ਟਰੂ ਪੈਟ੍ਰੀਓਟਸ ਨੇ ਸੜਕ ਜਾਮ ਅਤੇ ਹਾਕਾ ਕਰਕੇ ਨਗਰ ਕੀਰਤਨ ਵਿੱਚ ਪਾਇਆ ਵਿਘਨ

In ਮੁੱਖ ਖ਼ਬਰਾਂ
December 22, 2025

ਬਲਵਿੰਦਰਪਾਲ ਸਿੰਘ ਪ੍ਰੋਫ਼ੈਸਰ

ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ, ਖਾਸ ਕਰਕੇ ਸਾਊਥ ਆਕਲੈਂਡ ਦੇ ਮੈਨੂਰੇਵਾ ਇਲਾਕੇ ਵਿੱਚ ਜਦੋਂ ਨਾਨਕਸਰ ਸਿੱਖ ਗੁਰਦੁਆਰਾ ਸਾਹਿਬ ਤੋਂ ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਤਾਂ ਇਸ ਨਗਰ ਕੀਰਤਨ ਨੂੰ ‘ਟਰੂ ਪੈਟ੍ਰੀਓਟਸ ਆਫ਼ ਐੱਨਜ਼ੈੱਡ’ ਨਾਂਅ ਦੇ ਲਗਭਗ 50 ਮੈਂਬਰਾਂ ਦੇ ਇੱਕ ਨਸਲਵਾਦੀ ਗਰੁੱਪ ਨੇ ਰੋਡ ਬਲੌਕ ਕਰ ਦਿੱਤੀ। ਇਹ ਗਰੁੱਪ ਡੈਸਟਿਨੀ ਚਰਚ ਨਾਲ ਜੁੜਿਆ ਹੋਇਆ ਹੈ, ਜਿਸ ਦੇ ਆਗੂ ਬ੍ਰਾਇਨ ਤਮਾਕੀ ਹਨ। ਟਰੂ ਪੈਟ੍ਰੀਓਟਸ ਆਫ਼ ਐੱਨਜ਼ੈੱਡ ਦੇ ਮੈਂਬਰਾਂ ਨੇ ਨੀਲੇ ਰੰਗ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਲਿਖਿਆ ਸੀ ‘ਕੀਵੀਜ਼ ਫ਼ਸਟ’, ‘ਕੀਪ ਐੱਨਜ਼ੈੱਡ, ਐੱਨਜ਼ੈੱਡ’ ਅਤੇ ‘ਟਰੂ ਪੈਟ੍ਰੀਓਟ’। ਉਹ ਬਾਂਹਾਂ ਨਾਲ ਜੁੜ ਕੇ ਖੜ੍ਹੇ ਹੋ ਗਏ ਅਤੇ ਹਾਕਾ ਨਾਚ ਕੀਤਾ। ਹਾਕਾ ਨਿਊਜ਼ੀਲੈਂਡ ਦੇ ਮਾਓਰੀ ਲੋਕਾਂ ਦਾ ਰਵਾਇਤੀ ਨਾਚ ਹੈ ਜੋ ਚੁਣੌਤੀ ਜਾਂ ਤਾਕਤ ਦਿਖਾਉਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਨੇ ਇੱਕ ਵੱਡਾ ਬੈਨਰ ਵੀ ਚੁੱਕਿਆ ਹੋਇਆ ਸੀ ਜਿਸ ਉੱਤੇ ਲਿਖਿਆ ਸੀ: ‘ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ’। ਦੂਸਰੇ ਪਾਸੇ ਸਿੱਖਾਂ ਨੇ ਵੀ ਜੈਕਾਰੇ ਲਗਾਏ। ਇਹ ਘਟਨਾ ਲਗਭਗ 30 ਮਿੰਟ ਵਾਪਰੀ ਅਤੇ ਆਖਿਰ ਵਿੱਚ ਪੁਲਿਸ ਨੇ ਸਿੱਖ ਨਗਰ ਕੀਰਤਨ ਨੂੰ ਸੁਰੱਖਿਅਤ ਢੰਗ ਨਾਲ ਅੱਗੇ ਵਧਣ ਦਿੱਤਾ।
ਇੰਸਪੈਕਟਰ ਮੈਟ ਹੋਏਸ ਨੇ ਕਿਹਾ ਕਿ ਲਗਭਗ 50 ਵਿਰੋਧੀਆਂ ਨੇ ਰੋਡ ਬਲੌਕ ਕੀਤੀ ਹੋਈ ਸੀ ਅਤੇ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਸੜਕ ਖਾਲੀ ਕਰਵਾਕੇ ਨਗਰ ਕੀਰਤਨ ਨੂੰ ਅੰਤ ਤੱਕ ਐਸਕੌਰਟ ਕੀਤਾ ਅਤੇ ਬਾਅਦ ਵਿੱਚ ਵੀ ਖੇਤਰ ਵਿੱਚ ਰਹੇ ਤਾਂ ਜੋ ਸਿੱਖ ਭਾਈਚਾਰੇ ਨੂੰ ਸੁਰੱਖਿਆ ਮਹਿਸੂਸ ਕਰੇ। ਹੋਏਸ ਨੇ ਕਿਹਾ: ‘ਅਸੀਂ ਅਜਿਹੇ ਕੰਮ ਨਹੀਂ ਸਹਿਣ ਕਰਾਂਗੇ ਜੋ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਜਾਂ ਦੂਜਿਆਂ ਨੂੰ ਡਰਾਉਣ।’ ਪੁਲਿਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਕਿਉਂਕਿ ਕੋਈ ਹਿੰਸਾ ਨਹੀਂ ਹੋਈ ਪਰ ਉਨ੍ਹਾਂ ਨੇ ਸਥਿਤੀ ਨੂੰ ਕੰਟਰੋਲ ਵਿੱਚ ਰੱਖਿਆ।
ਨਸਲਵਾਦੀ ਗਰੁਪ ਵੱਲੋਂ ਵਿਰੋਧ ਕਿਉਂ?
ਟਰੂ ਪੈਟ੍ਰੀਓਟਸ ਆਫ਼ ਐੱਨਜ਼ੈੱਡ ਆਪਣੇ ਫ਼ੇਸਬੁੱਕ ਪੇਜ ਉੱਤੇ ਆਪਣੇ ਆਪ ਨੂੰ ‘ਗਾਰਡੀਅਨਜ਼ ਆਫ਼ ਦ ਕੀਵੀ ਵੇ ਆਫ਼ ਲਾਈਫ਼ ਡਿਫ਼ੈਂਡਰਜ਼ ਆਫ਼ ਫ਼ੇਥ, ਫ਼ਲੈਗ ਐਂਡ ਫ਼ੈਮਿਲੀ’ ਕਹਿੰਦੇ ਹਨ। ਉਹ ਗਲੋਬਲਿਜ਼ਮ, ਮਾਸ ਇਮੀਗ੍ਰੇਸ਼ਨ ਅਤੇ ਵੋਕ ਆਈਡੀਓਲੌਜੀ ਦੇ ਵਿਰੋਧ ਵਿੱਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਇੱਕ ਇਸਾਈ ਦੇਸ਼ ਹੈ ਅਤੇ ਵਿਦੇਸ਼ੀ ਧਰਮਾਂ ਨੂੰ ਇੱਥੇ ਨਹੀਂ ਫ਼ੈਲਣ ਦਿੱਤਾ ਜਾਣਾ ਚਾਹੀਦਾ। ਬ੍ਰਾਇਨ ਤਮਾਕੀ, ਜੋ ਡੈਸਟਿਨੀ ਚਰਚ ਦੇ ਫ਼ਾਊਂਡਰ ਹਨ, ਨੇ ਪਹਿਲਾਂ ਵੀ ਅਜਿਹੇ ਵਿਰੋਧ ਕੀਤੇ ਹਨ। ਜੂਨ 2025 ਵਿੱਚ ਉਨ੍ਹਾਂ ਨੇ ਆਕਲੈਂਡ ਵਿੱਚ ਇੱਕ ਮਾਰਚ ਕੀਤਾ ਜਿਸ ਨੂੰ ‘ਫ਼ੇਥ, ਫ਼ਲੈਗ ਐਂਡ ਫ਼ੈਮਿਲੀ’ ਕਿਹਾ ਗਿਆ ਸੀ। ਉਸ ਵਿੱਚ ਉਹ ਇਮੀਗ੍ਰੇਸ਼ਨ ਅਤੇ ਗੈਰ-ਇਸਾਈ ਧਰਮਾਂ ਦੇ ਵਿਰੋਧ ਵਿੱਚ ਬੋਲੇ ਸਨ। ਉਸ ਸਮੇਂ ਕੁਝ ਧਰਮਾਂ ਦੇ ਝੰਡੇ ਵੀ ਫ਼ਾੜੇ ਗਏ ਸਨ।
ਤਮਾਕੀ ਨੇ ਇਸ ਵਾਰ ਵੀ ਆਪਣੇ ਪੋਸਟ ਵਿੱਚ ਕਿਹਾ ਕਿ ਸਿੱਖਾਂ ਨੇ ਤਲਵਾਰਾਂ ਅਤੇ ਖੰਜਰ (ਕਿਰਪਾਨਾਂ) ਨਾਲ ਨਗਰ ਕੀਰਤਨ ਕੱਢਿਆ, ਜੋ ਜਨਤਕ ਸੁਰੱਖਿਆ ਲਈ ਖਤਰਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੋਡਾਂ ਬੰਦ ਹੋਣ ਨਾਲ ਲੋਕਲ ਲੋਕ ਪਰੇਸ਼ਾਨ ਹੋਏ ਅਤੇ ਵਪਾਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਖ਼ਾਲਿਸਤਾਨੀ ਝੰਡੇ ਵੇਖੇ ਜਾਣ ਦਾ ਦਾਅਵਾ ਵੀ ਕੀਤਾ, ਜੋ ਸਿੱਖ ਵੱਖਵਾਦ ਨਾਲ ਜੁੜੇ ਹਨ। ਤਮਾਕੀ ਦਾ ਕਹਿਣਾ ਹੈ ਕਿ ਬਹੁਵਾਦ ਤੋਂ ਅਸੀਂ ਨਿਊਜ਼ੀਲੈਂਡ ਦੀ ਆਪਣੀ ਕੀਵੀ ਜੀਵਨ ਸ਼ੈਲੀ ਨੂੰ ਬਚਾਉਣਾ ਚਾਹੁੰਦੇ ਹਾਂ। ਉਹ ਕਹਿੰਦੇ ਹਨ ਕਿ ਨਿਊਜ਼ੀਲੈਂਡ ਇੱਕ ਨੈਸ਼ਨ, ਇੱਕ ਲੋਕ, ਇੱਕ ਕਾਨੂੰਨ, ਇੱਕ ਵੋਟ, ਇੱਕ ਝੰਡਾ ਅਤੇ ਇੱਕ ਰੱਬ (ਜੀਸਸ) ਅਧੀਨ ਹੈ।
ਡੈਸਟਿਨੀ ਚਰਚ 1998 ਵਿੱਚ ਬ੍ਰਾਇਨ ਅਤੇ ਹੰਨਾਹ ਤਮਾਕੀ ਨੇ ਸਥਾਪਿਤ ਕੀਤੀ ਸੀ। ਇਹ ਇੱਕ ਫ਼ੰਡਾਮੈਂਟਲਿਸਟ ਇਸਾਈ ਗਰੁੱਪ ਹੈ ।
ਕੀ ਕਹਿੰਦੇ ਹਨ ਪੰਥਕ ਆਗੂ?
ਸਿੱਖ ਭਾਈਚਾਰਾ ਇਸ ਘਟਨਾ ਬਾਅਦ ਸ਼ਾਂਤੀ ਨਾਲ ਵਿਰੋਧ ਕਰ ਰਿਹਾ ਹੈ। ਇਹ ਘਟਨਾ ਨਿਊਜ਼ੀਲੈਂਡ ਵਿੱਚ ਵਧ ਰਹੇ ਨਸਲਵਾਦ ਨੂੰ ਦਰਸਾਉਂਦੀ ਹੈ। ਸਿੱਖ ਅਤੇ ਭਾਰਤੀ ਭਾਈਚਾਰਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਉਹ ਅਕਸਰ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ। ਨਿਊਜ਼ੀਲੈਂਡ ਤੋਂ ਸਿੱਖਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਥਾਨਕ ਮਾਓਰੀ ਭਾਈਚਾਰਾ ਸਿੱਖਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਤੇ ਇਹ ਘਟਨਾ ਕਿਸੇ ਸ਼ਰਾਰਤੀ ਗੁੱਟ ਦੀ ਕਾਰਵਾਈ ਲੱਗਦੀ ਹੈ। ਘਟਨਾ ਮਗਰੋਂ ਨਿਊਜ਼ੀਲੈਂਡ ’ਚ 25 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਥਾਨਕ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ। ਨਾਨਕਸਰ ਸਿੱਖ ਗੁਰਦੁਆਰਾ ਸਾਹਿਬ ਦੇ ਟਰੱਸਟੀ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਕਲੈਂਡ ਕੌਂਸਲ ਤੋਂ ਨਗਰ ਕੀਰਤਨ ਲਈ ਇਜਾਜ਼ਤ ਮਿਲੀ ਹੋਈ ਸੀ। ਇੱਕ ਮੈਂਬਰ ਸੰਨੀ ਸਿੰਘ, ਜੋ ਇਮੀਗ੍ਰੇਸ਼ਨ ਅਡਵਾਈਜ਼ਰ ਹਨ, ਨੇ ਕਿਹਾ ਕਿ ਅਸੀਂ ਸ਼ਾਂਤ ਰਹੇ ਅਤੇ ਵਿਵਾਦ ਨੂੰ ਵਧਣ ਨਹੀਂ ਦਿੱਤਾ ਤਾਂ ਜੋ ਕੋਈ ਨੁਕਸਾਨ ਨਾ ਹੋਵੇ। ਉਹ ਕਹਿੰਦੇ ਹਨ ਕਿ ਸਿੱਖ ਨਿਊਜ਼ੀਲੈਂਡ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਹਨ ਅਤੇ ਕੋਵਿਡ ਸਮੇਂ ਵਿੱਚ ਵੀ ਨਿਊਜੀਲੈਂਡ ਦੇ ਭਾਈਚਾਰੇ ਦੀ ਮਦਦ ਕੀਤੀ ਸੀ। ਉਹ ਕਹਿੰਦੇ ਹਨ ਕਿ ਨਿਊਜ਼ੀਲੈਂਡ ਇੱਕ ਮਲਟੀਕਲਚਰਲ ਦੇਸ਼ ਹੈ ਜਿੱਥੇ ਹਰ ਧਰਮ ਨੂੰ ਆਪਣੀ ਰਵਾਇਤ ਮਨਾਉਣ ਦਾ ਹੱਕ ਹੈ।
