ਪਿਛਲੇ ਦਿਨਾਂ ਦੌਰਾਨ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਭਿਆਨਕ ਜੰਗਲੀ ਅੱਗਾਂ ਨੇ ਵੱਡਾ ਵਿਨਾਸ਼ ਮਚਾਇਆ ਸੀ। ਇਹ ਅੱਗਾਂ ਤੇਜ਼ੀ ਨਾਲ ਫੈਲੀਆਂ ਅਤੇ ਸੈਂਕੜੇ ਘਰਾਂ, ਜੰਗਲਾਂ ਅਤੇ ਖੇਤਾਂ ਨੂੰ ਸਾੜ ਕੇ ਰਾਖ ਕਰ ਦਿੱਤਾ ਸੀ। ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣਾ ਪਿਆ ਸੀ। ਸੈਮੋਰ, ਮੈਨਸਫੀਲਡ ਅਤੇ ਰਫੀ ਵਰਗੇ ਛੋਟੇ ਕਸਬੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ। ਲੋਕਾਂ ਕੋਲ ਨਾ ਖਾਣਾ ਸੀ, ਨਾ ਪਾਣੀ ਅਤੇ ਨਾ ਹੀ ਆਰਾਮ ਦੀ ਜਗ੍ਹਾ। ਐਮਰਜੈਂਸੀ ਸੇਵਾਵਾਂ ਅਤੇ ਅੱਗ ਬੁਝਾਉਣ ਵਾਲੇ ਵੀ ਥੱਕ ਚੁੱਕੇ ਸਨ ਅਤੇ ਉਹਨਾਂ ਨੂੰ ਵੀ ਖਾਣ-ਪੀਣ ਦੀ ਲੋੜ ਸੀ।
ਇਸ ਸੰਕਟ ਵਿੱਚ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨਾਂਅ ਦਾ ਇੱਕ ਜੱਥਾ ਲੋਕਾਂ ਦੀ ਮਦਦ ਲਈ ਅੱਗੇ ਆਇਆ। ਇਹ ਸੰਗਠਨ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਵੱਖ-ਵੱਖ ਆਫ਼ਤਾਂ ਵਿੱਚ ਲੰਗਰ ਅਤੇ ਸੇਵਾ ਕਰਦਾ ਆ ਰਿਹਾ ਹੈ। ਇਸ ਵਾਰ ਵੀ ਉਹਨਾਂ ਨੇ 10 ਜਨਵਰੀ ਤੋਂ ਹੀ ਆਪਣੇ ਫੂਡ ਵੈਨਾਂ ਨੂੰ ਤਿਆਰ ਕਰਕੇ ਪ੍ਰਭਾਵਿਤ ਇਲਾਕਿਆਂ ਵੱਲ ਰਵਾਨਾ ਕੀਤਾ। ਉਹਨਾਂ ਨੇ ਦਾਲ, ਸਬਜ਼ੀਆਂ, ਰੋਟੀ, ਚੌਲ ਅਤੇ ਮਿਠਾਈ ਬਣਾ ਕੇ ਬੇਘਰ ਪਰਿਵਾਰਾਂ, ਅੱਗ ਬੁਝਾਉਣ ਵਾਲਿਆਂ ਅਤੇ ਐਮਰਜੈਂਸੀ ਵਰਕਰਾਂ ਨੂੰ ਮੁਫ਼ਤ ਵੰਡੀ। ਇਹ ਸਭ ਆਪਣੇ ਖਰਚੇ ਅਤੇ ਦਸਵੰਧ ਨਾਲ ਕੀਤਾ ਗਿਆ।
