ਸਤਨਾਮ ਮਾਣਕ ਸੀਨੀਅਰ ਪੱਤਰਕਾਰ :
ਪਿਛਲੇ ਦਿਨਾਂ ਵਿਚ ਸਿੱਖ ਪੰਥ ਦੇ ਰਾਜਨੀਤਕ ਤੇ ਧਾਰਮਿਕ ਸੰਗਠਨਾਂ ਦੇ ਇਰਦ-ਗਿਰਦ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਦਾ ਨੋਟਿਸ ਲੈਣਾ ਬਣਦਾ ਹੈ।
1. ਪ੍ਰਗਟ ਕੀਤੇ ਜਾ ਰਹੇ ਸ਼ੰਕਿਆਂ ਦੇ ਉਲਟ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਾਕਾ ਨੀਲਾ ਤਾਰਾ ਦੀ 41ਵੀਂ ਵਰ੍ਹੇਗੰਢ 'ਤੇ ਹੋਇਆ ਸ਼ਰਧਾਂਜਲੀ ਸਮਾਗਮ ਪੁਰਅਮਨ ਰਿਹਾ। ਇਸ ਸਮਾਗਮ ਦੇ ਪੁਰਅਮਨ ਰਹਿਣ 'ਤੇ ਦੇਸ਼-ਵਿਦੇਸ਼ ਵਿਚ ਬੈਠੀਆਂ ਸਿੱਖ ਸੰਗਤਾਂ ਅਤੇ ਸਮੁੱਚੇ ਤੌਰ 'ਤੇ ਪੰਜਾਬੀਆਂ ਵਲੋਂ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦਾ ਇਸ ਸੰਬੰਧ ਵਿਚ ਵਿਸ਼ੇਸ਼ ਰੋਲ ਰਿਹਾ ਪਰ ਇਸ ਦੇ ਬਾਵਜੂਦ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸੰਬੰਧੀ ਵਿਵਾਦ ਅਜੇ ਹੱਲ ਨਹੀਂ ਹੋਇਆ।
8 ਜੂਨ ਨੂੰ ਸੰਗਰੂਰ ਵਿਖੇ ਬਜ਼ੁਰਗ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਸੰਬੰਧੀ ਸ਼ਰਧਾਂਜਲੀ ਸਮਾਗਮ ਵਿਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਪਹੁੰਚੇ ਅਤੇ ਇਸ ਤੋਂ ਇਲਾਵਾ ਨੋਟ ਕਰਨ ਵਾਲੀ ਗੱਲ ਇਹ ਵੀ ਸੀ ਕਿ ਇਸ ਵਿਚ ਅਕਾਲੀ ਦਲ ਦੇ ਵੀ ਲਗਭਗ ਸਾਰੇ ਧੜਿਆਂ ਦੇ ਆਗੂ ਹਾਜ਼ਰ ਸਨ। ਇਸ ਸਮਾਗਮ ਦੀ ਖ਼ਾਸੀਅਤ ਇਹ ਰਹੀ ਕਿ ਇਸ ਵਿਚ ਅਕਾਲੀ ਦਲ ਦੀ ਏਕਤਾ ਦੀ ਗੱਲ ਬੜੇ ਜ਼ੋਰ-ਸ਼ੋਰ ਨਾਲ ਉੱਭਰੀ। ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਇਹ ਚਾਹੁੰਦੇ ਸਨ ਕਿ ਅਕਾਲੀ ਦਲ ਵਿਚ ਮੁੜ ਤੋਂ ਏਕਤਾ ਹੋਵੇ। ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਅਕਾਲੀ ਏਕਤਾ ਦੀ ਸਭ ਤੋਂ ਵੱਧ ਜ਼ੋਰਦਾਰ ਵਕਾਲਤ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਹਿਤਾਂ ਲਈ ਜ਼ਰੂਰੀ ਹੈ ਕਿ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿਚ ਏਕਤਾ ਹੋਵੇ। ਭਾਵੇਂ ਕਿ 10 