ਅਕਾਲੀ ਸੰਕਟ ਨੂੰ ਨਹੀਂ ਲੱਭ ਰਿਹਾ ਕੋਈ ਸੰਕਟਮੋਚਨ

In ਖਾਸ ਰਿਪੋਰਟ
August 22, 2024
ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਪੰਥ ਦੇ ਨਾਲ ਸਬੰਧਿਤ ਗੂੰਜਾਂ ਰੱਖੜ ਪੁੰਨਿਆ ’ਤੇ ਦੋ ਸਟੇਜਾਂ ’ਤੇ ਪੈਂਦੀਆਂ ਸੁਣੀਆਂ। ਜੇ ਮੰਨੀਏ ਤਾਂ ਭਾਈ ਅੰਮ੍ਰਿਤਪਾਲ ਦੀ ਸਟੇਜ ਨੂੰ ਪੰਥਕ ਕਿਹਾ ਜਾ ਸਕਦਾ ਹੈ ਪਰ ਅਕਾਲੀ ਦਲ ਦੀ ਸਟੇਜ ਨੂੰ ਪੰਥਕ ਖੁੱਲ ਕੇ ਨਹੀਂ ਕਹਿ ਸਕਦੇ ਕਿਉਂਕਿ ਉਹ ਪਹਿਲਾਂ ਪੰਥਕ ਸੀ ਫਿਰ ਲੀਹੋਂ ਲੱਥੇ ਤੇ ਹੁਣ ਫੇਰ ਪੰਥਕ ਬਣਨ ਦੇ ਲਈ ਜੱਦੋ-ਜਹਿਦ ਕਰ ਰਹੇ ਨੇ। ਬਾਬਾ ਬਕਾਲਾ ’ਚ ਰੱਖੜ ਪੁੰਨਿਆ ’ਤੇ ਭਾਵੇਂ ਅਕਾਲੀ ਸਭ ਤੋਂ ਵੱਡੀ ਧਿਰ ਹੋ ਕੇ ਨਿੱਤਰੀ ਹੈ, ਤੇ ਕੋਈ ਸ਼ੱਕ ਨਹੀਂ ਕਿ ਅਕਾਲੀਆਂ ਦਾ ਪੰਡਾਲ ਬਹੁਤ ਵੱਡਾ ਹੁੰਦਾ ਹੈ ਤੇ ਉਸ ਵਿੱਚ ਭੀੜ ਵੀ ਬਹੁਤ ਹੁੰਦੀ ਹੈ, ਇਹ ਭੀੜ ਸੱਚ ਮੁਚ ਅਕਾਲੀਆਂ ਦੇ ਹੱਕ ਵਿੱਚ ਹੈ? ਪਰ ਸੱਚ ਤਾਂ ਇਹ ਹੈ ਕਿ ਇਹ ਭੁਲੇਖਾ ਬਾਦਲ ਪਰਿਵਾਰ ਨੂੰ ਹੋ ਸਕਦਾ ਹੈ ਪਰ ਆਮ ਲੋਕਾਂ ਨੂੰ ਇਹਨਾਂ ਦੇ ਪੰਡਾਲ ਦੇ ਵਿੱਚ ਲੋੜਾਂ, ਗਰਜ਼ਾਂ ਤੇ ਕੁਰਸੀਆਂ ਦੇ ਭੁੱਖੇ ਲੋਕ ਬੈਠੇ ਨਜ਼ਰ ਆਉਂਦੇ ਹਨ। ਇਸ ਰੈਲੀ ਦੇ ਵਿੱਚ ਸੁਖਬੀਰ ਬਾਦਲ ਦੇ ਬਿਆਨ ਬਦਲਦੇ ਨਜ਼ਰ ਆਏ। ਤੁਹਾਨੂੰ ਯਾਦ ਹੋਣੈ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਵਿੱਚ ਅੰਮ੍ਰਿਤਪਾਲ ਦੇ ਹੱਕ ਵਿੱਚ ਬੜੀ ਕਾਹਲੀ ਦੇ ਨਾਲ ਭੁਗਤੀ ਸੀ ਪਰ ਸੁਖਬੀਰ ਬਾਦਲ ਨੇ ਇਸ ਵਾਰ ਸੁਰ ਬਦਲ ਲਏ ਤੇ ਕਿਹਾ ਕਿ ‘‘ਦੋ ਸਾਲ ਜੇਲ੍ਹ ਵਿੱਚ ਰਹਿਣ ਵਾਲੇ ਨੂੰ ਲੋਕ ਛੁਡਾਉਣ ਦੀਆਂ ਗੱਲਾਂ ਕਰਦੇ ਹਨ। ਬਾਦਲ ਸਾਹਿਬ ’ਤੇ 16 ਸਾਲ ਐਨ.