ਪੰਜਾਬ ’ਚ ‘ਉਦਯੋਗਿਕ ਕ੍ਰਾਂਤੀ’ ਲਿਆਉਣ ਦੀ ਲੋੜ

In ਪੰਜਾਬ
December 24, 2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਕਰਕੇ ਪੰਜਾਬ ਪਰਤ ਆਏ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਪਾਨ ਤੇ ਦੱਖਣੀ ਕੋਰੀਆ ਦੇ ਸਨਅਤਕਾਰਾਂ ਅੱਗੇ ਪੰਜਾਬ ਨੂੰ ਦੁਨੀਆ ਭਰ ਵਿੱਚ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ, ਜਿਸ ਨੂੰ ਵੇਖਦਿਆਂ ਦੋਵਾਂ ਦੇਸ਼ਾਂ ਦੀ ਵਿਸ਼ਵ ਪ੍ਰਸਿੱਧ ਕੰਪਨੀਆਂ ਨੇ ਪੰਜਾਬ ਵਿੱਚ ਆਈ ਟੀ, ਮੈਡੀਕਲ, ਖੇਤੀਬਾੜੀ, ਖੋਜ ਤੇ ਬਾਗ਼ਬਾਨੀ ਖੇਤਰਾਂ ’ਚ ਨਿਵੇਸ਼ ਦੀ ਦਿਲਚਸਪੀ ਦਿਖਾਈ ਹੈ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੁਜ਼ਗਾਰ ਮਿਲੇਗਾ।ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੋਹਾਲੀ ਨੂੂੰ ਵੱਡੇ ਆਈ ਟੀ ਹੱਬ ਵਜੋਂ ਵਿਕਸਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿੱਥੇ ਖੋਜ ਤੇ ਵਿਕਾਸ ਅਤੇ ਹੁਨਰਮੰਦ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਜਪਾਨ ਅਤੇ ਦੱਖਣੀ ਕੋਰੀਆ ਦੀਆਂ ਕਈ ਕੰਪਨੀਆਂ ਨੇ ਵੀ ਮੋਹਾਲੀ ਵਿੱਚ ਵੱਡੇ ਪ੍ਰਾਜੈਕਟ ਲਗਾਉਣ ਲਈ ਹਾਮੀ ਭਰੀ ਹੈ।ਮੁੱਖ ਮੰਤਰੀ ਨੇ ਕਿਹਾ ਹੈ ਕਿ ਜਪਾਨ ਤੇ ਦੱਖਣੀ ਕੋਰੀਆ ਦੀਆਂ ਕੰਪਨੀਆਂ ਵੱਲੋਂ ਪਰਾਲੀ ਨਾਲ ਬਾਇਓਗੈਸ ਬਣਾਉਣ ਦੇ ਨਾਲ-ਨਾਲ ਇਸ ਦੀ ਹੋਰ ਪ੍ਰਾਜੈਕਟਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਸੂਬਾ ਸਰਕਾਰ ਵੱਲੋਂ ਪਰਾਲੀ ਨਾਲ ਸਬੰਧਿਤ ਸਨਅਤਾਂ ਨੂੂੰ ਪੰਜਾਬ ਵਿੱਚ ਆਉਣ ਦਾ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਹੈ। ਪੰਜਾਬ ਵਿੱਚ ਹਰ ਸਾਲ 5 ਕਰੋੜ ਟਨ ਤੋਂ ਵੱਧ ਪਰਾਲੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਵਧੇਰੇ ਆਮਦਨ ਹੋਵੇਗੀ ਤੇ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ’ਤੇ ਵੀ ਨੱਥ ਪਾਈ ਜਾ ਸਕੇਗੀ।