ਜੂਨ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੱਤਾ ਦੇ 11 ਸਾਲ ਪੂਰੇ ਹੋਣ ਦੇ ਅਵਸਰ 'ਤੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਇਹ ਵੀ ਕਹਿ ਦਿੱਤਾ ਕਿ ਉਹ ਪੰਜਾਬ ਵਿਚ ਸਾਰੀਆਂ 117 ਸੀਟਾਂ 'ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ। ਅਕਾਲੀ ਦਲ ਨਾਲ ਸੰਬੰਧਾਂ ਦੇ ਬਾਰੇ ਵਿਚ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਪੱਲੇ ਕੀ ਹੈ? ਉਨ੍ਹਾਂ ਨੂੰ ਪਹਿਲਾਂ ਆਪ ਆਪਣੇ ਪੈਰਾਂ 'ਤੇ ਖੜ੍ਹਨਾ ਚਾਹੀਦਾ ਹੈ।
ਇਸੇ ਸਮੇਂ ਦੌਰਾਨ ਸਿੱਖ ਪੰਥ ਦੇ ਧਾਰਮਿਕ ਮਾਮਲਿਆਂ ਦੇ ਸੰਦਰਭ ਵਿਚ ਦਮਦਮੀ ਟਕਸਾਲ ਅਤੇ ਉਸ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦੀ ਸਰਗਰਮੀ ਵੀ ਕਾਫੀ ਵਧੀ ਹੋਈ ਨਜ਼ਰ ਆਈ ਹੈ। ਉਨ੍ਹਾਂ ਨੇ ਅਕਾਲੀ ਦਲ ਬਾਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਲਗਾਤਾਰ ਇਹ ਦਬਾਅ ਬਣਾ ਕੇ ਰੱਖਿਆ ਹੋਇਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਪਹਿਲੇ ਜਥੇਦਾਰਾਂ ਦੀ ਮੁੜ ਬਹਾਲੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੋਈ ਹੋਰ ਸਰਬ-ਪ੍ਰਵਾਨਤ ਜਥੇਦਾਰ ਲਗਾਉਣ ਬਾਰੇ ਛੇਤੀ ਫ਼ੈਸਲਾ ਲਿਆ ਜਾਵੇ। ਉਨ੍ਹਾਂ ਨੇ ਇਸ ਸੰਬੰਧੀ ਪਿੰਡ ਬਾਦਲ ਵਿਚ ਸੁਖਬੀਰ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਹੋਇਆ ਸੀ, ਜਿਸ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਮੁੜ ਚੌਕ ਮਹਿਤਾ ਜਾ ਕੇ ਇਸ ਮੁੱਦੇ 'ਤੇ ਉਨ੍ਹਾਂ ਨੂੰ ਭਰੋਸਾ ਦੇਣਾ ਪਿਆ ਕਿ ਛੇਤੀ ਹੀ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਇਸ ਤੋਂ ਬਾਅਦ ਹੀ ਹਰਨਾਮ ਸਿੰਘ ਖ਼ਾਲਸਾ ਬਾਦਲ ਪਿੰਡ ਦਾ ਧਰਨਾ ਮੁਲਤਵੀ ਕਰਨ ਲਈ ਸਹਿਮਤ ਹੋਏ।
