ਮਹਿਲਾਵਾਂ ਤੰਦਰੁਸਤ ਰਹਿਣ ਲਈ ਘਰੇਲੂ ਕੰਮਾਂ ’ਚ ਰਹਿਣ ਸਰਗਰਮ

In ਮੁੱਖ ਲੇਖ
November 27, 2025

ਅਜੋਕੇ ਸਮੇਂ ਵਿੱਚ ਮੋਟਾਪਾ ਬਹੁਤ ਸਾਰੇ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੈ। ਇਹ ਮਨੁੱਖ ਦੇ ਸਰੀਰ ਵਿੱਚ ਸ਼ੂਗਰ, ਦਿਲ ਦੇ ਰੋਗ, ਗੁਰਦਿਆਂ ਦੇ ਰੋਗ, ਕਲੈਸਟਰਾਲ ਦਾ ਵੱਧਣਾ, ਵੱਧ ਬਲੱਡ ਪ੍ਰੈਸ਼ਰ, ਜੋੜਾਂ ਦੀਆਂ ਦਰਦਾਂ ਆਦਿ ਪੈਦਾ ਕਰਨ ਦੇ ਨਾਲ-ਨਾਲ ਮਾਨਸਿਕ ਤਣਾਅ ਤੇ ਓਨੀਂਦਰੇ ਵਰਗੀਆਂ ਦਿਮਾਗੀ ਪ੍ਰੇਸ਼ਾਨੀਆਂ ਨੂੰ ਵੀ ਜਨਮ ਦਿੰਦਾ ਹੈ। ਸਾਡੀ ਜੀਵਨ ਸ਼ੈਲੀ ਹੀ ਅਜਿਹੀ ਬਣ ਚੁੱਕੀ ਹੈ ਜਿਸ ’ਚ ਸਰੀਰਕ ਗਤੀਵਿਧੀਆਂ ਘੱਟ ਹੀ ਹੁੰਦੀਆਂ ਹਨ। ਮੋਬਾਈਲ ਫੋਨ ਤੇ ਲੈਪਟਾਪ ਨੇ ਲੋਕਾਂ ਨੂੰ ਕੰਮਾਂ ਕਾਰਾਂ ਤੋਂ ਨਕਾਰਾ ਕਰ ਛੱਡਿਆ ਹੈ। ਲੋਕ ਲੰਮਾ-ਲੰਮਾ ਸਮਾਂ ਚੈਟਿੰਗ ਕਰਦੇ ਰਹਿੰਦੇ ਹਨ, ਜਿਸ ਦੇ ਸਿੱਟੇ ਵਜੋਂ ਮੋਟਾਪਾ ਵੱਧ ਗਿਆ ਹੈ। ਮੋਟਾਪੇ ਦਾ ਇਲਾਜ ਕਰਵਾਉਣ ਲਈ ਲੋਕ ਡਾਕਟਰਾਂ ਦੇ ਚੱਕਰ ਵੀ ਲਾਉਂਦੇ ਰਹਿੰਦੇ ਹਨ ਤੇ ਕਈ ਵਾਰ ਜਿਮ ਜਾਂਦੇ, ਯੋਗਾ ਕਰਦੇ ਪਰ ਲੋਕ ਅਕਸਰ ਇਹ ਭੁੱਲ ਜਾਂਦੇ ਹਨ ਕਿ ਘਰੇਲੂ ਕੰਮਕਾਜ ਵੀ ਮੋਟਾਪੇ ਨੂੰ ਦੂਰ ਕਰ ਕੇ ਸਰੀਰ ਨੂੰ ਫਿੱਟ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ।
੍ਹਘਰੇਲੂ ਕੰਮ-ਕਾਜ ਜਿਵੇਂ ਝਾੜੂ ਲਗਾਉਣਾ, ਪੋਚਾ ਫੇਰਨਾ, ਘਰ ਦੀ ਝਾੜ-ਪੂੰਝ ਕਰਨਾ, ਕਣਕ ਛੱਟਣਾ, ਆਟਾ ਗੁੰਨ੍ਹਣਾ ਤੇ ਕੱਪੜੇ ਧੋਣਾ ਆਦਿ ਅਨੇਕਾਂ ਕੰਮ ਹਨ ਜੋ ਸਰੀਰ ਦੀ ਚਰਬੀ ਨੂੰ ਘੱਟ ਕਰ ਸਕਦੇ ਹਨ। ਯੋਗਾ ਦੇ ਆਸਣ ਕਰਨ ਨਾਲ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ । ਸਵੇਰੇ-ਸ਼ਾਮ ਸੈਰ ਕਰਨ ਨਾਲ ਵਾਧੂ ਕੈਲੋਰੀਆਂ ਖ਼ਰਚ ਹੋ ਜਾਂਦੀਆਂ ਹਨ ਜਿਸ ਨਾਲ ਮੋਟਾਪੇ ਨੂੰ ਦੂਰ ਕਰਨ ਵਿੱਚ ਸਹਾਇਤਾ ਮਿਲਦੀ ਹੈ। ਰੱਸੀ ਟੱਪਣ ਨਾਲ ਸਰੀਰ ਦਾ ਭਾਰ ਕਾਬੂ ਵਿੱਚ ਰਹਿੰਦਾ ਹੈ।
ਘਰ ਵਿੱਚ ਪਸ਼ੂ ਹਨ ਤਾਂ ਉਨ੍ਹਾਂ ਨੂੰ ਨਹਾਉਣ ਤੇ ਪੱਠੇ ਆਦਿ ਪਾਉਣ ਨਾਲ ਸਰੀਰਕ ਕਸਰਤ ਹੁੰਦੀ ਹੈ। ਸਾਈਕਲ ਚਲਾਉਣ ਨਾਲ ਸਰੀਰ ਦਾ ਭਾਰ ਘੱਟਦਾ ਹੈ। ਹਲਕੀਆਂ ਰਵਾਇਤੀ ਖੇਡਾਂ ਸਰੀਰ ਨੂੰ ਚੁਸਤ ਰੱਖਦੀਆਂ, ਭਾਰ ਨੂੰ ਕਾਬੂ ਰੱਖਦੀਆਂ ਮਨ ਤਰੋਤਾਜ਼ਾ ਰੱਖਦੀਆਂ ਹਨ। ਧਾਰਮਿਕ ਜਾਂ ਸਮਾਜਿਕ ਸੇਵਾ ਦੇ ਕੰਮ ’ਚ ਹਿੱਸਾ ਲੈਣ ਨਾਲ ਮਨ ਤੇ ਸਰੀਰ ਨੂੰ ਉਸਾਰੂ ਊਰਜਾ ਮਿਲਦੀ ਹੈ। ਜੋਗਿੰਗ ਭਾਰ ਘੱਟ ਕਰਨ ਦਾ ਬੇਹਤਰੀਨ ਢੰਗ ਹੋ ਸਕਦਾ ਹੈ। ਘਰ ਤੋਂ ਬਾਹਰ ਕੰਮ ਲਈ ਜਾਣ ਵਾਸਤੇ ਪੈਦਲ ਚੱਲਣ ਨੂੰ ਤਰਜੀਹ ਦਿਓ। ਭਰਪੂਰ ਨੀਂਦ ਦਾ ਅਨੰਦ ਲਓ., ਜ਼ਿੰਦਗੀ ਤਣਾਅ-ਮੁਕਤ ਰੱਖੋ। ਜੇ ਘਰ ’ਚ ਕੋਈ ਕਿਆਰੀ ਹੈ ਜਾਂ ਬਗ਼ੀਚੀ ਹੈ ਤਾਂ ਉਸ ਵਿੱਚ ਘੰਟਾ-ਦੋ ਘੰਟੇ ਮਿਹਨਤ ਕਰਨ ਨਾਲ ਸਰੀਰ ਦੀਆਂ ਵਾਧੂ ਕੈਲੋਰੀਆਂ ਖ਼ਰਚ ਹੋ ਜਾਂਦੀਆਂ ਹਨ। ਸਰੀਰ ਦੀ ਫ਼ਿੱਟਨੈੱਸ ਵੀ ਬਣੀ ਰਹਿੰਦੀ ਹੈ ਤੇ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਸਕਰੀਨ ਟਾਈਮ ਭਾਵ ਟੀਵੀ. ਤੇ ਮੋਬਾਈਲ ਤੇ ਬੈਠਣ ਦੇ ਸਮੇਂ ਨੂੰ ਘੱਟ ਕਰ ਕੇ ਸਰੀਰਕ ਕਾਰਜਸ਼ੀਲਤਾ ਵਿੱਚ ਵਿਅਸਤ ਰਹਿਣਾ ਚਾਹੀਦਾ ਹੈ।

-ਅਸ਼ਵਨੀ ਚਤਰਥ

Loading