ਨਿਊਜ਼ੀਲੈਂਡ ਦੇ ਪਹਿਲੇ ਭਾਰਤੀ-ਮੂਲ ਅਤੇ ਪਹਿਲੇ ਸਿੱਖ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਕਿਹਾ ਕਿ ਇਹ ਕੋਈ ਵਿਰੋਧ ਨਹੀਂ ਸੀ, ਸਗੋਂ ਇੱਕ ਨਸਲੀ ਗੁੰਡਾਗਰਦੀ ਸੀ। ਜੇ ਇਹ ਲੋਕ ‘ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਬਣਾਈ ਰੱਖਣ’ ਦੀ ਗੱਲ ਕਰਦੇ ਹਨ, ਤਾਂ ਉਹ ਕੋਈ ਅਸਲ ਪਰੰਪਰਾ ਨਹੀਂ ਬਚਾ ਰਹੇ। ਉਹ ਇੱਕ ਝੂਠੀ ਇੱਕ-ਸੱਭਿਆਚਾਰ ਵਾਲੀ ਤਸਵੀਰ ਬਣਾ ਰਹੇ ਹਨ ਜੋ ਕਦੇ ਸੀ ਹੀ ਨਹੀਂ। ਬਖਸ਼ੀ ਨੇ ਇਹ ਵੀ ਕਿਹਾ: ‘ਕੋਵਿਡ ਦੌਰਾਨ ਜਦੋਂ ਸਿੱਖ ਭਾਈਚਾਰੇ ਨੇ ਹਜ਼ਾਰਾਂ ਫ਼ੂਡ ਪੈਕੇਟ ਬਿਨਾਂ ਕਿਸੇ ਧਰਮ-ਜਾਤ ਵਿਤਕਰੇ ਦੇ ਵੰਡੇ, ਤਾਂ ਇਹ ਲੋਕ ਕਿੱਥੇ ਸਨ? ਉਸ ਮੁਸ਼ਕਿਲ ਸਮੇਂ ਵਿੱਚ ਉਹ ਕਿਉਂ ਨਹੀਂ ਆਏ?’
ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ: ‘ਸਾਨੂੰ ਆਪਣੇ ਸਿੱਖ ਭਾਈਚਾਰੇ ਦੇ ਸ਼ਾਂਤਮਈ ਰਵੱਈਏ ਤੇ ਮਾਣ ਹੈ।’
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਨਿਊਜ਼ੀਲੈਂਡ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ।
ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਦਾ ਇਹ ਵਿਰੋਧ ਨਾ ਸਿਰਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਬਲਕਿ ਨਸਲਵਾਦੀ ਵਿਚਾਰਧਾਰਾ ਦਾ ਪ੍ਰਤੀਕ ਵੀ ਹੈ, ਜੋ ਅਡੌਲਫ਼ ਹਿਟਲਰ ਵਰਗੀ ਫ਼ਾਸ਼ਿਸਟ ਸੋਚ ਨਾਲ ਮੇਲ ਖਾਂਦੀ ਹੈ। ਅਜਿਹੇ ਅਨਸਰ ਸਮਾਜਿਕ ਭਾਈਚਾਰੇ ਵਿੱਚ ਕੁੜੱਤਣ ਪੈਦਾ ਕਰ ਰਹੇ ਹਨ। ਨਿਊਜੀਲੈਂਡ ਸਰਕਾਰ ਸਖ਼ਤ ਕਾਰਵਾਈ ਕਰੇ।
ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਦੇ ਨਗਰ ਕੀਰਤਨ ਵਿੱਚ ਵਿਘਨ ਪਾਉਣ ਵਾਲੇ ਨਸਲਵਾਦੀ ਗਰੁੱਪ ਦੀ ਨਿੰਦਾ ਕਰਦਿਆਂ ਕਿਹਾ ਕਿ ਸਮੂਹ ਸਿੱਖ ਪੰਥ ਨਿਊਜੀਲੈਂਡ ਸਰਕਾਰ ਨੂੰ ਦਖਲ ਦੇਣ ਦੀ ਮੰਗ ਕਰੇ ਤੇ ਇਸ ਅੱਤਵਾਦੀ ਗਰੁੱਪ ਉੱਪਰ ਪਾਬੰਦੀ ਲਗਵਾਉਣ ਲਈ ਮੁਹਿੰਮ ਸ਼ੁਰੂ ਕਰੇ। ਬਾਬਾ ਬੇਦੀ ਦਾ ਕਹਿਣਾ ਹੈ ਕਿ ਸਿੱਖ ਪੰਥ ਰੋਜ਼ਾਨਾ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦਾ ਹੈ ਅਤੇ ਰੋਜ਼ਮਰ੍ਹਾ ਜੀਵਨ ਵਿੱਚ ਇਸ ਨੂੰ ਨਿਭਾਉਂਦਾ ਹੈ। ਸਿੱਖ ਹਮੇਸ਼ਾ ਨਸਲਵਾਦ ਵਿਰੁੱਧ ਲੜੇ ਹਨ ਅਤੇ ਸੰਕਟਾਂ ਵਿੱਚੋਂ ਨਿਕਲ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਸਥਾਪਤ ਹੋਏ ਹਨ। ਨਿਆਂ ਅਤੇ ਸ਼ਾਂਤੀ, ਸਾਂਝੀਵਾਲਤਾ ਸਰਬਤ ਦਾ ਭਲਾ ਸਿੱਖ ਪੰਥ ਦੇ ਮੁੱਖ ਉਦੇਸ਼ ਹਨ। ਅੱਜ ਵੀ ਸਿੱਖ ਆਪਣੇ ਸੁਭਾਅ, ਸਾਂਝੀਵਾਲਤਾ ਅਤੇ ਚੜ੍ਹਦੀਕਲਾ ਨਾਲ ਅਜਿਹੇ ਸੰਕਟਾਂ ਨਾਲ ਨਿਬੜ ਲੈਣਗੇ। ਸਿੱਖ ਪੰਥ ਦਾ ਭਵਿੱਖ ਸੁਨਹਿਰੀ ਹੈ, ਜਿੱਥੇ ਸਰਬੱਤ ਦਾ ਭਲਾ ਅਤੇ ਮਨੁੱਖੀ ਸੇਵਾ ਉਸ ਦਾ ਮਿਸ਼ਨ ਰਹੇਗਾ। ਬਾਬਾ ਬੇਦੀ ਆਖਦੇ ਹਨ ਕਿ ਪ੍ਰਵਾਸੀ ਖ਼ਾਲਸਾ ਜੀ ਨੂੰ ਗੁਰੂ ਦਾ ਦਿੱਤਾ ਹਥਿਆਰ ਸਰਬਤ ਦਾ ਭੱਲਾ, ਸਾਂਝੀਵਾਲਤਾ ਉਪਰ ਤਕੜੇ ਹੋਕੇ ਪਹਿਰਾ ਦੇਣਾ ਚਾਹੀਦਾ ਹੈ। ਇਹੀ ਨਸਲਵਾਦ ਤੇ ਨਫ਼ਰਤੀ ਸੋਚ ਦਾ ਬਦਲ ਹੈ।
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਉਨ੍ਹਾਂ ਨੇ ਵੱਖ ਵੱਖ ਬਿਆਨਾਂ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ, ਵਿਦੇਸ਼ ਮੰਤਰੀ ਵਿੰਸਟਨ ਪੀਟਰਸ, ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਵੀ ਕੀਤੀ।

ਕੀ ਕਹਿੰਦੇ ਹਨ ਨਿਊਜ਼ੀਲੈਂਡ ਦੇ ਰਾਜਨੀਤਕ ਲੀਡਰ?

ਨਿਊਜ਼ੀਲੈਂਡ ਵਿੱਚ ਰਹਿੰਦੇ ਕਈ ਲੋਕਾਂ ਅਤੇ ਗਰੁੱਪਾਂ ਨੇ ਨਸਲਵਾਦੀ ਤਮਾਕੀ ਨੂੰ ਨਿੰਦਿਆ ਹੈ। ਨੈਸ਼ਨਲ ਪਾਰਟੀ ਦੀ ਐੱਮਪੀ ਐਨਾ ਲੋ ਨੇ ਕਿਹਾ ਹੈ ਕਿ ਇਹ ਘਟਨਾ ਧਾਰਮਿਕ ਆਜ਼ਾਦੀ ਵਿਰੁੱਧ ਹੈ। ਫ਼੍ਰੀ ਸਪੀਚ ਯੂਨੀਅਨ ਨੇ ਇਸ ਨੂੰ ‘ਗੈਰ-ਕ੍ਰਿਸਚੀਅਨ, ਧਮਕਾਉਣ ਵਾਲਾ ਘਟੀਆ ਕਾਰਨਾਮਾ’ ਦੱਸਿਆ ਹੈ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ ਨੇ ਇਸ ਘਟਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਦੀ ਨਿੰਦਾ ਕਰਦੇ ਹਨ।
