ਪੰਜਾਬ ਦੇ ਕਪੂਰਥਲਾ, ਜਲੰਧਰ ਅਤੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਤੇ ਮੰਡ ਇਲਾਕਿਆਂ ਵਿੱਚ ਹੜ੍ਹ ਦੇ ਪਾਣੀ ਨੇ ਕਈ ਪਿੰਡਾਂ ਦਾ ਖਤਰਨਾਕ ਉਜਾੜਾ ਕਰ ਦਿਤਾ ਹੈ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਪੂਰਥਲਾ ਦੇ ਪਿੰਡਾਂ—ਅਸੀਕਲਾਂ, ਆਲੀਖੁਰਦ, ਚਕ ਪਤੀ, ਪਿੰਡ ਸਾਂਗਰਾ ਬਾਊਪੁਰ, ਬਾਉਪੁਰ, ਬਾਉਪੁਰ ਕਦੀਮ, ਬਾਉਪੁਰ ਜਦੀਦ, ਸੇਖ ਮਾਗਾ ਵਿੱਚ ਵੀ ਰਾਹਤ ਸਮੱਗਰੀ ਵੰਡੀ। ਇਸ ਵਿੱਚ ਪਸ਼ੂਆਂ ਲਈ ਫੀਡ ਅਤੇ ਚਾਰਾ ਵੀ ਸ਼ਾਮਲ ਸੀ। ਇਸ ਔਖੀ ਘੜੀ ਵਿਚ ਸਿੱਖ ਸੇਵਕ ਸੁਸਾਇਟੀ ਨੇ ਦਿੱਲੀ ਦੀ ਸੰਗਤ ਦੇ ਸਹਿਯੋਗ ਨਾਲ ਜਿਥੇ ਰਾਹਤ ਸਮੱਗਰੀ ਵੰਡੀ, ਉਥੇ ਮੈਡੀਕਲ ਮੋਬਾਈਲ ਵੈਨ ,ਜਿਸ ਵਿੱਚ ਡਾਕਟਰ ਸ਼ਾਮਲ ਸਨ, ਰਾਹੀਂ ਮਰੀਜ਼ਾਂ ਨੂੰ ਜਰੂਰੀ ਦਵਾਈਆਂ ਵੀ ਮੁਹੱਈਆ ਕਰਵਾਈਆਂ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਸਿੱਖ ਸੇਵਕ ਸੁਸਾਇਟੀ ਨੇ ਸੁਲਤਾਨਪੁਰ ਲੋਧੀ ਦੇ ਕੁਝ ਪਿੰਡਾਂ ਦਾ ਸਰਵੇਖਣ ਕੀਤਾ ਹੈ। ਸਰਵੇਖਣ ਅਨੁਸਾਰ ਖੇਤਾਂ ਵਿੱਚ ਰੇਤ ਦੀਆਂ ਸਿਲਟਾਂ ਬਝ ਗਈਆਂ ਨੇ, ਅਗਲੇ 4-5 ਮਹੀਨੇ ਫਸਲ ਦੀ ਆਸ ਵੀ ਨਹੀਂ। ਸਿੱਖ ਸੇਵਕ ਸੁਸਾਇਟੀ ਦੇ ਸਰਵੇਖਣ ਅਨੁਸਾਰ ਖੇਤਾਂ ਵਿੱਚ ਰੇਤ ਅਤੇ ਮਿੱਟੀ ਦੀ ਚਾਰ ਤੋਂ ਪੰਜ ਫੁੱਟ ਮੋਟੀ ਪਰਤ ਜਮ੍ਹਾਂ ਹੋ ਗਈ ਹੈ ਜਿਸ ਵਿੱਚ ਪਾਣੀ ਅਜੇ ਵੀ ਰਿਸ ਰਿਹਾ ਹੈ। ਮਿੱਟੀ ਅਤੇ ਰੇਤ ਦੀ ਮੋਟੀ ਪਰਤ ਨੂੰ ਹਟਾਉਣਾ ਕੋਈ ਸੌਖਾ ਨਹੀਂ ਹੈ। ਖਾਲਸਾ ਨੇ ਕਿਹਾ ਕਿ ਕਿਸਾਨਾਂ ਕੋਲ ਨਾ ਤਾਂ ਅਜਿਹੀ ਮਸ਼ੀਨਰੀ ਹੈ ਜਿਸ ਰਾਹੀਂ ਮਿੱਟੀ ਦੀ ਪਰਤ ਨੂੰ ਹਟਾਇਆ ਜਾ ਸਕੇ ਅਤੇ ਨਾ ਹੀ ਵਿੱਤੀ ਵਸੀਲੇ। ਉਹਨਾਂ ਕਿਹਾ ਕਿ ਖੇਤਾਂ ਵਿੱਚ ਮਿੱਟੀ ਅਤੇ ਰੇਤ ਦੇ ਮਿਸ਼ਰਨ ਦੀ ਪਰਤ ਜਮ੍ਹਾਂ ਹੈ, ਉਸ ਨੂੰ ਰੇਤ ਨਹੀਂ ਆਖਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਦਾ ਕੋਈ ਖ਼ਰੀਦਦਾਰ ਹੈ। ਸਰਕਾਰ ਵਾਹੀ ਯੋਗ ਜ਼ਮੀਨਾਂ ਨੂੰ ਠੀਕ ਕਰਨ ਲਈ ਵਿਆਪਕ ਪੱਧਰ ਉੱਤੇ ਮੁਹਿੰਮ ਸ਼ੁਰੂ ਕਰੇ ਅਤੇ ਇਸੇ ਮਿੱਟੀ ਨਾਲ ਧੁੱਸੀ ਬੰਨ੍ਹ, ਬਾਊਪੁਰ ਬੰਨ੍ਹ ਤੇ ਹੋਰ ਬੰਨ੍ਹ ਮਜ਼ਬੂਤ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਹੜ੍ਹ ਦੀ ਮਾਰ ਤੋਂ ਜ਼ਮੀਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਦਸਿਆ ਕਿ ਸਥਿਤੀ ਇੰਨੀ ਜ਼ਿਆਦਾ ਖ਼ਰਾਬ ਹੈ ਕਿ ਹੜ੍ਹ ਕਾਰਨ ਕਿਸਾਨ ਆਰਥਿਕ ਤੌਰ ਉੱਤੇ ਦਸ ਸਾਲ ਪਿੱਛੇ ਚਲੇ ਗਏ ਹਨ, ਕਿਉਂਕਿ ਇੱਕ ਸਾਲ ਕੋਈ ਵੀ ਫ਼ਸਲ ਇਨ੍ਹਾਂ ਖੇਤਾਂ ਵਿੱਚ ਨਹੀਂ ਹੋਣੀ। ਇਸ ਕਾਰਨ ਖੇਤ ਮਜਦੂਰਾਂ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।
ਪਿੰਡ ਮੁੰਡੀ ਕਾਲੂ ਨੂੰ ਭੇਂਟ ਕੀਤੀ ਕਿਸ਼ਤੀ
ਖਾਲਸਾ ਨੇ ਦਸਿਆ ਕਿ ਹੜ੍ਹ ਕਾਰਨ ਜਲੰਧਰ ਦੇ ਪਿੰਡ ਮੁੰਡੀ ਕਾਲੂ ਦੇ ਆਲੇ ਦੁਆਲੇ ਪਾਣੀ ਚਾਰੇ ਪਾਸੇ ਫੈਲਿਆ ਹੋਇਆ ਹੈ। ਇਹ ਪਿੰਡ ਪੂਰੀ ਤਰ੍ਹਾਂ ਟਾਪੂ ਬਣ ਚੁਕਾ ਹੈ। ਉਥੇ ਕਿਸ਼ਤੀਆਂ ਰਾਹੀਂ ਪਹੁੰਚ ਹੁੰਦਾ ਹੈ। ਅਜਿਹੇ ਵਿੱਚ ਸਿੱਖ ਸੇਵਕ ਸੁਸਾਇਟੀ ਨੇ ਕਿਸ਼ਤੀ (ਬੋਟ) ਦੀ ਸਹਾਇਤਾ ਨਾਲ ਨਾ ਸਿਰਫ਼ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਪਹੁੰਚਾਈ, ਸਗੋਂ ਇਸ ਕਿਸ਼ਤੀ ਨੂੰ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਤਾਂ ਜੋ ਹੋਰ ਹੜ੍ਹ ਪੀੜਤ ਖੇਤਰਾਂ ਵਿੱਚ ਮਦਦ ਕਰ ਸਕਣ।
ਦਿੱਲੀ ਦੀ ਸੰਗਤ ਦੀ ਅਗਵਾਈ ਵਿੱਚ ਭਾਈ ਚਰਨਜੀਤ ਸਿੰਘ ਖਾਲਸਾ, ਜਥੇਦਾਰ ਜਤਿੰਦਰ ਪਾਲ ਸਿੰਘ ਗੋਲਡੀ, ਸਰਬਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ, ਭਾਈ ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਗਲੋਬਲ ਆਦਿ ਨੇ ਦਿਨ-ਰਾਤ ਇੱਕ ਕਰਕੇ ਪੀੜਤਾਂ ਦੀ ਸੇਵਾ ਕੀਤੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਮੇਂ ਸਿਰ ਬੰਨ੍ਹਾਂ ਦੀ ਮੁਰੰਮਤ, ਸੜਕਾਂ ਦੀ ਮੁੜ ਸੁਰਜੀਤੀ ਅਤੇ ਸਿਹਤ ਸੰਭਾਲ ਦੇ ਪ੍ਰਬੰਧ ਕੀਤੇ ਜਾਣ। ਨਹੀਂ ਤਾਂ ਇਹ ਖਤਰਾ ਹੋਰ ਵੱਧ ਸਕਦਾ ਹੈ।
