ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਪ੍ਰਕਾਸ਼ ਕੌਰ

ਅੰਗਰੇਜ਼ ਸਿੰਘ ਵਿਰਦੀ

ਪ੍ਰਕਾਸ਼ ਕੌਰ ਪੰਜਾਬੀ ਲੌਕ ਗਾਇਕੀ ਦਾ ਇਕ ਐਸਾ ਚਿਹਰਾ ਸਨ ਜਿਨ੍ਹਾਂ ਨੇ ਤਕਰੀਬਨ 40 ਸਾਲ ਤੱਕ ਆਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਸੰਗੀਤ ਦੀ ਭਰਪੂਰ ਸੇਵਾ ਕੀਤੀ ਅਤੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਅਦਬ ਨੂੰ ਸੰਗੀਤ ਦੇ ਮਾਧਿਅਮ ਰਾਹੀਂ ਘਰ ਘਰ ਪਹੁੰਚਾਉਣ ਦਾ ਸ਼ਲਾਘਾਯੋਗ ਕੰਮ ਕੀਤਾ। ਬੇਸ਼ੱਕ ਪ੍ਰਕਾਸ਼ ਕੌਰ ਨਾ ਤਾਂ ਕਿਸੇ ਸੰਗੀਤਕ ਘਰਾਣੇ ਨਾਲ ਸੰਬੰਧਿਤ ਸੀ ਅਤੇ ਨਾ ਹੀ ਉਨ੍ਹਾਂ ਨੇ ਬਾਕਾਇਦਾ ਸੰਗੀਤ ਦੀ ਕੋਈ ਤਾਲੀਮ ਹਾਸਿਲ ਕੀਤੀ ਸੀ ਪਰ ਉਨ੍ਹਾਂ ਦੀ ਆਵਾਜ਼ ਵਿਚ ਬੇਹੱਦ ਕਸ਼ਿਸ਼ ਅਤੇ ਸੁਰੀਲਾਪਣ ਸੀ ਅਤੇ ਉਹ ਕਿਸੇ ਵੀ ਔਖੀ ਤਰਜ਼ ਨੂੰ ਅਤੇ ਹਰ ਤਰ੍ਹਾਂ ਦੇ ਗੀਤ ਨੂੰ ਬੜੇ ਸੌਖਿਆ ਹੀ ਨਿਭਾਅ ਲੈਂਦੇ ਸਨ। ਉਨ੍ਹਾਂ ਦੀ ਆਵਾਜ਼ ਰੱਬ ਵਲੋਂ ਬਖ਼ਸ਼ੀ ਇਕ ਅਨਮੋਲ ਦਾਤ ਸੀ। ਪ੍ਰਕਾਸ਼ ਕੌਰ ਵਲੋਂ ਗਾਏ ਅਣਗਿਣਤ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਕੰਨਾਂ ਵਿਚ ਮਧੁਰ ਰਸ ਘੋਲਦੇ ਹਨ। ਆਪਣੀ ਛੋਟੀ ਭੈਣ ਪੰਜਾਬ ਦੀ ਕੋਇਲ ਕਰਕੇ ਜਾਣੀ ਜਾਣ ਵਾਲੀ ਮਹਾਨ ਗਾਇਕਾ ਸੁਰਿੰਦਰ ਕੌਰ ਨਾਲ ਇਕੱਠਿਆਂ ਰਲ ਕੇ ਪ੍ਰਕਾਸ਼ ਕੌਰ ਨੇ ਪੰਜਾਬੀ ਸੱਭਿਆਚਾਰਕ ਗੀਤ ਜਿਨ੍ਹਾਂ ਵਿਚ ਵਿਆਹਾਂ ਦੇ ਗੀਤ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪੇ, ਮਾਹੀਏ, ਢੋਲੇ, ਲੋਕ-ਬੋਲੀਆਂ ਗਾਏ ਜਿਨ੍ਹਾਂ ਦੀ ਮਕਬੂਲੀਅਤ ਅੱਜ ਵੀ ਕਾਇਮ ਹੈ ਅਤੇ ਇਨ੍ਹਾਂ ਵਲੋਂ ਗਾਏ ਬਹੁਤ ਸਾਰੇ ਗੀਤਾਂ ਨੂੰ ਅੱਜ ਪੰਜਾਬੀ ਸੱਭਿਆਚਾਰ, ਅਦਬ ਅਤੇ ਪੰਜਾਬੀ ਸੰਗੀਤ ਵਿਚ ਲੋਕ ਗੀਤਾਂ ਜਿੰਨਾ ਦਰਜਾ ਹਾਸਿਲ ਹੈ।

ਜਨਮ ਅਤੇ ਪਰਿਵਾਰਿਕ ਪਿਛੋਕੜ : ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਚ 19 ਸਤੰਬਰ ਸੰਨ 1919 ਈ. ਨੂੰ ਲਾਹੌਰ ਦੇ ਅੰਦਰੂਨੀ ਹਿੱਸੇ ਭੱਟੀ ਗੇਟ ਦੇ ਰਹਿਣ ਵਾਲੇ ਸਹਿਜਧਾਰੀ ਸਿੱਖ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਇਕ ਬੱਚੀ ਨੇ ਜਨਮ ਲਿਆ, ਜਿਸ ਦਾ ਨਾਂਅ ਮਾਪਿਆ ਪ੍ਰਕਾਸ਼ ਕੌਰ ਰੱਖਿਆ। 4 ਭੈਣਾਂ ਮਹਿੰਦਰ ਕੌਰ, ਸੁਰਿੰਦਰ ਕੌਰ, ਨਰਿੰਦਰ ਕੌਰ, ਮਨਜੀਤ ਕੌਰ ਅਤੇ 5 ਭਰਾਵਾਂ ਨਾਲੋਂ ਸਭ ਤੋਂ ਵੱਡੀ ਭੈਣ ਪ੍ਰਕਾਸ਼ ਨੂੰ ਨਿੱਕੇ ਹੁੰਦੇ ਤੋਂ ਹੀ ਸੰਗੀਤ ਨਾਲ ਲਗਾਓ ਸੀ। ਘਰ ਦਿਆਂ ਤੋਂ ਛੁਪ ਛੁਪ ਕੇ ਉਸ ਨੂੰ ਗਲੀ-ਗੁਆਂਢ ‘ਚ ਹੋਣ ਵਾਲੇ ਵਿਆਹਾਂ ਮੌਕੇ ਘਰ ਵਿਚ ਔਰਤਾਂ ਵਲੋਂ ਬੈਠਾਏ ਜਾਂਦੇ ਗਾਉਣ ਵਿਚ ਸ਼ਾਮਿਲ ਹੋਣਾ ਚੰਗਾ ਲੱਗਦਾ ਸੀ। ਉੱਥੇ ਉਹ ਰਬਾਬੀ ਔਰਤਾਂ ਨੂੰ ਗੀਤ ਗਾਉਂਦਿਆਂ ਸੁਣਦੀ ਜੋ ਉਸ ਦੇ ਮਨ ਨੂੰ ਟੁੰਬਦੇ। ਉਨ੍ਹਾਂ ਗੀਤਾਂ ਨੂੰ ਸੁਣ ਕੇ ਹੌਲੀ-ਹੌਲੀ ਪ੍ਰਕਾਸ਼ ਵੀ ਗੁਣਗਣਾਉਣ ਲੱਗੀ। ਫਿਰ ਉਹ ਵਿਆਹ-ਸ਼ਾਦੀਆਂ ‘ਤੇ ਹੁੰਦੇ ਲੇਡੀ ਸੰਗੀਤ ਵਿਚ ਔਰਤਾਂ ਨਾਲ ਰਲ ਐਸੇ ਗੀਤ ਗਾਉਣ ਲੱਗੀ ਕਿ ਉੱਥੇ ਮੌਜੂਦ ਸਭ ਔਰਤਾਂ, ਕੁੜੀਆਂ ਚਿੜੀਆਂ ਅਤੇ ਬਜ਼ੁਰਗ ਮਾਤਾਵਾਂ ਉਸਦੀ ਟੁਣਕਦੀ ਆਵਾਜ਼ ਦੇ ਜਾਦੂ ਨਾਲ ਕੀਲੀਆਂ ਜਾਂਦੀਆਂ। ਇਸ ਤਰ੍ਹਾਂ ਗਲੀ-ਗੁਆਂਢ ਦੇ ਵਿਆਹ-ਸ਼ਾਦੀਆਂ ਦੇ ਮੌਕੇ ‘ਤੇ ਪ੍ਰਕਾਸ਼ ਕੌਰ ਦੀ ਲੇਡੀ ਸੰਗੀਤ ਵਿਚ ਹਾਜ਼ਰੀ ਜ਼ਰੂਰੀ ਸਮਝੀ ਜਾਣ ਲੱਗੀ ਅਤੇ ਸੰਗੀਤ ਵਿਚ ਪ੍ਰਕਾਸ਼ ਦੀ ਰੁਚੀ ਹੋਰ ਵੱਧਣ ਲੱਗੀ। ਸ਼ੁਰੂ-ਸ਼ੁਰੂ ਵਿਚ ਪ੍ਰਕਾਸ਼ ਕੌਰ ਨੂੰ ਗਾਉਣ ਲਈ ਆਪਣੇ ਘਰਦਿਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਇਸੇ ਕਰਕੇ ਪ੍ਰਕਾਸ਼ ਕੌਰ ਦਾ 15 ਸਾਲ ਦੀ ਛੋਟੀ ਉਮਰ ਵਿਚ ਹੀ ਵਿਆਹ ਕਰ ਦਿੱਤਾ ਗਿਆ ਸੀ। ਇੰਡੀਅਨ ਰੇਲਵੇ ਵਿਚ ਬਤੌਰ ਇਲੈੱਕਟ੍ਰੀਕਲ ਇੰਜੀਨੀਅਰ ਸ. ਹਰਬੰਸ ਸਿੰਘ ਸੂਰੀ ਜੋ ਕਿ ਲਾਹੌਰ ਦੇ ਹੀ ਵਾਸੀ ਸਨ ਤੇ ਲਾਹੌਰ ਹੀ ਇਨ੍ਹਾਂ ਦੀ ਪੋਸਟਿੰਗ ਸੀ ਨਾਲ ਪ੍ਰਕਾਸ਼ ਕੌਰ ਦਾ ਵਿਆਹ ਹੋਇਆ। ਹਰਬੰਸ ਸਿੰਘ ਸੂਰੀ ਨੇ ਪ੍ਰਕਾਸ਼ ਕੌਰ ਨੂੰ ਗਾਇਕੀ ਦਾ ਆਪਣਾ ਸ਼ੌਕ ਕਾਇਮ ਰੱਖਣ ਵਿਚ ਉਨ੍ਹਾਂ ਦਾ ਭਰਭੂਰ ਸਾਥ ਦਿੱਤਾ ਅਤੇ ਹਮੇਸ਼ਾ ਉਤਸ਼ਾਹਿਤ ਕੀਤਾ।

ਰੇਡੀਓ ਤੋਂ ਗਾਇਕੀ ਦੀ ਸ਼ੁਰੂਆਤ : ਸੰਨ 1940 ਈ. ਵਿਚ ਪ੍ਰਕਾਸ਼ ਕੌਰ ਨੇ ਆਲ ਇੰਡੀਆ ਰੇਡੀਓ, ਲਾਹੌਰ ‘ਤੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਲਈ ਆਡੀਸ਼ਨ ਪਾਸ ਕੀਤਾ। ਸੰਨ 1941 ਵਿਚ ਪ੍ਰਕਾਸ਼ ਕੌਰ ਨੇ ਪਿਸ਼ਾਵਰ ਰੇਡੀਓ ਤੋਂ ਆਪਣਾ ਪਹਿਲਾ ਗੀਤ ਗਾਇਆ। ਉਹਨੀ ਦਿਨੀਂ ਰੇਡੀਓ ਤੋਂ ਸਿੱਧੇ ਗੀਤ ਪ੍ਰਸਾਰਿਤ ਕੀਤੇ ਜਾਂਦੇ ਸਨ। ਪ੍ਰਕਾਸ਼ ਕੌਰ ਨੇ ਰੇਡੀਓ ‘ਤੇ ਆਪਣੇ ਖੂਬਸੂਰਤ ਗੀਤਾਂ ਨਾਲ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਦਾ ਜਾਦੂ ਬਖੇਰਨਾ ਸ਼ੁਰੂ ਕੀਤਾ। ਦਿਨਾਂ ਵਿਚ ਹੀ ਪ੍ਰਕਾਸ਼ ਕੌਰ ਦੀ ਗਾਇਕੀ ਦੇ ਚਰਚੇ ਹਰ ਪਾਸੇ ਹੋਣ ਲੱਗੇ। ਲੋਕਾਂ ਨੂੰ ਉਨ੍ਹਾਂ ਦੇ ਗਾਏ ਗੀਤ ਬਹੁਤ ਪਸੰਦ ਆਉਂਦੇ। ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਪ੍ਰਕਾਸ਼ ਕੌਰ ਦੇ ਗੀਤ ਘਰ-ਘਰ ਗੂੰਜਣ ਲੱਗੇ। ਸੰਨ 1943 ਤੱਕ ਪਹੁੰਚਦੇ-ਪਹੁੰਚਦੇ ਪ੍ਰਕਾਸ਼ ਕੌਰ ਰੇਡੀਓ ਦੀ ਇਕ ਆਹਲਾ ਦਰਜੇ ਦੀ ਪ੍ਰਵਾਨਿਤ ਗਾਇਕਾ ਬਣ ਚੁੱਕੇ ਸਨ। ਫਿਰ ਇਕ ਦਿਨ ਪ੍ਰਕਾਸ਼ ਕੌਰ ਆਪਣੇ ਤੋਂ 10 ਸਾਲ ਛੋਟੀ ਭੈਣ ਸੁਰਿੰਦਰ ਕੌਰ ਨੂੰ ਆਲ ਇੰਡੀਆ ਰੇਡੀਓ ਆਡੀਸ਼ਨ ਦਿਵਾਉਣ ਲੈ ਕੇ ਗਈ ਜੋ ਸੁਰਿੰਦਰ ਕੌਰ ਨੇ ਬਗੈਰ ਕਿਸੇ ਮੁਸ਼ਕਿਲ ਤੋਂ ਪਾਸ ਕਰ ਲਿਆ। ਹੁਣ ਦੋਵੇਂ ਭੈਣਾਂ ਆਲ ਇੰਡੀਆ ਰੇਡੀਓ ਲਾਹੌਰ ਦੀਆਂ ਪ੍ਰਵਾਨਿਤ ਗਾਇਕਾਵਾਂ ਬਣ ਚੁੱਕੀਆਂ ਸਨ ਅਤੇ ਦੋਵਾਂ ਭੈਣਾਂ ਨੇ ਇਕੱਠਿਆਂ ਆਲ ਇੰਡੀਆ ਰੇਡੀਓ ਲਾਹੌਰ ਤੋਂ ਕਈ ਗੀਤ ਡਿਊਟ ਗਾਏ ਜੋ ਬਹੁਤ ਮਸ਼ਹੂਰ ਹੋਏ। ਰੇਡੀਓ ‘ਤੇ ਗਾਉਂਦਿਆਂ ਹੀ ਦੋਵੇਂ ਭੈਣਾਂ ਨੇ ਲਾਹੌਰ ਰੇਡੀਓ ਦੇ ਸੰਗੀਤ ਸੈਕਸ਼ਨ ਦੇ ਹੈੱਡ ਬੁੱਧ ਸਿੰਘ ਤਾਨ ਦੇ ਸਹਾਇਕ ਜੀਵਨ ਲਾਲ ਮੱਟੂ ਕੋਲੋਂ ਲਾਈਟ ਕਲਾਸੀਕਲ ਵਿਚ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।

