ਵਾਸ਼ਿੰਗਟਨ: ਵਿਗਿਆਨੀਆਂ ਨੇ ਇੱਕ ਵੱਡੀ ਕੁਦਰਤੀ ਆਫਤ ਦੀ ਚੇਤਾਵਨੀ ਜਾਰੀ ਕੀਤੀ ਹੈ, ਜੋ ਅਮਰੀਕਾ ਸਮੇਤ ਪੂਰੀ ਦੁਨੀਆਂ ਨੂੰ ਡਰਾਉਣ ਵਾਲੀ ਹੈ। ਇਹ ਚੇਤਾਵਨੀ ਕੈਸਕੇਡੀਆ ਸਬਡਕਸ਼ਨ ਜ਼ੋਨ ਵਿਚ ਆਉਣ ਵਾਲੇ ਸ਼ਕਤੀਸ਼ਾਲੀ ਭੂਚਾਲ ਕਾਰਨ 1000 ਫੁੱਟ ਉੱਚੀਆਂ ਲਹਿਰਾਂ ਵਾਲੀ ਮੈਗਾ ਸੁਨਾਮੀ ਦੀ ਹੈ, ਜੋ ਅਮਰੀਕਾ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਸਕਦੀ ਹੈ। ਵਰਜੀਨੀਆ ਟੈਕ ਦੇ ਖੋਜਕਰਤਾਵਾਂ ਦੀ ਰਿਸਰਚ ਮੁਤਾਬਕ, ਅਗਲੇ 50 ਸਾਲਾਂ ਵਿਚ 8.0 ਤੀਬਰਤਾ ਦੇ ਭੂਚਾਲ ਦੀ 15% ਸੰਭਾਵਨਾ ਹੈ, ਜੋ ਸਿਐਟਲ, ਪੋਰਟਲੈਂਡ, ਓਰੇਗਨ ਵਰਗੇ ਸ਼ਹਿਰਾਂ ਨੂੰ ਤਬਾਹ ਕਰ ਸਕਦਾ ਹੈ। ਇਸ ਨਾਲ ਤੱਟੀ ਖੇਤਰ 6.5 ਫੁੱਟ ਤੱਕ ਡੁੱਬ ਸਕਦਾ ਹੈ, ਜਿਸ ਨਾਲ ਸੁਨਾਮੀ ਹੋਰ ਵੀ ਵਿਨਾਸ਼ਕਾਰੀ ਹੋਵੇਗੀ।
ਅਧਿਐਨ ਦੀ ਮੁਖੀ ਲੇਖਿਕਾ ਤੇ ਵਰਜੀਨੀਆ ਟੈਕ ਦੀ ਭੂ-ਵਿਗਿਆਨੀ ਟੀਨਾ ਡਿਊਰਾ ਨੇ ਕਿਹਾ ਕਿ ਕੈਸਕੇਡੀਆ ਸਬਡਕਸ਼ਨ ਜ਼ੋਨ ਵਿਚ ਭੂਚਾਲ ਤੋਂ ਬਾਅਦ ਤੱਟੀ ਖੇਤਰਾਂ ਵਿਚ ਹੜ੍ਹ ਦਾ ਪ੍ਰਭਾਵ ਪਹਿਲਾਂ ਕਦੇ ਨਹੀਂ ਮਾਪਿਆ ਗਿਆ। ਸਭ ਤੋਂ ਵੱਧ ਨੁਕਸਾਨ ਦੱਖਣੀ ਵਾਸ਼ਿੰਗਟਨ, ਓਰੇਗਨ ਅਤੇ ਉੱਤਰੀ ਕੈਲੀਫੋਰਨੀਆ ਵਿਚ ਹੋਣ ਦੀ ਸੰਭਾਵਨਾ ਹੈ। ਇਹ ਖਤਰਾ ਅਲਾਸਕਾ, ਹਵਾਈ ਅਤੇ ਅਮਰੀਕਾ ਦੇ ਪੱਛਮੀ ਤੱਟ ’ਤੇ ਮੰਡਰਾ ਰਿਹਾ ਹੈ।
ਮੈਗਾ ਸੁਨਾਮੀ ਕੀ ਹੈ?
ਮੈਗਾ ਸੁਨਾਮੀ ਸਾਧਾਰਨ ਸੁਨਾਮੀ ਤੋਂ ਵੱਖਰੀ ਹੁੰਦੀ ਹੈ। ਸਾਧਾਰਨ ਸੁਨਾਮੀ ਦੀਆਂ ਲਹਿਰਾਂ ਕੁਝ ਫੁੱਟ ਉੱਚੀਆਂ ਹੁੰਦੀਆਂ ਹਨ, ਪਰ ਮੈਗਾ ਸੁਨਾਮੀ ਦੀਆਂ ਲਹਿਰਾਂ ਸੈਂਕੜੇ ਫੁੱਟ ਤੱਕ ਉੱਚੀਆਂ ਹੋ ਸਕਦੀਆਂ ਹਨ। ਇਹ ਸ਼ਕਤੀਸ਼ਾਲੀ ਭੂਚਾਲ, ਜੁਆਲਾਮੁਖੀ ਵਿਸਫੋਟ ਜਾਂ ਉਲਕਾ ਪਿੰਡ ਦੇ ਡਿੱਗਣ ਨਾਲ ਆਉਂਦੀਆਂ ਹਨ। ਮੈਗਾ ਸੁਨਾਮੀ ਕਈ ਮੀਲ ਅੰਦਰ ਤੱਕ ਪ੍ਰਭਾਵਿਤ ਕਰ ਸਕਦੀ ਹੈ ਅਤੇ ਲੋਕਾਂ ਨੂੰ ਬਚਣ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਅਜਿਹੀਆਂ ਘਟਨਾਵਾਂ ਦੁਰਲੱਭ ਹੁੰਦੀਆਂ ਹਨ, ਪਰ ਜੇ ਇਹ ਆਬਾਦੀ ਵਾਲੇ ਖੇਤਰਾਂ ’ਚ ਵਾਪਰਦੀਆਂ ਹਨ ਤਾਂ ਭਾਰੀ ਤਬਾਹੀ ਮਚਾਉਂਦੀਆਂ ਹਨ।