ਨਿਊਜ਼ੀਲੈਂਡ ਇਸਾਈ ਦੇਸ਼ ਨਹੀਂ, ਮੂਲ ਨਿਵਾਸੀਆਂ ਨੇ ਇਸਾਈਆਂ ਤੋਂ ਆਜ਼ਾਦੀ ਪ੍ਰਾਪਤ ਕੀਤੀ

  • ਨਿਊਜ਼ੀਲੈਂਡ ਦੇ ਮੂਲ ਨਿਵਾਸੀ ਮਾਓਰੀ ਲੋਕ ਸਨ ਅਤੇ ਇਸਾਈਆਂ ਨੇ ਨਿਊਜ਼ੀਲੈਂਡ ੳੁੱਪਰ ਕਬਜ਼ਾ ਕੀਤਾ
    *ਮੂਲਨਿਵਾਸੀਆਂ ਦੀਆਂ ਜ਼ਮੀਨਾਂ ੳੁੱਪਰ ਕਬਜ਼ਾ ਕੀਤਾ। ਬੋਲੀ, ਸੱਭਿਆਚਾਰ ਨੂੰ ਖਤਮ ਕੀਤਾ।

ਬੀਤੇ ਦਿਨੀਂ ਨਸਲਵਾਦੀ ਪੈਂਟੀਕੋਸਟਲ ਲੀਡਰ ਬ੍ਰਾਇਨ ਤਮਾਕੀ, ਜੋ ਡੈਸਟਨੀ ਚਰਚ ਨਾਲ ਜੁੜਿਆ ਹੋਇਆ ਹੈ, ਨੇ ਨਿਊਜ਼ੀਲੈਂਡ ਵਿਖੇ ਸਿੱਖਾਂ ਦੇ ਨਗਰ ਕੀਰਤਨ ਵਿੱਚ ਵਿਘਨ ਪਾਇਆ ਸੀ। ਫ਼ਿਰ ਤਮਾਕੀ ਨੇ ਆਪਣੇ ਆਪ ਨੂੰ ਨਿਊਜ਼ੀਲੈਂਡ ਦਾ ਮੂਲ ਨਿਵਾਸੀ ਦਸਿਆ ਸੀ। ਜਦ ਕਿ ਇਸਾਈ ਇਥੋਂ ਦੇ ਮੂਲਨਿਵਾਸੀ ਨਹੀਂ ਹਨ।
ਨਿਊਜ਼ੀਲੈਂਡ ਦੇ ਮੂਲ ਨਿਵਾਸੀ ਮਾਓਰੀ ਲੋਕ ਹਨ, ਜੋ ਪੌਲੀਨੇਸ਼ੀਅਨ ਲੋਕਾਂ ਨਾਲ ਜੁੜੇ ਹਨ ਅਤੇ ਲਗਭਗ 1250-1300 ਈਸਵੀ ਵਿੱਚ ਆਏ ਸਨ। ਉਨ੍ਹਾਂ ਦਾ ਆਪਣਾ ਸੱਭਿਆਚਾਰ ਅਤੇ ਧਰਮ ਸੀ, ਜਿਸ ਵਿੱਚ ਪ੍ਰਕਿਰਤੀ ਅਤੇ ਪੂਰਵਜਾਂ ਦੀ ਪੂਜਾ ਹੁੰਦੀ ਸੀ। ਯੂਰਪੀਅਨ (ਜ਼ਿਆਦਾਤਰ ਬ੍ਰਿਟਿਸ਼) 1642 ਵਿੱਚ ਡੱਚ ਐਕਸਪਲੋਰਰ ਐਬਲ ਟੈਸਮੈਨ ਨਾਲ ਆਏ, ਪਰ ਅਸਲ ਕਲੋਨਾਈਜ਼ੇਸ਼ਨ 1769 ਵਿੱਚ ਕੈਪਟਨ ਜੇਮਜ਼ ਕੁੱਕ ਨਾਲ ਸ਼ੁਰੂ ਹੋਈ ਸੀ।
ਕੁੱਕ ਨੇ ਨਿਊਜ਼ੀਲੈਂਡ ਨੂੰ ਬ੍ਰਿਟਿਸ਼ ਐਂਪਾਇਰ ਵਿੱਚ ਸ਼ਾਮਲ ਕਰਨ ਦਾ ਦਾਅਵਾ ਕੀਤਾ ਸੀ।ਕੈਪਟਨ ਜੇਮਜ਼ ਕੁੱਕ ਦੇ ਸੱਦੇ ਉਪਰ ਇਸਾਈ ਮਿਸ਼ਨਰੀਆਂ ਨੇ 1814 ਵਿੱਚ ਪਹਿਲਾ ਮਿਸ਼ਨ ਸਥਾਪਿਤ ਕੀਤਾ ਸੀ ਅਤੇ ਮਾਓਰੀ ਲੋਕਾਂ ਨੂੰ ਇਸਾਈ ਬਣਾਉਣਾ ਸ਼ੁਰੂ ਕੀਤਾ ਤਾਂ ਜੋ ਉਨ੍ਹਾਂ ਦਾ ਸੱਭਿਆਚਾਰ ਤੇ ਬੋਲੀ ਬਦਲੀ ਜਾ ਸਕੇ।
