ਪ੍ਰੋਫ਼ੈਸਰ ਅਪੂਰਵਾਨੰਦ :
ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦਾ ਬਿਆਨ ਸੁਣ ਕੇ ਹਿੰਦੂਤਵੀ ਰਾਸ਼ਟਰਵਾਦੀਆਂ ਨੂੰ ਸ਼ਾਇਦ ਸਕੂਨ ਮਿਲਿਆ ਹੋਵੇ। ਉਸ ਨੇ 2ਬੀ-2 ਬੰਬਰ ਨਾਲ ਇਰਾਨ ਦੇ ਤਿੰਨ ਟਿਕਾਣਿਆਂ ’ਤੇ ਬੰਬ ਸੁੱਟਣ ਮਗਰੋਂ ਕਿਹਾ ਸੀ ਕਿ ਅਸੀਂ ਇਰਾਨ ’ਤੇ ਹਮਲਾ ਨਹੀਂ ਕੀਤਾ, ਨਾ ਹੀ ਉਸ ਦੀ ਫ਼ੌਜ ਜਾਂ ਸ਼ਹਿਰੀ ਥਾਵਾਂ ’ਤੇ। ਅਸੀਂ ਸਿਰਫ਼ ਉਸ ਦੇ ਪਰਮਾਣੂ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਹੈ। ਵੈਂਸ ਦਾ ਤਰਕ ਸੀ ਕਿ ਅਮਰੀਕਾ ਦੀ ਲੜਾਈ ਇਰਾਨ ਨਾਲ ਨਹੀਂ, ਸਗੋਂ ਉਸ ਦੇ ਪਰਮਾਣੂ ਪ੍ਰੋਗਰਾਮ ਨਾਲ ਹੈ। ਉਸ ਨੇ ਇਰਾਨ ਨੂੰ ਟਰੰਪ ਦੀ ਸ਼ਾਂਤੀ ਵਾਰਤਾ ਮੰਨਣ ਦੀ ਸਲਾਹ ਵੀ ਦਿੱਤੀ। ਇਹ ਬਿਆਨ ਭਾਰਤ ਸਰਕਾਰ ਦੀ ਉਸ ਸਫ਼ਾਈ ਵਰਗਾ ਲੱਗਦਾ ਹੈ, ਜਿਸ ਨੇ ਪਾਕਿਸਤਾਨ ਵਿੱਚ ਹਮਲੇ ਮਗਰੋਂ ਕਿਹਾ ਸੀ ਕਿ ਅਸੀਂ ਪਾਕਿਸਤਾਨ ’ਤੇ ਨਹੀਂ, ਸਿਰਫ਼ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ। ਪਰ ਜਿਵੇਂ ਪਾਕਿਸਤਾਨ ਨੇ ਭਾਰਤ ਦੀ ਗੱਲ ਨੂੰ ਨਕਾਰਿਆ, ਇਰਾਨ ਨੇ ਵੀ ਅਮਰੀਕਾ ਦੀ ਇਸ ਸਫ਼ਾਈ ਨੂੰ ਰੱਦ ਕਰ ਦਿੱਤਾ। ਪਾਕਿਸਤਾਨ ਨੇ ਭਾਰਤੀ ਜਹਾਜ਼ ਫ਼ੁੰਡ ਸੁੱਟੇ ਤੇ ਡਰੋਨ ਨਾਲ ਭਾਰਤੀ ਸਰਹੱਦ ਵਿੱਚ ਬੰਬ ਸੁੱਟੇ। ਇਰਾਨ ਨੇ ਅਮਰੀਕਾ ਨੂੰ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ। ਕੁਝ ਅਮਰੀਕੀ ਮੰਨਦੇ ਹਨ ਕਿ ਟਰੰਪ ਨੇ ਇਹ ਹਮਲੇ ਕਰ ਕੇ ਇਜ਼ਰਾਇਲ ਨੂੰ ਬਹਾਨਾ ਦਿੱਤਾ ਕਿ ਹੁਣ ਉਹ ਪਿੱਛੇ ਹਟ ਜਾਵੇ। ਇਜ਼ਰਾਇਲ ਦਾ ਮਕਸਦ ਇਰਾਨ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕਣਾ ਸੀ, ਜੋ ਅਮਰੀਕਾ ਨੇ ਕਰ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਤਿੰਨ ਟਿਕਾਣਿਆਂ ’ਤੇ ਬੰਬ ਸੁੱਟ ਕੇ ਇਰਾਨ ਦੀ ਪਰਮਾਣੂ ਸਮਰੱਥਾ ਖਤਮ ਕਰ ਦਿੱਤੀ। ਪਰ ਰੱਖਿਆ ਮਾਹਿਰ ਕਹਿੰਦੇ ਹਨ ਕਿ ਇਨ੍ਹਾਂ ਹਮਲਿਆਂ ਨਾਲ ਇਰਾਨ ਦੀ ਸਮਰੱਥਾ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਜਿਵੇਂ ਭਾਰਤ ਦੇ ਹਮਲੇ ਸਿਰਫ਼ ਪ੍ਰਤੀਕਾਤਮਕ ਸਨ।
ਫ਼ਰਕ ਇਹ ਹੈ ਕਿ ਭਾਰਤ ਨੇ ਆਪਣੀ ਹਿੰਦੂਤਵਵਾਦੀ ਜਨਤਾ ਨੂੰ ਖੁਸ਼ ਕੀਤਾ, ਜਦਕਿ ਅਮਰੀਕਾ ਨੇ ਨੇਤਨਯਾਹੂ ਨੂੰ। ਨੇਤਨਯਾਹੂ ਸ਼ੁਰੂ ਤੋਂ ਅਮਰੀਕਾ ਨੂੰ ਇਰਾਨ ’ਤੇ ਬੰਬ ਸੁੱਟਣ ਲਈ ਉਕਸਾਉਂਦਾ ਰਿਹਾ। ਟਰੰਪ ਪਹਿਲਾਂ ਝਿਜਕਿਆ, 15 ਦਿਨਾਂ ਦੀ ਮੋਹਲਤ ਮੰਗੀ, ਪਰ ਉਸੇ ਰਾਤ ਬੰਬਰ ਜਹਾਜ਼ ਭੇਜ ਦਿੱਤੇ। ਹਮਲਿਆਂ ਮਗਰੋਂ ਪੱਛਮੀ ਦੇਸ਼ਾਂ ਨੇ ਇਰਾਨ ਨੂੰ ਸ਼ਾਂਤੀ ਅਪਣਾਉਣ ਲਈ ਕਿਹਾ। ਭਾਰਤ ਸਰਕਾਰ ਨੇ ਵੀ ਇਸੇ ਤਰ੍ਹਾਂ ਇਰਾਨ ਨੂੰ ਹੀ ਸੰਜਮ ਵਰਤਣ ਦੀ ਸਲਾਹ ਦਿੱਤੀ, ਨਾ ਕਿ ਇਜ਼ਰਾਇਲ ਜਾਂ ਅਮਰੀਕਾ ਨੂੰ। ਕੀ ਸਿਰਫ਼ ਇਰਾਨ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕਣਾ ਮਕਸਦ ਸੀ?
ਨੇਤਨਯਾਹੂ ਨੇ ਸਾਫ਼ ਕਿਹਾ ਕਿ ਉਸ ਦਾ ਟੀਚਾ ਇਰਾਨ ਵਿੱਚ ਸੱਤਾ ਬਦਲਣਾ ਹੈ। ਉਸ ਨੇ ਇਰਾਨ ਦੇ ਫ਼ੌਜੀ ਅਫ਼ਸਰਾਂ ਦੀ ਹੱਤਿਆ ਕੀਤੀ ਤੇ ਸੁਪਰੀਮ ਲੀਡਰ ਅਯਾਤੁੱਲਾ ਖ਼ਾਮਨੇਈ ਨੂੰ ਮਾਰਨ ਦੀ ਧਮਕੀ ਦਿੱਤੀ। ਟਰੰਪ ਨੇ ਵੀ ਖ਼ਾਮਨੇਈ ਦੀ ਹੱਤਿਆ ਦੀ ਗੱਲ ਕੀਤੀ। ਗਿਦਓਨ ਲੇਵੀ ਪੁੱਛਦਾ ਹੈ ਕਿ ਕੀ ਕਿਸੇ ਦੇਸ਼ ਨੂੰ ਦੂਜੇ ਦੇਸ਼ ਦੇ ਮੁਖੀ ਦੀ ਹੱਤਿਆ ਕਰਨ ਦਾ ਹੱਕ ਹੈ? ਕੀ ਸੱਤਾ ਪਲਟਣ ਦਾ ਹੱਕ ਹੈ? ਜੇ ਟਰੰਪ ਇਹ ਕਹਿ ਸਕਦਾ ਹੈ, ਤਾਂ ਕੀ ਕੋਈ ਟਰੰਪ ਬਾਰੇ ਨਹੀਂ ਕਹਿ ਸਕਦਾ? ਜੇ ਨੇਤਨਯਾਹੂ ਖ਼ਾਮਨੇਈ ਦੀ ਹੱਤਿਆ ਦੀ ਗੱਲ ਕਰ ਸਕਦਾ ਹੈ, ਤਾਂ ਕੀ ਨੇਤਨਯਾਹੂ ਦੀ ਹੱਤਿਆ ਬਾਰੇ ਗੱਲ ਕਿਉਂ ਨਹੀਂ ਹੋ ਸਕਦੀ? ਲੇਵੀ ਅੱਗੇ ਪੁੱਛਦਾ ਹੈ ਕਿ ਕਿਹੜੇ ਵਿਗਿਆਨੀਆਂ ਦੀ ਹੱਤਿਆ ਜਾਇਜ਼ ਹੈ? ਇਰਾਨੀ ਪਰਮਾਣੂ ਵਿਗਿਆਨੀਆਂ ਦੀ ਹੀ ਕਿਉਂ? ਇਜ਼ਰਾਇਲੀ ਵਿਗਿਆਨੀਆਂ ਦੀ ਕਿਉਂ ਨਹੀਂ? ਉਹ ਲਿਖਦਾ ਹੈ ਕਿ ਕਿਸੇ ਵੀ ਧਿਰ ਵੱਲੋਂ ਰਾਸ਼ਟਰਪਤੀਆਂ ਦੀ ਹੱਤਿਆ ਦੀ ਮੰਗ ਗ਼ਲਤ ਹੈ। ਨੇਤਨਯਾਹੂ ਗਾਜ਼ਾ ਵਿੱਚ ਹਜ਼ਾਰਾਂ ਮੌਤਾਂ ਲਈ ਜ਼ਿੰਮੇਵਾਰ ਹੈ। ਕੀ ਉਸ ਦੀ ਹੱਤਿਆ ਦੀ ਮੰਗ ਜਾਇਜ਼ ਹੈ?
ਕਈ ਇਜ਼ਰਾਇਲੀ ਸੋਚਦੇ ਹਨ ਕਿ ਉਹ ਤਾਨਾਸ਼ਾਹ ਹੈ, ਦੇਸ਼ ਨੂੰ ਤਬਾਹ ਕਰ ਰਿਹਾ ਹੈ। ਪਰ ਉਸ ਦੀ ਹੱਤਿਆ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ।”
ਅਫ਼ਸੋਸ, ਇਹ ਸਵਾਲ ਕੋਈ ਨਹੀਂ ਪੁੱਛ ਰਿਹਾ ਕਿ ਇਜ਼ਰਾਇਲ ਨੂੰ ਪਰਮਾਣੂ ਬੰਬ ਰੱਖਣ ਦਾ ਹੱਕ ਕਿਉਂ, ਤੇ ਇਰਾਨ ਨੂੰ ਨਹੀਂ?
ਪਿਛਲੇ 40 ਸਾਲਾਂ ਵਿੱਚ ਇਜ਼ਰਾਈਲ ਨੇ ਜਿੰਨੀਆਂ ਜੰਗਾਂ ਲੜੀਆਂ, ਇਰਾਨ ਨੇ ਨਹੀਂ। ਫ਼ਿਰ ਵੱਡਾ ਖ਼ਤਰਾ ਕੌਣ ਹੈ?
ਇਜ਼ਰਾਇਲ ਨੂੰ ਹਥਿਆਰ-ਮੁਕਤ ਕਿਉਂ ਨਹੀਂ ਕੀਤਾ ਜਾਂਦਾ? ਇਹ ਸਵਾਲ ਕੁਝ ਇਜ਼ਰਾਇਲੀ ਬੁੱਧੀਜੀਵੀ ਚੁੱਕ ਰਹੇ ਹਨ, ਪਰ ਦੂਜੇ ਦੇਸ਼ਾਂ ਵਿੱਚ ਇਹ ਚਰਚਾ ਨਹੀਂ। ਭਾਰਤ ਵਰਗੇ ਦੇਸ਼ ਵੀ ਇਹ ਸਵਾਲ ਨਹੀਂ ਪੁੱਛ ਰਹੇ। ਅਮਰੀਕਾ ਨੂੰ ਇਕਪਾਸੜ ਤਰੀਕੇ ਨਾਲ ਫ਼ੈਸਲੇ ਦਾ ਹੱਕ ਦੇ ਦਿੱਤਾ ਗਿਆ ਕਿ ਕਿਹੜਾ ਦੇਸ਼ ਹਮਲਾ ਕਰੇਗਾ, ਕੌਣ ਪਰਮਾਣੂ ਊਰਜਾ ਵਿਕਸਤ ਕਰ ਸਕਦਾ ਹੈ। ਕੀ ਹੁਣ ਇਹ ਤੈਅ ਹੈ ਕਿ ਜਿਸ ਕੋਲ ਜ਼ਿਆਦਾ ਬੰਬ ਹੋਣਗੇ, ਉਹ ਦੁਨੀਆ ’ਤੇ ਰਾਜ ਕਰੇਗਾ? ਕੀ ਰਾਸ਼ਟਰਾਂ ਦੀ ਅਜ਼ਾਦੀ ਤੇ ਪ੍ਰਭੂਸਤਾ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ?
![]()
