ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਵਾਸਤੇ ਬਰਤਾਨੀਆ ਦੇ ਸਿੱਖਾਂ ਵਲੋਂ ਪੰਥਕ ਇਕੱਠ

In ਮੁੱਖ ਖ਼ਬਰਾਂ
March 04, 2025
ਲੰਡਨ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਅਤੇ ਅਜ਼ਾਦ ਪ੍ਰਭੂਸੱਤਾ ਕਾਇਮ ਰੱਖਣ ਵਾਸਤੇ ਬਰਤਾਨੀਆ ਦੇ ਸਿੱਖਾਂ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਪੰਥਕ ਇਕੱਤਰਤਾ ਕੀਤੀ ਗਈ । ਜਿਸ ਵਿੱਚ ਇੰਗਲੈਂਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੋਏ । ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਦਿਓਲ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਭਾਈ ਰਾਜਮਨਵਿੰਦਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਲੈਸਟਰ ਨੇ ਸਿੱਖ ਇਤਿਹਾਸ ਦੇ ਹਵਾਲੇ ਦਿੰਦਿਆਂ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਗੱਲ ਕੀਤੀ, ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਇਸ ਮੌਕੇ ਸਿੱਖ ਕੌਮ ਨੂੰ ਇਕੱਠੇ ਹੋ ਕੇ ਜਥੇਦਾਰ ਸਾਹਿਬ ਨਾਲ ਖੜ੍ਹਨਾ ਚਾਹੀਦਾ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ । ਭਾਈ ਕੁਲਦੀਪ ਸਿੰਘ ਚਹੇੜੂ ਨੇ ਸਰਬਸੰਮਤੀ ਨਾਲ ਮਤਿਆਂ ਦੀ ਪ੍ਰਵਾਨਗੀ ਲਈ ਜਿਸ ਵਿੱਚ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਅਤੇ ਆਜ਼ਾਦ ਪ੍ਰਭੂਸੱਤਾ ਵਾਸਤੇ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਜਿਸ ਵਿੱਚ ਵਿਸ਼ਵ ਭਰ ਦੇ ਸਿੱਖਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ | ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਏ ਆਦੇਸ਼ਾਂ ਨੂੰ ਇੰਨ ਬਿੰਨ ਮੰਨਣ ਅਤੇ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ । 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਏ ਇਤਿਹਾਸਕ ਆਦੇਸ਼ਾਂ ਦੀ ਇਸ ਪੰਥਕ ਇਕੱਠ ਵਿੱਚ ਯੂ. ਕੇ. ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਸ਼ਲਾਘਾ ਕੀਤੀ । ਅਤੇ ਨਾਲ ਹੀ ਇਹਨਾਂ ਆਦੇਸ਼ਾਂ ਤੋਂ ਬਾਅਦ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿੱਜੀ ਤੌਰ ਤੇ ਕਿਰਦਾਰਕੁਸ਼ੀ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮੇਂ ਦੀ ਨਿਜ਼ਾਕਤ ਨੂੰ ਪਹਿਚਾਣਦਿਆਂ ਵਿਸ਼ਵ ਸਿੱਖ ਸੰਮੇਲਨ ਸੱਦਣ ਦੀ ਅਪੀਲ ਕੀਤੀ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਜੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਇਆ ਗਿਆ ਤਾਂ ਵਿਸ਼ਵ ਭਰ ਦੇ ਸਿੱਖਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ । ਭਾਈ ਕਪਤਾਨ ਸਿੰਘ, ਭਾਈ ਗੁਰਨਾਮ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਲੈਸਟਰ, ਜਸਪਾਲ ਸਿੰਘ ਨਿੱਜਰ ਪ੍ਰਧਾਨ ਸੈਜਲੀ ਸਟ੍ਰੀਟ ਵੁਲਵਰਹੈਂਪਟਨ, ਰਘਬੀਰ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਸੰਗ, ਰਜਿੰਦਰ ਸਿੰਘ ਚਿੱਟੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਡਾ: ਸਾਧੂ ਸਿੰਘ, ਤਰਸੇਮ ਸਿੰਘ ਦਿਉਲ ਬਿਟਿਸ਼ ਸਿੱਖ ਕੌਂਸਲ, ਭਾਈ ਚਰਨ ਸਿੰਘ ਪ੍ਰਧਾਨ ਗੁਰੂ ਹਰਗੋਬਿੰਦ ਸਾਹਿਬ, ਸ: ਗੁਰਦੇਵ ਸਿੰਘ ਚੌਹਾਨ, ਭਾਈ ਬਲਦੇਵ ਸਿੰਘ ਸਪਰੀਮ ਸਿੱਖ ਕੌਂਸਲ, ਭਾਈ ਬਲਵਿੰਦਰ ਸਿੰਘ, ਰਘਵੀਰ ਸਿੰਘ ਅਵਾਜੇ ਕੌਮ, ਦਰਸ਼ਨ ਸਿੰਘ ਲੋਟੇ, ਭਾਈ ਜਸਵਿੰਦਰ ਸਿੰਘ ਮੱਖਣ ਸ਼ਾਹ ਲੁਬਾਣਾ ਟਰੱਸਟ ਯੂ ਕੇ ਆਦਿ ਨੇ ਵੀ ਸੰਬੋਧਨ ਕੀਤਾ।

Loading