‘ਬਲੀਦਾਨ’ ਵਾਲੇ ਸ਼ਹਾਦਤ ਦੇ ਮਹਾਤਮ ਨੂੰ ਨਹੀਂ ਜਾਣ ਸਕਦੇ

In ਮੁੱਖ ਲੇਖ
January 15, 2026

ਗੁਰਤੇਜ ਸਿੰਘ

2022 ਤੋਂ ਹਿੰਦੋਸਤਾਨ ਦੀ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ, ‘ਵੀਰ ਬਾਲ ਦਿਵਸ’ ਦੇ ਨਾਂਅ ਹੇਠ ਮਨਾਉਣਾ ਸ਼ੁਰੂ ਕੀਤਾ ਹੈ। ਇਹ ਨਾਂਅ ਸਿੱਖਾਂ ਨੂੰ ਪੁੱਛ ਕੇ ਨਹੀਂ ਰੱਖਿਆ ਗਿਆ; ਨਾ ਹੀ ਏਸ ਦੀ ਭਾਵਨਾ ਸਿੱਖੀ ਅਕੀਦਿਆਂ ਅਨੁਸਾਰ ਹੈ। ਸ਼ਹਾਦਤ ਦੀ ਹਕੀਕਤ ਵੱਲ ਧਿਆਨ ਧਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖੀ ਆਸ਼ੇ ਅਨੁਸਾਰ, ਸਿੱਖੀ ਦੀ ਭਾਵਨਾ ਅਨੁਸਾਰ ਹੀ, ਹੋਰ ਸਾਰੇ ਪੁਰਬਾਂ ਵਾਂਙ, ਇਹ ਦਿਵਸ ਮਨਾਉਣ ਯੋਗ ਹੈ। ਓਪਰੀ ਨਜ਼ਰੇ ਇਹ ਜਾਪਦਾ ਹੈ ਕਿ ਸੰਘ ਪਰਿਵਾਰ ਦੀ ਨੀਤੀ ਅਨੁਸਾਰ ਏਸ ਪਰਮ ਪਾਕ ਦਿਨ ਨੂੰ ਮਨਾ ਕੇ (1) ਗੁਰੂ ਅਤੇ ਗੁਰੂ ਪਰਵਾਰਾਂ ਦੀ ਵਿਰਾਸਤ ਨੂੰ ਹਿੰਦੂਤਵ ਦੇ ਖਾਤੇ ਪਾ ਕੇ ਅਸਲੀ ਵਾਰਸ ਸਿੱਖਾਂ ਨੂੰ ਏਸ ਰਹਿਮਤ ਤੋਂ ਮਹਿਰੂਮ ਕਰਨ ਦੀ ਮਨਸ਼ਾ ਹੈ। (2) ਸਿੱਖ ਮੱਤ ਦੀ ਕੁਦਰਤੀ ਅਤੇ ਮੁੱਢਲੀ ਜੁਝਾਰੂ ਬਿਰਤੀ ਨੂੰ ਧ੍ਰਿਤਰਾਸ਼ਟਰ ਦੀ ਜੱਫੀ ਵਿੱਚ ਲੈ ਕੇ ਨਿੱਸਲ ਕਰਨਾ ਮਕਸਦ ਹੈ। (3) ਸ਼ਹੀਦੀ ਦੇ ਇੱਕੋ ਪੱਖ ਉੱਤੇ ਬੇਲੋੜਾ ਵਜਨ ਪਾ ਕੇ ਹਿੰਦੂ ਹਿੰਦ ਦੀ ਮੁਸਲਮ ਨਫ਼ਰਤ ਦਾ ਮੋਹਰਾ ਬਣਨ ਲਈ ਸਿੱਖਾਂ ਨੂੰ ਪ੍ਰੇਰਨਾ ਹੈ।
ਜ਼ਾਹਰ ਹੈ ਕਿ ਤਿੰਨੋਂ ਇਰਾਦੇ ਸਿੱਖਾਂ ਅਤੇ ਮੁਸਲਮਾਨਾਂ ਲਈ ਡੂੰਘੀ ਨਫ਼ਰਤ ਭਰੀ ਫ਼ਿਤਰਤ ਦੀ ਉਪਜ ਹਨ। ਸਿੱਖੀ ਜਨਮ ਤੋਂ ਹੀ ਅਜ਼ਾਦ ਮਨੁੱਖਾਂ ਦਾ ਸਰਬ-ਸਾਂਝਾ ਸਮਾਜ ਅਤੇ ਇੰਤਜ਼ਾਮੀਆ ਸਿਰਜਣ ਲਈ ਘਾਲਣਾ ਘਾਲਦੀ ਆਈ ਹੈ। ਏਸ ਨੂੰ ਸਿੱਖੀ ਨੇ ‘ਮੁਕਤ ਪੰਥ’ ਅਤੇ ਪੱਛਮ ਦੀ ਓਸ ਵੇਲੇ ਪ੍ਰਚੱਲਤ ਰੀਤ ਅਨੁਸਾਰ, ਅੰਗ੍ਰੇਜ਼ ਇਤਿਹਾਸਕਾਰਾਂ ਨੇ, ‘ਸਟੇਟ ਵਿਦ ਇਨ ਸਟੇਟ’ ਕਰ ਕੇ ਸਮਝਿਆ ਹੈ। ਏਸ ਘੋਰ ਘਾਲਣਾ ਵਿੱਚ ਸਿੱਖੀ ਦੀ ਟੱਕਰ, ਰਾਜ ਮਾਨਣ ਦੇ ‘ਝੂਠੇ ਦਾਅਵੇ ਕਰਨ ਵਾਲੇ ਵਕਤੀ’ (ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ) ਜ਼ਾਲਮ ਰਾਜਿਆਂ ਨਾਲ ਰਹੀ ਹੈ। ਇਤਿਹਾਸ ਦਾ ਨਿਸ਼ਕਰਸ਼ ਹੈ ਕਿ ਸਿੱਖੀ ਦੇ ਮਿਸ਼ਨ, ਜਿਸ ਵਿੱਚ ਹਿੰਦੂ-ਹਿੰਦ ਦਾ ਵੱਡਾ ਭਲਾ ਹੋਇਆ, ਦੇ ਰਾਹ ਵਿੱਚ ਸਭ ਤੋਂ ਘਾਤਕ ਰੋੜੇ ਹਿੰਦੂ-ਹਿੰਦ ਨੇ ਹੀ ਅਟਕਾਏ। ਇਹ ਇਤਫ਼ਾਕ ਨਹੀਂ ਕਿ ਹਿੰਦੂ-ਹਿੰਦ ਨੇ ਕਦੇ ਵੀ ਸਿੱਖਾਂ ਦਾ ਸਾਥ ਨਹੀਂ ਦਿੱਤਾ — ਆਪਣੇ ਪ੍ਰਤੱਖ ਹੁੰਦੇ ਭਲੇ ਲਈ ਵੀ ਨਹੀਂ। ਗੁਰੂ ਕਾਲ ਦੇ ਸਾਰੇ ਯੁੱਧਾਂ ਵਿੱਚੋਂ ਕੇਵਲ ਚਾਰ ਹੀ ਮੁਗ਼ਲਾਂ ਵਿਰੁੱਧ ਹੋਏ ਅਤੇ ਏਸ ਤੋਂ ਤਕਰੀਬਨ ਚਾਰ ਗੁਣਾਂ ਵੱਧ ਹਿੰਦੂ-ਹਿੰਦ ਦਾ ਦਮ ਭਰਨ ਵਾਲਿਆਂ ਨਾਲ। ਆਖ਼ਰੀ ਯੁੱਧ ਵੀ ਬਾਈਧਾਰ ਦੇ ਹਿੰਦੂ ਰਾਜਿਆਂ ਨੇ ਔਰੰਗਜ਼ੇਬ ਦੀ ਮੱਦਦ ਨਾਲ ਲੜਿਆ ਸੀ। ਏਸ ਕਾਲ ਵਿੱਚ ਹੀ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ। ਸੱਚੇ ਸਾਹਿਬ ਦਾ ਇਹ ਬਚਨ ਪੂਰਨ ਸੱਚ ਉੱਤੇ ਟੇਕ ਰੱਖਦਾ ਹੈ ਕਿ ‘ਮੇਰਾ ਸਿੱਖ ਬ੍ਰਾਹਮਣਾਂ ਦਾ ਕਦੇ ਇਤਬਾਰ ਨ ਕਰੇ। ਇਹਨਾਂ ਨੇ ਮੇਰੇ ਚਾਰ ਬੱਚੇ ਮਾਰੇ ਹਨ।’ (ਅਮਰਨਾਮਾ)
ਸਾਡਾ ਅਤੇ ਹਰ ਮਾਨਵਤਾ ਪ੍ਰਤੀ ਸੁਹਿਰਦ ਹਿੰਦੂ, ਮੁਸਲਮਾਨ, ਹਰ ਸਹਿਜ ਇਨਸਾਨ ਦਾ ਮੱਤ ਹੈ ਕਿ ਸਾਹਿਬਜ਼ਾਦਿਆਂ ਦੀ ਸਹਾਦਤ ਲਈ ਜ਼ਾਲਮ ਹਾਕਮ ਅਤੇ ਵੱਢੀਖ਼ੋਰ ਪੱਥਰ ਦਿਲ ਕਾਜ਼ੀ ਜ਼ਿੰਮੇਵਾਰ ਹਨ ਨਾ ਕਿ ਮੁਸਲਮਾਨ ਜਾਂ ਇਸਲਾਮ। ਇਸਲਾਮ ਦੇ ਬਹਾਨੇ ਨਿਰਦਈ ਮੁਸਲਮਾਨ ਹਾਕਮਾਂ ਨੇ ਸਾਡੇ ਉੱਤੇ ਅਨੇਕ ਕਹਿਰ ਢਾਏ। ਪਰ ਇਸਲਾਮ ਤਾਂ ਮੁਸਲਮਾਨ ਮਖੌਟੇ ਵਾਲਿਆਂ ਦੇ ਢਹੇ ਚੜ੍ਹ ਕੇ ਆਪਣੀ ਆਬਰੂ ਨੂੰ ਠੇਸ ਲੱਗਣ ਤੋਂ ਵੀ ਨਹੀਂ ਬਚਾ ਸਕਿਆ। ਅਸੀਂ ਪਿਤਾ, ਭਰਾਵਾਂ, ਅਨੇਕਾਂ ਹਿੰਦੂ, ਮੁਸਲਮ ਸਾਧੂਆਂ ਸਮੇਤ ਲੱਖਾਂ ਦੇ ਕਾਤਲ ਨੋਰੰਗੇ ਤੁਰਕੜੇ ਨੂੰ ਵੀ ਬੇਦੀਨ ਸਮਝਦੇ ਹਾਂ।
ਦਾਨਵਾਂ ਦੀ ਓਸ ਸਭਾ ਵਿੱਚ, ਜਿੱਥੋਂ ਮਾਸੂਮਾਂ ਉੱਤੇ ਮੌਤ ਦਾ ਫ਼ਤਵਾ ਲੱਗਾ ਸੀ, ਤੁਹਾਡਾ ਝੂਠਾ ਨੰਦ ਵੀ ਮੌਜੂਦ ਸੀ ਜਿਸ ਨੇ ਫ਼ਤਵੇ ਦੀ ਹਮਾਇਤ ਕੀਤੀ ਸੀ। ਓਸ ਸਭਾ ਵਿੱਚ ਇੱਕੋ-ਇੱਕ ਮਰਦ ਨਵਾਬ ਮਲੇਰਕੋਟਲਾ ਸੀ ਜਿਸ ਨੇ ਮਾਸੂਮਾਂ ਲਈ ਹਾਅ ਦਾ ਨਾਅਰਾ ਮਾਰਿਆ ਸੀ। ਓਸ ਇਕੱਲੇ ਦਾ ਮੱਤ ਇਸਲਾਮ ਦੇ ਫ਼ਲਸਫ਼ੇ ਅਨੁਸਾਰ ਸੀ। ਹਾਲਾਂਕਿ ‘ਮਾਸੂਮ’ ਦਾ ਦਰਜਾ ਕਮਸਿਨ ਬੱਚਿਆਂ ਅਤੇ ਔਰਤਾਂ ਲਈ ਇਸਲਾਮ ਵਿੱਚ ਮੌਜੂਦ ਹੈ, ਨਵਾਬ ਮਲੇਰਕੋਟਲਾ ਸ਼ਾਇਦ ਪੈਗ਼ੰਬਰ ਦੇ ਆਖ਼ਰੀ ਖ਼ੁਤਬੇ (ਖ਼ੁਤਬਾ-ਅਲ-ਵਿਦਾਅ) ਤੋਂ ਵੀ ਪ੍ਰੇਰਨਾ ਲੈ ਰਿਹਾ ਸੀ ਜਿਸ ਅਨੁਸਾਰ ਪਿਤਾ ਦਾ ਬਦਲਾ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ ਸੀ। ਦਸਮੇਸ਼ ਨੇ ਨਵਾਬ ਦੇ ਮਨੁੱਖਤਾ ਪ੍ਰਤੀ ਸੁਹਿਰਦ ਰਵੱਈਏ ਦੇ ਇਵਜ਼ ਵਿੱਚ ਮਲੇਰਕੋਟਲਾ ਨੂੰ ਸੁਰੱਖਿਆ ਕਵਚ ਬਖ਼ਸ਼ਿਆ। ਅਸੀਂ ਸੱਚੇ ਸਾਹਿਬ ਦੇ ਸੁੱਚੇ ਬਚਨਾਂ ਉੱਤੇ ਧਾਅ ਕੇ ਫੁੱਲ ਚੜ੍ਹਾਏ। 1947 ਦਾ ਪਾਗਲਪਣ ਦੀ ਹੱਦ ਨੂੰ ਛੂੰਹਦਾ ਜਨੂੰਨ ਵੀ ਸਾਨੂੰ ਥਿੜਕਾ ਨਾ ਸਕਿਆ। ਜ਼ਮਾਨੇ ਨੇ ਆਮ ਵੇਖਿਆ ਕਿ ਮੁਸਲਮਾਨ ਵਾਹੋ ਦਾਹੀ ਭੱਜਿਆ ਜਾ ਰਿਹਾ ਹੈ ਅਤੇ ਓਸ ਦੇ ਪਿੱਛੇ ਲਲਕਾਰੇ ਮਾਰਦੇ ਸਿੱਖ ਓਸ ਨੂੰ ਕਤਲ ਕਰਨ ਲਈ ਤਲਵਾਰਾਂ ਸੂਤੀ ਆ ਰਹੇ ਹਨ। ਉਹ ਆਖ਼ਰ ਮਲੇਰਕੋਟਲੇ ਦੀ ਹੱਦ ਵਿੱਚ ਪੈਰ ਰੱਖਦਾ ਹੈ ਅਤੇ ਬੇਖ਼ੌਫ ਹੋ ਕੇ ਆਮ ਚਾਲ ਚੱਲਣ ਲੱਗਦਾ ਹੈ। ਗੁੰਮਰਾਹ ਹੋਏ ਜਨੂੰਨੀ ਸਿੱਖਾਂ ਨੂੰ ਵੀ ਅਹਿਸਾਸ ਸੀ ਕਿ ਦੁਨਿਆਵੀ ਗੁੱਸੇ ਗੁਰੂ ਪ੍ਰਮੇਸ਼ਰ ਦੇ ਅਹਕਾਮਾਂ ਦੀ ਕਾਟ ਨਹੀਂ ਕਰ ਸਕਦੇ। ਸਰਹੱਦੋਂ ਉਰ੍ਹੇ ਉਹ ਵੀ ਤਲਵਾਰਾਂ ਮਿਆਨੀ ਕਰ ਕੇ ਵਾਪਸ ਪਰਤ ਜਾਂਦੇ ਸਨ।
ਦੀਨੀ, ਮਜ਼੍ਹਬੀ, ਇਖ਼ਲਾਕੀ ਤੌਰ ਉੱਤੇ ਤੁਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਉਣ ਦੇ ਯੋਗ ਨਹੀਂ। ਜੇ ਏਸ ਘਟਨਾ ਵਿੱਚ ਲੂਣ-ਹਰਾਮੀ ਗੰਗੂ ਦੀ ਕਰਤੂਤ, ਜਿਸ ਵਾਸਤੇ ਤੁਸੀਂ ਕਦੇ ਮੁਆਫ਼ੀ ਨਹੀਂ ਮੰਗੀ, ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਤੁਹਾਨੂੰ ਏਸ ਦਾ ਜ਼ਿਕਰ ਕਰਨ ਤੋਂ ਵੀ ਪਹਿਲਾਂ ਚੱਪਣੀ ਵਿੱਚ ਨੱਕ ਡੁਬੋ ਕੇ ਮਰ ਜਾਣਾ ਚਾਹੀਦਾ ਹੈ। ਤੁਹਾਡਾ ਇਹ ਪ੍ਰਚਾਰ ਕਿ ਗੁਰੂ, ਗੁਰਸਿੱਖਾਂ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹਿੰਦੂ ਧਰਮ ਜਾਂ ਮੁਲਕ ਨੂੰ ਮੁਸਲਮਾਨ ਜੂਲੇ ਹੇਠੋਂ ਕੱਢਣ ਲਈ ਹੋਈਆਂ ਵੀ ਤਰਕ-ਸੰਗਤ ਨਹੀਂ। ਬੰਦਾ ਬਹਾਦਰ ਦੀ ਫ਼ੌਜ ਵਿੱਚ, ਵਰਤੇ ਕਹਿਰ ਤੋਂ ਪਸ਼ੇਮਾਨ, 5000 ਮੁਸਲਮਾਨ (ਨਮਾਜ਼ੀ ਖ਼ਾਲਸਾ) ਤਾਂ ਸ਼ਾਮਲ ਹੋਏ ਸਨ ਪਰ ਕੋਈ ਰਾਜਾ, ਮਹਾਰਾਜਾ, ਠਾਕੁਰ, ਸਾਮੰਤ, ਚੰਦ੍ਰਵੰਸ਼ੀ, ਸੂਰਜਵੰਸ਼ੀ ਨਹੀਂ। ਤਕਰੀਬਨ 1947 ਤੱਕ ਹਿੰਦੋਸਤਾਨ ਇੱਕ ਮੁਲਕ ਨਹੀਂ ਬਲਕਿ ਪੰਜ ਕੁ ਸੌ ਆਜ਼ਾਦ ਮੁਲਕਾਂ ਦਾ ਸਮੂਹ ਸੀ। ਇਹਨਾਂ ਵਿੱਚ ਜ਼ਿਆਦਾ ਹੁਕਮਰਾਨ ਚੰਦ੍ਰਵੰਸ਼ੀ, ਸੂਰਜਵੰਸ਼ੀ ਆਦਿ ਹਿੰਦੂ ਸਨ। ਨੇਸ਼ਨ ਸਟੇਟ ਦਾ ਸੰਕਲਪ ਆਖ਼ਰੀ ਰੂਪ ਵਿੱਚ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਦੇਣ ਹੈ। ਇਸ ਤੋਂ ਪਹਿਲਾਂ ਏਸ ਸੰਕਲਪ ਦਾ ਪੇਤਲਾ ਜਿਹਾ ਵਜੂਦ ਕੇਵਲ ਕੇਂਦਰੀ ਯੂਰਪ ਵਿੱਚ ਮੌਜੂਦ ਸੀ ਅਤੇ ਓਥੇ ਵੀ ਅਜੇ ਨਵਾਂ ਈਜਾਦ ਹੋਇਆ ਸੀ। ਅੱਜ ਦੇ ਤੁਹਾਡੇ ਦੰਭੀ ਇਤਿਹਾਸਕਾਰਾਂ ਨੂੰ ਕਾਲ-ਦੋਸ਼ ਤੋਂ ਮੁਕਤ ਹੋਣ ਦੀ ਲੋੜ ਹੈ।
ਇਹ ਤਸੱਵਰ ਨਹੀਂ ਕੀਤਾ ਜਾ ਸਕਦਾ ਸੀ ਕਿ ਏਨੀਆਂ ਸਦੀਆਂ ਦੀਆਂ ਏਨੀਆਂ ਬਾਦਸ਼ਾਹੀਆਂ, ਕਿਲ੍ਹੇ, ਫ਼ੌਜਾਂ, ਤੋਪਾਂ, ਹਾਥੀ ਆਦਿ ਦੇ ਹੁੰਦਿਆਂ ਇੱਕ-ਦੋ ਜਹਾਜ਼ਾਂ ਵਿੱਚ ਆਏ ਜਾਂ ਬਰਤਾਨੀਆ ਦੇ ਚੰਦ ਬਾਣੀਏ ਤੁਹਾਨੂੰ ਆਪਣੇ ਅਧੀਨ ਕਰ ਸਕਦੇ ਸਨ। ਤੁਸੀਂ ਖ਼ੁਦ, ਹੱਸ-ਹੱਸ ਕੇ, ਮੰਦਰਾਂ ਵਿੱਚ ਟੱਲ ਖੜਕਾ-ਖੜਕਾ ਕੇ ਗ਼ੁਲਾਮੀ ਨੂੰ ਗਹਿਣਾ ਸਮਝ ਕੇ ਗਲ਼ ਪਾਇਆ ਸੀ। ਤੁਹਾਡੇ ਉੱਚੀਆਂ ਸ਼ਾਨਾਂ, ਵੱਡੀਆਂ ਅਣਖਾਂ ਵਾਲੇ ਆਗੂ ਜ਼ਾਲਮ ਸੁਲਤਾਨਾਂ ਨਾਲ ਰਿਸ਼ਤੇਦਾਰੀਆਂ ਪਾਉਾਂਦੇਰਹੇ ਅਤੇ ਜਿਵੇਂ ਅਕਬਰ ਨੇ ਮੱਕੇ ਦੇ ਕਾਜ਼ੀ ਨੂੰ ਦੱਸਿਆ ਸੀ, ਉਹਨਾਂ ਦੀਆਂ ਮੁਹਿੰਮਾਂ ਵਿੱਚ ਸ਼ਾਮਲ ਹੋ ਕੇ ਗੁਆਂਢੀ ਹਿੰਦੂ ਰਾਜਿਆਂ ਲਈ ਗ਼ੁਲਾਮੀ ਸਹੇੜਦੇ ਰਹੇ। ਬਰਤਾਨੀਆ ਦਾ ਆਖ਼ਰੀ ਹੁਕਮਰਾਨ ਮਾਊਂਟਬੈਟਨ ਸੱਚ ਆਖਦਾ ਹੈ ਕਿ ‘ਅਸੀਂ ਹਿੰਦ ਦੀ ਮਰਜ਼ੀ ਖ਼ਿਲਾਫ ਇੱਕ ਦਿਨ ਵੀ ਰਾਜ ਨਹੀਂ ਸੀ ਕਰ ਸਕਦੇ। ਕਿਸੇ ਸਮੇਂ ਵੀ ਓਥੇ ਸਾਡੇ ਅੰਗਰੇਜ਼ ਪੰਦਰਾਂ ਹਜ਼ਾਰ ਤੋਂ ਵੱਧ ਗਿਣਤੀ ਵਿੱਚ ਨਹੀਂ ਸਨ। ਅਸੀਂ ਤੀਹ ਕ੍ਰੋੜ ਲੋਕਾਂ ਉੱਤੇ ਕਿਵੇਂ ਰਾਜ ਕਰ ਸਕਦੇ ਸੀ’।
