ਡਾ. ਅਨੁਰਾਗ ਸਿੰਘ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਵੀ ਹੱਥ-ਲਿਖਤ ਪਾਵਨ ਸਰੂਪ ਗਾਇਬ ਹੋਣ ਦਾ ਦਾਅਵਾ

In ਮੁੱਖ ਖ਼ਬਰਾਂ
January 06, 2026

ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਤੇ ਲੰਮਾ ਸਮਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਰਹੇ ਡਾ. ਅਨੁਰਾਗ ਸਿੰਘ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਜਿਹੜੀਆਂ ਬੀੜਾਂ ਪਾਵਨ ਸਰੂਪ ਘਟੇ ਸਨ, ਉਸ ਦਾ ਕੇਸ ਵੀ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਜਿਸ ਦੀ ਅਗਲੀ ਤਰੀਕ 14 ਜਨਵਰੀ ਹੈ। ਉਨ੍ਹਾਂ ਨਿੱਜੀ ਚੈਨਲ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਮਰਹੂਮ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਪਣੇ ਖੋਜ ਕਾਰਜ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਹੱਥ ਲਿਖਤ ਪਾਵਨ ਸਰੂਪ ਉਥੋਂ ਲੈ ਕੇ ਗਏ ਸਨ।
ਉਨ੍ਹਾਂ ਕਿਹਾ ਕਿ ਜੂਨ 1984 ਦੌਰਾਨ ਭਾਰਤੀ ਫ਼ੌਜ ਪਹਿਲਾਂ ਉਥੋਂ ਸਾਰਾ ਰਿਕਾਰਡ ਲੈ ਗਈ ਸੀ, ਜਿਸ ਵਿੱਚ ਹੱਥ ਲਿਖਤ ਸਰੂਪ ਵੀ ਸਨ। ਜਦੋਂ ਫ਼ੌਜ ਵੱਲੋਂ ਸਰੂਪ ਵਾਪਸ ਦਿੱਤੇ ਗਏ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ 519 ਸਰੂਪ ਮੌਜੂਦ ਸਨ ਜਿਸ ਵਿਚੋਂ 205 ਸਰੂਪ ਸ਼੍ਰੋਮਣੀ ਕਮੇਟੀ ਮੁਤਾਬਕ ਉਥੇ ਹਨ ਅਤੇ ਬਾਕੀ 314 ਹੱਥ ਲਿਖਤ ਪਾਵਨ ਸਰੂਪ ਉਥੋਂ ਕਿੱਥੇ ਗਏ, ਇਸ ਦਾ ਰਿਕਾਰਡ ਵੀ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ। 205 ਸਰੂਪਾਂ ਵਿਚੋਂ ਇੱਕ ਵੀ ਸਰੂਪ ਨਹੀਂ ਦੇਖਿਆ।
ਉਨ੍ਹਾਂ ਕਿਹਾ ਕਿ ਜੂਨ 2019 ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਘਟੇ ਪਾਵਨ ਸਰੂਪਾਂ ਦਾ ਮਾਮਲਾ ਇੱਕ ਵਾਰ ਫਿਰ ਉੱਭਰ ਕੇ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ 13 ਜੂਨ 2019 ਨੂੰ ਮੀਟਿੰਗ ਰੱਖੀ ਗਈ ਜਿਸ ਵਿੱਚ ਗਿਆਨੀ ਵੇਦਾਂਤੀ ਨੇ ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਵੱਲੋਂ ਕੋਈ ਵੀ ਪਾਵਨ ਸਰੂਪ ਉਥੋਂ ਨਹੀਂ ਲਿਆ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤਾਂ ਵਾਲੇ ਪਾਵਨ ਸਰੂਪ ਵੀ ਉਥੇ ਨਹੀਂ ਹੈ, ਇੱਥੋਂ ਤੱਕ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਦਰਜ ਬਾਣੀ ਵਾਲੇ ਪਾਵਨ ਸਰੂਪ ਜਿੱਥੇ ਗੁਰੂ ਸਾਹਿਬ ਦੇ ਦਸਤਖਤ ਸਨ, ਉਹ ਵੀ ਉਥੇ ਨਹੀਂ ਹੈ।
ਇਹ ਮਾਮਲਾ ਸਭ ਤੋਂ ਪਹਿਲਾਂ 2006 ਵਿੱਚ ਸਾਹਮਣੇ ਆਇਆ ਸੀ। ਜਦੋਂ ਕੈਨੇਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੀਰਤਨ ਕੱਢਿਆ ਤਾਂ ਹੱਥ ਲਿਖਤ ਸਰੂਪ ਉਥੇ ਗਿਆ ਜੋ ਕਿ ਗ਼ੈਰ ਕਾਨੂੰਨੀ ਹੈ, ਵਿਵਾਦ ਤੋਂ ਬਾਅਦ ਇਹ ਕਿਹਾ ਗਿਆ ਕਿ ਇਹ ਇਤਿਹਾਸਕ ਨਹੀਂ ਪੁਰਾਤਨ ਹੱਥ ਲਿਖਤ ਸਰੂਪ ਹੈ। ਡਾ. ਅਨੁਰਾਗ ਸਿੰਘ ਨੇ ਕਿਹਾ ਕਿ 1999 ਤੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ ਹੁਣ ਸਰੀਰ ਵੀ ਇਜਾਜ਼ਤ ਨਹੀਂ ਦੇ ਰਿਹਾ, ਇਸ ਕੇਸ ਦੀ ਅਦਾਲਤ ਵਿੱਚ 14 ਜਨਵਰੀ ਨੂੰ ਅਗਲੀ ਤਰੀਕ ਹੈ।

Loading