ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਹਾਈ ਪ੍ਰੋਫ਼ਾਈਲ ਕੌਮਾਂਤਰੀ ਕੋਕੀਨ ਤਸਕਰੀ ਤੇ ਹੱਤਿਆ ਦੇ ਮਾਮਲੇ ਵਿੱਚ ਟਰਾਂਟੋ ਦੇ ਵਕੀਲ ਦੀਪਕ ਬਲਵੰਤ ਪਾਰਾਡਕਰ ਤੇ ਕਰਾਈਮ ਸਾਈਟ ਆਪਰੇਟਰ ਗੁਰਸੇਵਕ ਸਿੰਘ ਬੱਲ ਦੇ ਨਾਂ ਪ੍ਰਮੁੱਖ ਤੌਰ ’ਤੇ ਸਾਹਮਣੇ ਆਏ ਹਨ। ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿੱਚ ਦਾਇਰ ਸੰਘੀ ਦੋਸ਼ ਪੱਤਰ ਅਨੁਸਾਰ ਇਨਾਂ ਦੋਵਾਂ ਨੇ ਕਈ ਟਨ ਕੋਕੀਨ ਕੋਲੰਬੀਆ ਤੋੋਂ ਮੈਕਸੀਕੋ ਰਾਹੀਂ ਅਮਰੀਕਾ ਤੇ ਕੈਨੇਡਾ ਵਿੱਚ ਭੇਜਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਇਨ੍ਹਾਂ ਨੇ ਡਰੱਗ ਮਾਮਲੇ ਵਿੱਚ ਇੱਕ ਪ੍ਰਮੁੱਖ ਸੰਘੀ ਗਵਾਹ ਦੀ ਹੱਤਿਆ ਕਰਨ ਵਿੱਚ ਮੱਦਦ ਕੀਤੀ। ਸਾਬਕਾ ਉਲੰਪਿਕ ਸਨੋਅਬੋਰਡਰ ਰਿਆਨ ਜੇਮਜ ਵੈਡਿੰਗ ਵੀ ਦੋਸ਼ੀ ਵਜੋਂ ਸ਼ਾਮਿਲ ਹੈ ਜੋ ਨੈੱਟਵਰਕ ਚਲਾਉਂਦਾ ਸੀ ਤੇ ਉਹ ਮੁੱਖ ਤੌਰ ’ਤੇ ਪਾਰਾਡਕਰ ਤੇ ਬੱਲ ਵਰਗੇ ਲੋਕਾਂ ਵੱਲੋਂ ਕੀਤੀ ਗਈ ਸਹਾਇਤਾ ਉੱਪਰ ਨਿਰਭਰ ਸੀ। 62 ਸਾਲਾ ਪਾਰਾਡਕਰ ਇੱਕ ਪ੍ਰਸਿੱਧ ਕ੍ਰਿਮੀਨਲ ਵਕੀਲ ਹੈ ਜੋ ਟਰਾਂਟੋ ਦਾ ਵਸਨੀਕ ਹੈ। ਪਿਛਲੇ ਸਾਲ ਕੈਲੀਫ਼ੋਰਨੀਆ ਵਿੱਚ ਕੋਕੀਨ ਦੀ ਵੱਡੀ ਖੇਪ ਫ਼ੜੇ ਜਾਣ ਉਪਰੰਤ ਪਾਰਾਡਕਰ
ਦਾ ਨਾਂਅ ਸਾਹਮਣੇ ਆਇਆ ਸੀ। ਉਸ ਨੇ ਪ੍ਰਮੁੱਖ ਗਵਾਹ ਨੂੰ ਮਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਵੈਡਿੰਗ ਨੂੰ ਸਲਾਹ ਦਿੱਤੀ ਕਿ ਜੇਕਰ ਪ੍ਰਮੁੱਖ ਗਵਾਹ ਨੂੰ ਮਾਰ ਦਿੱਤਾ ਜਾਵੇ ਤਾਂ ਡਰੱਗ ਮਾਮਲਾ ਕਮਜੋਰ ਹੋ ਜਾਵੇਗਾ। ਵਕੀਲਾਂ ਅਨੁਸਾਰ ਗੁਰਸੇਵਕ ਸਿੰਘ ਬੱਲ ਨੇ ਗਵਾਹ ਨੂੰ ਲੱਭਣ ਵਿੱਚ ਮੱਦਦ ਕੀਤੀ। ਉਸ ਨੇ ਆਪਣੀ ਵੈੱਬ ਸਾਈਟ ਉਪਰ ਗਵਾਹ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਜਿਸ ਦੇ ਬਦਲੇ ਵਿੱਚ ਪੈਸੇ ਲਏ। ਜਾਂਚਕਾਰਾਂ ਅਨੁਸਾਰ ਬੱਲ ਦੇ ਇਸ ਕਦਮ ਨੇ ਸਾਜਿਸ਼ ਵਿੱਚ ਅਹਿਮ ਭੂਮਿਕਾ ਨਿਭਾਈ। ਗਵਾਹ ਅੇਬੇਡੋ ਗਾਰਸੀਆ ਨੂੰ ਇਸ ਸਾਲ 31 ਜਨਵਰੀ ਨੂੰ ਇੱਕ ਮੈਡਲਿਨ ਦੇ ਰੈਸਟੋਰੈਂਟ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਬਾਅਦ ਵਿੱਚ ਉਸ ਦੀ ਲਾਸ਼ ਦੀਆਂ ਤਸਵੀਰਾਂ ਗਰੁੱਪ ਵਿੱਚ ਸਾਂਝੀਆਂ ਕੀਤੀਆਂ ਗਈਆਂ।
ਸਮਝਿਆ ਜਾਂਦਾ ਹੈ ਕਿ ਵੈਡਿੰਗ ਮੈਕਸੀਕੋ ਵਿੱਚ ਗਿਰੋਹ ਦੀ ਰੱਖਿਆ ਤਹਿਤ ਕਿਤੇ ਲੁੱਕਿਆ ਹੋਇਆ ਹੈ। ਇਸ ਮਾਮਲੇ ਵਿੱਚ ਹੁਣ ਤੱਕ 10 ਸ਼ੱਕੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਦ ਕਿ ਕੁੱਲ 19 ਸ਼ੱਕੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਇਸ ਵੱਡੇ ਡਰੱਗ ਤਸਕਰੀ ਮਾਮਲੇ ਦੀ ਜਾਂਚ ਵਿੱਚ ਐਫ਼. ਬੀ. ਆਈ. ਲਾਸ ਏਂਜਲਸ ਫ਼ੀਲਡ ਦਫ਼ਤਰ, ਵਿਦੇਸ਼ ਵਿਭਾਗ, ਵਿੱਤ ਵਿਭਾਗ, ਆਰ ਸੀ ਐਮ ਪੀ ਤੇ ਕੋਲੰਬੀਅਨ ਨੈਸ਼ਨਲ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ। ਵਿਦੇਸ਼ ਵਿਭਾਗ ਨੇ ਵੈਡਿੰਗ ਦੀ ਗ੍ਰਿਫ਼ਤਾਰੀ ਲਈ ਇਨਾਮ ਵਧਾ ਕੇ ਡੇਢ ਕਰੋੜ ਡਾਲਰ ਕਰ ਦਿੱਤਾ ਹੈ ਤੇ ਗਵਾਹ ਦੀ ਹੱਤਿਆ ਵਿੱਚ ਸ਼ਾਮਲ ਲੋਕਾਂ ਦੀ ਸੂਹ ਦੇਣ ਵਾਲੇ ਲਈ 20 ਲੱਖ ਡਾਲਰ ਇਨਾਮ ਐਲਾਨਿਆ ਹੈ।
![]()