ਸਿੱਖ ਵਲੰਟੀਅਰਾਂ ਨੇ ਸੈਮੋਰ ਦੇ ਰਾਹਤ ਕੇਂਦਰ ਵਿੱਚ, ਜੋ ਲੋਕਲ ਸਪੋਰਟਸ ਕੰਪਲੈਕਸ ਵਿੱਚ ਬਣਾਇਆ ਗਿਆ ਸੀ, ਰੋਜ਼ਾਨਾ ਸੈਂਕੜੇ ਲੋਕਾਂ ਨੂੰ ਖਾਣਾ ਪਰੋਸਿਆ ਗਿਆ। ਅੱਗ ਦੇ ਭਾਂਬੜਾਂ ਵਿੱਚ ਵੀ ਉਹ ਆਪਣੀਆਂ ਵੈਨਾਂ ਨੂੰ ਚਲਾਉਂਦੇ ਰਹੇ। ਕਈ ਵਾਰ ਅੱਗ ਨੇੜੇ ਆ ਜਾਂਦੀ ਸੀ ਪਰ ਉਹ ਪਿੱਛੇ ਨਹੀਂ ਹਟੇ। ਯੂਨਾਈਟਿਡ ਸਿੱਖਸ ਵਰਗੇ ਹੋਰ ਜੱਥੇ ਵੀ ਸਹਾਇਤਾ ਲਈ ਪਹੁੰਚੇ ਅਤੇ ਗਰਮ ਖਾਣੇ ਤੇ ਜ਼ਰੂਰੀ ਸਾਮਾਨ ਵੰਡੇ।
ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਇਹਨਾਂ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ, “‘ਸਿੱਖ ਵਲੰਟੀਅਰਜ਼ ਲੋਕਾਂ ਦੀ ਸੇਵਾ ਵਿੱਚ ਮੌਜੂਦ ਸਨ ਜੋ ਪਰਿਵਾਰਾਂ ਨੂੰ ਖਾਣਾ ਖਵਾਉਂਦੇ,ਐਮਰਜੈਂਸੀ ਕਰੂ ਨੂੰ ਮਦਦ ਕਰਦੇ ਰਹੇ ਸਨ। ਇਹਨਾਂ ਨੇ ਸੰਕਟ ਵਿੱਚ ਫ਼ਸੇ ਲੋਕਾਂ ਦਾ ਹੌਂਸਲਾ ਵਧਾਇਆ ਸੀ ਅਤੇ ਰਾਹਤ ਕੇਂਦਰਾਂ ਵਿੱਚ ਵੀ ਮਦਦ ਕੀਤੀ ਸੀ। ’
ਇਹ ਸਾਖੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਸੱਚੀ ਮਨੁੱਖਤਾ ਧਰਮ ਜਾਂ ਦੇਸ਼ ਦੀਆਂ ਹੱਦਾਂ ਤੋਂ ਉੱਪਰ ਹੁੰਦੀ ਹੈ। ਸਿੱਖ ਭਾਈਚਾਰਾ ਹਰ ਮੁਸੀਬਤ ਵਿੱਚ ਲੋਕਾਂ ਦੀ ਸਹਾਇਤਾ ਲਈ ਪਹਿਲਾਂ ਪਹੁੰਚਦਾ ਹੈ ਅਤੇ ਬਿਨਾਂ ਉਮੀਦ ਤੋਂ ਸੇਵਾ ਕਰਦਾ ਹੈ। ਜਦੋਂ ਸੰਸਾਰ ਨਫਰਤਾਂ, ਨਸਲਵਾਦ ਅਤੇ ਜਾਤ-ਪਾਤ ਵਿੱਚ ਸੜ ਰਿਹਾ ਹੈ, ਤਾਂ ਸਿੱਖ ਪੰਥ ਦੇ ਲੋਕ ਸੇਵਾ ਅਤੇ ਲੰਗਰ ਨਾਲ ਸੰਕਟ ਵਿੱਚ ਫਸੀ ਮਨੁੱਖਤਾ ਲਈ ਸਰਗਰਮ ਹਨ। ਆਸਟ੍ਰੇਲੀਆ ਵਿੱਚ ਸਿੱਖਾਂ ਦੇ ਨਗਰ ਕੀਰਤਨ ਨੂੰ ਇੱਕ ਨਸਲਵਾਦੀ ਗਰੁੱਪ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਸ਼ਾਂਤੀ ਨਾਲ ਮੁਕਾਬਲਾ ਕੀਤਾ। ਬਹੁਤੇ ਆਸਟ੍ਰੇਲੀਆ ਵਾਸੀ ਅਤੇ ਰਾਜਨੀਤਕ ਲੀਡਰ ਸਿੱਖਾਂ ਦੇ ਹੱਕ ਵਿੱਚ ਖੜ੍ਹੇ ਹੋਏ।