1840 ਵਿੱਚ ਟ੍ਰੀਟੀ ਆਫ਼ ਵੈਟਾਂਗੀ ਨਾਲ ਬ੍ਰਿਟਿਸ਼ ਨੇ ਨਿਊਜ਼ੀਲੈਂਡ ਨੂੰ ਕਲੋਨੀ ਬਣਾਇਆ, ਜਿਸ ਵਿੱਚ ਮਾਓਰੀ ਨੇ ਆਪਣੀ ਜ਼ਮੀਨ ਅਤੇ ਅਧਿਕਾਰਾਂ ਨੂੰ ਬ੍ਰਿਟਿਸ਼ ਨੂੰ ਦਿੱਤੇ। ਇਹ ਟ੍ਰੀਟੀ ਮਾਓਰੀ ਚੀਫ਼ਾਂ ਅਤੇ ਬ੍ਰਿਟਿਸ਼ ਵਿਚਕਾਰ ਸੀ, ਜਿਸ ਵਿੱਚ ਮਾਓਰੀ ਨੇ ਬ੍ਰਿਟਿਸ਼ ਨੂੰ ਗਵਰਨੈਂਸ ਦੇ ਅਧਿਕਾਰ ਦਿੱਤੇ ਅਤੇ ਬਦਲੇ ਵਿੱਚ ਆਪਣੇ ਅਧਿਕਾਰ ਅਤੇ ਜ਼ਮੀਨਾਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਕੀਤੀ ਗਈ।
ਪਰ ਟ੍ਰੀਟੀ ਦੇ ਅੰਗਰੇਜ਼ੀ ਅਤੇ ਮਾਓਰੀ ਵਰਜਨ ਵਿੱਚ ਅੰਤਰ ਕਰਕੇ ਬ੍ਰਿਟਿਸ਼ ਨੇ ਧੋਖਾ ਕਰਕੇ ਇਸ ਨੂੰ ਆਪਣੇ ਫ਼ਾਇਦੇ ਲਈ ਵਰਤਿਆ, ਜਿਸ ਨਾਲ ਵੱਡੇ ਟਕਰਾਅ ਹੋਏ।1845-1872 ਦੌਰਾਨ ਇਹ ਯੁੱਧ ਜ਼ਮੀਨ ਅਤੇ ਅਧਿਕਾਰਾਂ ਉੱਤੇ ਲੜੇ ਗਏ, ਜਿਨ੍ਹਾਂ ਵਿੱਚ ਬ੍ਰਿਟਿਸ਼ ਫ਼ੌਜ ਨੇ ਮਾਓਰੀ ਲੋਕਾਂ ਉੱਤੇ ਹਮਲੇ ਕੀਤੇ। ਇਨ੍ਹਾਂ ਵਿੱਚ ਅਟ੍ਰੌਸਿਟੀਜ਼ ਜਿਵੇਂ ਕਤਲ, ਰੇਪ, ਬੱਚਿਆਂ ਨੂੰ ਅਗਵਾ ਕਰਨਾ ਅਤੇ ਪਿੰਡਾਂ ਨੂੰ ਸਾੜਨਾ ਸ਼ਾਮਲ ਸੀ। ਬ੍ਰਿਟਿਸ਼ ਨੇ ਮਾਓਰੀ ਨੂੰ ਬਹੁਤ ਜ਼ਮੀਨਾਂ ਤੋਂ ਬੇਦਖਲ ਕੀਤਾ।
ਮਾਓਰੀ ਕੋਲ ਕੋਈ ਅਦਾਲਤੀ ਪ੍ਰਤੀਨਿਧਤਾ ਨਹੀਂ ਸੀ ਅਤੇ ਜਾਇਦਾਦ ਕਾਨੂੰਨ ਮਾਓਰੀ ਵਿਰੋਧੀ ਸਨ। ਇਸ ਨਾਲ ਮਾਓਰੀ ਗਰੀਬੀ ਅਤੇ ਬੇਰੋਜ਼ਗਾਰੀ ਵਿੱਚ ਧੱਕੇ ਗਏ। ਮਾਓਰੀ ਭਾਸ਼ਾ ਅਤੇ ਸੱਭਿਆਚਾਰ ਨੂੰ ਦਬਾਇਆ ਗਿਆ। ਬੱਚਿਆਂ ਨੂੰ ਬੋਰਡਿੰਗ ਸਕੂਲਾਂ ਵਿੱਚ ਭੇਜ ਕੇ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਤੇ ਬੋਲੀ ਤੋਂ ਵੱਖ ਕੀਤਾ ਗਿਆ। ਬ੍ਰਿਟਿਸ਼ ਨੇ ਮਾਓਰੀ ਨੂੰ ‘ਸਭਿਅਤਾ’ ਸਿਖਾਉਣ ਦੇ ਨਾਂਅ ’ਤੇ ਧੱਕੇਸ਼ਾਹੀ ਕੀਤੀ। ਬਹੁਤੇ ਮਾਓਰੀ ਸਟੇਟ ਦੇ ਡਰ ਕਾਰਨ ਇਸਾਈ ਬਣ ਗਏ। ਇਹ ਕਬਜ਼ਾ ਜ਼ਮੀਨ ਖੋਹਣ, ਯੁੱਧਾਂ ਅਤੇ ਧਰਮ ਪ੍ਰਸਾਰ ਰਾਹੀਂ ਹੋਇਆ, ਜਿਸ ਨੂੰ ਕਲੋਨਾਈਜ਼ੇਸ਼ਨ ਕਿਹਾ ਜਾਂਦਾ ਹੈ। ਇਸਾਈ ਧਰਮ ਨੂੰ ਫ਼ੈਲਾਉਣ ਲਈ ਮਿਸ਼ਨਰੀ ਵਰਤੇ ਗਏ, ਪਰ ਮਾਓਰੀ ਨੇ ਇਸ ਨੂੰ ਆਪਣੇ ਤਰੀਕੇ ਨਾਲ ਅਪਣਾਇਆ।
