ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਕਿਸ ਤਰ੍ਹਾਂ ਦਾ ਬਣੇ ਅਕਾਲੀ ਦਲ?

In ਮੁੱਖ ਲੇਖ
April 11, 2025
ਕੇਵਲ ਸਿੰਘ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਵਕਤ ਦੀ ਜੁਗ ਗਰਦੀ ਵਿਚੋਂ ਸੰਸਾਰ ਨੂੰ ਕੱਢਣ ਲਈ ਜੋ ਘਾਲਣਾ ਘਾਲੀ ਉਸ ਨੂੰ ਸਮਝਣ ਤੇ ਸੇਧ ਲੈਣ ਦੀ ਜ਼ਰੂਰਤ ਸਾਰੇ ਸੰਸਾਰ ਨੂੰ ਸਦ ਸਦਾ ਹੈ ਤੇ ਰਹੇਗੀ। ਗੁਰੂ ਸਾਹਿਬ ਜੀ ਦੇ ਪਾਸ ਰੱਬੀ ਜੀ ਦੀ ਬਖਸ਼ੀ ਗਿਆਨ ਵਾਲੀ ਖੜਗ ਹੋਣ ਕਰਕੇ ਉਹਨਾਂ ਵਕਤ ਦੀਆਂ ਮਨੁੱਖੀ ਸਮਾਜ ਨੂੰ ਭਟਕਾਉਣ ਵਾਲੀਆਂ ਤਾਕਤਾਂ ਨੂੰ ਜਾਣਿਆ ਤੇ ਸੰਸਾਰ ਨੂੰ ਜਾਣੂ ਕਰਵਾਇਆ। ਉਹਨਾਂ ਜੋ ਰਸਤਾ ਮਨੁੱਖ ਦੇ ਸਾਹਮਣੇ ਰੱਖਿਆ ਤਥਾ ਖੁਦੂ ਅਪਣਾਇਆ ਉਹ ਨਿਰਮਲ ਤੇ ਨਿਆਰਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਸ਼ਬਦ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਇਕ ਸੂਰਬੀਰ ਦੇ ਤੌਰ ਤੇ ਜਗਤ ਰੂ-ਬ-ਰੂ ਪੇਸ਼ ਕਰਦੇ ਹਨ। " ਚੜ੍ਹਿਆ ਸੋਧਣਿ ਧਰਤਿ ਲੁਕਾਈ "। ਅਤੇ " ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ। " ਇਸ ਘਾਲ ਨੂੰ ਮਰਦੀਂ ਘਾਲ ਰੂਪ ਅੰਦਰ ਉਹਨਾਂ ਆਪਣੇ ਦਸਾਂ ਜਾਮਿਆਂ ਵਿਚ ਘਾਲਿਆ। ਰੱਬੀ ਮੌਜ ਅੰਦਰ ਗੁਰੂ ਜੀ ਨੇ ਨਿਆਰਾ ਖ਼ਾਲਸਾ ਪ੍ਰਗਟ ਕੀਤਾ । ਇਹੀ ਖ਼ਾਲਸਾ, ਖ਼ਾਲਸਾ ਪੰਥ ਹੈ। ਸੰਨ ੧੭੦੮ ਵਿਚ ਸਤਿਗੁਰੂ ਜੀ ਨੇ ਖ਼ਾਲਸੇ ਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਅਕਾਲੀ ਜੋਤਿ ਜੁੱਗੋ ਜੁੱਗ ਅਟੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪ੍ਰਵੇਸ਼ ਕਰਕੇ ਗੁਰੂ ਮੰਨਣ ਦਾ ਆਦੇਸ਼ ਦਿੱਤਾ। ਖ਼ਾਲਸਾ ਪੰਥ ਨੂੰ " ਅਕਾਲ ਪੁਰਖੀ ਜੁਗਤਿ " ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਵਰਤਣ ਦਾ ਅਧਿਕਾਰ ਬਖਸ਼ਿਆ। ਇਸੇ ਲਈ " ਖਾਲਸਾ ਪੰਥ " " ਗੁਰੂ ਖਾਲਸਾ ਪੰਥ " ਵਜੋਂ ਵੀ ਪੁਕਾਰਿਆ ਜਾਂਦਾ ਹੈ। ਹਰ ਮਨੁੱਖ ਨੂੰ ਸਿੱਖ ਹੋ ਕੇ " ਸਿੱਖੀ " ਕਮਾਉਣ ਦਾ ਅਧਿਕਾਰ ਪ੍ਰਦਾਨ ਕੀਤਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਮੌਜ ਵਿੱਚੋਂ ਖਾਲਸਾ ਪੰਥ ਨੂੰ ਪ੍ਰਗਟਾਉਣ ਸਦਕਾ " ਅਕਾਲੀ ਫ਼ੌਜ " ਵੀ ਆਖਿਆ ਜਾਂਦਾ ਹੈ। ਬਹੁਤ ਦੁਰਲੱਭ ਹੈ " ਸਿੱਖੀ " ਤਥਾ ਸਿੱਖ ਹੋ ਕੇ ਜੀਉਣਾ। ਅੱਜ ਅਸੀਂ ਸਿੱਖ ਕਹਾਉਣ ਵਾਲੇ ਬਹੁਤੇ ਸਤਿਗੁਰੂ ਜੀ ਦੀ ਸਿੱਖੀ ਤੋਂ ਸਹੀ ਰੂਪ ਵਿਚ ਵਾਕਫ਼ ਹੀ ਨਹੀਂ ਹਾਂ। ਨ ਬਹੁਤਿਆਂ ਵਿਚ ਸਿੱਖੀ ਨੂੰ ਬਤੌਰੇ ਸਿੱਖ ਹੋਣ ਲਈ " ਸਿੱਖੀ " ਦੀ ਕਮਾਈ ਦਾ ਸ਼ੌਂਕ ਹੈ। ਅਸੀਂ ਨਾਮ ਦੇ ਸਿੱਖ ਹੋਣ ਤੱਕ ਹੀ ਸੁੰਗੜੀ ਜਾ ਰਹੇ ਹਾਂ। ਜਾਂ ਸਿੱਖ ਕਹਾਉਣ ਵਾਲਿਆਂ ਦੇ ਘਰ ਪੈਦਾ ਹੋਣ ਕਰਕੇ ਸਿੱਖ ਹੋਣ ਦਾ ਜਮਾਂਦਰੂ ਅਧਿਕਾਰ ਮੰਨਣ ਦੇ ਵੱਡੇ ਭੁਲੇਖੇ ਦਾ ਸ਼ਿਕਾਰ ਹਾਂ। ਇਤਿਹਾਸ ਸਾਨੂੰ ਅਸਲੀ ਸਿੱਖੀ ਦੀ ਅਮੀਰੀ ਬਾਰੇ ਬਹੁਤ ਕੁਝ ਦੱਸਦਾ ਹੈ ਸਮਝਾਉਂਦਾ ਹੈ। ਜਾਨਣ ਲਈ ਓਥੋਂ ਤੱਕ ਪਹੁੰਚ ਕਰਨ ਦੀ ਹਿੰਮਤ ਵੀ ਅੱਜ ਟਾਵਿਆਂ ਕੋਲ ਹੈ। ਖ਼ਾਲਸਾ ਪੰਥ ਦੀ ਨਿਰਮਲ ਨਿਆਰੀ ਹਸਤੀ ਨੂੰ ਸਦ ਸਦਾ ਕਾਇਮ ਰੱਖਣ ਲਈ ਅਮਲੀ ਜੀਵਨ ਜੀਊਣਾ ਹੀ ਇਕੋ ਇਕ ਗੁਰੂ ਬਖਸ਼ੀ ਬਿਧ ਹੈ। ਸੰਨ ੧੭੦੮ ਤੋਂ ਲੈਕੇ ੧੭੯੮ ਤੱਕ ਦਾ ਇਤਿਹਾਸ ਸਾਹਮਣੇ ਰੱਖ " ਸਿੱਖੀ ਅਤੇ ਸਿੱਖੀ ਦੇ ਫਰਜ਼" ਸਮਝਣੇ ਸਾਡੇ ਸਿੱਖੀ ਕਮਾਉਣ ਲਈ ਸੰਥਿਆ ਹੈ। ਅਸੀਂ ਵਕਤੀ ਸੁਪਨਿਆਂ ਵਿਚ ਜੀਊਣ ਦੇ ਆਦੀ ਹੋ ਗਏ ਕੇ ਰਹਿ ਗਏ ਹਾਂ। ਜਿਹੜੀਆਂ ਸੰਸਥਾਵਾਂ ਸਾਡੇ ਪੁਰਖਿਆਂ ਨੇ ਵੀਹਵੀਂ ਸਦੀ ਦੇ ਆਰੰਭ ਵਿਚ ਪੰਥਕ ਜਾਹੋਜਲਾਲ ਨੂੰ ਉਜ਼ਾਗਰ ਕਰਨ ਤਥਾ ਸੰਭਾਲਣ ਲਈ ਸਿਰਜੀਆਂ ਅਸੀਂ ਉਨ੍ਹਾਂ ਦੇ ਪਿਛੋਕੜ ਬਾਰੇ ਨ ਤਾਂ ਬਹੁਤਾ ਜਾਣਦੇ ਨ ਹੀ ਜਾਨਣ ਦੀ ਜਗਿਆਸਾ ਰੱਖਦੇ ਹਾਂ। ਖ਼ਾਸ ਕਰਕੇ ਮਹਿਸੂਸ ਹੁੰਦਾ ਹੈ ਜੇਕਰ ਅਸੀਂ ਅੱਜ ਵਰਤਮਾਨ ਸਮੇਂ ਬਤੌਰਿ ਸਿੱਖ ਆਪਣੀ ਪੰਥਕ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਨਾ ਹੈ ਤਾਂ ਸਾਨੂੰ ੧੭੯੮ ਤੋਂ ੧੮੪੯ ਤੱਕ ਸਿੱਖ ਰਾਜ ਬਣਨ ਤੇ ਖਤਮ ਹੋਣ ਦੇ ਉਤਰਾਵਾਂ ਚੜਾਵਾਂ ਵਾਲਾ ਬਹੁਤ ਸਹਜ ਸੰਜਮ ਤੇ ਸਮਝ ਦੀ ਦ੍ਰਿਸ਼ਟੀ ਤੋਂ ਲਗਾਤਾਰ ਪੜ੍ਹਨ ਦੇ ਅਭਿਆਸੀ ਬਣਨਾ ਜ਼ਰੂਰੀ ਹੈ। ੧੮੪੯ ਤੋਂ ਲੈ ਕੇ ੧੮੭੩ ਤੱਕ ਦੀ ਆਪਣੀ ਦਿਸ਼ਾ ਤੇ ਦਸ਼ਾ ਨੂੰ ਰੂਹ ਵਿਚ ਵਸਾਉਣ ਦੀ ਜ਼ਰੂਰਤ ਹੈ। ਜੋ ਮੋੜ ਪੰਥਕ ਜ਼ਿੰਮੇਵਾਰੀਆਂ ਵਾਲਾ ਸਾਡੇ ਪੁਰਖਿਆਂ ਨੇ ਵਕਤ ਦੀ ਪੀੜਾ ਨੂੰ ਹੰਢਾਉਂਦਿਆਂ ੧੮੭੩ ਵਿਚ ਕੱਟਿਆ ਉਸ ਦਾ ਇਤਿਹਾਸ ਗੁਰੂ ਨਦਰਿ ਦੇ ਪਾਤਰ ਬਣਦਿਆਂ ਅੱਖਰ ਅੱਖਰ ਪੜ੍ਹਨ ਵਿਚਾਰਨ ਤੇ ਅਪਨਾਉਣ ਲਈ ਖ਼ੁਦ ਨੂੰ ਹਰ ਵਕਤ ਤਿਆਰ ਰੱਖਣਾ ਚਾਹੀਦਾ ਹੈ। ਇਹ ਹੈ "ਸਿੰਘ ਸਭਾ ਲਹਿਰ" ਦਾ ਆਰੰਭ। ਪੂਰੇ ਵੇਰਵੇ ਤਾਂ " ਸਿੰਘ ਸਭਾ ਲਹਿਰ " ਦੇ ਇਤਿਹਾਸ ਨੂੰ ਪੜ੍ਹ ਵਿਚਾਰ ਕੇ ਹੀ ਸਮਝ ਪੈਣਗੇ। ਸਾਡੇ ਵਾਸਤੇ ਸਮਝ ਲਈ ਇਸ ਇਤਿਹਾਸ ( ਸਿੰਘ ਸਭਾ ਲਹਿਰ) ਦੇ ਰੂ-ਬ-ਰੂ ਹੋਣਾ ਨਿਹਾਇਤ ਜ਼ਰੂਰੀ ਹੈ। "ਸਿੰਘ ਸਭਾ ਲਹਿਰ" ਲਹਿਰ ਨੇ ਪੰਥਕ ਜਿੰਮੇਵਾਰੀ ਵਜੋਂ "ਸਿੱਖ ਵਿਦਿਅਕ ਲਹਿਰ" ਉਸਾਰ ਕੇ ਜੋ ਕੀਤਾ ਹੈ ਉਸ ਲਈ ਉਨ੍ਹਾਂ ਪੰਥਕ ਸੂਰਬੀਰਾਂ ਦੇ ਰੋਮ ਰੋਮ ਤੋਂ ਧੰਨਵਾਦੀ ਹੋਣ ਦੀ ਸਦ ਸਦਾ ਲੋੜ ਹੈ। "ਸਿੰਘ ਸਭਾਵਾਂ ਤੇ ਸਿੱਖ ਵਿਦਿਅਕ ਅਦਾਰਿਆਂ ਦਾ ਸੰਘਣਾ ਜਾਲ਼ ਸਾਧਨਾਂ ਤੇ ਸਮਰੱਥਾ ਦੀ ਘਾਟ ਦੇ ਬਾਵਜੂਦ ਉਸਾਰਨਾ ਕਿਸੇ ਕਰਾਮਾਤ ਤੋਂ ਘੱਟ ਨਹੀਂ ਆਖਿਆ ਜਾ ਸਕਦਾ। "ਸਿੰਘ ਸਭਾਵਾਂ " ਪਹਿਲਾਂ "ਖਾਲਸਾ ਦੀਵਾਨ " ਬਣੀਆਂ ਫਿਰ " ਚੀਫ ਖਾਲਸਾ ਦੀਵਾਨ " ਬਣੀਆਂ। ਉਪਰੰਤ ਗੁਰਦੁਆਰਾ ਸੁਧਾਰ ਲਹਿਰ ਦੀ ਪ੍ਰੇਰਨਾ ਸ਼ਕਤੀ ਤੇ ਪਾਤਰਤਾ ਦੀ ਰੂਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ ਲਿਖਦਿਆਂ ਸਰਦਾਰ ਸਮਸ਼ੇਰ ਸਿੰਘ ਜੀ ਅਸ਼ੋਕ ੧੯੮੧ ਵਿਚ ਲਿਖਦੇ ਹਨ " ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਬੱਝਣ ਤੋਂ ਪਹਿਲਾਂ ਗੁਰਦੁਆਰਾ ਸੁਧਾਰ ਅੰਦੋਲਨ ਦਾ ਮੂਲ ਕਾਰਨ ਦਰਅਸਲ ਸਿੱਖਾਂ ਦੀ ਓਹ ਕੌਮੀ ਜਦੋ - ਜਹਿਦ ਸੀ ਜਿਸ ਦੇ ਮੁੱਢ ਵਿਚ ਗੁਰਸਿੱਖੀ ਦਾ ਜਜ਼ਬਾ " ਸ੍ਰੀ ਗੁਰੂ ਸਿੰਘ ਸਭਾ " ਦੇ ਸਮੇਂ ਤੋਂ ਹੀ ਭਰਪੂਰ ਕੰਮ ਕਰਦਾ ਆ ਰਿਹਾ ਸੀ। " ਅਸੀਂ ਇਤਿਹਾਸ ਦੇ ਵਰਤਾਰਿਆਂ ਵਿਚ ਝਾਕਣ ਤੋਂ ਗ਼ੁਰੇਜ਼ ਕਰਦੇ ਹਾਂ। ਅਸੀਂ ਵਕਤ ਦੇ ਵਿਅਕਤੀਆਂ ਤੇ ਹਾਲਾਤਾਂ ਵਿਚੋਂ ਜਾਂ ਟੁੱਟ ਭੱਜ ਦੇ ਨਕਾਰਾ ਰੂਪ ਵਿਚੋਂ ਸੰਸਥਾ ਲੱਭਣ ਦੀ ਕੂੜੀ ਚੇਸ਼ਟਾ ਕਰਦੇ ਹਾਂ ਇਹ ਸਾਡੀ ਨ ਮੁਆਫ਼ਯੋਗ ਇਤਿਹਾਸਕ ਭੁੱਲ ਤੁੱਲ ਭੁੱਲ ਹੈ। ਅੱਜ ਸੰਸਾਰ ਭਰ ਵੱਸਦਾ ਚੇਤੰਨ ਸਿੱਖ ਪੰਥਕ ਸਰੋਕਾਰਾਂ ਤੇ ਸੰਸਥਾਵਾਂ ਪ੍ਰਤੀ ਜਾਗਣ ਲੱਗਿਆ ਹੈ। ਭਾਵੇਂ ਇਹ ਜਾਗ ਸੁਪਨੇ ਵਿਚ ਜਾਗੇ ਮਨੁੱਖ ਵਰਗੀ ਅੱਧੀ ਅਧੂਰੀ ਹੈ। ਪੂਰੀ ਤਰ੍ਹਾਂ ਸੁਜਗ ਹੋਏ ਮਨੁੱਖ ਵਾਂਗ ਨਹੀਂ ਹੈ। ਫਿਰ ਵੀ ਇਕ ਛਿਨ ਮੁਬਾਰਕ ਆਖ ਕੇ ਜੀ ਆਇਆਂ ਕਹਿਣਾ ਯੋਗ ਹੈ। ਸ਼੍ਰੋਮਣੀ ਅਕਾਲੀ ਦਲ ਕੇਵਲ ਬੋਧਿਕ ਉਦੇੜ ਬੁਣ ਦੀ ਅਵਸਥਾ ਵਿਚੋਂ ਪੈਦਾ ਹੋਈ ਜਾਂ ਵਕਤੀ ਮਕਸਦ ਲਈ ਬਣੀ ਸੰਸਥਾ ਨਹੀਂ ਸੀ ਤੇ ਨ ਹੀ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਪੰਥਕ ਸੁੱਚੀਆਂ ਭਾਵਨਾਵਾਂ ਦਾ ਪੰਥਕ ਪਹਿਰੇਦਾਰੀ ਵਾਲੇ ਜਾਹੋ ਜਲਾਲ ਨੂੰ ਸੰਭਾਲਣ ਵਾਲਾ ਪੰਥਕ ਮਕਸਦ ਹੈ। ਜਿਸ ਦਾ ਨਿਸ਼ਾਨਾ ਵੀ ਆਮ ਮਨੁੱਖੀ ਬੁੱਧੀ ਨਾਲੋਂ ਬਹੁਤ ਉਪਰ ਦਾ ਰੱਖਿਆ ਗਿਆ ਹੈ। ਹੈਰਾਨ ਹੋਣ ਦੀ ਲੋੜ ਨਹੀਂ ਹੈ ਕਿ ੨ ਦਸੰਬਰ ੨੦੨੪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਆਦੇਸ਼ਾਂ ਵਿਚ ਇਹ ਫਿਕਰਾ ਕਿਉਂ ਹੈ? ਓਥੇ ਸਪੱਸ਼ਟ ਲਿਖਿਆ ਗਿਆ ਹੈ ਕਿ " ਵਰਤਮਾਨ ਸਮੇਂ ਵਾਲੇ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦੀ ਯੋਗਤਾ ਨਹੀਂ ਰੱਖਦੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਅਕਾਲ ਤਖਤ ਸਾਹਿਬ ਤੋਂ ੭ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜੋ ਨਿਯਤ ਸਮੇਂ ਵਿਚ ਨਿਯਮਾਂ ਅਨੁਸਾਰ ਪਾਰਦਰਸ਼ਤਾ ਵਾਲੀ ਜੁਗਤਿ ਅਪਣਾ ਕੇ ਭਰਤੀ ਕਰੇਗੀ। "ਵਕਤ ਦੇ ਅਖੌਤੀ ਆਗੂਆਂ ਪਾਸੋਂ ਆਦੇਸ਼ ਦੇ ਸ਼ਬਦ ਹੀ ਬਰਦਾਸ਼ਤ ਨਹੀਂ ਹੋਏ ਤਾਂ ੨ ਦਸੰਬਰ ਦੇ ਆਦੇਸ਼ਾਂ ਤੋਂ ਮੂੰਹ ਫੇਰ ਕੇ ਅਕਾਲ ਤਖ਼ਤ ਸਾਹਿਬ ਦੀ ਮਨਸਾ ਵਾਲਾ ਅਕਾਲੀ ਦਲ ਬਣਾਉਣ ਤੋਂ ਪਿੱਠ ਦਿਖਾ ਗਏ ਹਨ। ਹੱਥਲੀ ਲਿਖਤ ਤੇ ਇਸ ਆਸ਼ੇ ਦੇ ਪ੍ਰਗਟਾਵੇ ਲਈ ਹੈ ਕਿ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲਾ ਅਕਾਲੀ ਦਲ ਬਣ ਸਕਦਾ ਹੈ। ਹਾਂ ਇਸ ਲਈ ਜੀਅਹੁ ਨਿਰਮਲ ਬਾਹਰਹੁ ਨਿਰਮਲ ਹੋਣ ਦੀ ਲੋੜ ਹੈ। ਜੇਕਰ ਇਸ ਅਵਸਥਾ ਵਿਚ ਅਸੀਂ ਸਿੱਖ ਕਹਾਉਣ ਵਾਲੇ ਜਾਣ ਲਈ ਤਿਆਰ ਨਹੀਂ ਤਾਂ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਅਸੀਂ ਪੰਥਕ ਹੋਣੀ ਸਿਰਜਣ ਤੋਂ ਬੇਮੁੱਖ ਹੋ ਰਹੇ ਹਾਂ। ਜੋ ਹਸ਼ਰ ਵਰਤਮਾਨ ਸਮੇਂ ਦੇ ਬਾਦਲ ਧੜੇ ਨੇ ਆਪਣੀ ਗੁਲਾਮ ਬਣਾ ਲਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਤਖ਼ਤਾਂ ਦੀ ਗਰਿਮਾ ਤਥਾ ਮਾਣ ਸਨਮਾਨ ਦਾ ਕੀਤਾ ਹੈ ਤਖਤਾਂ ਦੇ ਜਥੇਦਾਰਾਂ ਨੂੰ ਅਤਿ ਅਪਮਾਨਿਤ ਢੰਗ ਨਾਲ ਸੇਵਾਵਾਂ ਤੋਂ ਫਾਰਗ ਕੀਤਾ ਹੈ ਇਹ ਇਤਿਹਾਸ ਦਾ ਵੱਡਾ ਕਲੰਕ ਹੈ ਇਨ੍ਹਾਂ ਦੇ ਮੱਥੇ ਦਾ ਓਥੇ ਇਹ ਸਭ ਕੁਝ ਇਹ ਦਰਸਾ ਰਿਹਾ ਹੈ ਇਨ੍ਹਾਂ ਹੀ ਦੀਆਂ ਸਵਾਰਥੀ ਲਾਲਚੀ ਪੰਥਕ ਭਾਵਨਾਵਾਂ ਵਿਰੋਧੀ ਜੁਗਤਾਂ ਨੇ ਬਚੇ ਖੁਚੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਨੂੰ ਫ਼ਨਾਹ ਕਰਵਾ ਲਿਆ ਹੈ। ਜੇਕਰ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਨਿਰਣਾ ਆਦੇਸ਼ ਰਾਹੀਂ ਅਕਾਲੀ ਦਲ ਦੀ ਮੁੜ ਸਥਾਪਤੀ ਦਾ ਨਿਰਣਾ ਅਕਾਲ ਤਖ਼ਤ ਸਾਹਿਬ ਤੋਂ ਆਇਆ ਹੈ ਤਾਂ ਇਹ ਪੰਥਕ ਸੋਚ, ਜਜ਼ਬੇ ਤੇ ਸਿਧਾਂਤ ਤੋਂ ਖਾਲੀ ਲੋਕ ਹੀ ਸਭ ਕੁਝ ਨੂੰ ਬਰਬਾਦੀ ਵੱਲ ਧੱਕਣ ਦੇ ਮੁਲਜ਼ਮ ਬਣ ਰਹੇ ਹਨ। ਇਸ ਦਾ ਸਾਰਾ ਲਾਭ ਉਨ੍ਹਾਂ ਦੁਸ਼ਮਣ ਤਾਕਤਾਂ ਨੂੰ ਮਿਲ ਰਿਹਾ ਜੋ ਵਰਤਮਾਨ ਸਮੇਂ ਨਾਦਰਸ਼ਾਹ, ਅਹਿਮਦ ਸ਼ਾਹ ਅਬਦਾਲੀ ਤੇ ਉਨ੍ਹਾ ਦੇ ਜਾਲਮ ਹੱਥ ਠੋਕਿਆਂ ਜ਼ਕਰੀਆ ਖਾਂ, ਯਹੀਆ ਖਾਂ, ਮੀਰ ਮੰਨੂ, ਲੱਖ ਪਤ ਰਾਏ ਤੇ ਜਸਪੱਤ ਰਾਏ ਦੇ ਨਕਸ਼ੇ ਕਦਮਾਂ ਤੇ ੧੯੪੭ ਤੋਂ ਚੱਲਦੀਆਂ ਆ ਰਹੀਆਂ ਹਨ। ਜਿਸ ਦੇ ਸਿੱਟੇ ਵਜੋਂ ਜੂਨ ੧੯੮੪ ਤੇ ਨਵੰਬਰ ੧੯੮੪ ਦੇ ਨਸਲਕੁਸ਼ੀ ਵਰਤਾਰਿਆਂ ਨੂੰ ਪੰਥ ਨੇ ਭੋਗਿਆ ਹੈ। ਲੋੜ ਹੈ ਪੰਥਕ ਪੱਧਰ 'ਤੇ ਇਕ ਸੁਹਿਰਦ ਆਵਾਜ਼ ਬੁਲੰਦ ਕਰਨ ਦੀ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਲਈ ਕਿ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਪੰਥਕ ਪੱਧਰ 'ਤੇ ਪਿਆਰ ਸਤਿਕਾਰ ਦੇਂਦਿਆਂ ਧੜਿਆਂ ਦੀ ਪਕੜ ਦਾ ਤਿਆਗ ਸਿੱਖ ਕਹਾਉਣ ਵਾਲੇ ਸਾਰੇ ਸਿੱਖ ਕਰਨ। ਦਿਖਾਈ ਦੇਂਦੇ ਸਾਰੇ ਧੜਿਆਂ ਦੇ ਆਗੂ ਆਪਣੇ ਆਪਣੇ ਧੜੇ ਭੰਗ ਕਰਕੇ ਨਵੀਂ ਭਰਤੀ ਦਾ ਹਿੱਸਾ ਬਣ ਜਾਣ। ੧੯੨੦ ਵਾਲੇ ਅਕਾਲੀ ਦਲ ਦੇ ਸੰਵਿਧਾਨ ਨੂੰ ਸਨਮੁਖ ਰੱਖ ਕੇ ਪਹਿਲਾਂ ਵਕਤੀ ਢਾਂਚਾ ਤਿਆਰ ਕਰਕੇ ਫਿਰ ਵਿਧੀਵਤ ਸੰਸਾਰ ਭਰ ਵਿਚ ਅਕਾਲੀ ਦਲ ਦਾ ਗਠਨ ਸਰਬਸੰਮਤੀ ਜਾਂ ਬਹੁਸੰਮਤੀ ਨਾਲ ਤਿਆਰ ਕਰ ਲਿਆ ਜਾਵੇ। ਇਸ ਤਰ੍ਹਾਂ ਹੋ ਸਕਣ ਦੀਆਂ ਬਹੁਤ ਉਸਾਰੂ ਸੰਭਾਵਨਾ ਮੌਜੂਦ ਹਨ। ਕਿਸੇ ਵੀ ਤਰ੍ਹਾਂ ਨਿਰਾਸ਼ ਉਦਾਸ ਹੋਣ ਦੀ ਲੋੜ ਨਹੀਂ। ਸੰਸਾਰ ਭਰ ਦੇ ਸਿੱਖਾਂ ਵਿਚ ਸੰਸਾਰ ਪੱਧਰ 'ਤੇ ਪੰਥਕ ਪਹੁੰਚ ਰੱਖਣ ਵਾਲਿਆਂ ਦੀ ਬਹੁਤ ਵੱਡੀ ਤਾਦਾਦ ਹੈ।

Loading