ਸੈਕਰਾਮੈਂਟੋ, ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ’ਤੇ ਅਮਰੀਕੀ ਫ਼ੌਜ ਵੱਲੋਂ ਵੈਨੇਜ਼ੁਏਲਾ ੳੁੱਪਰ ਹਮਲਾ ਕਰਕੇ ਹਿਰਾਸਤ ਵਿੱਚ ਲਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਮੈਨਹਟਨ ਦੀ ਇੱਕ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸ ਨੇ ਦੋਸ਼ੀ ਵਜੋਂ ਦਰਖਾਸਤ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ। ਉਨਾਂ ਸੰਘੀ ਅਦਾਲਤ ਦੇ ਜੱਜ ਨੂੰ ਕਿਹਾ ਕਿ ਉਹ ਦੋਸ਼ੀ ਨਹੀਂ ਹੈ ਤੇ ਉਹ ਅਜੇ ਵੀ ਆਪਣੇ ਦੇਸ਼ ਦਾ ਰਾਸ਼ਟਰਪਤੀ ਹੈ। ਮਾਦੁਰੋ ਜਿਸ ਨੇ ਇੱਕ ਕੈਦੀ ਵਾਲੀ ਵਰਦੀ ਪਾਈ ਹੋਈ ਸੀ, ਨੂੰ ਯੂ ਐਸ ਡਿਸਟ੍ਰਿਕਟ ਜੱਜ ਐਲਵਿਨ ਹੈਲਰਸਟੀਨ ਅੱਗੇ ਪੇਸ਼ ਕੀਤਾ ਗਿਆ। ਮਾਦੁਰੋ ਨੇ ਦੁਭਾਈਸ਼ੇ ਰਾਹੀਂ ਆਪਣੇ ਬਿਆਨ ਵਿੱਚ ਕਿਹਾ ਕਿ ਮੈ ਨਿਰਦੋਸ਼ ਹਾਂ, ਮੈ ਦੋਸ਼ੀ ਨਹੀਂ ਹਾਂ, ਮੈ ਇੱਕ ਜਿੰਮੇਵਾਰ ਵਿਅਕਤੀ ਹਾਂ ਤੇ ਅਜੇ ਵੀ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਹਾਂ। ਮਾਦੁਰੋ ਦੀ ਪਤਨੀ ਸਿਲੀਆ ਫਲੋਰਸ ਨੇ ਵੀ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਦੋਸ਼ੀ ਵਜੋਂ ਅਪੀਲ ਦਾਇਰ ਨਹੀਂ ਕੀਤੀ। ਜੱਜ ਨੇ ਅਗਲੀ ਸੁਣਵਾਈ 17 ਮਾਰਚ ’ਤੇ ਪਾਉਂਦਿਆਂ ਮਾਦੁਰੋ ਨੂੰ ਹਿਰਾਸਤ ਵਿੱਚ ਰੱਖਣ ਦਾ ਆਦੇਸ਼ ਦਿੱਤਾ। ਮਾਦੁਰੋ ਨੂੰ ਬਰੁੱਕਲਿਨ ਦੀ ਸੰਘੀ ਜੇਲ ਵਿੱਚੋਂ ਸੰਘੀ ਅਦਾਲਤ ਵਿੱਚ ਪੇਸ਼ ਕਰਨ ਲਈ ਮੈਨਹਟਨ ਲਿਆਂਦਾ ਗਿਆ। ਇਸ ਮੌਕੇੇ ਮਾਦੁਰੋ ਦੇ
ਸਮਰਥਕ ਤੇ ਵਿਰੋਧੀ ਵੀ ਮੌਜੂਦ ਸਨ ਜਿਨਾਂ ਨੇ ਝੰਡੇ ਲਹਿਰਾ ਕੇ ਆਪਣੇ-ਆਪਣੇ ਢੰਗ ਨਾਲ ਪ੍ਰਦਰਸ਼ਨ ਕੀਤਾ। ਮੁਦਾਰੋ ਤੇ ਫਲੋਰਸ ਵਿਰੁੱਧ ਡਰੱਗ ਦਹਿਸ਼ਤਵਾਦ ਨਾਲ ਸਬੰਧਿਤ ਦੋਸ਼ ਲਾਏ ਗਏ ਹਨ।
![]()
