ਅਕਾਲ ਤਖ਼ਤ ਸਾਹਿਬ ਦੀ ਅਜ਼ਾਦੀ ਲਈ ਪੰਥਕ ਪ੍ਰਬੰਧ ਦੀ ਰੂਪ ਰੇਖਾ ਘੜੀ ਜਾਵੇ

In ਮੁੱਖ ਲੇਖ
March 27, 2025
ਗਿਆਨੀ ਕੇਵਲ ਸਿੰਘ: ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਆਇਆ ਹੈ ਕਿ ਕਮੇਟੀ ਜਥੇਦਾਰਾਂ ਦੀ ਨਿਯੁਕਤੀ ਸੇਵਾ- ਮੁਕਤੀ ਤੇ ਅਧਿਕਾਰ ਸਬੰਧੀ ਵਿਧੀ- ਵਿਧਾਨ ਬਣਾਉਣ ਲਈ ਤਿਆਰ ਹੋ ਗਈ ਹੈ। ਇਸ ਉੱਦਮ ਨੂੰ ਜੀ ਆਇਆਂ ਨੂੰ ਆਖਣਾ ਬਣਦਾ ਹੈ। ਯਾ ਖੁਦਾ ਪੰਝੀ ਸਾਲ ਪਹਿਲਾਂ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦਾ ਪਾਲਣ ਕੀਤਾ ਹੁੰਦਾ ਤਾਂ ਜੋ ਪੰਥਕ ਸੱਥਾਂ ਵਿਚ ਪੀੜਾ ਆਈ ਹੈ ਤੇ ਜਥੇਬੰਦਕ ਦੂਰੀਆਂ ਵਧੀਆਂ ਤੇ ਦਰਾਰਾਂ ਪਈਆਂ ਇਨ੍ਹਾਂ ਸਭ ਤੋਂ ਬਚਿਆ ਜਾ ਸਕਦਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਸਾਡੇ ਲਈ ਜੋ ਵਧੇਰੇ ਕਰਕੇ ਸਾਡੀ ਸਮਝੋਂ ਬਾਹਰ ਹਨ। " ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ।। " ਅਸੀਂ ਧੜਿਆਂ ਦੇ ਪ੍ਭਾਵ ਨੂੰ ਪਹਿਲ ਦੇ ਪੰਥਕ ਮਾਣ ਮਰਯਾਦਾ ਦੇ ਘਾਣ ਕਰਨ ਨੂੰ ਕਈ ਵਾਰ ਪਹਿਲ ਕਰਦੇ ਆ ਰਹੇ ਹਾਂ। ਸਾਡੀਆਂ ਸੰਸਥਾਵਾਂ, ਜਿਨ੍ਹਾਂ 'ਤੇ ਸਮੂਹ ਪੰਥ ਰੱਜ ਕੇ ਮਾਣ ਕਰਦਾ ਸੀ ਧੜਿਆਂ ਦੀ ਬਿਮਾਰੀ ਕਰਕੇ ਕੱਖੋਂ ਹੌਲੀਆਂ ਕਰ ਲਈਆਂ ਹਨ। ਅੱਜ ਸੁਹਿਰਦ ਸਿੱਖ ਨਾਮ ਲੈਣ ਲੱਗਿਆਂ ਸੋਚਣ ਲੱਗੇ ਹਨ ਕਿ ਮੈਂ ਕੋਈ ਅਪਰਾਧ ਤੇ ਨਹੀਂ ਕਰ ਰਿਹਾ ਨਾਮ ਲੈ ਕੇ। ਇਹ ਤੇ ਹੁਣ ਪੰਥ ਦੀ ਵਫ਼ਾ ਵਿਚ ਖੜੀਆਂ ਹੀ ਨਹੀਂ ਹਨ। ਇਨ੍ਹਾਂ ਦੇ ਵਰਤਮਾਨ ਆਗੂਆਂ ਨੇ ਇਨ੍ਹਾਂ ਸੰਸਥਾਵਾਂ ਦੀਆ ਬੀਤੇ ਵਿਚ ਪੰਥ ਪ੍ਰਸਤ ਸੇਵਕਾਂ ਰਾਹੀਂ ਕੀਤੀਆਂ ਪ੍ਰਾਪਤੀਆਂ ਨੂੰ ਰੋਲ ਕੇ ਰੱਖ ਦਿੱਤਾ ਹੈ। ਅੱਜ ਵਾਲਿਆਂ ਨੂੰ ਇਨ੍ਹਾਂ ਸੰਸਥਾਵਾਂ ਦੇ ਸੇਵਕ ਕਹਿਣਾ ਖ਼ੁਦ ਨੂੰ ਜ਼ਲੀਲ ਕਰਨਾ ਹੈ। ਜੋ ਸਾਡੀ ਪ੍ਰਬੰਧਕੀ ਦੁਰਦਸ਼ਾ ਹੁਣ ਬਣਾ ਦਿੱਤੀ ਗਈ ਹੈ ਇਸ ਨਾਲ ਪੀੜ੍ਹੀਆਂ ਦਾ ਪੰਥ ਤੇ ਪੰਥਕ ਫਰਜ਼ ਪ੍ਰਤੀ ਲਗਾਓ ਪੈਦਾ ਹੋਣਾ ਬੰਦ ਹੋ ਗਿਆ ਹੈ। ਇਸ ਨਾਲੋਂ ਘਾਤਕ ਪੱਖ ਹੋਰ ਕਿਹੜਾ ਹੋ ਸਕਦਾ ਹੈ? ਜਿਨ੍ਹਾਂ ਸੰਸਥਾਵਾਂ ਦੀ ਵਰਤਮਾਨ ਸਮੇਂ ਦੀ ਪੰਥਕ ਭਾਵਨਾ ਭਰੀ ਕਾਰਗੁਜ਼ਾਰੀ ਵੇਖ ਕੇ ਖ਼ੁਦ ਨੂੰ ਇਨ੍ਹਾਂ ਸੰਸਥਾਵਾਂ ਦੇ ਵਾਰਸ ਬਣਾਉਣ ਲਈ ਹਿਰਦੈ ਵਿਚ ਮਾਣ ਸਨਮਾਨ ਮਹਿਸੂਸ ਕਰਦਿਆਂ ਫੁੱਲੇ ਨਹੀਂ ਸੀ ਸਮਾਉਣਾ ਉਹ ਸਿੱਖੀ ਵਿਸ਼ਵਾਸ ਤੋਂ ਮੂੰਹ ਫੇਰਦੇ ਤੇ ਹੋਰ ਹੋਰ ਪਾਸੇ ਭਟਕਦੇ ਹੋਏ ਵੇਖੇ ਜਾ ਸਕਦੇ ਹਨ। ਦੁੱਖ ਇਸ ਗੱਲ ਦਾ ਇਨ੍ਹਾਂ ਸੰਸਥਾਵਾਂ ਦੇ ਨਾਮ ਧਰੀਕ ਗੈਰ ਜ਼ਿੰਮੇਵਾਰ ਆਗੂਆਂ ਨੂੰ ਇਸ ਗੱਲ ਦੀ ਕੋਈ ਲੱਥੀ ਚੜੀ ਨਹੀਂ ਕਿ ਸਾਡੀ ਨੌਜਵਾਨ ਪੀੜ੍ਹੀ ਕਿਹੜੀ ਕਿਹੜੀ ਮਾਨਸਿਕ ਪੀੜਾ ਥਾਣੀ ਗੁਜ਼ਰ ਰਹੀ ਹੈ। ਸਾਡੀ ਹਉਮੈ ਭਰੀ ਤੇ ਧੜਾਗ੍ਰਸਤ ਸੋਚ ਨੇ ਉਸ ਨੂੰ ਕਿਵੇਂ ਨਿਰਾਸਤਾ ਵੱਲ ਧੱਕ ਦਿੱਤਾ ਹੈ। ਕਿਉਂ ਨਹੀਂ ਅਸੀਂ ਆਪਣੇ ਪੰਥਕ ਜ਼ਾਬਤੇ ਵਿਹੂਣੇ ਕਦਮ ਰੋਕ ਲੈਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀੇ ਵੱਲੋਂ ਆਏ ਬਿਆਨ ਨਾਲ ਵਕਤੀ ਵਿਰੋਧ ਰੋਕਣ ਦੀ ਕਿਧਰੇ ਖ਼ਾਨਾਪੂਰਤੀ ਤੇ ਨਹੀਂ ਹੈ? ਕਿ ਕਾਰਜਕਾਰਣੀ ਦੀ ਗ਼ੈਰ ਪ੍ਰਬੰਧਕੀ ਕਾਰਗੁਜ਼ਾਰੀ ਤੋਂ ਧਿਆਨ ਪਾਸੇ ਕਰਨ ਦੀ ਵਕਤੀ ਭਾਵਕ ਕਾਰਵਾਈ ਦਾ ਪ੍ਰਗਟਾਵਾ ਬਣ ਕੇ ਨ ਰਹਿ ਜਾਵੇ ਇਹ ਬਿਆਨ! ਕਿਉਂਕਿ ਪੰਥਕ ਸੁਹਿਰਦਤਾ ਵਾਲਾ ਇਤਬਾਰ ਇਸ ਮੌਕੇ ਕਿਸੇ ਤੇ ਕਰਣਾ ਬਹੁਤ ਔਖਾ ਹੈ। ਅੱਜ ਜੋ ਹਸ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ 2 ਦਸੰਬਰ 2024 ਦੇ ਆਦੇਸ਼ਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਨੇ ਕੀਤਾ ਤੇ ਕਰਨ ਵਾਲਿਆਂ ਦਾ ਧੜਾ ਪਾਲਿਆ ਹੈ ਇਹ ਅੱਜ ਦੇ ਇਤਿਹਾਸ ਦਾ ਵੱਡਾ ਦੁਖਾਂਤ ਹੈ ਜਿਸ ਦੀ ਕਾਲਖ਼ ਨੂੰ ਛੇਤੀ ਮੇਟਿਆ ਹੀ ਨਹੀਂ ਜਾ ਸਕਦਾ। ਕੀ ਕਸੂਰ ਸੀ ਜਥੇਦਾਰਾਂ ਗਿਆਨੀ ਰਘਬੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਦਾ? ਉਨ੍ਹਾਂ ਨੂੰ ਵੀ ਉਨ੍ਹਾਂ ਦੀ ਆਪਣੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਪ੍ਰਤੀ ਬਣਦੀ ਵੱਡੇ ਪਹਿਰੇਦਾਰੀ ਤੋਂ ਇਸ ਨਖਾਸ ਧੜਾ ਗ੍ਰਸਤ ਆਗੂਆਂ ਨੇ ਕਮਜ਼ੋਰ ਕਰਨ ਦਾ ਅਪਰਾਧ ਵੀ ਕੀਤਾ ਹੈ। ਜੇਕਰ ਉਹ ਆਦੇਸ਼ਾਂ ਪ੍ਰਤੀ ਪੂਰੀ ਤਰ੍ਹਾਂ ਪਹਿਰੇਦਾਰੀ ਵਿਚ ਕਮਜ਼ੋਰ ਹੋਏ ਹਨ ਰਲਗੱਡ ਬਿਆਨ ਦੇਂਦੇ ਰਹੇ ਹਨ ਤਾਂ ਇਹ ਉਨ੍ਹਾਂ ਦਾ ਜਾਤੀ ਕਸੂਰ ਨਹੀਂ ਸੀ। ਉਨ੍ਹਾਂ 'ਤੇ ਦਬਾਅ ਬਣਾ ਕੇ ਕਈ ਤਰ੍ਹਾਂ ਦੀਆਂ ਅੜਚਨਾ ਖੜ੍ਹੀਆਂ ਕਰਕੇ ਉਨ੍ਹਾਂ ਦੀ ਪੰਥਕ ਛਵੀ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਣ ਦਾ ਅਪਰਾਧ ਕੂੜੀ ਸਿਆਸਤ ਦੇ ਧੜੇਬਾਜਾਂ ਨੇ ਕੀਤਾ ਹੈ। ਹਾਲਾਂ ਕਿ ਇਸ ਸੱਚ ਤਥਾ ਹਕੀਕਤ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ ਉਨ੍ਹਾਂ ਨੂੰ ਤਖ਼ਤ ਸਾਹਿਬ ਦੇ ਸੇਵਕ ਹੁੰਦਿਆਂ ਅਡਿੱਗ ਰਹਿਣਾ ਚਾਹੀਦਾ ਸੀ ਭਾਵੇਂ ਇਹ ਧੜੇਬਾਜ਼ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਓਣ ਲਈ ਬਜ਼ਿਦ ਸਨ। ਦਲੇਰੀ ਤੇ ਇਹ ਚਾਹੀਦੀ ਸੀ ਉਨ੍ਹਾਂ ਦੀਆਂ ਦਬਾਅ ਭਰੀਆਂ ਕਰੂਰ ਕਾਰਵਾਈਆਂ ਨੂੰ ਪੰਥ ਦੇ ਸਨਮੁਖ ਰੱਖ ਕੇ ਨਸ਼ਰ ਕਰਦੇ। ਪੰਥਕ ਤਾਲਮੇਲ ਸੰਗਠਨ ਇਕੋ ਇਕ ਗੁਰੂ ਪੰਥ ਦੀਆਂ ਸੁਹਿਰਦ ਸੰਸਥਾਵਾਂ ਦਾ ਸਮੂਹ ਹੀ ਹੈ ਜੋ ਪੰਥਕ ਮਾਣ ਮਰਯਾਦਾ ਦਾ ਜਾਤੀ ਪਹਿਰੇਦਾਰ ਵੀ ਹੈ ਤੇ ਪ੍ਰਚਾਰਕ ਵੀ ਹੈ। ਇਸ ਦੇ ਸਾਰੇ ਸਹਿਯੋਗੀ ਦਹਾਕਿਆਂ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਪੜ੍ਹਦੇ ਵਿਚਾਰਦੇ, ਅਮਲਾਉਂਦੇ ਹਨ । ਬਿਆਨ ਵਿਚ ਹਾਲੀ ਵੀ ਪ੍ਰਧਾਨ ਜੀ ਸੰਪਰਦਾਵਾਂ ਦਾ ਧਿਆਨ ਰੱਖਣ ਦੀ ਗੱਲ ਕਰ ਰਹੇ ਹਨ ! ਇਹ ਕੀ ਹੈ? ਪੰਥ ਵਿਚ ਕੋਈ ਵੀ ਸੰਪਰਦਾ ਨਹੀਂ ਹੈ ਕੇਵਲ ਪੰਥ ਹੀ ਪੰਥ ਹੈ। ਸੰਪਰਦਾਵਾਂ ਅਨਮੱਤ ਮਨਮੱਤ ਦੀਆਂ ਪਿੱਛਲੱਗ ਹਨ ਸਖਸ਼ੀ ਪ੍ਭਾਵ ਹੇਠ ਹਨ। ਜਦੋਂ ਕਿ ਗੁਰੂ ਜੀ ਨੇ ਸ਼ਬਦ ਗੁਰੂ ਜੀ ਦੀ ਤਾਬਿਆ ਕੀਤਾ ਹੈ। ਉਨ੍ਹਾ ਨੇ ਕੋਈ ਵੱਖਰੀ ਸੰਪਰਦਾ ੧੪੬੯ ਤੋਂ ੧੭੦੮ ਤੱਕ ਨਹੀਂ ਬਣਾਈ ਨ ਹੀ ਮਾਨਤਾ ਦਿੱਤੀ। ਪੰਥ ਇਕ ਹੀ ਇਕ ਹੈ। ਇਕ ਹੀ ਰਹੇਗਾ। ਪੰਥ ਵਿਚ ਕਿਸੇ ਸੰਪਰਦਾ ਨੂੰ ਮਾਨਤਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਜੋ ਸੰਪਰਦਾਵਾਂ ਆਪੂ ਬਣ ਕੇ ਵਿਚਰ ਰਹੀਆਂ ਹਨ ਇਹ ਪੰਥਕ ਇਕਸੁਰਤਾ ਇਕਸਾਰਤਾ ਦੇ ਰਾਹ ਦਾ ਰੋੜਾ ਬਣ ਗਈਆਂ ਹਨ ਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਢਾਹ ਲਾਉਣ ਦਾ ਅਭਾਗ ਹਨ। ਤਖ਼ਤਾਂ ਦੇ ਜਥੇਦਾਰਾਂ ਲਈ ਬਣਨ ਵਾਲਾ ਵਿਧੀ- ਵਿਧਾਨ ਪੰਥਕ ਸਿਧਾਂਤ ਦੀ ਕਸੌਟੀ 'ਤੇ ਖਰਾ ਉਤਰਨ ਵਾਲਾ ਚਾਹੀਦਾ ਹੈ। ਉਸ ਤੇ ਕਿਸੇ ਵੀ ਪ੍ਕਾਰ ਸੰਪਰਦਾਈ ਪ੍ਰਭਾਵ ਨਹੀਂ ਚਾਹੀਦਾ। ਪੰਥ ਪ੍ਮਾਣਿਤ ਸਿੱਖ ਰਹਿਤ ਮਰਯਾਦਾ ਹੀ ਇਕੋ ਇਕ ਪੰਥ ਦੀ ਜੀਵਨ ਜਾਚ ਦਾ ਆਧਾਰ ਹੈ। ਦਾਸ ਵਲੋਂ ਹੀ ਪਹਿਲਾ ਲੇਖ ਸੀ " ਜਥੇਦਾਰਾਂ ਦੀ ਯੋਗਤਾ, ਨਿਯੁਕਤੀ ਅਧਿਕਾਰ ਤੇ ਸੇਵਾ ਮੁਕਤੀ ਬਾਰੇ ਅਜੀਤ ਰੋਜ਼ਾਨਾ ਜਲੰਧਰ ਵਿਚ ਸੰਨ 1998 ਨੂੰ । ਜਦੋਂ ਭਾਈ ਰਣਜੀਤ ਸਿੰਘ ਜੀ ਨੂੰ ਗ਼ੈਰ ਪ੍ਰਬੰਧਕੀ ਤਰੀਕੇ ਨਾਲ ਉਤਾਰਿਆ ਗਿਆ ਸੀ । ਭਾਵੇਂ ਉਨ੍ਹਾਂ ਦੀਆਂ ਕਈਆਂ ਗੱਲਾਂ ਨਾਲ ਜਾਤੀ ਅਸਹਿਮਤੀ ਵੀ ਰਹੀ। ਉਹ ਪੰਥਕ ਮਾਣ ਮਰਯਾਦਾ ਨਾਲੋਂ ਆਪਣੇ ਜਾਤੀ ਵਿਕਾਰ ਤੇ ਸਮਝ ਨੂੰ ਅੱਗੇ ਰੱਖ ਕੇ ਫੈਸਲੇ ਲੈਣ ਵਿਚ ਯਕੀਨ ਕਰਦੇ ਸਨ। ਸਾਥੀਆਂ ਨੂੰ ਵੀ ਨਾਲ ਰੱਖਣ ਤੋਂ ਪਾਸਾ ਵਟ ਗਏ ਸਨ। ਪੰਥ ਤਾਂ ਪੰਥ ਹੈ। ਪੰਥਕ ਮਾਣ ਮਰਯਾਦਾ ਤੋਂ ਉੱਪਰ ਕੋਈ ਵਿਅਕਤੀ ਜਾਂ ਸੰਸਥਾ ਨਹੀਂ ਹੋ ਸਕਦੀ। ਉਸ ਵਕਤ ਕਿਧਰੇ ਜਥੇਦਾਰਾਂ ਲਈ ਪੰਥਕ ਵਿਧੀ ਵਿਧਾਨ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵਿਚ ਧੜੇਬੰਦੀ ਕਰਕੇ ਸਿਆਸੀ ਪ੍ਰਭਾਵ ਵਾਲੇ ਪਾਪ ਕਰਮ ਤੋਂ ਵੀ ਬਚਿਆ ਜਾ ਸਕਦਾ ਸੀ। ਪ੍ਰਬੰਧ ਦੀ ਕਮਜ਼ੋਰੀ ਇਹ ਲੰਮੇ ਸਮੇਂ ਤੋਂ ਹੈ ਪ੍ਰਬੰਧਕਾਂ ਵਿਚ ਪੰਥਕ ਮਾਣ ਮਰਯਾਦਾ ਦੀ ਥਾਂ, ਆਪਣੀ ਪ੍ਰਭਤਾ ਵਧੇਰੇ ਮਹੱਤਵਪੂਰਣ ਜਾਪਦੀ ਰਹਿੰਦੀ ਹੈ। ਜਦੋਂ ਕਿਧਰੇ ਇਨ੍ਹਾਂ ਦੀ ਪ੍ਰਭਤਾ ਲਈ ਥੋੜ੍ਹਾ ਜਿਹਾ ਵੀ ਖ਼ਤਰਾ ਜਾਪਦਾ ਹੈ ਤਾਂ ਫਿਰ ਤਖ਼ਤਾਂ ਸੇਵਾਦਾਰਾਂ ਦੇ ਮਾਣ ਸਨਮਾਨ ਨੂੰ ਪ੍ਰਬੰਧਕੀ ਹਉਮੈਂ ਦੇ ਪੈਰਾਂ ਹੇਠ ਮਸਲਣ ਤੋਂ ਰਤਾ ਵੀ ਲਿਹਾਜ ਤਥਾ ਗੁਰੇਜ ਨਹੀਂ ਕੀਤਾ ਜਾਦਾ। ਅੱਜ ਬਿਆਨ ਵਿਚ ਇਹ ਵੀ ਹੈ ਸੇਵਾ ਮੁਕਤੀ ਵੀ ਸਤਿਕਾਰ ਸਹਿਤ ਕਰਨ ਦੀ ਮਰਯਾਦਾ ਬਣੇਗੀ। ਇਹ ਕਿਹਾ ਗਿਆ ਜਿਨ੍ਹਾਂ ਨੂੰ ਧੱਕੇ ਨਾਲ ਉਤਾਰਿਆ ਹੈ ਉਨ੍ਹਾ ਦਾ ਵੀ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਵਿਚ ਪੰਥਕ ਅਦਬ ਦੀ ਥਾਂ ਆਪਣੀ ਚਮੜੀ ਬਚਾਉਣ ਵਾਲੀ ਕਲਾਬਾਜ਼ੀ ਵਧੇਰੇ ਹੈ। ਜੋ ਅਪਮਾਨ ਤੁਸੀਂ ਗਲਤ ਢੰਗ ਨਾਲ ਉਤਾਰਦਿਆਂ ਕਰ ਦਿੱਤਾ ਹੈ , ਦੱਸੋ ਉਹ,ਉਸ ਸੱਜਣਾਂ ਨੂੰ ਕਿਥੋਂ ਵਾਪਸ ਮੋੜੋਗੇ? ਲੱਖ ਸਿਰੋਪਾਓ ਵੀ ਉਨ੍ਹਾਂ ਦਾ ਸਨਮਾਨ ਵਾਪਸ ਨਹੀਂ ਕਰ ਸਕਦੇ। ਇਹੋਂ ਜਿਹੀਆਂ ਮੂੰਹ ਲੁਕਵੀਆਂ ਗੱਲਾਂ ਦੇ ਕੋਈ ਅਰਥ ਨਹੀਂ। ਹੁਣ ਤੇ ਕੀਤੇ ਤੋਂ ਸਿੱਖਣ ਦੀ ਲੋੜ ਹੈ। ਆਗੈ ਸਮਝ ਚਲੋ ਨੰਦ ਲਾਲਾ। ਪਾਛੈ ਜੋ ਬੀਤੀ ਸੋ ਬੀਤੀ। ਇਹ ਮੌਕਾ ਹੈ ਪੰਥ ਪ੍ਸਤ ਸੰਸਥਾਵਾਂ ਦੇ ਸੇਵਕਾਂ ਲਈ ਉਹ ਅੱਗੇ ਆਉਣ। ਵਿਧੀ-ਵਿਧਾਨ ਬਣਾਉਣ ਵਿਚ ਵੱਡੇ ਪੰਥਕ ਸੰਦਰਭ ਵਿਚ ਲਿਖਤੀ ਸੁਝਾਅ ਪੇਸ਼ ਕਰਨ। ਜੋ ਵੀ ਸਰੂਪ ਇਸ ਨੂੰ ਤਿਆਰ ਕਰਨ ਲਈ ਨਿਯਤ ਹੋਵੇ ਉਸ ਨਾਲ ਮਿਲ ਬੈਠ ਕੇ ਪੂਰੇ ਸੰਸਾਰ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਸ਼ਮੂਲੀਅਤ ਕਰਵਾਉਣ। ਹਾਲੀ ਵੱਡਾ ਮੁੱਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਦੀ ਸੰਭਾਲ ਲਈ ਪੰਥਕ ਪ੍ਰਬੰਧ ਦੀ ਰੂਪ ਰੇਖਾ ਘੜਨ ਦਾ। ਇਸ ਦੇ ਪ੍ਰਬੰਧ ਲਈ ਸੰਸਾਰ ਭਰ ਦੇ ਸਿੱਖਾਂ ਦੀ ਭਾਈਵਾਲੀ ਵਾਲਾ ਪ੍ਰਬੰਧ ਅਤਿ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪੰਥ ਦੀ ਨੁਮਾਇੰਦਗੀ ਨਹੀਂ ਕਰਦੀ। ਕਦੇ ਕਰਦੀ ਸੀ ਮਗਰ ਅੱਜ ਨਹੀਂ।

Loading