ਪਹਿਲਾ ਰਿਕਾਰਡ : 31 ਅਗਸਤ, 1943 ਨੂੰ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿਚ ਰਿਕਾਰਡ ਕੀਤਾ ਪਹਿਲਾ ਡਿਊਟ ਗੀਤ ‘ਮਾਂਵਾ ਤੇ ਧੀਆਂ ਰਲ ਬੈਠੀਆਂ ਨੀ ਮਾਏ’ ਐਚ.ਐਮ.ਵੀ.ਕੰਪਨੀ ਵਲੋਂ ਰਿਲੀਜ਼ ਹੋਇਆ। ਇਹ ਉਹ ਸਦਾਬਹਾਰ ਗੀਤ ਸੀ ਜੋ ਲੋਕਾਂ ਵਿਚ ਕੱਲ੍ਹ ਵੀ ਸੁਪਰਹਿੱਟ ਸੀ ਅਤੇ ਅੱਜ ਵੀ ਇਸ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਕੁਝ ਗੀਤ ਸਨ-ਢੋਲ ਸਿਪਾਹੀਆ ਵੇ, ਕਿਥੇ ਗਿਓਂ ਦਿਲ ਲਾ ਕੇ , ਹਾਏ ਨਾ ਵੱਸ ਉਏ ਨਾ ਵੱਸ ਬੱਦਲਾ, ਅਜੇ ਨਾ ਵੱਸ ਉਏ ਕਾਲਿਆ । ਪ੍ਰਕਾਸ਼ ਕੌਰ ਨੇ ਫ਼ਿਲਮਾਂ ਲਈ ਵੀ ਗੀਤ ਗਾਏ। ਪ੍ਰਕਾਸ਼ ਕੌਰ ਨੇ ਰੇਡੀਓ ਤੋਂ ਸ਼ਬਦ ਗੁਰਬਾਣੀ ਦਾ ਵੀ ਗਾਇਨ ਕੀਤਾ।

ਦੇਸ਼ ਦੀ ਵੰਡ ਤੋਂ ਬਾਅਦ ਗਾਇਕੀ ਦਾ ਸਫ਼ਰ: ਵੰਡ ਤੋਂ ਬਾਅਦ ਕੁਝ ਚਿਰ ਅੰਮ੍ਰਿਤਸਰ ਠਹਿਰਨ ਤੋਂ ਬਾਅਦ ਪ੍ਰਕਾਸ਼ ਕੌਰ ਪਰਿਵਾਰ ਸਹਿਤ ਦਿੱਲੀ ਜਾ ਵੱਸੇ। ਉਥੇ ਹੀ ਉਨ੍ਹਾਂ ਦੇ ਪਤੀ ਦੀ ਨੌਕਰੀ ਰੇਲਵੇ ਵਿਭਾਗ ‘ਚ ਫਿਰ ਤੋਂ ਦੁਬਾਰਾ ਸ਼ੁਰੂ ਹੋ ਗਈ। ਪ੍ਰਕਾਸ਼ ਕੌਰ ਨੇ ਵੀ ਆਲ ਇੰਡੀਆ ਰੇਡੀਓ ਦਿੱਲੀ ਤੋਂ ਆਪਣੀ ਗਾਇਕੀ ਦਾ ਸਫ਼ਰ ਫਿਰ ਤੋਂ ਸ਼ੁਰੂ ਕਰ ਲਿਆ। ਕਿਉਂਕਿ ਉਨ੍ਹਾਂ ਦਿਨਾਂ ਵਿਚ ਦਿੱਲੀ ਰਫ਼ਿਉਜ਼ੀ ਕੈਂਪਾਂ ਵਿਚ ਸਭ ਤੋਂ ਜ਼ਿਆਦਾ ਤਾਦਾਦ ਪੰਜਾਬੀਆਂ ਦੀ ਸੀ, ਇਸ ਕਰਕੇ ਉਹ ਕੈਂਪ ਪੰਜਾਬੀ ਸੰਗੀਤ ਦੀ ਵੱਡੀ ਮੰਡੀ ਵਜੋਂ ਉਭਰੇ। ਪ੍ਰਕਾਸ਼ ਕੌਰ ਦੀ ਮੰਗ ਇਸ ਖਿੱਤੇ ਵਿਚ ਪਹਿਲੇ ਦਿਨ ਤੋਂ ਹੀ ਬਣ ਗਈ ਸੀ। 1948 ਤੋਂ 1958 ਤੱਕ ਪ੍ਰਕਾਸ਼ ਕੌਰ ਦੇ ਸਭ ਤੋਂ ਵੱਧ ਹਿੱਟ ਗੀਤ ਬਣੇ।