ਜੇ ਸੱਚਮੁੱਚ ਜਪਾਨ ਅਤੇ ਦੱਖਣੀ ਕੋਰੀਆ ਦੀਆਂ ਅਨੇਕਾਂ ਵੱਡੀਆਂ ਕੰਪਨੀਆਂ ਪੰਜਾਬ ’ਚ ਨਿਵੇਸ਼ ਕਰਦੀਆਂ ਹਨ ਤਾਂ ਇਸ ਨਾਲ ਪੰਜਾਬ ਨੂੰ ਵੱਡਾ ਵਿੱਤੀ ਫਾਇਦਾ ਹੋਵੇਗਾ ਅਤੇ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ, ਜਿਸ ਕਾਰਨ ਉਹਨਾਂ ਨੂੰ ਰੁਜ਼ਗਾਰ ਲਈ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ। ਪੰਜਾਬ ਵਿੱਚ ਚੰਗਾ ਕੰਮ ਮਿਲਣ ਨਾਲ ਪੰਜਾਬੀ ਨੌਜਵਾਨ ਪੰਜਾਬ ’ਚ ਆਪਣੇ ਪਰਿਵਾਰਾਂ ਨਾਲ ਆਪਣੇ ਘਰਾਂ ਵਿੱਚ ਹੀ ਰਹਿਣਗੇ।
ਇਸ ਤੋਂ ਪਹਿਲਾਂ ਕੈਨੇਡਾ ਅਤੇ ਭਾਰਤ ਵਿਚਾਲੇ ਵਪਾਰਕ ਸਮਝੌਤਾ ਹੋਣ ਦੀਆਂ ਖ਼ਬਰਾਂ ਵੀ ਆਈਆਂ ਸਨ ਅਤੇ ਭਾਰਤ ਦੇ ਅਮਰੀਕਾ ਨਾਲ ਵਪਾਰਕ ਸਮਝੌਤੇ ਸਬੰਧੀ ਵੀ ਗੱਲਬਾਤ ਚੱਲ ਰਹੀ ਹੈ। ਇਸ ਦਾ ਵੀ ਹਾਂਪੱਖੀ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ। ਜੇ ਕੈਨੇਡਾ ਅਤੇ ਅਮਰੀਕਾ ਨਾਲ ਭਾਰਤ ਦੇ ਵਪਾਰਕ ਸਮਝੌਤੇ ਹੋ ਜਾਂਦੇ ਹਨ ਤਾਂ ਇਹਨਾਂ ਸਮਝੌਤਿਆਂ ਨਾਲ ਪੰਜਾਬ ਨੂੰ ਵੀ ਫਾਇਦਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਖੇਡਾਂ ਅਤੇ ਚਮੜੇ ਦਾ ਬਹੁਤ ਸਮਾਨ ਬਣਦਾ ਹੈ। ਜਲੰਧਰ ਨੇੜੇ ਕਰਤਾਰਪੁਰ ਵਿੱਚ ਲੱਕੜ ਦਾ ਫਰਨੀਚਰ ਅਤੇ ਸ਼ੀਸ਼ੇ ਦਾ ਫਰਨੀਚਰ ਤੇ ਸ਼ੀਸ਼ੇ ਦਾ ਹੋਰ ਸਮਾਨ, ਲੁਧਿਆਣਾ ਸ਼ਹਿਰ ਵਿੱਚ ਕੱਪੜਾ, ਸਾਈਕਲ, ਆਟੋ ਸਪੇਅਰ ਪਾਰਟਸ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਬਣਦਾ ਹੈ। ਮੋਹਾਲੀ ਸ਼ਹਿਰ ਨੂੰ ਤਾਂ ਆਈ. ਟੀ. ਹੱਬ ਕਿਹਾ ਜਾਂਦਾ ਹੈ, ਜਿਥੇ ਕਿ ਅਨੇਕਾਂ ਕਿਸਮ ਦਾ ਸਮਾਨ ਬਣਦਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਕਈ ਕਿਸਮ ਦਾ ਸਮਾਨ ਬਣਦਾ ਹੈ। ਜੇ ਕੈਨੇਡਾ ਅਤੇ ਅਮਰੀਕਾ ਨਾਲ ਭਾਰਤ ਦੇ ਵਪਾਰਕ ਸਮਝੌਤੇ ਹੋ ਜਾਂਦੇ ਹਨ ਤਾਂ ਇਹਨਾਂ ਸਮਝੌਤਿਆਂ ਤਹਿਤ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਵਿੱਚ ਬਣਦਾ ਸਮਾਨ ਵੀ ਕੈਨੇਡਾ ਅਤੇ ਅਮਰੀਕਾ ਵਿੱਚ ਵੇਚਣ ਲਈ ਭੇਜਿਆ ਜਾ ਸਕਦਾ ਹੈ। ਭਾਵੇਂ ਕਿ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਤੋਂ ਪਹਿਲਾਂ ਹੀ ਵਿਦੇਸ਼ਾਂ ਨੂੰ ਸਮਾਨ ਭੇਜਿਆ ਜਾਂਦਾ ਹੈ ਪਰ ਇਸ ਸਮਝੌਤੇ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਨੂੰ ਭੇਜੇ ਜਾਣ ਵਾਲੇ ਸਮਾਨ ਦੀ ਮਾਤਰਾ ਵਿੱਚ ਵਾਧਾ ਹੋ ਸਕਦਾ ਹੈ। ਜਿਸ ਨਾਲ ਪੰਜਾਬ ਨੂੰ ਫਾਇਦਾ ਹੋ ਸਕਦਾ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕਦਾ ਹੈ।
ਕੈਨੇਡਾ ਅਤੇ ਅਮਰੀਕਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬੀਆਂ ਸਣੇ ਭਾਰਤੀ ਰਹਿੰਦੇ ਹਨ। ਅਕਸਰ ਉਹ ਪੰਜਾਬ ਸਮੇਤ ਭਾਰਤ ਵਿੱਚ ਬਣੇ ਕੱਪੜੇ ਅਤੇ ਹੋਰ ਸਮਾਨ ਨੂੰ ਖਰੀਦਣ ਨੂੰ ਤਰਜੀਹ ਦਿੰਦੇ ਹਨ। ਜੇ ਕੈਨੇਡਾ ਅਤੇ ਅਮਰੀਕਾ ਨਾਲ ਭਾਰਤ ਦੇ ਵਪਾਰਕ ਸਮਝੌਤੇ ਹੋ ਜਾਂਦੇ ਹਨ ਤਾਂ ਪੰਜਾਬ ਤੋਂ ਵੀ ਕਾਫ਼ੀ ਮਾਤਰਾ ਵਿੱਚ ਸਮਾਨ ਕੈਨੇਡਾ ਅਤੇ ਅਮਰੀਕਾ ਜਾਣ ਦੇ ਆਸਾਰ ਬਣ ਸਕਦੇ ਹਨ, ਜੋ ਕਿ ਉਥੇ ਰਹਿੰਦੇ ਪੰਜਾਬੀਆਂ ਅਤੇ ਭਾਰਤ ਦੇ ਹੋਰ ਰਾਜਾਂ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਸਕਦੇ ਹਨ।
ਜੇ ਜਪਾਨ ਅਤੇ ਦੱਖਣੀ ਕੋਰੀਆਂ ਦੀਆਂ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਵੱਡੇ ਉਦਯੋਗ ਲਗਾ ਲੈਣਗੀਆਂ ਤਾਂ ਪੰਜਾਬੀਆਂ ਨੂੰ ਵੱਡੇ ਪੱਧਰ ’ਤੇ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ। ਵਿਸ਼ਵ ਦੇ ਵੱਖ- ਵੱਖ ਮੁਲਕਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਵੀ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ੀ ਕੰਪਨੀਆਂ ਅਤੇ ਐਨ.ਆਰ.ਆਈ.ਪੰਜਾਬੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਲਈ ਢੁਕਵਾਂ ਮਾਹੌਲ ਮੁਹੱਈਆ ਕਰਵਾਏ ਤਾਂ ਕਿ ਉਹਨਾਂ ਨੂੰ ਪੰਜਾਬ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਾ ਆ ਸਕੇ।

Loading