
ਅਭੈ ਕੁਮਾਰ ਦੂਬੇ
ਪ੍ਰਧਾਨ ਮੰਤਰੀ ਮੋਦੀ ਵੱਲੋਂ ਚੀਨ ਤੋਂ ਭਾਰਤ ਆਉਂਦੇ ਹੀ ਇੱਕ ਆਨਲਾਈਨ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਮਾਂ ਨੂੰ ਦਿੱਤੀ ਗਈ ਗਾਲ ਨੂੰ ਚੋਣ ਮੁੱਦਾ ਬਣਾਉਣ ਨਾਲ ਕੁਝ ਪ੍ਰਸ਼ਨ ਪੈਦਾ ਹੋਏ ਹਨ, ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। ਪਹਿਲਾ ਸਵਾਲ ਤਾਂ ਇਹ ਪੁੱਛਿਆ ਜਾ ਸਕਦਾ ਹੈ ਕਿ, ਕੀ ਪ੍ਰਧਾਨ ਮੰਤਰੀ ਦੀ ਮਾਂ ਨੂੰ ਕਿਸੇ ਅਨਜਾਣ ਪਿਕਅੱਪ ਡਰਾਈਵਰ ਦੁਆਰਾ ਦਿੱਤੀ ਗਈ ਗਾਲ ਦਾ ਬਦਲਾ ਪੂਰੇ ਬਿਹਾਰ ਤੋਂ ਲੈਣਾ ਚਾਹੀਦਾ ਹੈ, ਕੀ ਇਸ ਗਾਲ ਨਾਲ ਸਿਰਫ਼ ਬਿਹਾਰ ਦਾ ਹੀ ਹਿਰਦਾ ਛਲਣੀ ਹੋਇਆ ਹੈ? ਤਾਂ ਕੀ ਗੁਜਰਾਤ ਸਮੇਤ ਪੂਰੇ ਦੇਸ਼ ਨੂੰ ਇਹ ਬਦਲਾ ਕਿਉਂ ਨਹੀਂ ਲੈਣਾ ਚਾਹੀਦਾ? ਇਹ ਸੋਚ ਕੇ ਅਜੀਬ ਨਹੀਂ ਲਗਦਾ ਕਿ ਆਪਣੀ ਮਾਂ ਦੇ ਸਨਮਾਨ ਦੀ ਰੱਖਿਆ ਲਈ ਪ੍ਰਧਾਨ ਮੰਤਰੀ ਨੇ ਸਿਰਫ਼ ਉਸੇ ਸੂਬੇ ਨੂੰ ਕਿਉਂ ਚੁਣਿਆ ਜਿੱਥੇ ਵੋਟਾਂ ਪੈਣ ਵਾਲੀਆਂ ਹਨ। ਮਾਂ ਨੂੰ ਕੱਢੀ ਗਾਲ ਦਾ ਚੋਣਾਂ ਨਾਲ ਕੀ ਸੰਬੰਧ ਹੈ? ਦੂਜਾ ਸਵਾਲ ਇਹ ਹੈ ਕਿ ਮੋਦੀ ਜੀ ਤੇ ਉਨ੍ਹਾਂ ਦੇ ਐਨ.ਡੀ.ਏ. ਭਾਈਵਾਲਾਂ ਨੇ ਸਿਰਫ਼ 5 ਘੰਟਿਆਂ ਦਾ ਸੰਕੇਤਕ ਬੰਦ ਹੀ ਕਿਉਂ ਕਰਵਾਇਆ? ਗੁਜਰਾਤ ਵਿੱਚ ਤਾਂ 5 ਘੰਟਿਆਂ ਦਾ ਸੰਕੇਤਕ ਬੰਦ ਵੀ ਨਹੀਂ ਹੋਇਆ, ਉਸ ਗੁਜਰਾਤ ’ਚ ਜਿੱਥੋਂ ਦੇ ਮੋਦੀ ਜੀ ਖ਼ੁਦ ਹਨ ਅਤੇ ਉਨ੍ਹਾਂ ਦੇ ਮਾਤਾ ਜੀ ਵੀ ਉੱਥੋਂ ਦੀ ਹੀ ਸੀ। ਅਜਿਹਾ ਕਿਉਂ ਹੈ ਕਿ ਮੋਦੀ ਜੀ ਸਿਰਫ਼ ਬਿਹਾਰ ਦੇ ਲੋਕਾਂ ਨੂੰ ਹੀ ਆਪਣਾ ਗੁੱਸਾ ਦਿਖਾਉਣ ਦੀ ਅਪੀਲ ਕਰਦੇ ਹੋਏ ਦਿਖਾਈ ਦਿੱਤੇ? ਕੀ ਪੂਰਾ ਦੇਸ਼ ਉਨ੍ਹਾਂ ਦੀ ਮਾਂ ਦੀ ਇੱਜ਼ਤ ਨਹੀਂ ਕਰਦਾ, ਕੀ ਪੂਰੇ ਦੇਸ਼ ਨੂੰ ਪ੍ਰਧਾਨ ਮੰਤਰੀ ਦੀ ਮਾਂ ਦੇ ਘੋਰ ਅਪਮਾਨ ਖ਼ਿਲਾਫ਼ ਨਾਰਾਜ਼ਗੀ ਪ੍ਰਗਟ ਨਹੀਂ ਕਰਨੀ ਚਾਹੀਦੀ ਸੀ? ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਪ੍ਰਧਾਨ ਮੰਤਰੀ ਇਸ ਗਾਲ ਕਾਂਡ ਨੂੰ ਕਿਸੇ ਨਾ ਕਿਸੇ ਤਰ੍ਹਾਂ ਵੋਟਾਂ ਵਿੱਚ ਬਦਲਣਾ ਚਾਹੁੰਦੇ ਹਨ? ਵੈਸੇ ਵੀ ਉਨ੍ਹਾਂ ਲਈ ਬਿਹਾਰ ਚੋਣਾਂ ਜਿੱਤਣੀਆਂ ਜ਼ਰੂਰੀ ਹਨ, ਕਿਉਂਕਿ ਜੇ ਉਹ ਬਿਹਾਰ ਹਾਰ ਗਏ ਤਾਂ ਪਹਿਲਾਂ ਤੋਂ ਕਮਜ਼ੋਰ ਹੁੰਦੀ ਜਾ ਰਹੀ ਉਨ੍ਹਾਂ ਦੀ ਸੱਤਾ ਦਾ ਢਾਂਚਾ ਬੁਰੀ ਤਰ੍ਹਾਂ ਖਿੰਡਰ ਜਾਵੇਗਾ।
ਜਿਸ ਸਮੇਂ ਮੈਂ ਇਨ੍ਹਾਂ ਪ੍ਰਸ਼ਨਾਂ ਬਾਰੇ ਸੋਚ ਰਿਹਾ ਸੀ ਤਾਂ ਉਸੇ ਸਮੇਂ ਮੇਰੇ ਸਾਹਮਣੇ ਅਚਾਨਕ ਸੋਸ਼ਲ ਮੀਡੀਆ ’ਤੇ ਮੌਜੂਦ ਸੋਨੀਆ ਗਾਂਧੀ ਦਾ ਇੱਕ ਬਿਆਨ ਆ ਗਿਆ, ਜਿਸ ’ਚ ਸੋਨੀਆ ਜੀ ਨੂੰ ਇਹ ਆਖਦਿਆਂ ਪੜਿ੍ਹਆ ਜਾ ਸਕਦਾ ਹੈ ਕਿ ‘ਮੈਂ ਵੀ ਇੱਕ ਮਾਂ ਹਾਂ’। ਮੋਦੀ ਜੀ ਤੁਸੀਂ ਮੈਨੂੰ ਕਾਂਗਰਸ ਦੀ ‘ਵਿਧਵਾ’ ਕਹਿ ਕੇ ਮੇਰਾ ਅਪਮਾਨ ਕੀਤਾ ਸੀ। ਜਦੋਂ ਮੈਨੂੰ ‘ਜਰਸੀ ਗਾਂ’ ਕਿਹਾ ਸੀ, ਕੀ ਉਹ ਇੱਕ ਮਾਂ ਦਾ ਅਪਮਾਨ ਨਹੀਂ ਸੀ? ਭਾਜਪਾ ਆਈਟੀ ਸੈੱਲ ਵਾਲੇ ਲੋਕ ਮੇਰੇ ਬਾਰੇ ਅਪਮਾਨਜਨਕ ਮੁਹਿੰਮ ਚਲਾਉਂਦੇ ਹਨ, ਤੁਹਾਡੇ ਲੋਕ ਅੱਜ ਵੀ ਮੈਨੂੰ ‘ਵਿਦੇਸ਼ੀ’ ਕਹਿੰਦੇ ਹਨ। ਮੇਰੀ ਬਿਮਾਰੀ ਦਾ ਮਜ਼ਾਕ ਉਡਾਉਂਦਿਆਂ ਤੁਸੀਂ ਕਿਹਾ ਸੀ ਕਿ ਮੈਂ ਡਰ ਕੇ ਰਾਏਬਰੇਲੀ ਤੋਂ ਭੱਜ ਗਈ ਅਤੇ ਰਾਜਸਥਾਨ ਤੋਂ ਰਾਜ ਸਭਾ ਜਾ ਪੁੱਜੀ ਹਾਂ। ਜਦਕਿ ਹਕੀਕਤ ਇਹ ਹੈ ਕਿ ਮੈਂ ਬਿਮਾਰੀ ਦੀ ਵਜ੍ਹਾ ਕਰਕੇ ਚੋਣ ਪ੍ਰਚਾਰ ਨਹੀਂ ਕਰ ਸਕਦੀ ਸੀ, ਪਰ ਤੁਸੀਂ ਇਸ ਵਿੱਚ ਵੀ ਮੇਰਾ ਮਜ਼ਾਕ ਉਡਾਇਆ। ਮੈਂ ਆਪਣਾ ਦੇਸ਼ ਛੱਡ ਕੇ ਹਿੰਦੁਸਤਾਨ ਆਈ ਸੀ ਅਤੇ ਆਪਣੀ ਸੱਸ ਤੇ ਪਤੀ ਨੂੰ ਸ਼ਹੀਦ ਹੁੰਦਿਆਂ ਦੇਖਿਆ। ਮੈਂ ਵਾਪਸ ਜਾ ਸਕਦੀ ਸੀ, ਪਰ ਇਸ ਦੇਸ਼ ਦੀ ਮਿੱਟੀ ’ਚੋਂ ਅੱਜ ਵੀ ਮੈਨੂੰ ਆਪਣੀ ਪਤੀ ਦੀ ਖੁਸ਼ਬੂ ਆਉਂਦੀ ਹੈ ਅਤੇ ਮੈਂ ਇਸੇ ਧਰਤੀ ’ਤੇ ਆਪਣੇ ਆਖਰੀ ਸਾਹ ਲਵਾਂਗੀ। ਸੋਨੀਆ ਗਾਂਧੀ ਦਾ ਬਿਆਨ ਇੱਕ ਹੋਰ ਸਵਾਲ ਪੈਦਾ ਕਰਦਾ ਹੈ, ਕੀ ਉਸ ਨੇ ਕਦੇ ਆਪਣੇ ਖ਼ਿਲਾਫ਼ ਹੋਈ ਗਾਲੀਗਲੋਚ ਨੂੰ ਚੋਣ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ? ਅਸੀਂ ਸਭ ਜਾਣਦੇ ਹਾਂ ਕਿ ਨਾ ਕਦੇ ਰਾਹੁਲ ਗਾਂਧੀ ਅਤੇ ਨਾ ਹੀ ਉਸ ਦੀ ਮਾਂ ਨੇ ਇਨ੍ਹਾਂ ਗੱਲਾਂ ਨੂੰ ਲੈ ਕੇ ਕਦੇ ਵੋਟਾਂ ਮੰਗੀਆਂ ਹਨ।
ਪਰ ਮੋਦੀ ਜੀ ਮੰਗਦੇ ਹਨ। ਉਨ੍ਹਾਂ ਨੇ ਪਹਿਲਾਂ ਕਰਨਾਟਕ ਚੋਣਾਂ ਵਿੱਚ ਉਨ੍ਹਾਂ ਨੂੰ ਪਈਆਂ ਗਾਲਾਂ ਦੇ ਨਾਂਅ ’ਤੇ ਵੋਟਾਂ ਮੰਗੀਆਂ, ਪਰ ਸੂਬੇ ਦੇ ਲੋਕਾਂ ਨੇ ਇਸ ਨੂੰ ਠੁਕਰਾ ਦਿੱਤਾ। ਜਿਵੇਂ ਸੋਨੀਆ ਗਾਂਧੀ ਦਾ ਸਵਾਲ ਹੈ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਕਾਂਗਰਸ ਦੇ ਬੁਲਾਰੇ ਸੁਰਿੰਦਰ ਰਾਜਪੂਤ ਦਾ ਵੀ ਇੱਕ ਸਵਾਲ ਹੈ। ਸੁਰਿੰਦਰ ਰਾਜਪੂਤ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਉਨ੍ਹਾਂ ਦੀ ਮਰਹੂਮ ਮਾਤਾ ਨੂੰ ਗਾਲ ਕੱਢਣਾ ਕਰੋੜਾਂ ਮਾਵਾਂ ਦਾ ਅਪਮਾਨ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜਿਵੇਂ ਉਨ੍ਹਾਂ ਦੀ ਮਾਂ ਹੈ, ਉਸੇ ਤਰ੍ਹਾਂ ਮੇਰੀ ਵੀ ਮਾਂ ਹੈ ਜੋ ਮਰ ਚੁੱਕੀ ਹੈ। ਭਾਜਪਾ ਦੇ ਇੱਕ ਰਾਸ਼ਟਰੀ ਬੁਲਾਰੇ ਨੇ ਇੱਕ ਵੱਡੇ ਚੈਨਲ ’ਤੇ ਜਿਸ ਤਰ੍ਹਾਂ ਮੇਰੀ ਮਾਂ ਨੂੰ ਬੜੀ ਬੇਸ਼ਰਮੀ ਨਾਲ ਗੰਦੀਆਂ ਗਾਲਾਂ ਕੱਢੀਆਂ, ਕੀ ਤੁਸੀਂ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂ ਕੋਈ ਮੁਆਫੀ ਮੰਗੀ? ਰਾਜਪੂਤ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਪੁੱਛਿਆ ਕਿ ਮੈਂ ਤਾਂ ਤੁਹਾਨੂੰ ਪੱਤਰ ਵੀ ਲਿਖਿਆ ਸੀ, ਤੁਸੀਂ ਕੀ ਕਾਰਵਾਈ ਕੀਤੀ? ਕੀ ਤੁਸੀਂ ਕੋਈ ਐੱਫ.ਆਈ.ਆਰ. ਦਰਜ ਕਰਵਾਈ? ਭਾਜਪਾ ਨੇ ਮੇਰੀ ਮਾਂ ਨੂੰ ਗਾਲਾਂ ਕੱਢਣ ਵਾਲੇ ਆਪਣੇ ਰਾਸ਼ਟਰੀ ਬੁਲਾਰੇ ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾਇਆ? ਜੋ ਅੱਜ ਵੀ ਪਾਰਟੀ ਦਾ ਬੁਲਾਰਾ ਹੈ।
ਪ੍ਰਧਾਨ ਮੰਤਰੀ ਲਈ ਮੇਰੇ ਕੋਲ ਤੀਜਾ ਸਵਾਲ ਵੀ ਹੈ, ਇਹ ਸਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਵੀ ਪੁੱਛਿਆ ਜਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਦਿੱਲੀ ਵਿੱਚ ਭਾਜਪਾ ਸਰਕਾਰ ਦੀ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਦੇ ਕੇਜਰੀਵਾਲ ਦੀ ਮਾਂ ਬਾਰੇ ਕਿਹੜੇ ਲਹਿਜੇ ਤੇ ਸੰਦਰਭ ਵਿੱਚ ਗੱਲ ਕੀਤੀ ਸੀ। ਉਸ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬੜੇ ਤਿੱਖੇ ਸ਼ਬਦਾਂ ਵਿੱਚ ਕਿਹਾ ਸੀ-ਅਰਵਿੰਦ ਕੇਜਰੀਵਾਲ ਦਿੱਲੀ ਤੇਰੇ ਬਾਪ ਦੀ ਨਹੀਂ ਹੈ ਜੋ ਤੂੰ ਇੱਥੇ ਮੁੱਖ ਮੰਤਰੀ ਬਣ ਕੇ ਬਕਵਾਸ ਕਰ ਰਿਹਾ ਏ। ਦਿੱਲੀ ਦੀ ਜਨਤਾ ਤੈਨੂੰ ਤੇਰੀ ਮਾਂ ਦੀ ਕੁੱਖ ਵਿੱਚ ਵਾਪਸ ਭੇਜੇਗੀ, ਕਮੀਨਾ ਕਿਤੋਂ ਦਾ! ਰੇਖਾ ਗੁਪਤਾ ਤਾਂ ਆਪਣੇ ਬਿਆਨਾਂ ਨੂੰ ਵਾਪਸ ਵੀ ਨਹੀਂ ਲੈ ਸਕਦੀ, ਕਿਉਂਕਿ ਉਸ ਨੇ ਤਾਂ ਲਿਖਤੀ ਰੂਪ ’ਚ ਟਵੀਟ ਕਰਕੇ ਇਹ ਰਿਕਾਰਡ ਵਿਚ ਦਰਜ ਕਰਵਾ ਦਿੱਤੇ ਹਨ। ਦਰਅਸਲ ਰੇਖਾ ਗੁਪਤਾ ਨੂੰ ਆਪਣੇ ਬਿਆਨਾਂ ’ਤੇ ਅਫਸੋਸ ਕਰਨ ਦੀ ਬਜਾਏ ਮਾਣ ਹੈ, ਕਿਉਂਕਿ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਉਸ ਦੀ ਇਸ ਗਾਲੀ-ਗਲੋਚ ਵਾਲੀ ਪ੍ਰਤਿਭਾ ਕਾਰਨ ਹੀ ਮਿਲਿਆ ਹੈ। ਇਸ ਹਿੰਦੂ ਰਾਸ਼ਟਰਵਾਦੀ ਪਾਰਟੀ ਦਾ ਸਿਆਸੀ ਸਭਿਆਚਾਰ ਹੀ ਅਜਿਹਾ ਹੈ ਕਿ ਜੋ ਵਿਰੋਧੀਆਂ ਨੂੰ ਜਿੰਨੀਆਂ ਵਧੇਰੇ ਗਾਲਾਂ ਦਿੰਦਾ ਹੈ, ਉਸ ਦੀਆਂ ਭਾਜਪਾ ਵਿੱਚ ਅੱਗੇ ਵਧਣ ਦੀਆਂ ਸੰਭਾਵਨਾਵਾਂ ਉਨੀਆਂ ਹੀ ਵਧ ਜਾਂਦੀਆਂ ਹਨ। ਭਾਵੇਂ ਔਰਤਾਂ ਅਕਸਰ ਪੁਰਸ਼ਾਂ ਦੇ ਮੁਕਾਬਲੇ ਵਧੇਰੇ ਸੱਭਿਅਕ ਹੁੰਦੀਆਂ ਹਨ, ਪਰ ਭਾਜਪਾ ਵਿੱਚ ਰੇਖਾ ਗੁਪਤਾ ਜਿਹੀਆਂ ਮਹਿਲਾਵਾਂ ਨੂੰ ਦੂਜਿਆਂ ਦੀਆਂ ਮਾਵਾਂ ਦਾ ਅਪਮਾਨ ਕਰਨ ’ਤੇ ਤਰੱਕੀ ਮਿਲਦੀ ਹੈ। ਪ੍ਰਧਾਨ ਮੰਤਰੀ ਜੀ ਨੂੰ ਦੱਸਣਾ ਚਾਹੀਦਾ ਹੈ ਕਿ ਭਾਜਪਾ ਵਿੱਚ ਗਾਲਾਂ ਕੱਢਣ ਵਾਲਿਆਂ ਖਾਸ ਕਰਕੇ ‘ਮਾਂ ਦੀ ਗਾਲ ਕੱਢਣ’ ਵਾਲਿਆਂ ਨੂੰ ਤਰੱਕੀ ਕਿਉਂ ਮਿਲਦੀ ਹੈ!
ਭਾਜਪਾ ’ਚ ਉੱਚ ਅਹੁਦਿਆਂ ’ਤੇ ਬੈਠੇ ਲੋਕਾਂ ਦੀ ਇਹ ਖਾਸੀਅਤ ਹੈ ਕਿ ਉਹ ਆਪਣੀ ਗਾਲ ਕੱਢਣ ਦੀ ਸਮਰੱਥਾ ’ਤੇ ਜਨਤਕ ਰੂਪ ’ਚ ਮਾਣ ਮਹਿਸੂਸ ਕਰਦੇ ਹਨ। ਭਾਜਪਾ ਬਿਹਾਰ ਇਕਾਈ ਦੇ ਪ੍ਰਧਾਨ ਦਿਲੀਪ ਜਾਇਸਵਾਲ ਆਪਣੇ ਇੱਕ ਵੀਡੀਓ ਵਿੱਚ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਹ ਰਾਹੁਲ ਗਾਂਧੀ ਨੂੰ 50 ਗਾਲਾਂ ਕੱਢਣ ਲਈ ਤਿਆਰ ਹੈ। ਆਪਣੇ ਕੋਲ ਗਾਲਾਂ ਦੀ ਪੂਰੀ ਡਿਕਸ਼ਨਰੀ ਹੋਣ ਦਾ ਦਾਅਵਾ ਕਰਨ ਵਾਲੇ ਜਾਇਸਵਾਲ ਲੋਕਾਂ ਨੂੰ ਮਾਣ ਨਾਲ ਕਹਿੰਦੇ ਹਨ ਕਿ ਤੁਸੀਂ ਸੁਣਿਆ ਹੋਵੇਗਾ ਕਿ ਮੈਂ ਕਿਹੜੀ-ਕਿਹੜੀ ਗਾਲ ਦੇਣਾ ਜਾਣਦਾ ਹਾਂ। ਬਿਹਾਰ ਭਾਜਪਾ ਦੇ ਸਾਬਕਾ ਪ੍ਰਧਾਨ ਸਮਰਾਟ ਚੌਧਰੀ ਤਾਂ ਆਪਣੇ ਇੱਕ ਭਾਸ਼ਣ ਵਿੱਚ ਬੜੇ ਮਾਣ ਨਾਲ ਕਹਿੰਦੇ ਹਨ, ਕਿ ਉਨ੍ਹਾਂ ਇੱਕ ਨੇਤਾ ਨੂੰ ਇੰਨੀਆਂ ਗਾਲਾਂ ਕੱਢੀਆਂ ਕਿ ਪੂਰੇ ਸੂਬੇ ਵਿੱਚ ਸਿਰਫ਼ ਸਮਰਾਟ ਚੌਧਰੀ ਹੀ ਦਿਖਾਈ ਦੇਣ ਲੱਗ ਗਿਆ। ਇੱਕ ਵਾਰ ਤਾਂ ਹਿਮਾਚਲ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਨੇ ਰਾਹੁਲ ਗਾਂਧੀ ਨੂੰ ਸਟੇਜ ਤੋਂ ਮਾਂ ਦੀ ਗਾਲ ਕੱਢ ਦਿੱਤੀ ਸੀ ਕਿਉਂਕਿ ਰਾਹੁਲ ਨੇ ‘ਚੌਕੀਦਾਰ ਚੋਰ ਹੈ’ ਦਾ ਨਾਅਰਾ ਲਗਾਇਆ ਸੀ। ਦਰਅਸਲ ਭਾਜਪਾ ਦੇ ਕਈ ਨੇਤਾਵਾਂ ਨੇ ਗਾਲਾਂ ਕੱਢਣ ਦੀ ਆਪਣੀ ਸਮਰੱਥਾ ਦੇ ਚਲਦਿਆਂ ਹੀ ਰਾਜਨੀਤੀ ਵਿੱਚ ਤਰੱਕੀ ਕੀਤੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਭਾਜਪਾ ਵਿੱਚ ਵਿਸ਼ੇਸ਼ ਸਮਰੱਥਾ ਨਾਲ ‘ਜੈਂਡਰ ਇਫੈਕਟ’ ਜਾਂ ਮਹਿਲਾ ਪ੍ਰਭਾਵ ਪੈਦਾ ਕੀਤਾ ਹੈ। ਪਰ ਮੇਰੇ ਅਨੁਸਾਰ ਭਾਜਪਾ ਦੇ ਇਸ ਖ਼ਾਸ ਕਿਸਮ ਦੇ ਰਾਜਨੀਤਕ ਸਭਿਆਚਾਰ ਦੇ ਸਿਖਰ ’ਤੇ ਕੋਈ ਹੋਰ ਨਹੀਂ, ਸਗੋਂ ਖ਼ੁਦ ਮੋਦੀ ਜੀ ਬੈਠੇ ਹੋਏ ਹਨ। ਉਨ੍ਹਾਂ ਨੂੰ ਤਾਂ ‘ਗਾਲਾਂ ਦਾ ਕਲਾਕਾਰ’ ਕਿਹਾ ਜਾ ਸਕਦਾ ਹੈ। ਉਹ ਸੋਨੀਆ ਗਾਂਧੀ ਲਈ ਜਿਸ ਤਰ੍ਹਾਂ ਦੇ ਅਪਸ਼ਬਦ ਵਰਤ ਚੁੱਕੇ ਹਨ, ਉਨ੍ਹਾਂ ਦਾ ਕੋਈ ਜਵਾਬ ਨਹੀਂ। ਉਹ ਰਾਹੁਲ ਗਾਂਧੀ ਨੂੰ ‘ਮੂਰਖਾਂ ਦਾ ਸਰਦਾਰ’ ਤੱਕ ਬੋਲ ਚੁੱਕੇ ਹਨ। ਇਸ ਤੋਂ ਸਪੱਸ਼ਟ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਤੋਂ ਬਿਹਤਰ ਕੋਈ ਵੀ ਨਹੀਂ ਹੈ।