
ਜਲੰਧਰ/ਏ.ਟੀ.ਨਿਊਜ਼: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਨਵੇਂ ਬਣੇ ਅਕਾਲੀ ਦਲ ਵਿਚਕਾਰ ਸਿਆਸੀ ਜੰਗ ਤੇਜ਼ ਹੋਣ ਨਾਲ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਖੇਮੇ ਵਿੱਚ ‘ਕੇਂਦਰ’, ‘ਕੇਂਦਰੀ ਤਾਕਤਾਂ’ ਅਤੇ ‘ਏਜੰਸੀਆਂ’ ਵਿਰੁੱਧ ਨਕਾਰਾਤਮਿਕ ਬਿਆਨਬਾਜ਼ੀ ਦਾ ਰੁਝਾਨ ਵਧ ਰਿਹਾ ਹੈ, ਜੋ ਭਾਜਪਾ ਦੀ ਕਥਿਤ ਸ਼ਮੂਲੀਅਤ ਵੱਲ ਇਸ਼ਾਰਾ ਕਰਦਾ ਹੈ। ਨਾਲ ਹੀ, ਇੱਕ ਦੁਬਿਧਾ ਵੀ ਸਾਹਮਣੇ ਆ ਰਹੀ ਹੈ: ਜਿੱਥੇ ਦੋਹਾਂ ਖੇਮਿਆਂ ਦੇ ਆਗੂ ਅਤੇ ਕਾਰਕੁਨ ਭਾਜਪਾ ਨਾਲ ਭਵਿੱਖ ਵਿੱਚ ਗਠਜੋੜ ਦੀ ਸੰਭਾਵਨਾ ਲਈ ਖੁੱਲ੍ਹੇ ਦਿਖਾਈ ਦਿੰਦੇ ਨੇ, ਉੱਥੇ ਵਿਸ਼ਾਲ ਸਿੱਖ ਭਾਈਚਾਰਾ ਭਾਜਪਾ ਬਾਰੇ ਸੁਚੇਤ ਰਹਿੰਦਾ ਹੈ।
ਸੁਖਬੀਰ ਦਾ ਖੇਮਾ ਇਸ ਤਰ੍ਹਾਂ ਦੇ ਹਮਲਿਆਂ ਨੂੰ ਹੋਰ ਤੇਜ਼ ਕਰ ਰਿਹਾ ਹੈ, ਕਿਉਂਕਿ ਉਹ ਸਿੱਖ ਜਨਤਾ ਵਿੱਚ ਭਾਜਪਾ ਬਾਰੇ ਵਧਦੀਆਂ ਚਿੰਤਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਸ ਭਾਵਨਾ ਨੂੰ ਵਿਰੋਧੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਖੇਮੇ ਨੂੰ ਬਦਨਾਮ ਕਰਨ ਲਈ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹਨਾਂ ਚਿੰਤਾਵਾਂ ਦੇ ਪਿਛੋਕੜ ਵਿੱਚ, 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਸਾਹਮਣੇ ਆਇਆ ਕਿ ਸਿੱਖ ਵੋਟਰਾਂ ਨੇ ਭਾਜਪਾ ਨੂੰ ਰੋਕਣ ਲਈ ਕਾਂਗਰਸ ਵੱਲ ਝੁਕਾਅ ਦਿਖਾਇਆ ਹੈ।
2024 ਦੀਆਂ ਚੋਣਾਂ ਅਤੇ ਸੁਖਬੀਰ ਦੇ ਹਮਲੇ
2024 ਦੀਆਂ ਆਮ ਚੋਣਾਂ ਦੀ ਮੁਹਿੰਮ ਦੌਰਾਨ, ਸੁਖਬੀਰ ਨੇ ਭਾਜਪਾ ’ਤੇ ਹਮਲਾ ਕਰਦਿਆਂ ਇਲਜ਼ਾਮ ਲਾਇਆ ਕਿ ਭਗਵੀਂ ਪਾਰਟੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਪੰਜਾਬ ਤੋਂ ਬਾਹਰ ਮਹੱਤਵਪੂਰਨ ਗੁਰਦੁਆਰਾ ਸੰਸਥਾਵਾਂ ’ਤੇ ਕਬਜ਼ਾ ਕਰ ਰਹੇ ਨੇ। ਚੋਣਾਂ ਤੋਂ ਬਾਅਦ ਅਕਾਲੀ ਦਲ ਵਿੱਚ ਵੰਡ ਪੈਣ ’ਤੇ, ਸੁਖਬੀਰ ਦੇ ਖੇਮੇ ਨੇ ਸਿੱਧੇ ਤੌਰ ’ਤੇ ਭਾਜਪਾ ਨੂੰ ਅਤੇ ‘ਕੇਂਦਰੀ ਤਾਕਤਾਂ’ ਜਾਂ ‘ਏਜੰਸੀਆਂ’ ਦਾ ਜ਼ਿਕਰ ਕਰਕੇ ਉਸ ਨੂੰ ਹਟਾਉਣ ਦੀ ਸਾਜ਼ਿਸ਼ ਦਾ ਦੋਸ਼ ਲਾਇਆ। ਜਦੋਂ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੇ ਦਮਦਮੀ ਟਕਸਾਲ ਨੇ ਮਾਰਚ ਵਿੱਚ ਦੋ ਤਖ਼ਤ ਜਥੇਦਾਰਾਂ ਦੀ ਵਿਵਾਦਤ ਬਰਖ਼ਾਸਤਗੀ ਦੇ ਵਿਰੋਧ ਵਿੱਚ ਖੁਦ ਨੂੰ ਕੇਂਦਰ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ, ਤਾਂ ਸੁਖਬੀਰ ਦੇ ਖੇਮੇ ਨੇ ਉਸ ’ਤੇ ਭਾਜਪਾ ਨਾਲ ਮਿਲੀਭੁਗਤ ਦਾ ਇਲਜ਼ਾਮ ਲਾਇਆ ਅਤੇ ਉਸ ਨੂੰ ‘ਕੇਂਦਰ ਸਰਕਾਰ ਅਤੇ ਏਜੰਸੀਆਂ ਦਾ ਸਾਧਨ’ ਕਰਾਰ ਦਿੱਤਾ।
ਗਿਆਨੀ ਹਰਪ੍ਰੀਤ ਸਿੰਘ ਦੇ ਖੇਮੇ ਦੀ ਸਥਿਤੀ
ਜਿਵੇਂ-ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦਾ ਖੇਮਾ ਇਹਨਾਂ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਉਹ ਵੀ ਸੰਭਵ ਤੌਰ ’ਤੇ ਭਾਜਪਾ ਵਿਰੁੱਧ ਤਿੱਖੇ ਸੁਰ ਅਪਣਾ ਸਕਦੇ ਨੇ, ਅਤੇ ਉਹਨਾਂ ਦੇ ਬਿਆਨਾਂ ਵਿੱਚ ਵੀ ਤਿੱਖਾਪਣ ਵਧ ਸਕਦਾ ਹੈ।ਪਰ ਇਹ ਰੁਝਾਨ ਦੇਖਣ ਨੂੰ ਨਹੀਂ ਮਿਲਿਆ।
ਭਾਜਪਾ ਦੀ ਕਿਸ ਧੜੇ ਨਾਲ ਗੱਠਜੋੜ ਦੀ ਸੰਭਾਵਨਾ
