ਅਕਾਲੀ ਦਲ ਦਾ ਸੰਕਟ ਕਾਇਮ

In ਮੁੱਖ ਖ਼ਬਰਾਂ
January 14, 2025
ਬਲਵਿੰਦਰ ਪਾਲ ਸਿੰਘ: ਜਦੋਂ ਪਿਛਲੇ ਸਾਲ 1 ਜੁਲਾਈ ਨੂੰ ਅਕਾਲੀ ਦਲ ਦਾ ਸੰਕਟ ਸ਼ੁਰੂ ਹੋਇਆ ਸੀ ਅਤੇ ਅਕਾਲ ਤਖ਼ਤ ਤੱਕ ਪਹੁੰਚਿਆ ਸੀ ਸ਼ੁਰੂ ਤੋਂ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਸਿੰਘ ਸਾਹਿਬਾਨਾਂ ਨੂੰ ਅਕਾਲ ਤਖ਼ਤ ਦੇ ਅਧਿਕਾਰ ਅਤੇ ਭਰੋਸੇਯੋਗਤਾ ਨੂੰ ਬਹਾਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਨਾਲ ਹੀ ਅਕਾਲੀ ਦਲ ਦੇ ਸਾਹਮਣੇ ਸੰਕਟ ਨੂੰ ਹੱਲ ਕਰਨ ਅਤੇ ਗੁਰੂ ਪੰਥ ਵਿਚ ਬਾਦਲਕਿਆਂ ਲਈ ਸਵੀਕਾਰਯੋਗ ਹੋਣ ਦੀ ਚੁਣੌਤੀ ਵੀ ਸੀ। ਭਾਵੇਂ ਬਾਦਲਕੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਕਾਫ਼ੀ ਹੱਦ ਤੱਕ ਸਫਲ ਰਹੇ, ਪਰ ਅਕਾਲੀ ਦਲ ਦਾ ਸੰਕਟ ਅਜੇ ਖਤਮ ਨਹੀਂ ਹੋਇਆ ਹੈ ਅਤੇ ਅਕਾਲ ਤਖ਼ਤ ਦੇ ਜਥੇਦਾਰ ਇੱਕ ਵਾਰ ਫਿਰ ਫਿਸਲਣ ਵਾਲੀ ਸਥਿਤੀ ਵਿੱਚ ਪਹੁੰਚ ਚੁਕੇ ਹਨ। 2 ਦਸੰਬਰ ਨੂੰ ਅਕਾਲ ਤਖ਼ਤ 'ਤੇ ਹੋਏ ਦਿਲਚਸਪ ਇਤਿਹਾਸਕ ਸੀਨ ਤੇ ਗੁਨਾਹਗਾਰ ਲੀਡਰਸ਼ਿਪ ਦੇ ਡਰਾਮੇ ਤੋਂ ਚਾਲੀ ਦਿਨਾਂ ਬਾਅਦ, ਬਾਦਲਕੇ ਫਿਰ ਆਪਣੀ ਸ਼ਕਤੀ ਦਾ ਸਬੂਤ ਦਿੰਦੇ ਹੋਏ ਗਰਮਤਿਆਂ ਦੇ ਮੂਲ ਤੇ ਅਕਾਲ ਤਖਤ ਸਾਹਿਬ ਵਲੋਂ ਬਣਾਈ ਅਕਾਲੀ ਦਲ ਦੀ ਭਰਤੀ ਟੀਮ ਨੂੰ ਰਦ ਕਰਕੇ ਅਤੇ ਅਕਾਲ ਤਖਤ ਸਾਹਿਬ ਦੇ ਸਿਧਾਂਤਕ ਹੁਕਮ ਕਿ ਇਹ ਗੁਨਾਹਗਾਰ ਲੀਡਰਸ਼ਿਪ ਖਾਲਸਾ ਪੰਥ ਦੀ ਅਗਵਾਈ ਦਾ ਨੈਤਿਕ ਅਧਿਕਾਰ ਖੋ ਚੁਕੀ ਹੈ,ਵਿਰੁਧ ਜਾਕੇ ਆਪ ਹੀ ਅਕਾਲੀ ਦਲ ਦੀ ਕਮਾਂਡ ਸੰਭਾਲ ਕੇ ਗੁਰਮਤਿਆਂ ਦੇ ਮੂਲ ਨੂੰ ਰਦ ਕਰ ਦਿੰਦੀ ਹੈ। ਇਸ ਤਰ੍ਹਾਂ ਹਰ ਪੱਖੋਂ ਹਾਲਾਤ ਫਿਰ ਤੋਂ ਉਹੀ ਜਾਪਦੇ ਹਨ। ਮਾਘੀ ਤੋਂ ਬਾਅਦ ਪੰਥਕ ਸੰਕਟ ਹੋਰ ਡੂੰਘਾ ਹੋ ਜਾਣ ਦੀ ਸੰਭਾਵਨਾ ਹੈ।ਪੰਥਕ ਜਥੇਬੰਦੀਆਂ ਦੇ ਵਿਰੋਧ ਕਾਰਣ ਸ੍ਰੋਮਣੀ ਅਕਾਲੀ ਦਲ ਬਾਦਲ ਦੀਆਂ ਦਿਕਤਾਂ ਹੋਰ ਵਧ ਜਾਣਗੀਆਂ।ਭਾਈ ਅੰਮ੍ਰਿਤ ਪਾਲ ਸਿੰਘ ਦਾ ਧੜਾ ਪਹਿਲਾਂ ਹੀ ਬਾਦਲਕਿਆਂ ਲਈ ਚੈਲਿੰਜ ਬਣਿਆ ਹੋਇਆ ਅਕਾਲੀ ਦਲ ਦੇ ਨਿਰਮਾਣ ਲਈ ਰਝਿਆ ਹੋਇਆ ਹੈ।