
ਅਹਿਮਦਾਬਾਦ, 5 ਅਕਤੂਬਰ:
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਕੇਂਦਰ ਸਰਕਾਰ ਵੱਲੋਂ ਅਗਲੇ 10 ਸਾਲਾਂ ’ਚ ਦੇਸ਼ ਭਰ ਵਿੱਚ 75,000 ਮੈਡੀਕਲ ਸੀਟਾਂ ਵਧਾਏ ਜਾਣ ਦੀ ਤਜਵੀਜ਼ ਹੈ। ਉਹ ਟਰੱਸਟ ਵੱਲੋਂ ਚਲਾਏ ਜਾਂਦੇ ਹਸਪਤਾਲ ‘ਹੀਰਾਮਨੀ ਆਰੋਗਿਆਧਾਮ’ ਦਾ ਉਦਘਾਟਨ ਕਰਨ ਤੋਂ ਬਾਅਦ ਨੇੜਲੇ ਪਿੰਡ ਅਡਲਾਜ ਵਿੱਚ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਹਤ ਸਹੂਲਤਾਂ ਦੇ ਖੇਤਰ ਪ੍ਰਤੀ ਇਕ ਸੰਪੂਰਨ ਸੋਚ ਅਪਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨ ਲਈ ਮੋਦੀ ਨੇ ਦੇਸ਼ ਵਿੱਚ ਮੁੱਢਲੇ ਤੇ ਕਮਿਊਨਿਟੀ ਸਿਹਤ ਕੇਂਦਰਾਂ ਦੇ ਨਾਲ ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਵੱਲ ਧਿਆਨ ਦਿੱਤਾ। ਉਨ੍ਹਾਂ ਕਿਹਾ, ‘10 ਸਾਲਾਂ ’ਚ ਮੈਡੀਕਲ ਦੀਆਂ 75,000 ਸੀਟਾਂ ਹੋਰ ਵਧਾਉਣ ਦਾ ਟੀਚਾ ਮਿੱਥਿਆ ਹੈ।’