ਯੂ. ਕੇ. ਵਿੱਚ ਸਿੱਖ ਭਾਈਚਾਰੇ ਉੱਤੇ ਵਧਦੀ ਨਸਲਵਾਦੀ ਹਿੰਸਾ: ਸਮਾਂ ਸਖ਼ਤ ਕਾਰਵਾਈ ਦਾ

In ਮੁੱਖ ਖ਼ਬਰਾਂ
October 28, 2025

ਪਿਛਲੇ ਦੋ ਮਹੀਨਿਆਂ ਵਿੱਚ ਵੈਸਟ ਮਿਡਲੈਂਡਜ਼ ਦੇ ਵਾਲਸਾਲ ਅਤੇ ਓਲਡਬਰੀ ਇਲਾਕਿਆਂ ਵਿੱਚ ਦੋ ਵੱਖ-ਵੱਖ 20 ਸਾਲਾ ਪੰਜਾਬੀ ਮੂਲ ਦੀਆਂ ਸਿੱਖ ਕੁੜੀਆਂ ਨਾਲ ਬਲਾਤਕਾਰ ਅਤੇ ਭਿਆਨਕ ਨਸਲਵਾਦੀ ਹਮਲੇ ਹੋਏ ਨੇ। ਇਹ ਘਟਨਾਵਾਂ ਸਿਰਫ਼ ਅਪਰਾਧ ਨਹੀਂ, ਸਗੋਂ ਇੱਕ ਡੂੰਘੀ ਸਮਾਜਿਕ ਬਿਮਾਰੀ ਦੇ ਲੱਛਣ ਨੇ। ਸਵਾਲ ਉੱਠਦਾ ਹੈ ਕਿ ਸਿੱਖ ਕਿਉਂ ਨਿਸ਼ਾਨਾ ਬਣ ਰਹੇ ਨੇ? ਬਲਾਤਕਾਰ ਵਰਗੇ ਜੁਰਮ ਪਿੱਛੇ ਕੀ ਮਾਨਸਿਕਤਾ ਕੰਮ ਕਰ ਰਹੀ ਹੈ? ਇੰਗਲੈਂਡ ਸਰਕਾਰ ਸਖ਼ਤ ਕਾਰਵਾਈ ਕਿਉਂ ਨਹੀਂ ਕਰ ਰਹੀ ਅਤੇ ਪੰਥਕ ਜਥੇਬੰਦੀਆਂ ਦੀ ਚੁੱਪ ਕਿਉਂ?
ਪਹਿਲੀ ਘਟਨਾ ਪਿਛਲੇ ਮਹੀਨੇ ਓਲਡਬਰੀ ਵਿੱਚ ਵਾਪਰੀ, ਜਿੱਥੇ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ ਨਸਲਵਾਦੀ ਹਮਲੇ ਵਿੱਚ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ। ਫਿਰ ਸ਼ਨੀਵਾਰ ਨੂੰ ਵਾਲਸਾਲ ਦੇ ਪਾਰਕ ਹਾਲ ਇਲਾਕੇ ਵਿੱਚ 20 ਸਾਲਾ ਭਾਰਤੀ ਮੂਲ ਦੀ ਕੁੜੀ ਨੂੰ ਸੜਕ ਉੱਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਲੱਭਿਆ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਹਮਲਾਵਰ ਇੱਕ ਗੋਰਾ ਮਰਦ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਮਦਦ ਮੰਗੀ ਹੈ। ਡਿਟੈਕਟਿਵ ਸੁਪਰਡੈਂਟ ਰੋਨਨ ਟਾਇਰਰ ਨੇ ਇਸ ਨੂੰ ‘ਬਹੁਤ ਭਿਆਨਕ ਹਮਲਾ’ ਦੱਸਿਆ ਅਤੇ ਕਿਹਾ ਕਿ ਇਹ ਨਸਲਵਾਦੀ ਮਨਸੂਬੇ ਨਾਲ ਕੀਤਾ ਗਿਆ ਲੱਗਦਾ ਹੈ।
ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਡੂੰਘੀਆਂ ਜੜ੍ਹਾਂ ਨੇ। ਬ੍ਰਿਟੇਨ ਵਿੱਚ ਸਿੱਖ ਭਾਈਚਾਰਾ 1960ਵਿਆਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਆ ਵੱਸਿਆ ਸੀ। ਪਗੜੀ, ਦਾੜ੍ਹੀ ਅਤੇ ਵੱਖਰੀ ਪਛਾਣ ਕਾਰਨ ਉਹ ਅਕਸਰ ‘ਆਊਟਸਾਈਡਰ’ ਮੰਨੇ ਜਾਂਦੇ ਨੇ। 9/11 ਦੇ ਹਮਲਿਆਂ ਤੋਂ ਬਾਅਦ ਮੁਸਲਿਮ ਵਿਰੋਧੀ ਮਾਹੌਲ ਵਿੱਚ ਸਿੱਖਾਂ ਨੂੰ ਵੀ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ। ਪਰ ਹੁਣ ਇਹ ਹਮਲੇ ਵਧੇਰੇ ਨਸਲਵਾਦੀ ਅਤੇ ਜਿਨਸੀ ਹਿੰਸਾ ਨਾਲ ਜੁੜੇ ਨੇ। ਬਲਾਤਕਾਰ ਵਰਗੇ ਜੁਰਮ ਪਿੱਛੇ ਇੱਕ ਬਿਮਾਰ ਮਾਨਸਿਕਤਾ ਕੰਮ ਕਰਦੀ ਹੈ – ‘ਅਸੀਂ ਉੱਤਮ ਹਾਂ, ਉਹ ਘਟੀਆ ਨੇ’ ਵਾਲੀ ਸੋਚ। ਇਹ ਰਾਈਟ-ਵਿੰਗ ਗਰੁੱਪਾਂ ਦੇ ਪ੍ਰਭਾਵ ਹੇਠ ਵਧ ਰਹੀ ਹੈ, ਜੋ ਇਮੀਗ੍ਰੇਸ਼ਨ ਵਿਰੋਧੀ ਨਾਅਰੇ ਲਗਾਉਂਦੇ ਨੇ। ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣਾ ਭਾਈਚਾਰੇ ਨੂੰ ਡਰਾਉਣ ਅਤੇ ਉਨ੍ਹਾਂ ਦੀ ਪਛਾਣ ਉੱਤੇ ਹਮਲਾ ਕਰਨ ਦੀ ਰਣਨੀਤੀ ਹੈ। ਇਹ ਸਿਰਫ਼ ਜਿਨਸੀ ਹਿੰਸਾ ਨਹੀਂ, ਸਗੋਂ ਨਸਲੀ ਸਫ਼ਾਇਆ ਵਰਗੀ ਮਨਸ਼ਾ ਵੀ ਦਿਖਾਉਂਦੀ ਹੈ।
ਇੰਗਲੈਂਡ ਸਰਕਾਰ ਦੀ ਚੁੱਪ ਅਤੇ ਨਰਮ ਰਵੱਈਆ ਹੈਰਾਨ ਕਰਨ ਵਾਲਾ ਹੈ। ਵੈਸਟ ਮਿਡਲੈਂਡਜ਼ ਪੁਲਿਸ ਨੇ ਵਧੀ ਹੋਈ ਪੈਟਰੋਲਿੰਗ ਅਤੇ ਫੋਰੈਂਸਿਕ ਜਾਂਚ ਦਾ ਵਾਅਦਾ ਕੀਤਾ ਹੈ, ਪਰ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ। ਨਸਲਵਾਦੀ ਹਮਲਿਆਂ ਨੂੰ ‘ਹੇਟ ਕ੍ਰਾਈਮ’ ਵਜੋਂ ਰਜਿਸਟਰ ਕੀਤਾ ਜਾਂਦਾ ਹੈ, ਪਰ ਸਜ਼ਾਵਾਂ ਹਲਕੀਆਂ ਨੇ। ਬ੍ਰੈਕਸਿਟ ਤੋਂ ਬਾਅਦ ਨਸਲਵਾਦ ਵਧਿਆ ਹੈ, ਪਰ ਸਰਕਾਰ ਨੇ ਕੋਈ ਵਿਸ਼ੇਸ਼ ਨੀਤੀ ਨਹੀਂ ਬਣਾਈ। ਸਰਕਾਰ ਨੂੰ ਨਫ਼ਰਤੀ ਜੁਰਮਾਂ ਲਈ ਉਮਰ ਕੈਦ ਵਰਗੀਆਂ ਸਜ਼ਾਵਾਂ ਲਾਗੂ ਕਰਨੀਆਂ ਚਾਹੀਦੀਆਂ ਨੇ। ਸਕੂਲਾਂ ਵਿੱਚ ਨਸਲਵਾਦ ਵਿਰੋਧੀ ਸਿੱਖਿਆ ਅਤੇ ਪੁਲਿਸ ਵਿੱਚ ਵਿਭਿੰਨਤਾ ਵਧਾਉਣੀ ਚਾਹੀਦੀ ਹੈ।
ਪੰਜਾਬੀ ਅਤੇ ਸਿੱਖ ਜਥੇਬੰਦੀਆਂ ਦੀ ਚੁੱਪ ਸਭ ਤੋਂ ਵੱਡੀ ਚਿੰਤਾ ਹੈ। ਯੂਕੇ ਵਿੱਚ ਸਿੱਖ ਕੌਂਸਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਜਾਬੀ ਮੀਡੀਆ ਨੇ ਇਨ੍ਹਾਂ ਘਟਨਾਵਾਂ ਉੱਤੇ ਬਿਆਨ ਦਿੱਤੇ ਨੇ। ਪਰ ਇਸ ਮਸਲੇ ਉਪਰ ਇਕਜੁਟਤਾ ਨਹੀਂ ਦਿਖਾਈ ਦਿੰਦੀ? ਜਥੇਬੰਦੀਆਂ ਨੂੰ ਰੈਲੀਆਂ ਕੱਢਣੀਆਂ ਚਾਹੀਦੀਆਂ, ਪਾਰਲੀਮੈਂਟ ਵਿੱਚ ਪਟੀਸ਼ਨ ਦੇਣੀ ਚਾਹੀਦੀ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨਾ ਚਾਹੀਦਾ। ਭਾਰਤ ਸਰਕਾਰ ਨੂੰ ਵੀ ਦਖਲ ਦੇਣਾ ਚਾਹੀਦਾ ਹੈ, ਕਿਉਂਕਿ ਇਹ ਭਾਰਤੀ ਨਾਗਰਿਕਾਂ ਨਾਲ ਵਾਪਰ ਰਿਹਾ ਹੈ।
ਇਹ ਘਟਨਾਵਾਂ ਸਿੱਖ ਭਾਈਚਾਰੇ ਲਈ ਵੱਡਾ ਸਬਕ ਨੇ। ਆਪਣੀ ਪਛਾਣ ਨੂੰ ਮਜ਼ਬੂਤ ਰੱਖਦੇ ਹੋਏ ਸੁਰੱਖਿਆ ਵਧਾਉਣੀ ਪਵੇਗੀ। ਗੁਰਦੁਆਰਿਆਂ ਵਿੱਚ ਸੈਲਫ-ਡਿਫੈਂਸ ਕਲਾਸਾਂ, ਕਮਿਊਨਿਟੀ ਪੈਟਰੋਲ ਅਤੇ ਪੁਲਿਸ ਨਾਲ ਸਹਿਯੋਗ ਜ਼ਰੂਰੀ ਹੈ। ਨੌਜਵਾਨਾਂ ਨੂੰ ਨਸਲਵਾਦ ਵਿਰੋਧੀ ਮੁਹਿੰਮਾਂ ਵਿੱਚ ਸ਼ਾਮਲ ਕਰਨਾ ਪਵੇਗਾ। ਬ੍ਰਿਟੇਨ ਦਾ ਸਮਾਜ ਵਿਭਿੰਨ ਹੈ, ਪਰ ਵਿਭਿੰਨਤਾ ਨੂੰ ਸਵੀਕਾਰ ਕਰਨ ਲਈ ਸਿੱਖਿਆ ਅਤੇ ਸਹਿਣਸ਼ੀਲਤਾ ਚਾਹੀਦੀ ਹੈ। ਜੇਕਰ ਅੱਜ ਚੁੱਪ ਰਹੇ ਤਾਂ ਕੱਲ੍ਹ ਹੋਰ ਘਟਨਾਵਾਂ ਵਾਪਰਨਗੀਆਂ।

ਰਜਿੰਦਰ ਸਿੰਘ ਪੁਰੇਵਾਲ

Loading