ਸਿੱਖ ਭਾਈਚਾਰਾ ਆਸਟ੍ਰੇਲੀਆ ਵਿੱਚ ਨਸਲਵਾਦ ਵਿਰੁੱਧ ਜੂਝ ਰਿਹਾ ਹੈ। ਕਈ ਵਾਰ ਉਹਨਾਂ ਨੂੰ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਸ਼ਾਂਤੀ ਨਾਲ ਵਿਰੋਧ ਕਰਦੇ ਹਨ ਅਤੇ ਭਾਈਚਾਰੇ ਨਾਲ ਮਿਲ ਕੇ ਰਹਿੰਦੇ ਹਨ।
ਆਸਟ੍ਰੇਲੀਆ ਵਿੱਚ ਸਿੱਖਾਂ ਦਾ ਯੋਗਦਾਨ ਵੱਡਾ ਹੈ। ਉਹ 19ਵੀਂ ਸਦੀ ਤੋਂ ਇੱਥੇ ਆਏ ਅਤੇ ਕੈਮਲੀਅਰ, ਵਪਾਰੀ, ਦੁਕਾਨਦਾਰ ਵਜੋਂ ਕੰਮ ਕੀਤਾ। ਅੱਜ ਉਹ ਵਪਾਰ, ਕਲਾ, ਫ਼ੌਜ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ। ਵੂਲਗੂਲਗਾ ਵਿੱਚ ਪਹਿਲਾ ਗੁਰਦੁਆਰਾ 1968 ਵਿੱਚ ਬਣਿਆ ਅਤੇ ਹੁਣ ਉਹਨਾਂ ਨੇ ਬਹੁਤ ਸਾਰੇ ਗੁਰਦੁਆਰੇ ਅਤੇ ਕਮਿਊਨਿਟੀ ਸੈਂਟਰ ਬਣਾਏ ਹਨ। ਉਹ ਬਨਾਨਾ ਫਾਰਮਾਂ ਤੇ ਕੰਮ ਕਰਕੇ ਅਰਥ ਵਿਵਸਥਾ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਸਮਾਜੀ ਕੰਮਾਂ ਵਿੱਚ ਅੱਗੇ ਰਹਿੰਦੇ ਹਨ। ਪੱਛਮੀ ਆਸਟ੍ਰੇਲੀਆ ਵਿੱਚ ਪਾਇਨੀਅਰ ਸਿੱਖਾਂ ਨੇ ਆਰਥਿਕ ਅਤੇ ਰਾਜਨੀਤਕ ਹਾਲਾਤਾਂ ਕਾਰਨ ਪੰਜਾਬ ਤੋਂ ਆ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ। ਪਹਿਲੀ ਵਿਸ਼ਵ ਜੰਗ ਵਿੱਚ ਵੀ ਉਹਨਾਂ ਨੇ ਯੋਗਦਾਨ ਪਾਇਆ ਸੀ।
ਆਸਟ੍ਰੇਲੀਅਨ ਰਾਜਨੀਤੀ ਵਿੱਚ ਸਿੱਖਾਂ ਦਾ ਪ੍ਰਭਾਵ ਵਧ ਰਿਹਾ ਹੈ। ਪਰਵਿੰਦਰ ਕੌਰ ਪੱਛਮੀ ਆਸਟ੍ਰੇਲੀਆ ਵਿੱਚ ਪਹਿਲੀ ਸਿੱਖ ਵਿਧਾਇਕ ਬਣੀ ਸੀ ਜਿਸ ਨੇ ਗੁਟਕਾ ਸਾਹਿਬ ਨਾਲ ਸਹੁੰ ਚੁੱਕੀ। ਗੁਰਮੇਸ਼ ਸਿੰਘ ਨਿਊ ਸਾਊਥ ਵੇਲਜ਼ ਨੈਸ਼ਨਲ ਪਾਰਟੀ ਦਾ ਲੀਡਰ ਬਣਿਆ ਅਤੇ ਪਹਿਲਾ ਸਿੱਖ ਹੈ ਜੋ ਮੁੱਖ ਪਾਰਟੀ ਨੂੰ ਲੀਡ ਕਰ ਰਿਹਾ ਹੈ। ਇਹ ਉਹਨਾਂ ਦੀ ਮਿਹਨਤ ਅਤੇ ਭਾਈਚਾਰੇ ਦੀ ਮਾਨਤਾ ਨੂੰ ਦਰਸਾਉਂਦਾ ਹੈ। ਪੈਰੀ ਕਾਹਲੋਂ ਵਰਗੇ ਸਿੱਖ ਰਾਜਨੀਤੀ ਵਿੱਚ ਅੱਗੇ ਵਧ ਰਹੇ ਹਨ ਅਤੇ ਨਸਲਵਾਦ ਵਿਰੁੱਧ ਆਵਾਜ਼ ਉਠਾਉਂਦੇ ਹਨ। ਸਿੱਖ ਡਾਇਸਪੋਰਾ ਆਸਟ੍ਰੇਲੀਆ ਵਿੱਚ ਸਿੱਖ ਮੁੱਦਿਆਂ ’ਤੇ ਵੀ ਸਰਗਰਮ ਹੈ ਅਤੇ ਵਿਦੇਸ਼ੀ ਦਖਲ ਅੰਦਾਜੀ ਵਿਰੁੱਧ ਲੜਦਾ ਹੈ।