ਪ੍ਰਕਾਸ਼ ਕੌਰ ਦੇ ਹਿੱਟ ਗੀਤ: ਰੇਡੀਓ ‘ਤੇ ਗਾਉਣ ਤੋਂ ਇਲਾਵਾ ਪ੍ਰਕਾਸ਼ ਕੌਰ ਨੇ ਪੰਜਾਬੀ ਫਿਲਮਾਂ ਵਿਚ ਵੀ ਗੀਤ ਗਾਏ। ਸੰਨ 1964 ਵਿਚ ਆਈ ਨੈਸ਼ਨਲ ਐਵਾਰਡ ਜੇਤੂ ਬਲਰਾਜ ਸਾਹਨੀ ਅਭਿਨੀਤ ਫ਼ਿਲਮ ‘ਸਤਲੁਜ ਦੇ ਕੰਢੇ’ ਵਿਚ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦਾ ਇਕੱਠਿਆਂ ਗਾਇਆ ਕੋਰਸ ਗੀਤ ‘ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਨੇ ਆਂਦਾ’ ਬੇਹੱਦ ਮਕਬੂਲ ਹੋਇਆ ਸੀ। ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਡਿਊਟ ਹਿੱਟ ਗੀਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਮਾਂਵਾ ਤੇ ਧੀਆਂ ਰਲ ਬੈਠੀਆਂ ਨੀ ਮਾਏ, ਸੂਹੇ ਵੇ ਚੀਰੇ ਵਾਲਿਆ, ਸੂਈ ਵੇ ਹਾਏ ਜ਼ਾਲਮਾ ਸੂਈ ਵੇ, ਡਾਚੀ ਵਾਲਿਆ ਮੋੜ ਮੁਹਾਰ ਵੇ, ਬਾਜ਼ਰੇ ਦਾ ਸਿੱਟਾ ਅਸੀ ਤਲੀ ਤੇ ਮਰੋੜਿਆ, ਬਣ ਮੋਰਨੀ ਬਾਗਾਂ ਦੇ ਵਿਚ, ਬਾਰੀ ਬਰਸੀਂ ਖੱਟਣ ਗਿਆ ਸੀ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ, ਬੇਟੀ ਚੰਦਨ ਦੇ ਓਹਲੇ ਓਹਲੇ ਕਿਉਂ ਖੜ੍ਹੀ, ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਦਨ ਦਾ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲਾ, ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਭਾਬੋ ਕਹਿੰਦੀ ਆ ਪਿਆਰਾ ਸਿੰਘਾ ਵੇਲਣਾ ਲਿਆ, ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਅੜੀ ਵੇ ਅੜੀ ਲੱਗੀ ਸਾਉਣ ਦੀ ਝੜੀ ਨੂੰ ਲੋਕ ਅੱਜ ਵੀ ਚਾਅ ਨਾਲ ਸੁਣਦੇ ਹਨ।

