮਰਿਆਦਾ ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਜਥੇਦਾਰ ਗੜਗੱਜ ਵੱਲੋਂ ਵੱਖ-ਵੱਖ ਸਿੱਖ ਮਾਮਲਿਆਂ ਵਿੱਚ ਜਵਾਬਤਲਬੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੱਦਿਆ ਹੈ।
![]()