ਦੂਜੇ ਪਾਸੇ ਬਾਬਾ ਸਰਬਜੋਤ ਸਿੰਘ ਬੇਦੀ ਦਾ ਧੜਾ ਵੱਖ ਵੱਖ ਜਥੇਬੰਦੀਆਂ ਨਾਲ ਸੰਪਰਕ ਕਰਕੇ ਅਕਾਲ ਤਖਤ ਸਾਹਿਬ ਦੇ ਗੁਰਮਤਿਆਂ ਨੂੰ ਲਾਗੂ ਕਰਾਉਣ ਲਈ ਮੁਹਿੰਮ ਉਸਾਰਨ ਵਿਚ ਜੁਟਿਆ ਹੋਇਆ ਹੈ ਬਾਦਲਕਿਆਂ ਦੀਆਂ ਆਪਹੁਦਰੀਆਂ ਕਾਰਣ ਜਥੇਦਾਰ ਵੀ ਸੰਕਟ ਵਿਚ ਗੁਰਮਤਿਆਂ ਦੇ ਮੂਲ ਨੂੰ ਅਖੋਂ ਪਰੋਖੇ ਕਾਰਣ ਸਿੰਘ ਸਾਹਿਬਾਨ ਨੂੰ ਵੀ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਖਾਸ ਕਰਕੇ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੂੰ। ਯਾਦ ਰਹੇ ਕਿ ਬਾਦਲ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਇਸ਼ਾਰੇ ਉਪਰ ਗੁਰਮਤਿਆਂ ਨੂੰ ਢਾਹ ਲਗਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਵਜੋਂ ਕੰਮ ਕਰਨ ਤੋਂ ਰੋਕ ਦਿੱਤਾ ਸੀ ਅਤੇ ਉਨ੍ਹਾਂ ਵਿਰੁੱਧ ਜਾਂਚ ਕਮੇਟੀ ਬਿਠਾ ਦਿਤੀ ਸੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਸ੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਸੀ ਕਿ ਤਖਤ ਦੇ ਜਥੇਦਾਰ ਦੇ ਦੋਸ਼ਾਂ ਦੀ ਜਾਂਚ ਸ੍ਰੋਮਣੀ ਕਮੇਟੀ ਨਹੀਂ ਕਰ ਸਕਦੀ।ਇਸ ਲਈ ਇਹ ਕਮੇਟੀ ਰਦ ਕੀਤੀ ਜਾਵੇ ,ਪਰ ਇਹ ਫੁਰਮਾਨ ਸ੍ਰੋਮਣੀ ਕਮੇਟੀ ਨੇ ਨਹੀਂ ਸਵੀਕਾਰਿਆ। ਹੁਣ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੱਤ ਮੈਂਬਰੀ ਕਮੇਟੀ ਰਾਹੀਂ ਨਾਮਜ਼ਦਗੀਆਂ ਕਰਨ ਦੇ 2 ਦਸੰਬਰ ਦੇ ਨਿਰਦੇਸ਼ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਜਾ ਰਿਹਾ ਹੈ। ਜਿੱਥੇ ਗਿਆਨੀ ਰਘਬੀਰ ਸਿੰਘ 2 ਦਸੰਬਰ ਨੂੰ ਗੁਰਮਤਿਆਂ ਨੂੰ ਨਿਭਾਉਣ ਲਈ ਪ੍ਰਤੀਬੱਧ ਸਨ, ਉੱਥੇ ਹੀ ਮੰਨਿਆ ਜਾਂਦਾ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਐਲਾਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਬਾਦਲਕੇ ਇਸ ਕਾਰਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਸਖਤ ਨਰਾਜ਼ ਸਨ ਤੇ ਉਨ੍ਹਾਂ ਦਾ ਆਈਟੀ ਵਿੰਗ ਸ਼ੋਸ਼ਲ ਮੀਡੀਆ ਵਿਚ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਿਹਾ ਸੀ। ਜਥੇਦਾਰ ਹਰਪ੍ਰੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਕਾਲੀ ਦਲ ਇਨ੍ਹਾਂ ਗੁਰਮਤਿਆਂ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ, ਜੋ ਕਿ ਅਕਾਲ ਤਖ਼ਤ ਦੇ ਨਿਰਦੇਸ਼ਾਂ ਵਿੱਚੋਂ ਇੱਕ ਸੀ, ਪਰ ਇਸਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਝੂਠਾ ਬਹਾਨਾ ਬਣਾਕੇ ਭਰਤੀ ਪ੍ਰਕਿਰਿਆ ਨੂੰ ਆਪਣੇ ਤਰੀਕੇ ਨਾਲ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਬਾਦਲਕਿਆਂ ਦੀ ਵਰਕਿੰਗ ਕਮੇਟੀ ਵਲੋਂ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਅਰੰਭ ਕਰਨ ਲਈ ਜਥੇਦਾਰਾਂ ਵਲੋਂ ਨਿਯੁਕਤ 7 ਮੈਂਬਰੀ ਕਮੇਟੀ ਦੀ ਥਾਂ ਇਸ ਭਰਤੀ ਦੀ ਕਮਾਂਡ ਅਕਾਲੀ ਆਗੂੁ ਜਥੇ: ਗੁਲਜ਼ਾਰ ਸਿੰਘ ਰਣੀਕੇ ਨੂੰ ਸੌਂਪਦਿਆਂ ਮੁੱਖ ਚੋਣ ਅਫ਼ਸਰ ਨਿਯੁਕਤ ਕੀਤਾ ਗਿਆ ਹੈ । ਜਦਕਿ ਡਾ ਦਲਜੀਤ ਸਿੰਘ ਚੀਮਾ ਬਤੌਰ ਸਕੱਤਰ ਰਿਟਰਨਿੰਗ ਅਧਿਕਾਰੀ ਨੂੰ ਸਹਿਯੋਗ ਕਰਨਗੇ। ਡਾ ਚੀਮਾ ਨੇ ਦੱਸਿਆ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਭਰਤੀ ਪੂਰੀ ਕੀਤੀ ਜਾਵੇਗੀ ਅਤੇ 25 ਲੱਖ ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤਰ੍ਹਾਂ 1 ਮਾਰਚ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਨਵਾਂ ਪ੍ਰਧਾਨ ਚੁਣੇ ਜਾਣ ਤੱਕ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਬਣੇ ਰਹਿਣਗੇ। ਨਵਾਂ ਜਥੇਬੰਦਕ ਢਾਂਚਾ ਬਣਨ ਤੱਕ ਪਾਰਟੀ ਦਾ ਪਾਰਲੀਮਾਨੀ ਬੋਰਡ ਜਰੂਰਤ ਅਨੁਸਾਰ ਫੈਸਲਾ ਲਵੇਗਾ।ਇਸ ਦੇ ਨਾਲ ਹੀ ਹੋਰ ਵੱਖ-ਵੱਖ ਰਾਜਾਂ ਤੇ ਸ਼ਹਿਰਾਂ ਲਈ ਵੀ ਚੋਣ ਇੰਚਾਰਜ ਤੇ ਆਬਜ਼ਰਵਰ ਬਣਾਏ ਗਏ ਹਨ ।ਪਰ ਇਹ ਸਿਧੇ ਤੌਰ ਉਪਰ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਰੌਂਦਣ ਦੀ ਕਾਰਵਾਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿਚੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਭਰਤੀ ਕਰਨ ਵਾਲੀ ਕਮੇਟੀ ਵਿਚੋਂ ਬਾਹਰ ਰੱਖਿਆ ਗਿਆ ਹੈ। ਦਿਲਚਸਪ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਮੇਤ ਪੰਜ ਮੈਂਬਰਾਂ ਨੂੰ ਖਾਸ ਜ਼ਿੰਮੇਵਾਰੀ ਨਹੀਂ ਦਿਤੀ ਗਈ ,ਪੰਜਾਬ ਤੋਂ ਬਾਹਰ ਰਾਜਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਬਾਦਲ ਧੜਾ ਆਪਣੀ ਮਨਮਰਜ਼ੀ ਚਲਾ ਸਕੇ। ਡਾ ਚੀਮਾ ਨੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਨੁਸ਼ਾਸ਼ਨੀ ਕਮੇਟੀ ਕੋਲ੍ਹ ਪੇਸ਼ ਹੋਣ ਬਾਅਦ ਹੀ ਬਾਗੀ ਆਗੂਆਂ ਬਾਰੇ ਵਿਚਾਰ ਕੀਤਾ ਜਾਵੇਗਾ। ਗੁਰਮਤਿਆਂ ਅਨੁਸਾਰ ਭਰਤੀ ਕਮੇਟੀ ਮੈਂਬਰ ਸੰਤਾ ਸਿੰਘ ਉਮੈਦਪੁਰੀ, ਪਹਿਲਾਂ ਹੀ ਇਸ ਪ੍ਰਕਿਰਿਆ ਦਾ ਹਿੱਸਾ ਨਾ ਬਣਨ ਦਾ ਐਲਾਨ ਕਰ ਚੁੱਕਾ ਹੈ, ਇਹ ਕਹਿੰਦੇ ਹੋਏ ਕਿ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਰੋਧੀ ਤੇ ਬਾਗੀ ਧਿਰਾਂ ਵਲੋਂ ਇਸ ਨੂੰ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਾਰ ਦਿੱਤਾ ਜਾ ਰਿਹਾ ਹੈ । ਜਥੇਦਾਰ ਗਿਆਨੀ ਰਘਬੀਰ ਸਿੰੰਘ ਵਲੋਂ ਜਿਥੇ ਜਾਰੀ ਆਦੇਸ਼ਾਂ ਤੋਂ ਕਰੀਬ 35 ਦਿਨਾਂ ਬਾਅਦ ਵਰਕਿੰਗ ਕਮੇਟੀ ਵਲੋਂ ਸੁਖਬੀਰ ਦਾ ਅਸਤੀਫ਼ਾ ਪ੍ਰਵਾਨ ਕਰਨ ਦਾ ਸਵਾਗਤ ਕਰਦਿਆਂ ਸ਼ੁਰੂ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਨੂੰ ਚੰਗੀ ਗੱਲ ਕਿਹਾ ਹੈ, ਪਰ ਨਾਲ ਦੂਸਰੇ ਪਾਸੇ ਭਰਤੀ ਪ੍ਰਕਿਰਿਆ ਲਈ ਅਕਾਲ ਤਖਤ ਦੀ ਐਲਾਨੀ 7 ਮੈਂਬਰੀ ਕਮੇਟੀ ਦੇ ਵੀ ਅਜੇ ਸਟੈਂਡ ਕਰਦੇ ਹੋਣ ਅਤੇ ਉਸ ਨੂੰ ਕਾਰਜਸ਼ੀਲ ਹੋ ਕੇ ਆਪਣਾ ਕੰਮ ਦੀ ਤਾਕੀਦ ਵੀ ਕੀਤੀ ਗਈ ਹੈ । ਹੁਣ ਪੰਥਕ ਹਲਕਿਆਂ ਵਿਚ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਕਿ ਭਰਤੀ ਪ੍ਰਕਿਰਿਆ ਲਈ 7 ਮੈਂਬਰੀ ਕਮੇਟੀ ਦੀ ਅਗਵਾਈ ਹੋਵੇਗੀ ਜਾਂ ਕੇਵਲ ਸ਼ਮੂਲੀਅਤ? 7 ਮੈਂਬਰੀ ਕਮੇਟੀ ਦੇ ਮੁਖੀ ਤੇ ਸ਼ੋ੍ਰਮਣੀ ਕਮੇੇਟੀ ਦੇ ਪ੍ਰਧਾਨ ਹਰਜਿੰਦਰ ਸਿੰੰਘ ਧਾਮੀ ਨੇ ਭਰਤੀ ਪ੍ਰਕਿਰਿਆ ਦੀ ਅਗਵਾਈ ਸੰਬੰਧੀ ਸੰਪਰਕ ਕੀਤੇ ਜਾਣ 'ਤੇ ਕਿਹਾ ਕਿ ਉਹ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਤੋਂ ਬਾਅਦ ਹੀ ਕੋਈ ਪ੍ਰਤੀਕਰਮ ਦੇਣਗੇ।

Loading