ਪ੍ਰਕਾਸ਼ ਕੌਰ ਦੇ ਹੋਰ ਹਿੱਟ ਗੀਤਾਂ ਵਿਚ ਟਾਂਡੇ ਚੂਪ ਨਾ ਚਰੀ ਦੇ ਹਾਣੀਆਂ ਵੇ ਘਰ ‘ਚ ਸੰਦੂਰੀ ਅੰਬੀਆਂ, ਚੰਨ ਵੇ ਕੇ ਸ਼ੌਕਣ ਮੇਲੇ ਦੀ, ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ, ਮੇਰੇ ਢੋਲ ਦੀ ਚਿੱਠੀ, ਮੇਰੀ ਗੁੱਤ ਨਾਲ ਛਣਕਦੇ ਘੁੰਗਰੂ, ਨੀ ਮੈਂ ਤਾਰਿਆਂ ਦੇ ਪਾਵਾਂ ਕੰਨੀ ਝੁੰਮਕੇ, ਇਕ ਕੈਂਠੇ ਵਾਲਾ ਆ ਗਇਆ ਪ੍ਰਾਹੁਣਾ ਨੀ ਮਾਏ ਤੇਰਾ ਕੰਮ ਨਾ ਮੁੱਕੇ, ਬਣ ਮੋਰਨੀ ਬਾਗਾਂ ਦੇ ਵਿਚ, ਗਲੀਆਂ ਤੇ ਬਾਬੁਲ ਹੋਈਆਂ ਭੀੜੀਆਂ ਧੀ ਚੱਲੀ ਬਗਾਨੇ ਦੇਸ਼ ਬਾਬਲ, ਸੁਹਾਗ, ਘੋੜੀਆਂ, ਟੱਪੇ, ਮਾਹੀਆ ਅਤੇ ਲੋਕ ਬੋਲੀਆਂ ਆਦਿ ਪ੍ਰਮੁੱਖ ਹਨ। ਸੁਰਿੰਦਰ ਕੌਰ ਤੋਂ ਇਲਾਵਾ ਪ੍ਰਕਾਸ਼ ਕੌਰ ਨੇ ਹੋਰ ਵੀ ਆਪਣੇ ਸਮਕਾਲੀ ਗਾਇਕਾਂ ਨਾਲ ਅਣਗਿਣਤ ਗੀਤ ਗਾਏ ਜਿਨ੍ਹਾਂ ਵਿਚ ਆਸਾ ਸਿੰਘ ਮਸਤਾਨਾ ਦੇ ਨਾਲ ਗੀਤ ਗਾਏ, ਬਲਦੇਵ ਮੂੰਗਾ, ਸੁਰਿੰਦਰ ਕੋਹਲੀ, ਤ੍ਰਿਲੋਕ ਕਪੂਰ ਤੇ ਹਜ਼ਾਰਾ ਸਿੰਘ ਰਮਤਾ ਨਾਲ ਗੀਤ ਗਾਏ।

ਸੰਸਾਰ ਤੋਂ ਰੁਖ਼ਸਤੀ: ਪ੍ਰਕਾਸ਼ ਕੌਰ ਅਜੇ 62 ਵਰ੍ਹਿਆਂ ਦੀ ਹੀ ਸੀ ਜਦੋਂ ਉਨ੍ਹਾਂ ਨੂੰ ਗੁਰਦਿਆਂ ਦੇ ਰੋਗ ਕਾਰਨ ਤੇ ਕਾਰ ਦੇ ਹੋਏ ਹਾਦਸੇ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪਿਆ। ਅਖੀਰ ਪੰਜਾਬ ਦੀ ਇਹ ਧੀ ਮਿਤੀ 2 ਨਵੰਬਰ, 1982 ਈ. ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਈ

Loading