ਹਾਲਾਂਕਿ ਸਿੱਖਾਂ ਕੋਲ ਕੋਈ ਕੇਂਦਰੀ ਲੀਡਰਸ਼ਿਪ ਨਹੀਂ ਹੈ ਪਰ ਉਹ ਗੁਰੂ ਦੇ ਭਰੋਸੇ ਅਤੇ ਮਾਰਗ ਤੇ ਚੱਲ ਕੇ ਸੰਕਟਾਂ ਅਤੇ ਨਸਲਵਾਦ ਨਾਲ ਨਿਬੜ ਰਹੇ ਹਨ। ਇਹ ਸਿੱਖ ਧਰਮ ਦੀ ਕਰਾਮਾਤ ਹੈ ਕਿ ਉਹ ਸੰਕਟਾਂ ਵਿੱਚ ਮਜ਼ਬੂਤ ਹੁੰਦਾ ਰਿਹਾ ਹੈ। ਸੇਵਾ, ਚੜ੍ਹਦੀ ਕਲਾ ਅਤੇ ਮਨੁੱਖਤਾ ਲਈ ਹਮਦਰਦੀ ਵਰਗੇ ਗੁਣ ਉਹਨਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਸੰਸਾਰ ਵਿੱਚ ਦੇਵਤਾ ਵਾਂਗ ਬਣਾਉਂਦੇ ਹਨ। ਗੁਰਮਤਿ ਦਾ ਸੰਦੇਸ਼ ਹੈ: ਗੁਰ ਸੇਵਾ ਤੇ ਹਰਿ ਪਾਈਐ, ਜਾ ਕਉ ਨਦਰਿ ਕਰੇਇ॥ ਮਾਣਸ ਤੇ ਦੇਵਤੇ ਭਏ, ਧਿਆਇਆ ਨਾਮੁ ਹਰੇ॥ ਹਉਮੈ ਮਾਰਿ ਮਿਲਾਇਅਨੁ, ਗੁਰ ਕੈ ਸਬਦਿ ਤਰੇ॥ (ਸਲੋਕ ਮ: 3 ਪੰਨਾ 850)
ਜਿਹੜਾ ਗੁਰੂ ਦੇ ਹੁਕਮ ਅਨੁਸਾਰ ਮਨੁੱਖਤਾ ਦੀ ਸੇਵਾ ਕਰਦਾ ਹੈ ਉਹ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦਾ ਨਾਮ ਅਤੇ ਸਤਿਗੁਰੂ ਦਾ ਹੁਕਮ ਅਪਣਾ ਕੇ ਸਿੱਖ ਮਨੁੱਖ ਤੋਂ ਦੇਵਤਾ ਬਣ ਜਾਂਦੇ ਹਨ। ਗੁਰੂ ਦੇ ਹੁਕਮ ’ਤੇ ਚੱਲ ਕੇ ਸਿੱਖ ਸੰਸਾਰ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੇ ਹਨ।
ਸਿੱਖ ਭਾਈਚਾਰਾ ਮਨੁੱਖਤਾ ਨੂੰ ਸੇਵਾ, ਬਰਾਬਰੀ ਅਤੇ ਹਮਦਰਦੀ ਦਿੰਦਾ ਹੈ। ਉਹ ਨਸਲਵਾਦ ਵਿਰੁੱਧ ਲੜ ਕੇ ਏਕਤਾ ਦੀ ਮਿਸਾਲ ਬਣ ਰਿਹਾ ਹੈ ਅਤੇ ਆਸਟ੍ਰੇਲੀਆ ਵਿੱਚ ਆਰਥਿਕ, ਸਮਾਜੀ ਅਤੇ ਰਾਜਨੀਤਕ ਯੋਗਦਾਨ ਨਾਲ ਮਾਣ ਵਧਾ ਰਿਹਾ ਹੈ। ਇਹ ਸੇਵਾ ਅਜੇ ਜਾਰੀ ਹੈ ਅਤੇ ਲੋਕਾਂ ਨੂੰ ਲੰਬੇ ਸਮੇਂ ਤੱਕ ਸਹਾਰਾ ਦੇ ਰਹੀ ਹੈ।
![]()