ਅਸਲੀਅਤ ਇਹ ਹੈ ਕਿ ਤੁਹਾਡੇ ਧਰਮ ਵਿੱਚ ਨਾ ਅਣਖ, ਇੱਜ਼ਤ, ਪਤ, ਆਜ਼ਾਦੀ ਆਦਿ ਦਾ ਕੋਈ ਦੈਵੀ ਸੰਕਲਪ ਸੀ ਤੇ ਨਾ ਹੀ ਉੱਚੀਆਂ ਕਦਰਾਂ-ਕੀਮਤਾਂ, ਕਿਰਦਾਰ, ਸ਼ਹਾਦਤਾਂ ਦੇ ਜਾਮਨ ਤੁਹਾਡੇ ਧਰਮ-ਗ੍ਰੰਥ ਸਨ। ਤੁਸੀਂ ਵਿਦੇਸ਼ੀ ਜਰਵਾਣਿਆਂ ਨੂੰ ਮੋਪਲੇ (ਜਵਾਈ) ਆਖ ਕੇ ਗਲ਼ ਲਾਇਆ ਅਤੇ ਤੁਹਾਡੇ ਵੱਡੇ ਮੰਦਰਾਂ ਤੋਂ ਗ਼ੁਲਾਮੀ ਦੇ ਹੱਕ ਵਿੱਚ ਫਤਵੇ ਲੱਗਦੇ ਰਹੇ। ਗੁਰੂ ਨਾਨਕ ਦਾ ‘ਰਤਨ ਵਿਗਾੜਿ ਵਿਗੋਏ ਕੁਤੀਂ’ ਦਾ ਮਿਹਣਾ ਕੇਵਲ ਇਬਰਾਹਿਮ ਲੋਧੀ ਨੂੰ ਨਹੀਂ ਸੀ, ਤੁਹਾਡੇ ਲਈ ਓਸ ਤੋਂ ਵੀ ਵੱਧ ਸੀ। ਇਹ ਸੱਚ ਹੈ ਕਿ ਗਜ਼ਨੀ ਦੇ ਬਾਜ਼ਾਰ ਵਿੱਚ ਵਿਕਣ ਲਈ ਕੁਰਲਾਉਂਦੀਆਂ ਜਾਂਦੀਆਂ ਅਬਲਾਵਾਂ ਅਤੇ ਹਿੰਦੂਕੁਸ਼ ਉੱਤੇ ਤਹਿ-ਤੇਗ਼ ਕੀਤੇ ਜਾਂਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਸਿਲਸਿਲੇ ਨੂੰ ਰੋਕਣ ਲਈ ਤੁਸੀਂ ਚੀਚ੍ਹੀ ਉਂਗਲ ਦੀ ਕੁਰਬਾਨੀ ਵੀ ਨਹੀਂ ਦਿੱਤੀ।
ਤੁਸੀਂ 1675 ਵਿੱਚ ਗੁਰੂ ਅਕਾਲਪੁਰਖ ਨਾਲ ਅਹਿਦ ਕੀਤਾ ਕਿ ਜੇ ਉਹ ਇੱਕ ਵਾਰੀ ਔਰੰਗਜ਼ੇਬ ਦੇ ਜਨੂੰਨ ਨੂੰ ਠੱਲ੍ਹ ਪਾ ਦੇਣ ਤਾਂ ਤੁਸੀਂ ਖੰਡੇ ਫੜ੍ਹ ਕੇ ਖ਼ਾਲਸੇ ਦੇ ਨਾਲ ਖੜ੍ਹੋਗੇ। ਸਮਾਂ ਆਉਣ ਉੱਤੇ ਤੁਸੀਂ ਖ਼ਾਲਸੇ ਵਿਰੁੱਧ ਹੀ ਖੰਡਾ ਫੜ ਖੜੋਤੇ। 700 ਸਾਲ ਦੀ ਗ਼ੁਲਾਮੀ ਤੋਂ ਨਜਾਤ ਦਵਾ ਕੇ ਗੁਰੂ ਦੇ ਬੰਦਾ ਸਿੰਘ ਬਹਾਦਰ ਨੇ ਤੁਹਾਡੀ ਆਪਣੀ ਸਰਕਾਰ ਸਥਾਪਤ ਕਰ ਕੇ ਕੁੱਲ ਹਿੰਦ ਉੱਤੇ ਵੱਡਾ ਪਰੋਪਕਾਰ ਕੀਤਾ, ਸਦੀਵੀ ਮੁਕਤੀ ਦਾ ਰਾਹ ਖੋਲ੍ਹਿਆ ਅਤੇ ਤੁਸੀਂ ਓਸ ਦੇ ਵਿਰੁੱਧ ਬਹਾਦਰ ਸ਼ਾਹ ਦਾ ਸਾਥ ਦਿੱਤਾ। ਇਵਜ਼ ਵਿੱਚ ਤੁਸੀਂ ਢਾਈ ਸੌ ਸਾਲ ਦੀ ਹੋਰ ਗ਼ੁਲਾਮੀ ਹਾਸਲ ਕੀਤੀ। ਏਨੀ ਕੁ ਤਾਂ ਤੁਹਾਡੀ ਦੂਰ-ਅੰਦੇਸ਼ੀ ਹੈ!
1710 ਤੋਂ 1765 ਤੱਕ ਸਿੰਘ ਨੰਗੇ ਧੜ ਮਾਨਵਤਾ ਦੀ ਲੜਾਈ ਇਕੱਲੇ ਲੜਦੇ ਰਹੇ। ਚੰਦੂ ਅਤੇ ਗੰਗੂ ਵਾਂਗ ਲਖਪਤ ਵਰਗੇ ਵਧ ਚੜ੍ਹ ਕੇ ਸਿੰਘਾਂ ਨੂੰ ਕਤਲ ਕਰਦੇ ਕਰਵਾਉਾਂਦੇਰਹੇ; ਬਾਣੀ ਅਤੇ ਇਤਿਹਾਸ ਦੀਆਂ ਪੋਥੀਆਂ ਸਾੜ ਕੇ ਖੂਹ ਭਰਦੇ ਰਹੇ — ਠੀਕ ਉਵੇਂ ਜਿਵੇਂ ਔਰੰਗਜ਼ੇਬ ‘ਸਵਾ ਮਣ ਜਨੇਊ ਲਾਹ ਕੇ ਰੋਟੀ ਖਾਂਦਾ ਸੀ’। ਸਹਿਜੇ ਸਹਿਜੇ ਮੁਸਲਮਾਨ ਬਣਨ ਵੱਲ ਵਧ ਰਹੇ ‘ਨਿਗਾਹੀਏ ਦੇ ਚੇਲੇ, ਹਲਾਲਖ਼ੋਰ, ਸ਼ੂਦਰ’ ਆਖ ਕੇ ਸਮਾਜ ਵਿੱਚੋਂ ਛੇਕੇ ਤਾਂ ਸਿੱਖੀ ਵੱਲ ਆਏ। ਭੰਗੂ ਲਿਖਦਾ ਹੈ ਕਿ ਇਹ ਬਾਕਾਇਦਾ ਵਾਰਤਾਲਾਪ ਰਾਹੀਂ ਖੋਜ ਪਰਖ ਕੇ ਆਏ ਪਰ ਅਖੌਤੀ ਉੱਚੀਆਂ ਜਾਤਾਂ ਵਾਲਿਆਂ ਨੇ “ਮੈਂ ਬਪੁੜਾ ਬੂਢਨ ਡਰਾ ਰਹਾ ਕਿਨਾਰੇ ਬੈਠ” ਦਾ ਰਵੱਈਆ ਅਖ਼ਤਿਆਰ ਕਰੀ ਰੱਖਿਆ। 1820 ਦੇ ਲਾਗੇ ਰਣਜੀਤ ਸਿੰਘ ਨੇ ਅਨੇਕਾਂ ਰਾਜਿਆਂ, ਨਵਾਬਾਂ ਨੂੰ ਚਿੱਠੀਆਂ ਲਿਖ ਕੇ ਸੱਦਾ ਦਿੱਤਾ ਕਿ: ‘ਆਉ ਸਾਰੇ ਰਲ਼ ਕੇ ਅੰਗ੍ਰੇਜ਼ੀ ਬਿੱਲੇ ਨੂੰ ਪੂਛੋਂ ਫੜ ਕੇ ਵਗਾਹ ਕੇ ਸੱਤ ਸਮੁੰਦਰੋਂ ਪਾਰ ਚਲਾ ਕੇ ਮਰੀਏ।’ ਕਿਸੇ ਇੱਕ ਨੇ ਵੀ ਹੁੰਗਾਰਾ ਨਾ ਭਰਿਆ; ਉਲਟਾ ਹਿੰਦ ਦੇ ਆਗੂ ਰਣਜੀਤ ਸਿੰਘ ਦੇ ਬਰਖ਼ਿਲਾਫ਼ ਹੋ ਗਏ। ਸਮਾਂ ਆਉਣ ਉੱਤੇ ਉਹਨਾਂ ਅੰਗਰੇਜ਼ ਦਾ ਸਾਥ ਦਿੱਤਾ। “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ..ਕਟਕ ਚੜ੍ਹੇ ਹਿੰਦੋਸਤਾਨੀ ਪੂਰਬੀ ਦੱਖਣੀ ਜੀ।
1880 ਵਿੱਚ ਓਸ ਵੇਲੇ ਦੇ ਹਿੰਦੂ ਆਗੂਆਂ ਨੇ ਆਪਣੇ ਜਲਸੇ ਵਿੱਚ ਜਨਤਕ ਤੌਰ ਉੱਤੇ ‘ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ’ ਦੀ ਰੱਜ ਕੇ, ਬੇਹੂਦਾ ਪੁਣੇ ਵਿੱਚ ਪੂਰਾ ਭਿੱਜ ਕੇ, ਬੇਅਦਬੀ ਕੀਤੀ। 1911 ਦੇ ਕਰੀਬ ਜਲੰਧਰ ਦੇ ਰਹਿਤੀਏ ਸਿੱਖਾਂ ਦੇ ਮਜਮਾ ਲਾ ਕੇ ਕੇਸ ਮੁੰਨੇ ਗਏ ਅਤੇ ਬੁਰੇ ਦੇ ਘਰ ਤੱਕ ਜਾਂਦਿਆਂ ਉਹਨਾਂ ਦੇ ਕੇਸਾਂ ਦਾ ਰੱਸਾ ਵੱਟ ਕੇ ਨਿਲਾਮ ਕੀਤਾ ਗਿਆ। ਸਿੱਖਾਂ ਨੇ ਪਰੋਪਕਾਰ ਦਾ ਰਾਹ ਫੇਰ ਵੀ ਨਾ ਤਿਆਗਿਆ ਅਤੇ ਮਾਨਵ ਭਲਾਈ ਲਈ ਅੰਗ੍ਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਇੱਕ ਵਾਰ ਫਿਰ ਨੰਗੇ ਧੜ ਲੜੀ; ਸਭ ਤੋਂ ਵੱਧ ਯੋਗਦਾਨ ਪਾਇਆ। ‘ਅਜ਼ਾਦ’ ਹੋਣ ਉੱਤੇ ਵੀ ਪੰਜਾਬੀ ਬੋਲੀ ਦੀ ਲੜਾਈ, ਪਾਣੀਆਂ ਦੀ ਲੜਾਈ ਆਦਿ ਆਦਿ ਇਕੱਲਿਆਂ ਲੜੀਆਂ। ਹਿੰਦੂ ਸਮਾਜ ਵਿਰੋਧ ਵਿੱਚ ਭੁਗਤਿਆ।
ਹਰੀ ਰਾਮ ਗੁਪਤਾ ਦਾ ਅੰਦਾਜ਼ਾ ਹੈ ਕਿ ਮੁਗ਼ਲ, ਅਫ਼ਗ਼ਾਨੀ, ਇਰਾਨੀ ਸਾਮਰਾਜਾਂ ਦਾ ਟਾਕਰਾ ਕਰਦਿਆਂ ਖ਼ਾਲਸੇ ਨੇ ਤਕਰੀਬਨ ਪੰਜ ਲੱਖ ਸ਼ਹੀਦੀਆਂ ਪਾਈਆਂ। ਸਮਕਾਲੀ ਅੰਦਾਜ਼ਾ ਹੈ ਕਿ ਮੌਜੂਦਾ ਇੰਤਜ਼ਾਮੀਆ ਅਧੀਨ ਇਸ ਤੋਂ ਵੱਧ ਸ਼ਹੀਦੀਆਂ ਆਪਣੇ ਸੰਵਿਧਾਨਕ ਹੱਕਾਂ ਲਈ ਜੂਝਦੇ ਸਿੱਖ ਪਹਿਲੇ ਅੱਸੀ ਕੁ ਸਾਲਾਂ ਵਿੱਚ ਪਾ ਚੁੱਕੇ ਹਨ। ਓਦੋਂ ਸ਼ਹੀਦੀਆਂ ਜੰਗ ਦੇ ਮੈਦਾਨ ਵਿੱਚ ਸਾਵੇਂ ਲੜਦਿਆਂ ਹੋਈਆਂ ਸਨ। ਹੁਣ ਪੁਲਸ ਦੀਆਂ ਗੋਲ਼ੀਆਂ ਅਤੇ ਸਿੱਖ ਲਹੂ ਦੀਆਂ ਤਿਹਾਈਆਂ ਜਨੂੰਨੀ ਭੀੜਾਂ ਅਤੇ ਹਿੰਦ ਦੀ ਫ਼ੌਜ ਵੱਲੋਂ ਵਰਤਾਈਆਂ ਜਾਂਦੀਆਂ ਹਨ। ਇਹ ਸਿਲਸਿਲਾ, ਦੇਸ-ਵਿਦੇਸ਼, ਅਜੇ ਵੀ ਜਾਰੀ ਹੈ।
ਉਪਰੋਕਤ ਸਭ ਏਸ ਲਈ ਲਿਖਣਾ ਪਿਆ ਕਿ ਏਸ ਪਿੱਠ-ਭੂਮੀ ਵਿੱਚ ਜਦੋਂ ਸਿੱਖ ਯੋਧਿਆਂ, ਬੰਦਾ ਸਿੰਘ ਬਹਾਦਰ, ਸਾਹਿਬਜ਼ਾਦਿਆਂ ਆਦਿ ਨੂੰ ਚੋਰੀ ਕਰ ਕੇ ਆਪਣੀ ਸਿਆਸਤ ਲਈ ਵਰਤਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਤਾਂ ਯਕੀਨ ਮੰਨੋ ਕਿ ਤੁਹਾਡੇ ਟੁਕੜਬੋਚਾਂ ਤੋਂ ਇਲਾਵਾ ਕੋਈ ਇੱਕ ਵੀ ਸਿੱਖ ਗੁੰਮਰਾਹ ਨਹੀਂ ਹੁੰਦਾ। ਗੁਰੂ ਹਰਕ੍ਰਿਸ਼ਨ ਦੀ ਉਮਰ ਦੇ ਬਾਬੇ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਬਾਲ ਨਹੀਂ ਸਨ। ਉਹ ਤੁਹਾਡੀ ਰੀਤ ਅਨੁਸਾਰ ‘ਵੀਰ’ ਵੀ ਨਹੀਂ ਸਨ। ਜੇ ‘ਵੀਰਾਂ’ ਦੀ ਘਾਟ ਮਹਿਸੂਸ ਕਰਦੇ ਹੋ ਤਾਂ ਅਸੀਂ ਸਾਵਰਕਰ ਵਰਗਾ ਵੱਡਾ ‘ਵੀਰ’ ਪੰਜਾਬ ਕੇਸਰੀ ਲਾਲਾ ਲਾਜਪਤ ਰਾਇ ਪੇਸ਼ ਕਰ ਸਕਦੇ ਹਾਂ ਜਿਸਦੀ ਸ੍ਵੈ ਜੀਵਨੀ ਓਸ ਦੀ ‘ਵੀਰਤਾ’ ਦੀ ਗਵਾਹ ਹੈ। ਖੰਭਾਂ ਦੀਆਂ ਡਾਰਾਂ ਬਣਾਉਣ ਦੀ ਮੁਹਾਰਤ ਰੱਖਣ ਵਾਲੇ ਤੁਸੀਂ ਓਸ ਨੂੰ, ਇੱਛਾ ਅਨੁਸਾਰ, ਕੁਝ ਵੀ ਬਣਾ ਸਕਦੇ ਹੋਂ।
‘ਬਲੀਦਾਨ’ ਵਾਲੇ ਸ਼ਹਾਦਤ ਦੇ ਮਹਾਤਮ ਨੂੰ ਨਹੀਂ ਜਾਣ ਸਕਦੇ। ‘ਹਾਲੇ ਦਿਲ ਤੁਝ ਸੇ ਕਿਆ ਕਹੂੰ ਐ ਜ਼ਾਹਿਦ। ਹਾਏ ਕਮਬਖ਼ਤ! ਤੂਨੇ ਕਭੀ ਪੀ ਹੀ ਨਹੀਂ।’ ਸ਼ਹਾਦਤ ਕੇਵਲ ਅਕਾਲਪੁਰਖ ਦੇ ਸੰਸਾਰ-ਕਲਿਆਣਕਾਰੀ ਆਸ਼ੇ ਦੀ ਪੂਰਤੀ ਲਈ ਦਿੱਤੀ ਜਾਂਦੀ ਹੈ; ਕੇਵਲ ਸੱਚੇ ਸਾਹਿਬ ਦੇ ਤਾਮੀਰ ਕੀਤੇ ਮਾਨਵੀ ਵਿਵਹਾਰ ਦੇ ਮਾਪਦੰਡਾਂ ਦੀ ਪੂਰਤੀ ਅਤੇ ਰੱਖਿਆ ਲਈ ਦਿੱਤੀ ਜਾਂਦੀ ਹੈ; ਧਰਤੀ ਮਾਂ ਦੀ ਪਤ ਰੱਖਣ ਹਿਤ ਦਿੱਤੀ ਜਾਂਦੀ ਹੈ। ਸ਼ਹਾਦਤ ਦੇ ਮੁਕਾਮ ਦੇ ਨੇੜੇ ਪਹੁੰਚ ਕੇ ਹਰ ਪ੍ਰਾਣੀ ਅਕਾਲਪੁਰਖ ਨਾਲ ਮੁਕੰਮਲ ਤੌਰ ਉੱਤੇ ਅਭੇਦ ਹੁੰਦਾ ਹੈ। ਸ਼ਹੀਦੀ ਅਕਾਲ ਪੁਰਖ ਦੀ ਰਹਿਮਤ ਦਾ ਜਲੌਅ ਹੈ, ਧਾਰਮਕ ਮਨੁੱਖ ਦੇ ਸੁੱਚੇ ਇਖ਼ਲਾਕ ਦਾ ਸਿਖ਼ਰ ਹੈ। ਏਸ ਦਾ ਸਫਰ ਦਰਗਾਹ ਵਿੱਚ ਨਾਨਕ ਗੁਰੂ ਪ੍ਰਮੇਸ਼ਰ ਨੂੰ ਪੇਸ਼ ਕੀਤੇ ਅੰਮ੍ਰਿਤ ਦੇ ਕਟੋਰੇ ਤੋਂ ਸ਼ੁਰੂ ਹੁੰਦਾ ਹੈ ਅਤੇ ਨਾਨਕ ਦਸਮੇਸ਼ ਦੇ ਖੰਡੇ ਬਾਟੇ ਵਿੱਚ ਦੀ ਹੁੰਦਾ ਹੋਇਆ ਪਰਲੋ ਤੱਕ ਅਖੰਡ ਜੀਵਨਦਾਨੀ ਧਾਰ ਬਣ ਕੇ ਵਗਦੇ ਰਹਿਣ ਦੀ ਸਲਾਹੀਅਤ ਰੱਖਦਾ ਹੈ। ਇਹ ਓਦੋਂ ਤੱਕ ਵਗਦਾ ਰਹੇਗਾ ਜਦੋਂ ਤੱਕ ਹਰ ਪ੍ਰਾਣੀ ਅਕਾਲ ਰੂਪ ਧਾਰ ਕੇ ਸ੍ਰਿਸ਼ਟੀ ਦੀ ਸੇਵਾ ਵਿੱਚ ਨਹੀਂ ਜੁਟ ਜਾਂਦਾ। “ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ” (ਸੋਰਠ ਮ: 3, 644)। ਏਸ ਆਖ਼ਰੀ ਪੜਾਅ ਉੱਤੇ ਆ ਕੇ ਸ਼ਹਾਦਤਾਂ ਦੀ ਲੋੜ ਨਹੀਂ ਰਹੇਗੀ। ਅਗਾਂਹ ਅਕਾਲ ਫਤਹਿ ਦਾ ਡੰਕਾ, ਅਨਹਦ ਨਾਦ ਬਣ ਕੇ, ਸਦਾ ਗੂੰਜਦਾ ਰਹੇਗਾ। ਇਹ ਸਿੱਖੀ ਦੇ ਤਸੱਵਰ ਦਾ ਸਤਯੁੱਗ ਹੈ।

Loading