ਅਕਾਲੀ ਦਲ ਦਾ ਬਾਗੀ ਧੜਾ ਜੋ ਕਿ ਅਕਾਲ ਤਖ਼ਤ ਵਲੋਂ ਬਣਾਈ ਗਈ 5 ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਵਿਚ ਆਪਣੀ ਨਵੀਂ ਭਰਤੀ ਲਈ ਮੁਹਿੰਮ ਚਲਾ ਰਿਹਾ ਹੈ। ਉਸ ਨੇ ਸੁਖਦੇਵ ਸਿੰਘ ਢੀਂਡਸਾ ਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਇਹ ਗੱਲ ਫਿਰ ਦੁਹਰਾਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਭਗੌੜੀ ਹੋਈ ਧਿਰ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਜੇਕਰ ਉਨ੍ਹਾਂ ਵਲੋਂ ਕੀਤੀ ਗਈ ਭਰਤੀ ਵਿਚ ਸ਼ਾਮਿਲ ਹੁੰਦੀ ਹੈ ਤਾਂ ਹੀ ਅਕਾਲੀ ਦਲ ਵਿਚ ਏਕਤਾ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਛੇਤੀ ਹੀ ਭਰਤੀ ਮੁਕੰਮਲ ਕਰ ਕੇ ਨਵੇਂ ਸਿਰੇ ਤੋਂ ਅਕਾਲੀ ਦਲ ਦਾ ਪੁਨਰਗਠਨ ਕੀਤਾ ਜਾਏਗਾ।
ਪਿਛਲੇ ਕੁਝ ਦਿਨਾਂ ਵਿਚ ਵਾਪਰੇ ਇਨ੍ਹਾਂ ਸਾਰੇ ਘਟਨਾਕ੍ਰਮਾਂ ਦਾ ਵੇਰਵਾ ਇੱਥੇ ਇਸ ਲਈ ਦਿੱਤਾ ਗਿਆ ਹੈ ਕਿ ਪਾਠਕ ਜਾਣ ਸਕਣ ਕਿ ਸਿੱਖ ਪੰਥ ਦੇ ਪ੍ਰਮੁੱਖ ਧਾਰਮਿਕ ਅਤੇ ਰਾਜਨੀਤਕ ਸੰਗਠਨਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸੰਕਟ ਅਜੇ ਵੀ ਬਰਕਰਾਰ ਹੈ। ਭਾਵੇਂ ਪੰਜਾਬ ਦੇ ਪੰਥਕ ਹਲਕੇ, ਪੰਥ ਦੇ ਧਾਰਮਿਕ ਅਤੇ ਰਾਜਨੀਤਕ ਸੰਗਠਨਾਂ ਵਿਚ ਏਕਤਾ ਚਾਹੁੰਦੇ ਹਨ, ਤਾਂ ਜੋ ਉਹ ਆਪਣੇ ਆਪਣੇ ਖੇਤਰਾਂ ਵਿਚ ਵਿਚਰਦੇ ਹੋਏ ਪੰਥ ਤੇ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਕੰਮ ਕਰ ਸਕਣ ਪਰ ਅਜਿਹਾ ਹੁੰਦਾ ਅਜੇ ਨਜ਼ਰ ਨਹੀਂ ਆ ਰਿਹਾ।
ਸਿੱਖ ਪੰਥ ਦੇ ਧਾਰਮਿਕ ਅਤੇ ਰਾਜਨੀਤਕ ਸੰਗਠਨਾਂ ਵਿਚ ਮਚੀ ਹੋਈ ਆਪੋ-ਧਾਪੀ ਅਤੇ ਖ਼ਾਸ ਕਰਕੇ ਵੱਖ-ਵੱਖ ਸੰਬੰਧਿਤ ਧਿਰਾਂ ਵਲੋਂ ਇਨ੍ਹਾਂ ਨੂੰ ਆਪਣੇ ਹਿਤਾਂ ਮੁਤਾਬਿਕ ਵਰਤਣ ਲਈ ਜੋ ਪਿਛਲੇ ਲੰਮੇ ਸਮੇਂ ਤੋਂ ਹੋੜ ਲੱਗੀ ਹੋਈ ਹੈ, ਉਸ ਦਾ ਹੀ ਇਹ ਸਿੱਟਾ ਨਿਕਲਿਆ ਹੈ ਕਿ ਪੰਥਕ ਸੰਗਠਨਾਂ ਦਾ ਲੋਕਾਂ ਵਿਚ ਪ੍ਰਭਾਵ ਘਟਿਆ ਹੈ। ਉਨ੍ਹਾਂ ਦੀ ਵਿਸ਼ਵਾਸਯੋਗਤਾ ਘਟੀ ਹੈ। ਇਸੇ ਕਾਰਨ ਜਦੋਂ ਕੇਂਦਰ ਵਿਚ ਸੱਤਾਧਾਰੀ ਪਾਰਟੀ ਭਾਜਪਾ ਜਾਂ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਜਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੇ ਸਿਆਸੀ ਹਿਤਾਂ ਨੂੰ ਮੁੱਖ ਰੱਖਦਿਆਂ ਸਿੱਖ ਪੰਥ ਦੀ ਰਾਜਨੀਤਕ ਅਤੇ ਧਾਰਮਿਕ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਪੰਥਕ ਸਫ਼ਾਂ ਅਤੇ ਇਥੋਂ ਤੱਕ ਕਿ ਪੰਜਾਬ ਦੇ ਆਮ ਲੋਕਾਂ ਵਿਚ ਵੀ ਉਸ ਤਰ੍ਹਾਂ ਦਾ ਪ੍ਰਤੀਕਰਮ ਦੇਖਣ ਨੂੰ ਨਹੀਂ ਮਿਲਦਾ, ਜਿਸ ਤਰ੍ਹਾਂ ਦਾ ਕੁਝ ਦਹਾਕੇ ਪਹਿਲਾਂ ਦੇਖਣ ਨੂੰ ਮਿਲਦਾ ਸੀ। ਕਿਸੇ ਸਮੇਂ ਪੰਜਾਬ ਵਿਚ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਵਿਚ ਕ੍ਰਮਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਰੁਤਬੇ ਵੱਡੇ ਮੰਨੇ ਜਾਂਦੇ ਸਨ। ਸਾਰੇ ਦੇਸ਼ ਵਿਚ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਮਿਲਦਾ ਸੀ ਅਤੇ ਮੀਡੀਆ ਵਿਚ ਵੀ ਉਨ੍ਹਾਂ ਦੀ ਗੱਲ ਨੂੰ ਕਾਫੀ ਮਹੱਤਵ ਦਿੱਤਾ ਜਾਂਦਾ ਸੀ। ਪੰਥਕ ਸੰਗਠਨਾਂ ਅਤੇ ਪੰਥਕ ਆਗੂਆਂ ਦੇ ਰੁਤਬੇ ਤੇ ਅਕਸ ਨੂੰ ਵੱਡਾ ਖੋਰਾ ਕਿਉਂ ਲੱਗਾ ਹੈ ਅਤੇ ਇਨ੍ਹਾਂ ਦਾ ਮਾਣ-ਸਨਮਾਨ ਮੁੜ ਤੋਂ ਕਿਵੇਂ ਬਹਾਲ ਕੀਤਾ ਜਾ ਸਕਦਾ ਹੈ, ਇਸ ਸਮੇਂ ਰਾਜਨੀਤਕ ਅਤੇ ਧਾਰਮਿਕ ਦੋਹਾਂ ਖੇਤਰਾਂ ਵਿਚ ਸਿੱਖ ਪੰਥ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ।
ਇਸ ਸੰਬੰਧ ਵਿਚ ਸਾਡੀ ਇਹ ਸਪੱਸ਼ਟ ਰਾਇ ਹੈ ਕਿ ਸਿੱਖ ਪੰਥ ਦੇ ਵੱਖ-ਵੱਖ ਧੜਿਆਂ ਵਿਚ ਵਿਚਰਨ ਵਾਲੇ ਸੀਨੀਅਰ ਆਗੂਆਂ ਨੂੰ ਖੁੱਲ੍ਹੇ ਮਨ ਨਾਲ ਆਪਣੀ ਪੜਚੋਲ ਕਰਨੀ ਚਾਹੀਦੀ ਹੈ ਅਤੇ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਆਪਣੇ ਅਮਲਾਂ ਵਿਚ ਸੁਧਾਰ ਲਿਆਉਣਾ ਚਾਹੀਦਾ ਹੈ। ਭਾਵੇਂ 2 ਦਸੰਬਰ, 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰਮੁੱਖ ਅਕਾਲੀ ਆਗੂਆਂ ਨੇ ਪਿਛਲੀਆਂ ਗ਼ਲਤੀਆਂ ਨੂੰ ਸਵੀਕਾਰ ਕਰਦਿਆਂ ਲਗਾਈਆਂ ਗਈਆਂ ਧਾਰਮਿਕ ਸਜ਼ਾਵਾਂ (ਜਿਨ੍ਹਾਂ ਨੂੰ ਧਾਰਮਿਕ ਸ਼ਬਦਾਵਲੀ ਵਿਚ 'ਤਨਖਾਹਾਂ' ਵੀ ਕਿਹਾ ਜਾਂਦਾ ਹੈ) ਵੀ ਭੁਗਤੀਆਂ ਸਨ। ਪਰ ਇਸ ਤੋਂ ਬਾਅਦ ਵੀ ਬਹੁਤੇ ਪੰਥਕ ਆਗੂਆਂ ਦੀ ਕਹਿਣੀ ਤੇ ਕਥਨੀ ਵਿਚ ਬਹੁਤਾ ਵੱਡਾ ਫ਼ਰਕ ਨਹੀਂ ਦੇਖਿਆ ਗਿਆ। ਜਦੋਂ ਤੱਕ ਵੱਡੇ ਪੰਥਕ ਆਗੂ ਆਪਣੇ ਨਿੱਜੀ ਹਿਤਾਂ ਨੂੰ ਪਾਸੇ ਰੱਖ ਕੇ ਪੰਥ ਅਤੇ ਪੰਜਾਬ ਦੇ ਹਿਤਾਂ ਨੂੰ ਮੁੜ ਤੋਂ ਸਮਰਪਿਤ ਨਹੀਂ ਹੁੰਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਸ਼ੈਲੀ ਨੂੰ ਜਮਹੂਰੀ ਅਤੇ ਪਾਰਦਰਸ਼ੀ ਨਹੀਂ ਬਣਾਉਂਦੇ, ਉਦੋਂ ਤੱਕ ਨਾ ਹੀ ਪੰਥਕ ਏਕਤਾ ਸੰਭਵ ਹੈ ਅਤੇ ਨਾ ਹੀ ਪੰਜਾਬ ਦੇ ਲੋਕਾਂ ਦਾ ਉਨ੍ਹਾਂ ਨੂੰ ਮੁੜ ਤੋਂ ਵਿਸ਼ਵਾਸ ਪ੍ਰਾਪਤ ਹੋ ਸਕਦਾ ਹੈ।
ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਬੰਧ ਹੈ, ਇਸ ਨੂੰ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿਚ ਵੱਡੀ ਤਬਦੀਲੀ ਲਿਆਉਣ ਦੀ ਲੋੜ ਹੈ। ਇਸ ਦਾ ਕੰਮ ਸਿਰਫ਼ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਜਾਂ ਵਿੱਦਿਅਕ ਅਦਾਰੇ ਚਲਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਅਜੋਕੇ ਸਮੇਂ ਵਿਚ ਇਸ ਨੂੰ ਸਿੱਖ ਸਮਾਜ ਵਿਚ ਵਧ ਰਹੀਆਂ ਕੁਰੀਤੀਆਂ, ਜਿਨ੍ਹਾਂ ਵਿਚ ਧਰਮ ਪਰਿਵਰਤਨ, ਨਸ਼ਿਆਂ ਦਾ ਵਧ ਰਿਹਾ ਰੁਝਾਨ, ਵਿਆਹ-ਸ਼ਾਦੀਆਂ 'ਤੇ ਹੁੰਦੀ ਫਜ਼ੂਲ ਖ਼ਰਚੀ ਅਤੇ ਸਿੱਖੀ ਜੀਵਨ ਜਾਂਚ ਤੋਂ ਨਵੀਂ ਪੀੜ੍ਹੀ ਦੀ ਵਧ ਰਹੀ ਦੂਰੀ ਆਦਿ ਸ਼ਾਮਿਲ ਹਨ, ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਿਸ਼ੇਸ਼ ਇਜਲਾਸ ਬੁਲਾ ਕੇ ਸਿੱਖ ਪੰਥ ਨੂੰ ਦਰਪੇਸ਼ ਇਨ੍ਹਾਂ ਸਾਰੀਆਂ ਚੁਣੌਤੀਆਂ 'ਤੇ ਵਿਸਥਾਰ ਵਿਚ ਚਰਚਾ ਕਰਨੀ ਚਾਹੀਦੀ ਹੈ ਅਤੇ ਸਿੱਖ ਬੁੱਧੀਜੀਵੀਆਂ ਨਾਲ ਵੀ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਉਪਰੰਤ ਪ੍ਰੋਗਰਾਮ ਬਣਾ ਕੇ ਉਕਤ ਬੁਰਾਈਆਂ ਸੰਬੰਧੀ ਜਾਗ੍ਰਿਤੀ ਪੈਦਾ ਕਰਨ ਲਈ ਵੱਡੀ ਪੱਧਰ 'ਤੇ ਪ੍ਰਚਾਰ ਮੁਹਿੰਮ ਆਰੰਭਣੀ ਚਾਹੀਦੀ ਹੈ। ਪਿਛਲੇ ਦਿਨੀਂ ਇਹ ਖ਼ਬਰ ਆਈ ਸੀ ਕਿ ਉੱਤਰ ਪ੍ਰਦੇਸ਼ ਦੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲਗਭਗ 3 ਹਜ਼ਾਰ ਸਿੱਖਾਂ ਨੇ ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ ਵਿਚ ਸ਼ਿਰਕਤ ਕਰ ਲਈ ਹੈ। ਇਹ ਰੁਝਾਨ ਸਿਰਫ਼ ਉੱਤਰ ਪ੍ਰਦੇਸ਼ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪੰਜਾਬ ਤੋਂ ਵੀ ਇਹ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਇਕ ਖ਼ਾਸ ਧਰਮ ਨਾਲ ਸੰਬੰਧਿਤ ਧਾਰਮਿਕ ਆਗੂਆਂ ਵਲੋਂ ਗਰੀਬ ਸਿੱਖ ਪਰਿਵਾਰਾਂ ਨੂੰ ਲੋਭ-ਲਾਲਚ ਦੇ ਕੇ ਜਾਂ ਅੰਧਵਿਸ਼ਵਾਸ ਵਿਚ ਫਸਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸਦਾ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ ਅਤੇ ਗ਼ਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਵੀ ਕੋਈ ਪ੍ਰਭਾਵੀ ਯੋਜਨਾਬੰਦੀ ਕਰਨੀ ਚਾਹੀਦੀ ਹੈ। ਉਨ੍ਹਾਂ ਵਿਚ ਸਿੱਖੀ ਦਾ ਪ੍ਰਚਾਰ-ਪ੍ਰਸਾਰ ਵੀ ਕੀਤਾ ਜਾਣਾ ਚਾਹੀਦਾ ਹੈ। ਸਿੱਖ ਪੰਥ ਦੇ ਕੀਰਤਨੀ ਜਥਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਨੂੰ ਵਿਸ਼ੇਸ਼ ਤੌਰ 'ਤੇ ਦਿਹਾਤੀ ਖੇਤਰਾਂ 'ਤੇ ਖ਼ਾਸ ਕਰਕੇ ਗ਼ਰੀਬ ਪਰਿਵਾਰਾਂ ਤੱਕ ਪਹੁੰਚ ਕਰਨ ਲਈ ਧਿਆਨ ਦੇਣਾ ਚਾਹੀਦਾ ਹੈ। ਇਹ ਵੀ ਬੇਹੱਦ ਜ਼ਰੂਰੀ ਹੈ ਕਿ ਵੱਖ-ਵੱਖ ਤਖ਼ਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ, ਕਾਰਜ ਖੇਤਰ ਅਤੇ ਉਨ੍ਹਾਂ ਨੂੰ ਸੇਵਾਮੁਕਤ ਕਰਨ ਸੰਬੰਧੀ ਹੁਣ ਵਿਧੀ-ਵਿਧਾਨ ਜ਼ਰੂਰ ਬਣਾਇਆ ਜਾਵੇ। ਇਸ ਸੰਬੰਧੀ ਭਵਿੱਖ ਵਿਚ ਕਾਹਲੀ ਨਾਲ ਕੋਈ ਫ਼ੈਸਲੇ ਨਾ ਲਏ ਜਾਣ, ਜੋ ਪੰਥ ਵਿਚ ਹੋਰ ਵੀ ਵਿਵਾਦ ਪੈਦਾ ਕਰਨ ਵਾਲੇ ਹੋਣ।
ਸਮੁੱਚੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਸਿੱਖ ਪੰਥ ਦੀ ਰਾਜਨੀਤਕ ਅਤੇ ਧਾਰਮਿਕ ਲੀਡਰਸ਼ਿਪ ਮੁੜ ਤੋਂ ਆਪਣੇ ਆਪ ਨੂੰ ਸੱਚੇ ਦਿਲੋਂ ਸਿੱਖ ਸਿਧਾਂਤਾਂ ਨੂੰ ਸਮਰਪਿਤ ਹੁੰਦੀ ਹੈ ਅਤੇ ਪੂਰੀ ਸ਼ਿੱਦਤ ਨਾਲ ਆਪਣੇ ਖ਼ੁਦ ਦੇ ਅਮਲਾਂ ਨੂੰ ਉਨ੍ਹਾਂ ਮੁਤਾਬਿਕ ਢਾਲਦੀ ਹੈ ਤਾਂ ਹੀ ਉਹ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿਚ ਅਤੇ ਪੰਥ ਦੇ ਧਾਰਮਿਕ ਖੇਤਰ ਵਿਚ ਆਪਣਾ ਬਣਦਾ ਰੋਲ ਅਦਾ ਕਰਨ ਦੇ ਸਮਰੱਥ ਹੋ ਸਕੇਗੀ।
![]()