ਪਸ਼ੂਆਂ ਦੇ ਚਾਰੇ ਦੀ ਲੋੜ
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸਕਤਰ ਜਨਰਲ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਦਸਿਆ ਕਿ ਪਸ਼ੂਆਂ ਲਈ ਚਾਰੇ ਦੀ ਘਾਟ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਸਿੱਖ ਸੇਵਕ ਸੁਸਾਇਟੀ ਕੁਝ ਹੜ੍ਹ ਪੀੜਤ ਪਿੰਡਾਂ ਵਿੱਚ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰ ਰਹੇ ਹਾਂ। ਇਸ ਦੀ ਬਹੁਤ ਘਾਟ ਹੈ। ਉਨ੍ਹਾਂ ਦਸਿਆ ਕਿ ਸਭ ਤੋਂ ਭਿਆਨਕ—ਗੰਦਲੇ ਪਾਣੀ ਵਿੱਚ ਵਹਿ ਕੇ ਆਈਆਂ ਮਨੁੱਖੀ ਲਾਸ਼ਾਂ ਅਤੇ ਮਰੇ ਹੋਏ ਪਸ਼ੂ ਹਨ। ਇਸ ਗੰਦਲੇ ਪਾਣੀ ਨੇ ਹੁਣ ਬਦਬੂ ਦਾ ਅਜਿਹਾ ਆਲਮ ਪੈਦਾ ਕਰ ਦਿੱਤਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਤੇ ਭਿਆਨਕ ਬਿਮਾਰੀਆਂ ਦਾ ਖਤਰਾ ਵੀ ਪੈਦਾ ਹੋ ਗਿਆ ਹੈ।
ਉਹਨਾਂ ਦਸਿਆ ਕਿ ਸਰਕਾਰ ਨੂੰ ਹੁਣ ਅੱਗੇ ਆ ਕੇ ਬੰਨ੍ਹਾਂ ਦੀ ਮੁਰੰਮਤ, ਸੜਕਾਂ ਦੀ ਮੁੜ ਸੁਰਜੀਤੀ ਅਤੇ ਸਿਹਤ ਸੰਭਾਲ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਹੋਵੇਗਾ। ਮੰਡ ਇਲਾਕੇ ਵਿੱਚ ਬਾਉਪੁਰ ਬਰਿਜ ਦੇ ਆਲੇ-ਦੁਆਲੇ ਦੇ ਪਿੰਡ ਬਿਆਸ ਦੇ ਪਾਣੀ ਨਾਲ ਡੁੱਬੇ ਹੋਏ ਹਨ। ਸਿੱਖ ਸੇਵਕ ਸੁਸਾਇਟੀ ਜਿਹੜੇ ਹੜ੍ਹ ਪੀੜਤ ਪਿੰਡਾਂ ਵਿੱਚ ਜਾ ਰਹੀ ਹੈ, ਮੈਡੀਕਲ ਸੇਵਾਵਾਂ ਦੇ ਰਹੀ ਹੈ। ਫੋਗਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਸਾਹਿਬ ਸਿੰਘ ਆਰਟਿਸਟ, ਸੰਦੀਪ ਸਿੰਘ ਬੰਨੀ ਚਾਵਲਾ, ਬਲਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਹਰਦੇਵ ਸਿੰਘ ਠੇਕੇਦਾਰ, ਭਾਈ ਮਨਜੀਤ ਸਿੰਘ ਗਤਕਾ ਮਾਸਟਰ ਅੰਮ੍ਰਿਤਸਰ , ਹਰਦੇਵ ਸਿੰਘ ਗਰਚਾ ਗੁਰਪ੍ਰੀਤ ਸਿੰਘ ਰਾਜੂ ,ਸੁਖਵਿੰਦਰ ਸਿੰਘ ਦਿਲੀ ਪੇਂਟ, ਕਮਲਜੀਤ ਸਿੰਘ ਜਮਸ਼ੇਰ ਵੀ ਇਸ ਹੜ੍ਹ ਪੀੜਤ ਕਾਰ ਸੇਵਾ ਵਿੱਚ ਸ਼ਾਮਲ ਹੋਏ।
![]()