ਦੋਹਾਂ ਖੇਮਿਆਂ ਦੇ ਆਗੂਆਂ ਅਤੇ ਕਾਰਕੁਨਾਂ ਨਾਲ ਪੁੱਛ-ਗਿੱਛ ਤੋਂ ਪਤਾ ਲੱਗਦਾ ਹੈ ਕਿ ਉਹ ਭਗਵੀਂ ਪਾਰਟੀ ਨਾਲ ਇੱਕ ਪਾਸੇ ਦੇ ਗਠਜੋੜ ਦੀ ਸੰਭਾਵਨਾ ਵੇਖਦੇ ਨੇ। ਪਰ ਦੋਹਾਂ ਖੇਮਿਆਂ ਦੇ ਲੋਕ ਮੰਨਦੇ ਨੇ ਕਿ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਕਾਂਗਰਸ ਨਾਲੋਂ ਭਾਜਪਾ ਬਾਰੇ ਜ਼ਿਆਦਾ ਚਿੰਤਤ ਹੈ ਤੇ ਕਾਂਗਰਸ ਨਾਲੋਂ ਵੱਡੇ ਦੁਸ਼ਮਣ ਵਜੋਂ ਵੇਖਦਾ ਹੈ।
ਦੋਹਾਂ ਧੜਿਆਂ ਵਾਲੇ ਪਾਸੇ ਜੋ ਅਕਾਲੀ ਆਗੂ ਅਤੇ ਕੁਝ ਕਾਰਕੁਨ ਸੱਤਾ ਦੇ ਢਾਂਚੇ ਨਾਲ ਜੁੜੇ ਹੋਏ ਸਨ ਅਤੇ ਜਦੋਂ ਗਠਜੋੜ ਦੀਆਂ ਸੰਭਾਵਨਾਵਾਂ ਬਾਰੇ ਪੁੱਛਿਆ ਜਾਂਦਾ ਹੈ, ਤਾਂ ਉਹ ਭਾਜਪਾ ਨਾਲ ਗੱਠਜੋੜ ਦੇ ਪੱਖ ਵਿੱਚ ਸਕਾਰਾਤਮਕ ਸੁਰ ਵਿੱਚ ਜਵਾਬ ਦਿੰਦੇ ਨੇ। ਪਰ ਪੰਥਕ ਹਲਕਿਆਂ ਵਿੱਚ ਭਾਜਪਾ ਦੇ ਉਲਟ ਰੁਝਾਨ ਦੇਖਣ ਨੂੰ ਮਿਲਿਆ। ਉਸ ਦਾ ਕਾਰਨ ਭਾਜਪਾ ਸਰਕਾਰ ਵੱਲੋਂ ਬੰਦੀ ਸਿੱਖ ਨਾ ਛੱਡਣਾ,ਰਾਜਧਾਨੀ ਤੇ ਦਰਿਆਈ ਪਾਣੀਆਂ ਦੇ ਮਸਲੇ ਹੱਲ ਨਾ ਕਰਨਾ ਹੈ।
ਇਸ ਸਥਿਤੀ ਵਿੱਚ, ਭਾਜਪਾ ਜਾਂ ‘ਕੇਂਦਰੀ ਤਾਕਤਾਂ’, ‘ਏਜੰਸੀਆਂ’ ਦੇ ਵਿਰੁੱਧ ਵਧਦੀ ਬਾਦਲ ਅਕਾਲੀ ਦਲ ਵੱਲੋਂ ਨਕਾਰਾਤਮਿਕ ਬਿਆਨਬਾਜ਼ੀ ਵਿਸ਼ਾਲ ਸਿੱਖ ਭਾਈਚਾਰੇ ਵਿੱਚ ਭਾਜਪਾ ਪ੍ਰਤੀ ਹੋਰ ਕੁੜੱਤਣ ਪੈਦਾ ਕਰ ਸਕਦੀ ਹੈ, ਜਿਸ ਨਾਲ ਭਾਜਪਾ ਨਾਲ ਗਠਜੋੜ ਦੀ ਗੁੰਜਾਇਸ਼ ਅਤੇ ਇਸ ਦੇ ਫਾਇਦਿਆਂ ਦੀ ਸੰਭਾਵਨਾ ਘਟ ਸਕਦੀ ਹੈ।
ਇੱਕ ਹੋਰ ਮਹੱਤਵਪੂਰਨ ਕਾਰਕ ਸਿੱਖ ਕਿਸਾਨਾਂ ਵਿੱਚ ਭਾਜਪਾ ਪ੍ਰਤੀ ਨਕਾਰਾਤਮਿਕ ਭਾਵਨਾ ਹੈ, ਜੋ ਅਕਾਲੀ ਦਲ ਦਾ ਸਭ ਤੋਂ ਵੱਡਾ ਸਮਰਥਕ ਵਰਗ ਹਨ। ਖੇਤੀ ਅੰਦੋਲਨ ਦੌਰਾਨ ਇਹ ਨਾਰਾਜ਼ਗੀ ਸਪੱਸ਼ਟ ਸੀ। ਸਿਰਫ਼ ਆਮ ਆਦਮੀ ਪਾਰਟੀ (ਆਪ) ਦੀ ਜ਼ਮੀਨੀ ਪੁਲਿੰਗ ਨੀਤੀ, ਜੋ ਹੁਣ ਵਾਪਸ ਲਈ ਜਾ ਚੁੱਕੀ ਹੈ, ਨੇ ਕਿਸਾਨਾਂ ਵਿੱਚ ਇਸੇ ਤਰ੍ਹਾਂ ਦੀ ਨਕਾਰਾਤਮਿਕਤਾ ਪੈਦਾ ਕੀਤੀ ਸੀ।