ਅਕਾਲ ਤਖ਼ਤ ਤੇ ਪਟਨਾ ਸਾਹਿਬ ਵਿਚਕਾਰ ਵਿਵਾਦ ਸਮਾਪਤ,ਪੰਥਕ ਇਕਜੁੱਟਤਾ ਮਜ਼ਬੂਤ

In ਮੁੱਖ ਖ਼ਬਰਾਂ
July 15, 2025

ਅੰਮ੍ਰਿਤਸਰ- ਸਿੱਖ ਪੰਥ ਦੇ ਦੋ ਪਵਿੱਤਰ ਤਖ਼ਤ ਸਾਹਿਬਾਨ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਚਕਾਰ ਚੱਲ ਰਿਹਾ ਵਿਵਾਦ  ਖ਼ਤਮ ਹੋ ਗਿਆ। ਦੋਹਾਂ ਤਖ਼ਤਾਂ ਦੇ ਸਿੰਘ ਸਾਹਿਬਾਨ ਨੇ ਆਪਣੇ-ਆਪਣੇ ਫ਼ੈਸਲੇ ਵਾਪਸ ਲੈ ਲਏ ਅਤੇ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਿਆਂ ਸਮਰਪਣ ਦਾ ਲਿਖਤੀ ਭਰੋਸਾ ਦਿੱਤਾ। ਇਸ ਨਾਲ ਪੰਥਕ ਇਕਜੁੱਟਤਾ ਨੂੰ ਵੱਡੀ ਮਜ਼ਬੂਤੀ ਮਿਲੀ ਹੈ।

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ: ਵਿਵਾਦ ਦਾ ਹੱਲ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਇਕੱਤਰਤਾ ਹੋਈ। ਇਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਗਿਆਨੀ ਰਾਜਦੀਪ ਸਿੰਘ, ਗਿਆਨੀ ਸੁਲਤਾਨ ਸਿੰਘ, ਗਿਆਨੀ ਕੇਵਲ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਸ਼ਾਮਲ ਸਨ। ਇਕੱਤਰਤਾ ਵਿੱਚ ਪਟਨਾ ਸਾਹਿਬ ਨਾਲ ਜੁੜੇ ਮਸਲਿਆਂ ‘ਤੇ ਵਿਚਾਰ ਹੋਇਆ ਅਤੇ ਆਪਸੀ ਸਹਿਮਤੀ ਨਾਲ ਮਾਮਲਾ ਹੱਲ ਕੀਤਾ ਗਿਆ। ਜਥੇਦਾਰ ਗੜਗੱਜ ਨੇ ਦੱਸਿਆ ਕਿ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ 12 ਜੁਲਾਈ ਦੇ ਪੱਤਰ ਵਿੱਚ ਅਕਾਲ ਤਖ਼ਤ ਦੀ ਸਰਬਉੱਚਤਾ ਮੰਨਣ ਦਾ ਵਾਅਦਾ ਕੀਤਾ ਗਿਆ, ਜਿਸ ‘ਤੇ ਵਿਚਾਰ ਕਰਕੇ 21 ਮਈ ਅਤੇ 5 ਜੁਲਾਈ 2025 ਦੇ ਮਤਿਆਂ ‘ਵਿਚ ਸੋਧ ਕਰਕੇ ਉਹ ਵਾਪਸ ਲਏ ਗਏ।

ਸੂਤਰਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇਕੱਤਰਤਾ ਵਿੱਚ ਪੰਜ ਸਿੰਘ ਸਾਹਿਬਾਨ ਨੇ ਮਤਾ ਪਾਸ ਕੀਤਾ ਕਿ ਸਿੱਖਾਂ ਦੇ ਪੰਜੇ ਤਖ਼ਤ ਸਾਹਿਬਾਨ ਵਿੱਚੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉੱਚ ਤਖ਼ਤ ਹੈ ਅਤੇ ਖ਼ਾਲਸਾ ਪੰਥ ਦੇ ਵਾਲੀ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵੀ ਅਤਿ ਸਤਿਕਾਰਤ ਤਖ਼ਤ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਅਤੇ ਜਨਰਲ ਸਕੱਤਰ ਸ. ਇੰਦਰਜੀਤ ਸਿੰਘ ਵੱਲੋਂ ਪੁੱਜੇ ਪੱਤਰ ਵਿੱਚ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਬੀਤੇ ਸਮੇਂ ਇੱਥੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨਾਲ ਸਬੰਧਤ ਕੀਤੇ ਗਏ ਫ਼ੈਸਲਿਆਂ ਉੱਤੇ ਮੁੜ ਵਿਚਾਰ ਲਈ ਬੇਨਤੀ ਕੀਤੀ ਹੈ। ਬੇਨਤੀ ਪ੍ਰਵਾਨ ਕਰਦਿਆਂ – ਖ਼ਾਲਸਾ ਪੰਥ ਦੇ ਵਡੇਰੇ ਹਿੱਤਾਂ, ਪੰਥਕ ਇਕਜੁੱਟਤਾ, ਦੇਸ਼ ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਦੋਵੇਂ ਤਖ਼ਤ ਸਾਹਿਬਾਨ ਦੇ ਮਾਣ-ਸਨਮਾਨ ਦੇ ਮੱਦੇਨਜ਼ਰ ਜੋ ਮਿਤੀ ੨੧ ਮਈ ੨੦੨੫ ਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਮਤਾ ਨੰ: ੦੩ ਰਾਹੀਂ ਸਿੰਘ ਸਾਹਿਬ ਜਥੇਦਾਰ ਹੈੱਡ ਗ੍ਰੰਥੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਭਾਈ ਬਲਦੇਵ ਸਿੰਘ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗੁਰਦਿਆਲ ਸਿੰਘ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲਗਾਈ ਗਈ ਸੀ ਉਹ ਪੂਰਨ ਰੂਪ ਵਿੱਚ ਖ਼ਤਮ ਕੀਤੀ ਜਾਂਦੀ ਹੈ। 

