ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਸਿੱਖ ਆਗੂ ਅਸੰਤੁਸ਼ਟ ਕਿਉਂ?

In ਮੁੱਖ ਖ਼ਬਰਾਂ
December 23, 2025

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਾਲ ਹੀ ਵਿੱਚ ਪੰਜਾਬ ਦੇ ਮੈਂਬਰ ਪਾਰਲੀਮੈਂਟ ਅਤੇ ਰਾਜ ਸਭਾ ਮੈਂਬਰਾਂ ਨੂੰ ਇੱਕ ਪੱਤਰ ਲਿਖ ਕੇ ਹਦਾਇਤ ਕੀਤੀ ਸੀ ਕਿ ਉਹ ਕੇਂਦਰ ਸਰਕਾਰ ਤੋਂ ਮੰਗ ਕਰਨ ਕਿ ਵੀਰ ਬਾਲ ਦਿਵਸ ਨੂੰ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਇਆ ਜਾਵੇ। ਇਸ ਪੱਤਰ ਨੂੰ ਲੈ ਕੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਨੂੰ ਇੱਕ ਚਿੱਠੀ ਲਿਖ ਕੇ ਸਖ਼ਤ ਇਤਰਾਜ਼ ਜਤਾਇਆ ਹੈ। ਰਾਜੋਆਣਾ ਨੇ ਕਿਹਾ ਹੈ ਕਿ ਇਹ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਹਿਮੀਅਤ ਨੂੰ ਘੱਟ ਕਰਨ ਵਾਲੀ ਹੈ । ਇਸ ਘਟਨਾ ਨੇ ਇੱਕ ਵਾਰ ਫ਼ਿਰ ਸਿੱਖ ਸੰਗਤ ਵਿੱਚ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਜਥੇਦਾਰ ਸਾਹਿਬਾਨ ਤੋਂ ਸਿੱਖ ਆਗੂ ਅਤੇ ਸੰਗਤ ਕਿਉਂ ਅਸੰਤੁਸ਼ਟ ਹੈ ਅਤੇ ਉਹ ਕਾਹਲੀ ਵਿੱਚ ਫ਼ੈਸਲੇ ਕਿਉਂ ਲੈ ਰਹੇ ਹਨ?
ਇਥੇ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਨ ਲਈ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਹ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਹੈ, ਕਿਉਂਕਿ ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਅਤੇ ਨਿਆਂ ਲਈ ਆਪਣੀ ਜਾਨ ਵਾਰ ਦਿੱਤੀ ਸੀ। ਪਰ ਸਿੱਖ ਸੰਗਤ ਨੂੰ ਇਸ ਨਾਂ ਨਾਲ ਇਤਰਾਜ਼ ਹੈ ਕਿਉਂਕਿ ਉਹ ਇਸ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਜਾਂ ‘ਸ਼ਹੀਦੀ ਦਿਵਸ’ ਵਜੋਂ ਜਾਣਨਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ‘ਵੀਰ ਬਾਲ ਦਿਵਸ’ ਨਾਂ ਨਾਲ ਸ਼ਹਾਦਤ ਦੀ ਗੰਭੀਰਤਾ ਘੱਟ ਜਾਂਦੀ ਹੈ ਅਤੇ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਇਸ ਨਾਂਅ ਨੂੰ ਬਦਲਣ ਦੀ ਮੰਗ ਕੀਤੀ ਸੀ। ਇਸੇ ਮੰਗ ਨੂੰ ਅੱਗੇ ਵਧਾਉਣ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਸਾਰੇ ਸਿੱਖ ਐੱਮਪੀਜ਼ ਨੂੰ ਪੱਤਰ ਲਿਖੇ ਅਤੇ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਿੱਖ ਸੰਗਤ ਇਸ ਨਾਂਅ ਨਾਲ ਸਹਿਮਤ ਨਹੀਂ ਹੈ ਅਤੇ ਇਸ ਨੂੰ ਬਦਲ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਹੀ ਨਾਂਅ ਦਿੱਤਾ ਜਾਵੇ। ਇਹ ਪੱਤਰ 8 ਦਸੰਬਰ 2025 ਨੂੰ ਲਿਖੇ ਗਏ ਸਨ ।
ਪਰ ਇਸ ਪੱਤਰ ਨੂੰ ਲੈ ਕੇ ਬਲਵੰਤ ਸਿੰਘ ਰਾਜੋਆਣਾ ਨੇ ਸਖ਼ਤ ਵਿਰੋਧ ਕੀਤਾ ਹੈ। ਰਾਜੋਆਣਾ, ਜੋ ਪਟਿਆਲਾ ਜੇਲ੍ਹ ਵਿੱਚ ਬੰਦ ਹਨ ਅਤੇ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਹਨ, ਨੇ ਜਥੇਦਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਵਾਜ਼ ਇੰਨੀ ਕਮਜ਼ੋਰ ਨਹੀਂ ਹੈ ਕਿ ਉਹ ਪਾਰਲੀਮੈਂਟ ਵਿੱਚ ਨਹੀਂ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਐੱਮਪੀਜ਼ ਅਕਾਲ ਤਖਤ ਨੂੰ ਪੱਤਰ ਲਿਖਦੇ ਤਾਂ ਸਮਝ ਆਉਂਦੀ,ਪਰ ਅਕਾਲ ਤਖਤ ਵੱਲੋਂ ਐੱਮਪੀਜ਼ ਨੂੰ ਲਿਖਣਾ ਇਸ ਦੀ ਅਹਿਮੀਅਤ ਨੂੰ ਘਟਾਉਂਦਾ ਹੈ।

Loading