ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਹੋਏ ਫੈਸਲਿਆਂ ਨੂੰ ਜਨਤਕ ਤੌਰ ’ਤੇ ਪ੍ਰਵਾਨ ਕਰਕੇ, ਤਨਖਾਹਾਂ ਲਗਾ ਕੇ ਪੂਰਨ ਕਰਨ ਵਾਲੇ ਬਾਦਲ ਦਲ ਨੇ ਬੇਸ਼ਕ ਆਪਣੀਆਂ ਲੱਗੀਆਂ ਤਨਖਾਹਾਂ ਪੂਰੀਆਂ ਕਰ ਲਈਆਂ ਹਨ ਪਰ ਅਕਾਲ ਤਖ਼ਤ ਤੋਂ ਮਿਲੇ ਹੁਕਮਾਂ ਅਨੁਸਾਰ ਆਪਣੇ ਸਿਆਸੀ ਅਹੁਦਿਆਂ ਤੋਂ ਅਸਤੀਫ਼ੇ ਨਾ ਦੇ ਕੇ ਉਨ੍ਹਾਂ ਅਸਲੀਅਤ ਵਿੱਚ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਹਨ। ਇਹ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਦੀ ਲੀਡਰਸ਼ਿਪ, ਜਿਨ੍ਹਾਂ ਨੂੰ ਸਿੱਖ ਕੌਮ ਨੇ ਉਨ੍ਹਾਂ ਦੀਆਂ ਗਲਤੀਆਂ ਕਾਰਨ ਸਿਆਸੀ ਤੇ ਧਾਰਮਿਕ ਤੌਰ ’ਤੇ ਰੱਦ ਕਰ ਦਿੱਤਾ ਹੈ, ਨੂੰ ਸਿਆਸੀ ਚਾਲਾਂ ਖੇਡਣੀਆਂ ਬੰਦ ਕਰਕੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਗੁਰਮਤਾ ਲਾਗੂ ਕਰਾਉਣਾ ਚਾਹੀਦਾ ਹੈ।