ਮਿਤੀ ੨੧ ਮਈ ੨੦੨੫ ਦੀ ਇਕੱਤਰਤਾ ਦੇ ਮਤਾ ਨੰ: ੦੪ ਦੇ ਵਿੱਚ ਇਹ ਫੈਸਲਾ ਹੋਰ ਜੋੜਦਿਆਂ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮਾਣ ਸਤਿਕਾਰ, ਕੌਮੀ ਇਕਜੁੱਟਤਾ ਦੀ ਭਾਵਨਾ ਅਤੇ ਇੱਕ ਜਥੇਦਾਰ ਦੀ ਸਤਿਕਾਰਤ ਪਦਵੀ ਦੇ ਮਾਣ ਸਤਿਕਾਰ ਦੇ ਮੱਦੇਨਜ਼ਰ ਜਿਹੜਾ ਕੇਸ ਪ੍ਰਬੰਧਕ ਕਮੇਟੀ ਦੇ ਵਿਰੁੱਧ ਅਦਾਲਤ ਵਿੱਚ ਪਾਇਆ ਹੋਇਆ ਹੈ ਉਹ ਕੇਸ ਤੁਰੰਤ ਵਾਪਸ ਲੈਣਗੇ। 

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਆਦੇਸ਼ ਹੈ ਕਿ ਉਹ ਗਿਆਨੀ ਰਣਜੀਤ ਸਿੰਘ ਗੌਹਰ ਨਾਲ ਮਿਲ ਬੈਠ ਕੇ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਬਕਾਇਆ ਸੇਵਾਫਲ/ਫੰਡ ਦੀ ਨਿਯਮਾਂ ਅਨੁਸਾਰ ਅਦਾਇਗੀ ਕਰਨ। ਇਸ ਸਮੁੱਚੇ ਮਾਮਲੇ ਵਿੱਚ ਗਿਆਨੀ ਰਣਜੀਤ ਸਿੰਘ ਗੌਹਰ ਸਮੇਤ ਕੋਈ ਵੀ ਸਬੰਧਤ ਸ਼ਖ਼ਸੀਅਤ ਮੀਡੀਆ/ਸੋਸ਼ਲ ਮੀਡੀਆ ਵਿੱਚ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੇ।

ਮਤੇ ਵਿੱਚ ਅੱਗੇ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਤੀ ੦੫ ਜੁਲਾਈ ੨੦੨੫ ਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਮਤਾ ਨੰ: ੦੧ ਅਨੁਸਾਰ ਜੋ ਮਤਾ ਪਾਸ ਕੀਤਾ ਗਿਆ ਸੀ ਉਸ ਸਬੰਧੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਿਆਂ ਪੁੱਜੇ ਬੇਨਤੀ ਪੱਤਰ ਅਤੇ ਕੀਤੀ ਗਈ ਖਿਮਾ ਜਾਚਨਾ ਨੂੰ ਪ੍ਰਵਾਨ ਕਰਦਿਆਂ ਤਖ਼ਤ ਸਾਹਿਬਾਨ ਦੀ ਏਕਤਾ, ਖ਼ਾਲਸਾ ਪੰਥ ਦੇ ਵਡੇਰੇ ਹਿੱਤਾਂ, ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਮਤੇ ਨੂੰ ਵਾਪਸ ਲਿਆ ਜਾਂਦਾ ਹੈ।

ਵਿਵਾਦ ਸੁਲਝਾਉਣ ਵਿੱਚ ਪ੍ਰਵਾਸੀ ਖਾਲਸਾ ਜੀ ਤੇ ਜਥੇਦਾਰ  ਦੀ ਭੂਮਿਕਾ

ਇਸ ਵਿਵਾਦ ਨੂੰ ਸੁਲਝਾਉਣ ਵਿੱਚ ਸਿੱਖ ਪੰਥ ਦੀਆਂ ਭਾਵਨਾਵਾਂ ਅਤੇ ਕੌਮਾਂਤਰੀ ਪੱਧਰ ‘ਤੇ ਅਕਾਲ ਤਖ਼ਤ ਦੀ ਸਰਬਉੱਚਤਾ ਦੀ ਮਾਨਤਾ ਮੁੱਖ ਕਾਰਨ ਰਹੀ। ਜਥੇਦਾਰ ਗੜਗੱਜ ਨੇ ਦੱਸਿਆ ਕਿ ਉਹ ਖੁਦ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਨਾਲ ਸੰਪਰਕ ਵਿੱਚ ਸਨ।

  ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵਿਵਾਦ ਦੇ ਹੱਲ ਦਾ ਸਵਾਗਤ ਕੀਤਾ।

ਇਸ ਹੱਲ ਨਾਲ ਸਿੱਖ ਪੰਥ ਵਿੱਚ ਇਕਜੁੱਟਤਾ ਅਤੇ ਸਦਭਾਵਨਾ ਨੂੰ ਹੁਲਾਰਾ ਮਿਲਿਆ ਹੈ, ਜਿਸ ਨਾਲ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ।

Loading