ਅਕਾਲ ਤਖ਼ਤ, ਅਕਾਲੀ ਅਤੇ ਸਿੱਖ ਸੰਗਤ

In ਮੁੱਖ ਲੇਖ
January 17, 2025
ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ: ਪੰਜਾਬ ਜਦੋਂ ਅਜੇ ਵੰਡਿਆ ਨਹੀਂ ਗਿਆ ਸੀ, ਮਹਾ ਪੰਜਾਬ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਉਦੋਂ ਪੰਜਾਬ ਉੱਪਰ ਲਗਭਗ ਦੋ ਵਾਰ ਸਿੱਖਾਂ ਦਾ ਰਾਜ ਸਥਾਪਤ ਹੋ ਚੁੱਕਾ ਸੀ। ਪਹਿਲਾ ਰਾਜ ਬਾਬਾ ਬੰਦਾ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਉਨ੍ਹਾਂ ਦੀ ਆਖ਼ਰੀ ਉਮਰੇ ਅਸ਼ੀਰਵਾਦ ਲੈ ਕੇ ਦੱਖਣ ਤੋਂ ਕੁਝ ਸਿੱਖਾਂ ਸਮੇਤ ਪੰਜਾਬ ਵਿੱਚ ਪ੍ਰਵੇਸ਼ ਕੀਤਾ ਤੇ ਸਿੱਖ-ਨੁਮਾ ਯੋਧਿਆਂ ਨੂੰ ਪਰੇਰ ਕੇ ਇਕੱਠਾ ਕੀਤਾ, ਸ਼ਸਤਰ ਚਲਾਉਣੇ ਸਿਖਾਏ ਅਤੇ ਉਨ੍ਹਾਂ ਨੂੰ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਇਕੱਤਰ ਕੀਤੇ ਸਿੱਖਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਸੱਚ ਦੀ ਲੜਾਈ ਲਈ ਜੋ ਮੇਰਾ ਸਾਥ ਦੇ ਸਕਦਾ ਹੈ, ਉਨ੍ਹਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ, ਪਰ ਉਨ੍ਹਾਂ ਲੜਾਕੂਆਂ ਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਮੇਰੇ ਪਾਸ ਤਨਖਾਹ ਦੇ ਰੂਪ ਵਿੱਚ ਦੇਣ ਵਾਸਤੇ ਕੁਝ ਨਹੀਂ। ਜਿਹੜਾ ਗੁਰੂਆਂ ਉੱਤੇ ਮੌਕੇ ਦੀ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਬਦਲੇ ਜ਼ਾਲਮਾਂ ਨੂੰ ਸਬਕ ਸਿਖਾਉਣ ਵਿੱਚ ਹਿੱਸਾ ਪਾ ਸਕਦਾ ਹੈ, ਮੈਂ ਤਾ-ਉਮਰ ਉਨ੍ਹਾਂ ਦਾ ਰਿਣੀ ਰਹਾਗਾਂ। ਜਾਗੋ! ਉੱਠੋ, ਕਿਉਂਕਿ ਅਸੀਂ ਗੁਰੂਆਂ ’ਤੇ ਹੋਏ ਜ਼ੁਲਮਾਂ ਦਾ ਬਦਲਾ ਲੈਣਾ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨੇ ਹਨ। ਉਸ ਨੇ ਆਪਣੇ ਵੱਲੋਂ ਤਿਆਰ ਕੀਤੀ ਖਾਲਸਾ ਫੌਜ ਰਾਹੀਂ ਗੁਰੂ ਜੀ ’ਤੇ ਕੀਤੇ ਜ਼ੁਲਮਾਂ ਦਾ ਬਦਲਾ ਵੀ ਲਿਆ ਤੇ ਕਈ ਕਿਸਮ ਦੇ ਜਨਤਾ ਵਿੱਚ ਸੁਧਾਰ ਵੀ ਕੀਤੇ। ਸ਼ਾਇਦ ਇਹ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਉਸ ਨੇ ਜ਼ਮੀਨਾਂ ਦੀ ਮਾਲਕੀ ਹੱਲ-ਵਾਹਕਾਂ ਨੂੰ ਦਿੱਤੀ। ਜੋ ਸਿਰਫ਼ ਮਾਲਕ ਬਣੀ ਬੈਠੇ ਸਨ, ਉਨ੍ਹਾਂ ਤੋਂ ਮਾਲਕੀ ਖੋਹ ਲਈ। ਇਸ ਤਰ੍ਹਾਂ ਗੁਰੂ ਨਾਨਕ ਦਾ ਸਿੱਕਾ ਚਲਾਉਣ ਤੋਂ ਇਲਾਵਾ ਬੰਦਾ ਬਹਾਦਰ ਨੇ ਆਪਣੇ ਰਾਜ ਦੌਰਾਨ ਕਈ ਅਹਿਮ ਕੰਮ ਕੀਤੇ, ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਸ ਰਾਜ ਨੂੰ ਉਸ ਅਤੇ ਇਸ ਸਮੇਂ ਦੇ ਲੋਕ ਪਹਿਲੇ ਸਿੱਖ ਰਾਜ ਕਰਕੇ ਜਾਣਦੇ ਹਨ। ਇਹ ਉਹ ਸਮਾਂ ਸੀ ਜਦੋਂ ਬੰਦਾ ਬਹਾਦਰ ਅਤੇ ਮਾਤਾ ਸਾਹਿਬ ਕੌਰ ਨੇ ਸਮੇਂ ਅਨੁਸਾਰ ਆਪੋ-ਆਪਣੇ ਹੁਕਮਨਾਮੇ ਜਾਰੀ ਕੀਤੇ। ਦੂਜਾ ਸਮਾਂ ਸਿੱਖਾਂ ਦੇ ਰਾਜ ਕਰਨ ਦਾ ਉਦੋਂ ਆਉਂਦਾ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1800 ਈਸਵੀ ਤੋਂ ਲੈ ਕੇ ਤਕਰੀਬਨ 1849 ਤਕ ਰਾਜ ਕੀਤਾ। ਇਸ ਸਮੇਂ ਨੂੰ ਵੀ ਸਿੱਖ ਰਾਜ ਕਰਕੇ ਜਾਣਿਆ ਜਾਂਦਾ ਹੈ। ਇਸ ਰਾਜ ਸਮੇਂ ਅਕਾਲੀ ਫੂਲਾ ਸਿੰਘ ਬਤੌਰ ਅਕਾਲ ਤਖ਼ਤ ਦਾ ਜਥੇਦਾਰ ਆਪਣੇ ਨਿਧੜਕ ਹੌਸਲੇ ਅਤੇ ਨਿਰਪੱਖ ਫੈਸਲਿਆਂ ਕਰਕੇ ਜਾਣਿਆ ਗਿਆ, ਜਿਸ ਨੇ ਇਨਸਾਫ਼ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਨੂੰ ਬਤੌਰ ਸਿੱਖ ਹੋਣ ਕਰਕੇ ਗਲਤੀ ਬਦਲੇ ਬੇਰੀ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਲੈ ਕੇ ਅੱਜ ਤਕ ਦਰਜਨਾਂ ਜਥੇਦਾਰਾਂ ਦੀ ਸਮੇਂ-ਸਮੇਂ ਨਿਯੁਕਤੀ ਹੁੰਦੀ ਰਹੀ, ਪਰ ਅੱਜ ਤਕ ਲਗਦਾ ਹੈ ਕਿ ਕੋਈ ਵੀ ਫੂਲਾ ਸਿੰਘ ਦਾ ਹਾਣੀ ਨਹੀਂ ਬਣ ਸਕਿਆ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਪਹਿਲੇ ਸਮੇਂ ਵਿੱਚ ਜਥੇਦਾਰਾਂ ਦੀ ਨਿਯੁਕਤੀ ਸਰਬੱਤ ਖਾਲਸਾ ਦੀ ਮੀਟਿੰਗ ਬੁਲਾ ਕੇ ਲਗਭਗ ਇੱਕ ਰਾਏ ਹੋ ਕੇ ਕੀਤੀ ਜਾਂਦੀ ਸੀ, ਪਰ ਅੱਜਕੱਲ ਦੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੁਆਰਾ ਕੀਤੀ ਜਾਂਦੀ ਹੈ। ਦੋਹਾਂ ਨਿਯੁਕਤੀਆਂ ਤੋਂ ਮਤਲਬ ਸਾਫ਼ ਜ਼ਾਹਰ ਹੁੰਦਾ ਹੈ ਕਿ ਜਿਸ ਨੂੰ ਸਰਬੱਤ ਖਾਲਸਾ ਯਾਨਿ ਬਹੁਤ ਵਡੇਰੀ ਸੰਗਤ ਨੇ ਚੁਣਿਆ, ਉਹ ਜਥੇਦਾਰ ਵਡੇਰੇ ਦਲੇਰ ਸਾਬਤ ਹੋਏ, ਜੋ ਕਮੇਟੀਆਂ ਦੀ ਨਿਯੁਕਤੀ ਤੋਂ ਬਣੇ, ਉਹ ਸਰਬੱਤ ਖਾਲਸਾ ਰਾਹੀਂ ਚੁਣੇ ਜਥੇਦਾਰਾਂ ਦੇ ਹਾਣੀ ਸਾਬਤ ਨਹੀਂ ਹੋਏ। ਇਤਿਹਾਸ ਦੱਸਦਾ ਹੈ ਭਾਵੇਂ ਸਭ ਜਥੇਦਾਰਾਂ ਦੀਆਂ ਸ਼ਕਤੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ, ਪਰ ਉਨ੍ਹਾਂ ਦੇ ਫੈਸਲਿਆਂ ਵਿੱਚ ਬਹੁਤ ਫ਼ਰਕ ਦਿਸਦਾ ਹੈ, ਇਸੇ ਕਰਕੇ ਨਾਨਕ ਨਾਮਲੇਵਾ ਬਹੁਤੀ ਵਾਰ ਫੈਸਲਿਆਂ ਤੋਂ ਦੁਖੀ ਹੋਏ ਤੇ ਘੱਟ ਵਾਰ ਖੁਸ਼ ਹੋਏ। ਹੁਣ ਦੇ ਪੰਜਾਬ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਅਕਾਲੀ ਪਾਰਟੀ ਨੇ ਲਗਭਗ 25 ਸਾਲ ਟੁੱਟਵਾਂ ਰਾਜ ਕੀਤਾ, ਜਿਸ ਕਰਕੇ ਸਿਆਸੀ ਸ਼ਕਤੀਆਂ ਦੇ ਨਾਲ-ਨਾਲ ਧਾਰਮਿਕ ਸ਼ਕਤੀਆਂ ਵੀ ਕੇਂਦਰਤ ਹੋ ਕੇ ਰਾਜ ਅਧੀਨ ਹੁੰਦੀਆਂ ਰਹੀਆਂ। ਅਜਿਹੇ ਹਾਲਾਤ ਵਿੱਚ ਪਿਛਲੇ ਸਮੇਂ ਕਈ ਜਥੇਦਾਰਾਂ ਦੇ ਰੋਲ ਨੂੰ ਜਨਤਾ ਤੇ ਖਾਸ ਕਰ ਸਿੱਖ ਜਨਤਾ ‘ਮੋਮ ਦਾ ਨੱਕ’ ਵੀ ਕਹਿੰਦੀ ਰਹੀ। ਭਾਵੇਂ ਕੁਝ ਵੀ ਹੋਵੇ, ਅੱਜਕੱਲ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਣਾਏ ਫੈਸਲੇ ’ਤੇ ਤਰ੍ਹਾਂ-ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਇੱਕ ਹਿੱਸਾ ਇਸ ਨੂੰ ਬਣਦੀ ਸਜ਼ਾ ਆਖ ਰਿਹਾ ਹੈ ਅਤੇ ਇੱਕ ਹਿੱਸਾ ਡਰਾਮਾ ਕਹਿ ਕੇ ਗੱਲ ਨੂੰ ਖ਼ਤਮ ਕਰ ਦਿੰਦਾ ਹੈ। ਸਾਡੇ ਹਿਸਾਬ ਨਾਲ ਦਿੱਤੀ ਸਜ਼ਾ ’ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੋਣਾ ਚਾਹੀਦਾ, ਕਿਉਂਕਿ ਬੜੇ ਚਿਰਾਂ ਬਾਅਦ ਵੱਡੇ ਸਿਆਸੀ ਲਾਣੇ ਨੂੰ ਅਜਿਹੀ ਸਜ਼ਾ ਸੁਣਾਈ ਗਈ ਹੈ, ਜਿਸ ਲਾਣੇ ਨੇ ਵੱਖ-ਵੱਖ ਸਮੇਂ ਅਕਾਲੀ ਰਾਜ ਦਾ ਆਨੰਦ ਮਾਣਿਆ ਸੀ। ਪਰ ਇੱਕ ਗੱਲ ਜ਼ਰੂਰ ਰੜਕਦੀ ਹੈ ਕਿ ਪਿਛਲੇ 10 ਸਾਲ ਤੋਂ ਰਾਜ ਵਿੱਚ ਹੋਈਆਂ ਵੱਖ-ਵੱਖ ਗ਼ਲਤੀਆਂ ’ਤੇ ਵੱਖ-ਵੱਖ ਅਖੌਤੀ ਬਾਬਿਆਂ ਨੂੰ ਦਿੱਤੀਆਂ ਰਿਆਇਤਾਂ, ਉਨ੍ਹਾਂ ਪ੍ਰਤੀ ਨਰਮੀ ਅਤੇ ਉਨ੍ਹਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਨੀ ਇੱਕ ਵਡਮੁੱਲੇ ਸਿੱਖ ਹਿੱਸੇ ਨੂੰ ਰੜਕਦੀ ਹੈ ਅਤੇ ਰੜਕਦੀ ਰਹੇਗੀ। ਕੁਝ ਸਿੱਖ ਸਜ਼ਾ ਨੂੰ ਇਸ ਕਰਕੇ ਘੱਟ ਆਖ ਰਹੇ ਹਨ, ਕਿਉਂਕਿ ਮੁਲਜ਼ਿਮ ਧਿਰ ਨੇ ਆਪਣੀ ਗਲਤੀ ਸਵੀਕਾਰ ਕੀਤੀ, ਫਿਰ ਵੀ ਸਜ਼ਾ ਘੱਟ ਕਿਉਂ ਦਿੱਤੀ ਗਈ? ਬਹੁਤੇ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਧਾਰਮਿਕ ਮਾਮਲਿਆਂ ਵਿੱਚ ਧਾਰਮਿਕ ਸਜ਼ਾਵਾਂ ਹੀ ਦਿੱਤੀਆਂ ਜਾਂਦੀਆਂ ਹਨ ਜਾਂ ਉਹ ਸਜ਼ਾਵਾਂ, ਜਿਸ ਨਾਲ ਉਹ ਗਲਤੀ ’ਤੇ ਦੁੱਖ ਪ੍ਰਗਟ ਕਰਨ, ਜਿਵੇਂ ਪਾਠ ਕਰਨਾ, ਭਾਂਡੇ ਮਾਂਜਣੇ, ਜੋੜਿਆਂ ਦੀ ਸਫ਼ਾਈ, ਪਖਾਨੇ ਦੀ ਸਫ਼ਾਈ, ਝਾੜੂ ਆਦਿ ਫੇਰਨਾ। ਇਹ ਸਜ਼ਾ ਇੱਕ ਧਾਰਮਿਕ ਅਸਥਾਨ ਤੋਂ ਇਲਾਵਾ ਵੱਖ-ਵੱਖ ਸਥਾਨਾਂ ’ਤੇ ਵੀ ਦਿੱਤੀ ਜਾ ਸਕਦੀ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਸੰਬੰਧਤ ਧਿਰ ਆਪਣੀਆਂ ਸਿਆਸੀ ਸਰਗਰਮੀਆਂ ਸਮੇਤ ਮੁੜ ਸਰਗਰਮ ਹੋ ਸਕਦੀ ਹੈ ਜਿਸ ’ਤੇ ਕੋਈ ਰੋਕ ਨਹੀਂ ਲਾਈ ਜਾ ਸਕਦੀ, ਅਤੇ ਨਾ ਹੀ ਅਜਿਹੀ ਗੱਲ ਦਾ ਇਤਿਹਾਸ ਗਵਾਹ ਹੈ। ਅਜੋਕੀ ਜੁੰਡਲੀ ਨੂੰ ਸਜ਼ਾ ਇਤਿਹਾਸ ਵਿੱਚ ਨਾ ਪਹਿਲੀ ਹੈ ਨਾ ਆਖ਼ਰੀ, ਬਹੁਤੀਆਂ ਸਜ਼ਾਵਾਂ ਕਸੂਰ ਮੁਤਾਬਕ ਤੇ ਬਹੁਤੀਆਂ ਸਜ਼ਾਵਾਂ ਜਥੇਦਾਰ ਦੀ ਕਾਰਜ-ਸ਼ੈਲੀ ਉੱਪਰ ਨਿਰਭਰ ਕਰਦੀਆਂ ਹਨ। ਬਹੁਤੀ ਵਾਰ ਘੱਟ-ਵੱਧ ਸਜ਼ਾ ਬਾਰੇ ਸਫ਼ਾਈ ਜਾਂ ਵਿਸਥਾਰਤ ਜਾਣਕਾਰੀ ਦਿੱਤੀ ਜਾਂਦੀ ਹੈ। ਕਈ ਵਾਰ ਡਾਕਟਰ ਪਿਆਰ ਸਿੰਘ ਵਰਗੇ ਵਿਦਵਾਨ ਨੂੰ ਬਿਨਾਂ ਤਸੱਲੀ ਕਰਾਏ ਥੰਮ੍ਹਾਂ ਨਾਲ ਬੰਨ੍ਹਿਆ ਵੀ ਜਾਂਦਾ ਹੈ, ਜਿਸ ਕਰਕੇ ਸੰਬੰਧਤ ਧਿਰ ਨੂੰ ਸਜ਼ਾ ਪੂਰੀ ਕਰਨੀ ਪੈਂਦੀ ਹੈ। ਇਸਦੀ ਸਿੱਖ ਧਰਮ ਵਿੱਚ ਅਗਾਂਹ ਕੋਈ ਅਪੀਲ ਜਾਂ ਦਲੀਲ ਨਹੀਂ। ਅਕਾਲ ਦਾ ਮਤਲਬ ਸਦੀਵੀ ਹੁੰਦੀ ਹੈ, ਭਾਵ ਨਾ ਖ਼ਤਮ ਹੋਣ ਵਾਲਾ, ਜਿਸ ਕਰਕੇ ਸਿੱਖ ਜਗਤ ਵਿੱਚ ਅਕਾਲ ਤਖ਼ਤ ਸਦੀਵੀ ਹੈ, ਭਾਵ ਸਦਾ ਰਹਿਣ ਵਾਲਾ ਹੈ ਅਤੇ ਇਸ ’ਤੇ ਬੈਠਣ ਵਾਲਾ ਓਨਾ ਚਿਰ ਮਗਨ ਰਹਿੰਦਾ ਹੈ ਜਾਂ ਸਰਵਉੱਚ ਅਹੁਦੇ ’ਤੇ ਬਣਿਆ ਰਹਿੰਦਾ ਹੈ, ਜਦੋਂ ਤਕ ਉਹ ਆਪਣੀ ਪਦਵੀ ਤੋਂ ਰਿਟਾਇਰ ਨਹੀਂ ਹੁੰਦਾ ਜਾਂ ਕੀਤਾ ਨਹੀਂ ਜਾ ਸਕਦਾ। ਇਸ ਕਰਕੇ ਜਿਹੜਾ ਵਿਅਕਤੀ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ, ਉਸ ਨੂੰ ਹੁਕਮਨਾਮਾ ਪ੍ਰਵਾਨ ਕਰਨਾ ਪੈਂਦਾ ਹੈ, ਜਿਸ ਕਰਕੇ ਸਿੱਖ ਧਰਮ ਵਿੱਚ ਹੁਕਮਨਾਮੇ ਦੀ ਸਰਵਉੱਚਤਾ ਕਾਇਮ ਹੈ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਸਥਾਪਤ ਅਕਾਲ ਤਖ਼ਤ ਜਿਉਂ ਦਾ ਤਿਉਂ ਸਿੱਖਾਂ ਲਈ ਸਦੀਵੀ ਚਾਨਣ-ਮੁਨਾਰਾ ਹੈ ਅਤੇ ਰਹੇਗਾ।

Loading