1858 ਤੱਕ ਨਿਊਜ਼ੀਲੈਂਡ ਪੂਰੀ ਤਰ੍ਹਾਂ ਬ੍ਰਿਟਿਸ਼ ਕਲੋਨੀ ਬਣ ਗਈ। ਬ੍ਰਿਟੇਨ ਨੇ 2019 ਵਿੱਚ ਕੈਪਟਨ ਕੁੱਕ ਦੇ ਆਉਣ ਸਮੇਂ ਹੋਏ ਕਤਲਾਂ ਲਈ ਅਫ਼ਸੋਸ ਪ੍ਰਗਟਾਇਆ। ਨਿਊਜ਼ੀਲੈਂਡ ਵਿੱਚ ਟ੍ਰੀਟੀ ਸੈਟਲਮੈਂਟ ਪ੍ਰਕਿਰਿਆ ਹੈ, ਜਿਸ ਵਿੱਚ ਮਾਓਰੀ ਟ੍ਰਾਈਬਾਂ ਨੂੰ ਮੁਆਵਜ਼ਾ ਅਤੇ ਮੁਆਫ਼ੀ ਮਿਲ ਰਹੀ ਹੈ। ਉਦਾਹਰਨ ਵਜੋਂ, 2022 ਵਿੱਚ ਇੱਕ ਮਾਓਰੀ ਟ੍ਰਾਈਬ ਨੂੰ ਕਲੋਨੀਅਲ ਅਟ੍ਰੌਸਿਟੀਜ਼ ਲਈ ਮੁਆਵਜ਼ਾ ਮਿਲਿਆ। 1975 ਵਿੱਚ ਮਾਓਰੀ ਪ੍ਰੋਟੈਸਟ ਮੂਵਮੈਂਟ ਨੇ ਵੀ ਇਨ੍ਹਾਂ ਜ਼ੁਲਮਾਂ ਨੂੰ ਉਜਾਗਰ ਕੀਤਾ।
ਇਹ ਜ਼ੁਲਮ ਬ੍ਰਿਟਿਸ਼ ਕਲੋਨਾਈਜ਼ੇਸ਼ਨ ਦਾ ਹਿੱਸਾ ਸਨ, ਜੋ ਹੋਰ ਕਲੋਨੀਆਂ ਵਾਂਗ ਨਸਲਵਾਦ ਅਤੇ ਲੁੱਟ ਉੱਤੇ ਅਧਾਰਿਤ ਸੀ। ਅੱਜ ਨਿਊਜ਼ੀਲੈਂਡ ਵਿੱਚ ਮਾਓਰੀ ਅਧਿਕਾਰਾਂ ਲਈ ਸੁਧਾਰ ਹੋ ਰਹੇ ਹਨ, ਪਰ ਇਤਿਹਾਸਕ ਨੁਕਸਾਨ ਅਜੇ ਵੀ ਪ੍ਰਭਾਵਿਤ ਕਰ ਰਹੇ ਹਨ ਅਤੇ 1907 ਵਿੱਚ ਡੋਮੀਨੀਅਨ ਸਟੇਟਸ ਮਿਲਿਆ, ਪਰ 1947 ਵਿੱਚ ਪੂਰੀ ਆਜ਼ਾਦੀ ਮਿਲੀ।
ਨਿਊਜ਼ੀਲੈਂਡ ਇੱਕ ਧਰਮ ਨਿਰਪੱਖ ਅਤੇ ਬਹੁ-ਸੱਭਿਆਚਾਰਕ ਦੇਸ਼ ਹੈ। ਨਿਊਜ਼ੀਲੈਂਡ ਦਾ ਸੰਵਿਧਾਨ ਜਾਂ ਕਾਨੂੰਨ ਵਿੱਚ ਕਿਸੇ ਧਰਮ ਨੂੰ ਅਧਿਕਾਰਕ ਧਰਮ ਵਜੋਂ ਮਾਨਤਾ ਨਹੀਂ ਦਿੱਤੀ ਗਈ। 1852 ਤੋਂ ਹੀ ਨਿਊਜ਼ੀਲੈਂਡ ਵਿੱਚ ਧਰਮ ਦੀ ਆਜ਼ਾਦੀ ਅਤੇ ਰਾਜ ਦੀ ਧਰਮ ਨਿਰਪੱਖਤਾ ਦੀ ਪਰੰਪਰਾ ਰਹੀ ਹੈ।
ਮੌਜੂਦਾ ਸਮੇਂ (2023-2025 ਦੇ ਅੰਕੜਿਆਂ ਅਨੁਸਾਰ) ਆਬਾਦੀ ਵਿੱਚ ਸਭ ਤੋਂ ਵੱਧ ਲੋਕ ਆਪਣੇ ਆਪ ਨੂੰ ‘ਕੋਈ ਧਰਮ ਨਹੀਂ’ ਜਾਂ ਨਾਸਤਿਕ ਦੱਸਦੇ ਹਨ।
ਤਾਜ਼ਾ ਅੰਕੜੇ :
‘ਕੋਈ ਧਰਮ ਨਹੀਂ’ ਵਾਲੇ ਲੋਕ
51%
ਇਸਾਈ (ਸਾਰੇ ਸੰਪਰਦਾਇ)
37%
ਹਿੰਦੂ
2.9%
ਮੁਸਲਿਮ
1.5%
ਬੌਧ ਧਰਮ
1.1%
ਸਿੱਖ ਧਰਮ
1.1%

Loading