ਐਸ.ਏ. ਲੱਗਿਆ ਰਿਹਾ। ’’ ਸਾਨੂੰ ’ਤੇ ਪਤਾ ਨਹੀਂ ਉਹ ਕਿਹੜੇ ਸਾਲ ਸਨ ਜਦੋਂ ਬਾਦਲ ਸਾਹਿਬ ਐਨ.ਐਸ.ਏ .ਤਹਿਤ ਜੇਲ੍ਹ ਵਿੱਚ ਰਹੇ, ਇਹ ਰੱਬ ਜਾਣੇ ਜਾਂ ਸੁਖਬੀਰ ਬਾਦਲ। ਸੁਖਬੀਰ ਬਾਦਲ ਲੋਕਾਂ ਨੂੰ ਨਸੀਹਤ ਵੀ ਦਿੰਦੇ ਨਜ਼ਰ ਆਏ ਤੇ ਨਾਰਾਜ਼ਗੀ ਵੀ ਪ੍ਰਗਟਾਈ। ਉਹਨਾਂ ਕਿਹਾ ਕਿ ‘‘ਤੁਸੀਂ ਅੱਖਾਂ ਮੀਚੀਆਂ ਹੋਈਆਂ ਨੇ, ਗਲਤ ਸਰਕਾਰ ਚੁਣੀ ਹੈ। ਅਸੀਂ ਹੁੰਦੇ ਤਾਂ ਵਿਕਾਸ ਹੁਣ ਤੱਕ ਹੱਦਾਂ ਬੰਨੇ ਟੱਪ ਦਿੰਦਾ। ’’ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੁਖਬੀਰ ਬਾਦਲ ਹਾਲੇ ਵੀ ਲੋਕਾਂ ਦੇ ਵਿੱਚ ਗਲਤੀਆਂ ਕੱਢ ਰਹੇ ਨੇ। ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ ਪਾਰਟੀ ਨੂੰ ਲੀਹੋਂ ਲਾਹ ਕੇ ਰੱਖ ਦਿੱਤਾ ਹੈ ਪਰ ਅੱਜ ਵੀ ਮੰਨਣ ਲਈ ਤਿਆਰ ਨਹੀਂ। ਭਲੇ ਮਾਨਸ, ਹਾਲੇ ਤਾਂ ਗਲਤੀਆਂ ਤੇ ਗੁਨਾਹਾਂ ਦਾ ਪੁਲੰਦਾ ਤੁਹਾਡਾ ਜਥੇਦਾਰ ਦੇ ਕੋਲ ਪਿਆ ਹੈ, ਨਿਮਾਣਾ ਸਿੱਖ ਬਣੇ ਸੀ ਤੁਸੀਂ ਥੋੜੇ ਦਿਨ ਪਹਿਲਾਂ, ਪਰ ਰੈਲੀਆਂ ਦੇ ਵਿੱਚ ਧੌਂਸ ਪੁਰਾਣੀ ਹੀ ਹੈ। ਇੱਕ ਗੱਲ ਹੋਰ ਉਹਨਾਂ ਨੇ ਸਪਸ਼ਟ ਕਰ ਦਿੱਤੀ ਕਿ ਪਾਰਟੀ ਪ੍ਰਧਾਨ ਮੈਂ ਹੀ ਰਹਾਂਗਾ। ਸਾਡਾ ਕੰਮ ਲੋਕਾਂ ਨੂੰ ਮਰਵਾਉਣਾ ਨਹੀਂ ਹੈ। ਇਕੱਠ ਤਾਂ ਅਸੀਂ ਵੀ ਬਥੇਰਾ ਕਰ ਲਈਏ। ਇਹ ਨਿਸ਼ਾਨਾ ਸਿੱਧਾ ਅੰਮ੍ਰਿਤਪਾਲ ਵੱਲ ਸੀ। ਬਾਦਲ ਸਾਹਿਬ ਨੇ ਰੋਣਾ ਇਸ ਗੱਲ ਦਾ ਵੀ ਰੋਇਆ ਕਿ ਸਾਡੀ ਪਾਰਟੀ ਦੇ ਪਿੱਛੇ ਏਜੰਸੀਆਂ ਦੇ ਬੰਦੇ ਹੱਥ ਧੋ ਕੇ ਪੈ ਗਏ ਹਨ। ਇਸ ਬਿਆਨ ਦੇ ਉੱਤੇ ਸਰਬਜੀਤ ਸਿੰਘ ਨੇ ਟਿੱਪਣੀ ਵੀ ਕੀਤੀ ਤੇ ਕਿਹਾ ਕਿ ‘‘ਸਾਬਤ ਕਰ ਦਿਓ ਕਿ ਜੇ ਮੇਰੇ ਏਜੰਸੀਆਂ ਦੇ ਨਾਲ Çਲੰਕ ਹੋਣ ਤਾਂ ਮੈਂ ਸਿਆਸਤ ਛੱਡ ਦੇਵਾਂਗਾ।’’ ਉਹਨਾਂ ਨੇ ਕਿਹਾ ਕਿ ‘‘ਜਿਸ ਇਨਸਾਨ ਨੇ ਡੇਰਾ ਸੌਦਾ ਸਾਧ ਦੀ ਵੋਟ ਲੈਣ ਲਈ ਸਾਰਾ ਪੰਥ ਹੀ ਵੇਚ ਦਿੱਤਾ, ਉਹ ਸਾਨੂੰ ਅੱਜ ਏਜੰਸੀਆਂ ਦੇ ਬੰਦੇ ਦੱਸ ਰਿਹਾ ਹੈ। ’’ ਅਸਲ ਵਿੱਚ ਦੂਜਿਆਂ ’ਤੇ ਦੋਸ਼ ਮੜ੍ਹਨ ਦੀ ਬਜਾਏ ਸਾਡਾ ਖ਼ਿਆਲ ਹੈ ਕਿ ਰਣਨੀਤਿਕ ਭਾਸ਼ਣ ਦੇ ਵਿੱਚ ਵਫ਼ਾਦਾਰੀ ਜ਼ਰੂਰੀ ਹੈ। ਸੁਖਬੀਰ ਬਾਦਲ ਨੂੰ ਕਹਿਣਾ ਚਾਹੀਦਾ ਸੀ ਕਿ ਜੋ ਗਲਤੀਆਂ ਅਸੀਂ ਕੀਤੀਆਂ ਨੇ, ਉਹੀ ਗਲਤੀਆਂ ਸਾਡੇ ਤੋਂ ਬਾਅਦ ਵਾਲੀਆਂ ਸਰਕਾਰਾਂ ਕਰ ਰਹੀਆਂ ਨੇ। ਜੋ ਹਾਲ ਲੋਕਾਂ ਨੇ ਸਾਡਾ ਕੀਤਾ, ਜੇ ਇਹ ਸਰਕਾਰਾਂ ਨਾ ਸੁਧਰੀਆਂ ਤਾਂ ਲੋਕ ਸਾਡੇ ਵਾਲਾ ਹਾਲ ਇਹਨਾਂ ਦਾ ਵੀ ਕਰਨਗੇ। ਹੁਣ ਅਸੀਂ ਸੁਰਖ਼ੀਆਂ ਵਿੱਚ ਰਹਿਣ ਦੇ ਲਈ ਲੇਲ੍ਹੜੀਆਂ ਕੱਢ ਰਹੇ ਹਾਂ ਪੰਜਾਬ ਦੇ ਲੋਕਾਂ ਅੱਗੇ। ਜੇ ਇਹਨਾਂ ਨੇ ਲੋਕ ਭਲਾਈ ਕੰਮ ਨਾ ਕੀਤੇ ਤਾਂ ਤਰਲੇ ਇਹ ਵੀ ਕੱਢਣਗੇ। ਇਹ ਹੁੰਦਾ ਵਫ਼ਾਦਾਰੀ ਦੇ ਨਾਲ ਗਲਤੀਆਂ ਮੰਨਣਾ। ਪਰ ਨਹੀਂ, ਪ੍ਰਧਾਨ ਸਾਹਿਬ ਦੀ ਉਂਗਲ ਆਪਣੇ ਵੱਲ ਮੁੜਦੀ ਨਜ਼ਰ ਨਹੀਂ ਆਉਂਦੀ। ਸੁਖਬੀਰ ਬਾਦਲ ਕਿਸੇ ਰੈਲੀ ਦੇ ਵਿੱਚ ਬਿਨ੍ਹਾਂ ਸਿਰ ਪੈਰ ਤੋਂ ਕੋਈ ਗੱਲ ਨਾ ਕਰਨ ਇਹ ਹੋ ਨਹੀਂ ਸਕਦਾ। ਉਹਨਾਂ ਨੇ ਇੱਕ ਹਮਾਸ ਤੇ ਫਲਸਤੀਨ ਦੀ ਉਦਾਹਰਣ ਵੀ ਦਿੱਤੀ। ਇਜ਼ਰਾਇਲ ਦੇ ਪੱਖ ਵਿੱਚ ਉਹ ਪੂਰੀ ਤਰ੍ਹਾਂ ਖੜੇ ਹੋਏ ਤੇ ਸਾਬਤ ਕਰ ਦਿੱਤਾ ਕਿ ਮੈਂ ਉਦਾਹਰਣ ਦੇਣੀ ਸੀ ਦੇ ਦਿੱਤੀ, ਵੈਸੇ ਮੈਨੂੰ ਕਹਾਣੀ ਦੀ ਬਹੁਤੀ ਸਮਝ ਨਹੀਂ ਹੈਗੀ। ਇਸ ਰੈਲੀ ਦੇ ਵਿੱਚ ਖਿੱਚ ਦਾ ਕੇਂਦਰ ਬਿਕਰਮ ਸਿੰਘ ਮਜੀਠੀਆ ਰਹੇ, 45 ਮਿੰਟ ਦੇ ਕਰੀਬ ਉਹਨਾਂ ਨੇ ਲੋਕਾਂ ਨੂੰ ਕੀਲੀ ਰੱਖਿਆ। ਕਲੋਲਾਂ ਦਾ ਉਹਨਾਂ ਦਾ ਆਪਣਾ ਅੰਦਾਜ਼ ਸੀ ਪਰ ਮਜੀਠੀਆ ਨੇ ਪੰਥ ਵਾਸਤੇ ਇਕੱਠੇ ਹੋਣ ਦੇ ਲਈ ਸਿੱਧੇ ਲਫ਼ਜ਼ਾਂ ਦੇ ਵਿੱਚ ਲੋਕਾਂ ਨੂੰ ਕਿਹਾ। ਪੰਥ ਪ੍ਰਗਟਾਵੇ ਦੇ ਵਿੱਚ ਲੈ ਕੇ ਆਉਣ ਲਈ ਪ੍ਰੋਗਰਾਮ ਉਲੀਕਣ ਵੱਲ ਇਸ਼ਾਰਾ ਕੀਤਾ। ਉਸ ਨੇ ਸਰਕਾਰ ਬਣਾਉਣ ਦੀ ਗੱਲ ਨਾ ਕਰਕੇ ਪੰਥ ਦੀ ਤਰਜਮਾਨੀ ਵਾਪਸ ਲਿਆਉਣ ਤੇ ਮੋਰਚਾ ਕਲਚਰ ਵੱਲ ਵਾਪਸੀ ਕਰਨ ਦੀ ਗੱਲ ਕਹੀ। ਮਜੀਠੀਆ ਦੇ ਇਹ ਸ਼ਬਦ ਕਿ ‘‘ਪ੍ਰਧਾਨ ਸਾਹਿਬ ਕੁਝ ਖੜਕਾ ਦੜਕਾ ਵੀ ਕਰੋ, ਇੰਝ ਗੱਲ ਨਹੀਂ ਬਣਨੀ ’’, ਪੰਡਾਲ ਦੇ ਵਿੱਚ ਬੈਠੇ ਲੋਕਾਂ ਵਿੱਚ ਰੂਹ ਫੂਕ ਗਏ ਪਰ ਪੰਜ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਹਾਰਨ ਦੇ ਬਾਵਜੂਦ ਵੀ ਸੁਖਬੀਰ ਬਾਦਲ ਸਰਕਾਰ ਬਣਾਉਣ ਦੀ ਗੱਲ ਕਰਦੇ ਰਹੇ ਤੇ ਬਿਕਰਮ ਮਜੀਠੀਆ ਪੰਥ ਦੀ ਤਰਜਮਾਨੀ ਵਾਪਸ ਲਿਆਉਣ ’ਤੇ ਅੜਿਆ ਰਿਹਾ। ਪਰ ਸੁਖਬੀਰ ਬਾਦਲ ਵੱਲੋਂ ਮਜੀਠੀਆ ਦੀ ਪੰਥ ਵਾਲੀ ਗੱਲ ਦਾ ਹੁੰਗਾਰਾ ਨਾ ਦੇਣਾ ਤੇ ਦੋਵਾਂ ਲੀਡਰਾਂ ਦੇ ਅਲੱਗ ਅਲੱਗ ਵਿਚਾਰ ਇੱਕੋ ਪਾਰਟੀ ਇੱਕੋ ਸਟੇਜ ’ਤੇ ਲੋਕਾਂ ਨੂੰ ਦੁਚਿੱਤੀ ਵਿੱਚ ਪਾ ਗਏ। ਭਾਈ ਅੰਮ੍ਰਿਤਪਾਲ ਦੀ ਸਟੇਜ ਦੇ ਵਿੱਚ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ। ਮਤੇ ਵੀ ਪਾਸ ਹੋਏ ਨੇ ਤੇ ਅੰਮ੍ਰਿਤਪਾਲ ਵੱਲੋਂ ਜੇਲ੍ਹ ਤੋਂ ਭੇਜਿਆ ਗਿਆ ਪੱਤਰ ਵੀ ਇਸ ਮੌਕੇ ਪੜਿ੍ਹਆ ਗਿਆ। ਇਸ ਪੱਤਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ‘‘ਸਾਡਾ ਕੌਮੀ ਨਿਸ਼ਾਨਾ ਸਪਸ਼ਟ ਹੈ ਜਿਸ ਨੂੰ ਸਾਰੀ ਕੌਮ ਰੋਜ਼ਾਨਾ ਅਰਦਾਸ ਤੋਂ ਬਾਅਦ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਵਜੋਂ ਦੁਹਰਾਉਂਦੀ ਹੈ।’’ ਉਹਨਾਂ ਕਿਹਾ ਕਿ ‘‘ਜਿਹੜੀ ਹਕੂਮਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਸਕਦੀ, ਉਸ ਤੋਂ ਨਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ।’’ ਇਸ ਸਟੇਜ ਤੋਂ 20 ਅਕਤੂਬਰ ਤੱਕ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜੇ 20 ਅਕਤੂਬਰ ਤੱਕ ਡਿਬਰੂਗੜ੍ਹ ਜੇਲ੍ਹ ਵਾਲਿਆਂ ਨੂੰ ਰਿਹਾਅ ਨਹੀਂ ਕਰੋਗੇ ਤਾਂ ਅਸੀਂ ਅਕਾਲ ਤਖ਼ਤ ਸਾਹਮਣੇ ਅਰਦਾਸ ਕਰਕੇ ਸੰਘਰਸ਼ ਸ਼ੁਰੂ ਕਰਾਂਗੇ। ਕੀ ਇਹ ਸੰਘਰਸ਼ ਇਕੱਲਾ ਡਿਬਰੂਗੜ੍ਹ ਵਾਲਿਆਂ ਲਈ ਹੋਵੇਗਾ ਜਾਂ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ? ਇਹ ਅਜੇ ਸਾਫ਼ ਨਹੀਂ ਹੈ। ਉਹਨਾਂ ਦੀ ਸਟੇਜ ’ਤੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਡਟਣ ਦੀ ਗੱਲ ਕੀਤੀ ਗਈ ਤੇ ਐਸ. ਜੀ. ਪੀ. ਸੀ. ਦੀਆਂ ਵੋਟਾਂ ਬਣਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਭਾਈ ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਕਿ ਉਹਨਾਂ ਦਾ ਮਕਸਦ ਸਭ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਨਾ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ, ਲੱਖਾ ਸਿਧਾਣਾ ਤੇ ਹੋਰ ਵੀ ਕਈ ਵੱਖ- ਵੱਖ ਪਾਰਟੀਆਂ ਦੇ ਬੰਦੇ ਦੂਜੀ ਸਟੇਜ ਦਾ ਹਿੱਸਾ ਬਣੇ। ਜਿਸ ਤਰ੍ਹਾਂ ਅਕਾਲੀ ਸਟੇਜ ’ਤੇ ਦੋ ਵੱਡੇ ਲੀਡਰਾਂ ਦੀ ਵੱਖੋ ਵੱਖਰੀ ਰਮਜ਼ ਵੇਖਣ ਨੂੰ ਮਿਲੀ, ਉਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਦੀ ਸਟੇਜ ’ਤੇ ਵੀ ਵੱਖੋਂ ਵੱਖਰੇ ਰਾਗ ਤੇ ਵੱਖੋ ਵੱਖਰੇ ਸੁਰ ਨਜ਼ਰ ਪਏ। ਖ਼ੈਰ, ਇਸ ਧਿਰ ਨੇ ਹਾਲੇ ਸ਼ੇਪ ਲੈਣੀ ਹੈ, ਆਪਣਾ ਤਾਣਾ ਬਾਣਾ ਬੁਣਨਾ ਹੈ ਪਰ ਚੜ੍ਹਦੀਕਲਾ ਵਾਲੀ ਪਾਣ ਦੀ ਲਿਸ਼ਕੋਰ ਪੈਂਦੀ ਸਾਫ਼ ਦਿਸਦੀ ਹੈ। ਉਧਰ ਅਕਾਲੀ ਦਲ ਦਾ ਸੂਰਜ ਡਲਕੋ ਹੀਣਾ ਹੈ ਕਿਉਂਕਿ ਸੰਘਰਸ਼ਾਂ ਦੇ ਵਿਚੋਂ ਨਿਕਲੀ ਪਾਰਟੀ ਆਪਣੀ ਸਟੇਜ ’ਤੇ ਸੰਘਰਸ਼ ਦੀ ਬਾਤ ਪਾਉਣੋਂ ਖੁੰਝਦੀ ਨਜ਼ਰ ਆਈ। ‘ਪੂਰਾ ਪੰਜਾਬ ਸਾਡੀ ਮੁੱਠੀ ਵਿੱਚ ਹੈ’ ਸੋਚਣ ਵਾਲੀ ਅਕਾਲੀ ਪਾਰਟੀ ਇਹ ਨਹੀਂ ਸਮਝ ਰਹੀ ਕਿ ਪੰਜਾਬ ਕਦੇ ਚੁੱਪ ਨਹੀਂ ਰਹਿੰਦਾ। ਇਸ ਦੇ ਸੱਜਿਓਂ ਖੱਬਿਓਂ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਪੰਜਾਬ ਆਜ਼ਾਦ ਹੈ, ਜਿਸ ਕਿਸੇ ਨੇ ਵੀ ਨਿੱਜੀ ਹਿੱਤ ਦੇ ਲਈ ਇਸ ਨੂੰ ਮੁੱਠੀ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਉਸ ਦੀਆਂ ਮੁੱਠੀਆਂ ਖਾਲੀ ਕਰ ਦਿੰਦਾ ਹੈ। ਕਿਸੇ ਨੇ ਸੱਚ ਹੀ ਲਿਖਿਆ ਹੈ ਕਿ ਪੰਜਾਬ ਉਜਾੜਨ ਵਾਲੇ ਖ਼ੁਦ ਹੀ ਉੱਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ।

Loading