ਅਜੋਕੇ ਸਮੇਂ ਦੌਰਾਨ ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਐਨਾ ਬੇਵਿਸ਼ਵਾਸੀ ਵਾਲਾ ਕਿਉਂ ਹੋ ਗਿਆ ?

In ਮੁੱਖ ਲੇਖ
May 01, 2025
ਡਾਕਟਰ ਅਮਨਪ੍ਰੀਤ ਸਿੰਘ ਬਰਾੜ ਵਿਕਾਸ ਕਰਦੇ ਦੇਸ਼ ਦੇ ਸਮਾਜ 'ਚ ਅੱਜਕੱਲ੍ਹ ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਐਨਾ ਬੇਵਿਸ਼ਵਾਸੀ ਵਾਲਾ ਹੋ ਗਿਆ ਹੈ ਕਿ ਇਕ-ਦੂਜੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਗ਼ੁੱਸਾ ਤੇ ਕਾਮ ਐਨਾ ਭਾਰੂ ਹੋ ਗਿਆ ਹੈ ਕਿ ਕਿਤੇ-ਕਿਤੇ ਆਪਣੇ ਪਾਲੇ-ਪੋਸੇ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਮਾਜ 'ਚ ਨਿੱਤ ਆਉਂਦੀਆਂ ਖ਼ਬਰਾਂ ਨੂੰ ਸੁਣ ਕੇ ਜਾਂ ਪੜ੍ਹ ਕੇ ਕੁਆਰੇ ਨੌਜਵਾਨ ਲੜਕੇ-ਲੜਕੀਆਂ ਦਾ ਵਿਆਹ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ, ਜਿਸ ਸਦਕਾ ਉਨ੍ਹਾਂ ਨੇ ਬਗੈਰ ਵਿਆਹ ਤੋਂ ਇਕੱਠੇ ਰਹਿਣ (ਲਿਵ ਇਨ ਰਿਲੇਸ਼ਨਸ਼ਿਪ) ਦੀ ਕਾਢ ਕੱਢ ਲਈ, ਜਿਸ ਨੂੰ ਭਾਰਤੀ ਸਮਾਜ ਮਾਨਤਾ ਨਹੀਂ ਦਿੰਦਾ। ਇਹ ਰਿਸ਼ਤਾ ਵੀ ਬਹੁਤੀ ਦੇਰ ਨਹੀਂ ਚੱਲਦਾ ਅਤੇ ਫਿਰ ਜਬਰ ਜਨਾਹ ਤੇ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਤੇ ਮਹਿਲਾ ਆਯੋਗ ਕੋਲ ਪਹੁੰਚ ਜਾਂਦੀ ਹੈ। ਉਂਝ ਤਾਂ ਸਮਾਜ 'ਚ ਹਰ ਪਾਸੇ ਹੀ ਨਿਘਾਰ ਵੱਧ ਰਿਹਾ ਹੈ ਪਰ ਮੈਂ ਇਸ ਰਿਸ਼ਤੇ ਦੇ ਨਿਘਾਰ ਵੱਲ ਜਾਣ ਦੇ ਕੁਝ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗਾ। ਮੋਬਾਈਲ ਫ਼ੋਨ ਕਾਰਣ ਵਿਗੜੇ ਰਿਸ਼ਤੇ :ਬਹੁਤੀਆਂ ਸਮੱਸਿਆਵਾਂ ਦੀ ਜੜ੍ਹ ਤਕਨਾਲੋਜੀ ਹੀ ਹੈ, ਜਿਸ 'ਚ ਮੋਬਾਈਲ ਫ਼ੋਨ ਦਾ ਯੋਗਦਾਨ ਸਭ ਤੋਂ ਵੱਧ ਹੈ। ਬਹੁਤੀ ਵਾਰ 24 ਘੰਟਿਆਂ 'ਚ ਕਿੰਨੀ ਹੀ ਵਾਰ ਲੜਕੀ ਦੀ ਮਾਤਾ ਵਲੋਂ ਲੜਕੀ ਦੇ ਸਹੁਰੇ ਘਰ ਦਾ ਅੱਖੀਂ ਡਿੱਠਾ ਹਾਲ ਪੁੱਛਿਆ ਜਾਂਦਾ ਹੈ। ਕੁੜੀ ਅਜੇ ਡੋਲੀ 'ਚੋਂ ਉੱਤਰੀ ਵੀ ਨਹੀਂ ਹੁੰਦੀ ਕਿ ਪਿੱਛੋਂ ਫ਼ੋਨ ਆ ਜਾਂਦਾ ਹੈ ਕਿ ਤੈਨੂੰ ਮੂੰਹ ਵਿਖਾਈ ਦਾ ਕੀ ਦਿੱਤਾ, ਹੋਰ ਥੋੜ੍ਹੀ ਦੇਰ ਬਾਅਦ ਕੁਝ ਖਾ ਪੀ ਲਿਆ ਕਿ ਨਹੀਂ। ਇਸੇ ਤਰ੍ਹਾਂ ਅੱਗੇ ਤੋਂ ਅੱਗੇ ਗੱਲਾਂ ਦਾ ਸਿਲਸਿਲਾ ਚੱਲਦਾ ਹੈ ਫਿਰ ਸਲਾਹਾਂ ਤੱਕ ਪਹੁੰਚ ਜਾਂਦਾ ਹੈ, ਤੂੰ ਇਸ ਤਰ੍ਹਾਂ ਕਰ। ਇੱਥੋਂ ਸ਼ੁਰੂ ਹੋਈ ਦਖ਼ਲ ਅੰਦਾਜ਼ੀ, ਜੋ ਕਿਤੇ ਰੁਕਣ ਦਾ ਨਾਂਅ ਹੀ ਨਹੀਂ ਲੈਂਦੀ। ਔਰਤ ਆਪਣੀ ਧੀ ਦਾ ਘਰ ਵੀ ਤਾਂ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੀ ਹੈ ਪਰ ਜਦੋਂ ਉਸ ਦੀ ਨੂੰਹ ਆਪਣੀ ਮਾਂ ਨਾਲ ਗੱਲ ਵੀ ਕਰੇ ਤਾਂ ਫਿਰ ਸਾਡੇ ਘਰ 'ਚ ਦਖ਼ਲ ਅੰਦਾਜ਼ੀ ਨਾ ਕਰਨ ਦੀ ਨੂੰਹ ਨੂੰ ਹਦਾਇਤ ਦਿੱਤੀ ਜਾਂਦੀ ਹੈ। ਇਸ ਸਭ ਵਿਚ ਲੜਕੀ ਆਪਣਾ ਪੇਕਾ ਘਰ ਛੱਡਦੀ ਨਹੀਂ ਅਤੇ ਸਹੁਰੇ ਘਰ ਨੂੰ ਅਪਨਾਉਂਦੀ ਨਹੀਂ। ਅੱਜ ਸਮਝਣ ਦੀ ਲੋੜ ਹੈ ਕਿ, ਲੜਕੀ ਘਰ ਛੱਡ ਕੇ ਆਉਂਦੀ ਹੈ, ਦੂਜੇ ਘਰ ਵਿਚ ਆ ਕੇ ਸਿਸਟਮ ਸਮਝਣ ਲੱਗਿਆਂ ਸਮਾਂ ਲੱਗਦਾ ਹੈ। ਇਸ ਨੂੰ ਲੜਕੀ ਤੇ ਲੜਕੇ ਦਾ ਪਰਿਵਾਰ ਆਪਸੀ ਪਿਆਰ ਅਤੇ ਇਕ-ਦੂਜੇ ਦਾ ਵਿਸ਼ਵਾਸ ਜਿੱਤ ਕੇ ਜਲਦੀ ਠੀਕ ਕਰ ਸਕਦੇ ਹਨ। ਜਿੱਥੇ ਦੋਵੇਂ ਧਿਰਾਂ ਆਪਣੇ-ਆਪ ਨੂੰ ਇਕ-ਦੂਜੇ ਤੋਂ ਉੱਪਰ ਸਮਝਦੀਆਂ ਹੋਣ ਉੱਥੇ ਗੱਲ ਵਿਗੜ ਜਾਂਦੀ ਹੈ। ਅੱਜਕੱਲ੍ਹ ਇਕ ਨਵੀਂ ਗੱਲ ਚੱਲੀ ਹੈ ਕਿ ਮੈਂ ਥੱਲੇ ਨਹੀਂ ਲੱਗਣਾ। ਲੋਕੀਂ ਇਸ ਗੱਲ ਨੂੰ ਭੁੱਲੇ ਹੀ ਬੈਠੇ ਹਨ ਕਿ ਪਰਿਵਾਰ ਮਿਲ-ਜੁਲ ਕੇ ਚੱਲਦੇ ਹਨ, ਉੱਤੇ ਥੱਲੇ ਲੱਗ ਕੇ ਨਹੀਂ। ਅਸਲ 'ਚ ਜਿਹੜੀਆਂ ਥੋੜ੍ਹੀਆਂ ਪੜ੍ਹੀਆਂ-ਲਿਖੀਆਂ ਔਰਤਾਂ ਵਿਹਲੀਆਂ ਹਨ, ਘਰੇਲੂ ਕੰਮ 'ਤੇ ਮਾਈਆਂ ਲੱਗੀਆਂ ਹਨ, ਬੱਚੇ ਸਕੂਲ ਜਾਂ ਟਿਊਸ਼ਨ 'ਤੇ ਜਾਂਦੇ ਹਨ ਅਤੇ ਘਰ ਵਾਲਾ ਕੰਮ 'ਤੇ ਜਾਂਦਾ ਉਹ ਆਪ ਸਾਰਾ ਦਿਨ ਮੋਬਾਈਲ 'ਤੇ ਰੀਲਾਂ ਵੇਖਣ ਜਾਂ ਸਹੇਲੀਆਂ ਨਾਲ ਗੱਲਾਂ ਕਰਨ ਵਿਚ ਰੁੱਝੀਆਂ ਰਹਿੰਦੀਆਂ ਹਨ। ਜੇ ਉਨ੍ਹਾਂ ਨੂੰ ਘਰ ਦਾ ਕੋਈ ਕੰਮ ਕਰਨਾ ਪੈ ਜਾਵੇ ਤਾਂ ਸਮਝੋ ਘਰ 'ਚ ਲੜਾਈ ਪੈ ਜਾਂਦੀ ਹੈ। ਜੇ ਅੱਗੋਂ ਬੰਦਾ ਵੀ ਕੰਮ ਤੋਂ ਅੱਕਿਆ ਥੱਕਿਆ-ਆਇਆ ਹੈ ਤਾਂ ਸਮਝੋ ਮਹਾਭਾਰਤ ਘਰ ਵਿਚ ਹੀ ਸ਼ੁਰੂ ਹੋ ਸਕਦਾ ਹੈ। ਪੈਸੇ ਨੇ ਵਿਗਾੜੇ ਰਿਸ਼ਤੇ ਵਿਹਲੀ ਔਰਤ ਹਰ ਰੋਜ਼ ਆਪਣੇ ਪਤੀ ਕੋਲ ਨਵੀਂ ਫਰਮਾਇਸ਼ ਰੱਖਦੀ ਹੈ। ਇਨ੍ਹਾਂ ਖਾਹਿਸ਼ਾਂ ਨੇ ਦਿਲਾਂ ਦੇ ਪ੍ਰੇਮ ਨੂੰ ਬਨਾਵਟੀ ਚੀਜ਼ਾਂ ਦੇ ਰੰਗ 'ਚ ਬਦਲ ਦਿੱਤਾ ਹੈ। ਸਾਡੇ ਕੋਲ ਹਰ ਸੁੱਖ ਸਹੂਲਤ ਦਾ ਸਾਧਨ ਹੋਵੇ, ਦੂਜਿਆਂ ਨਾਲੋਂ ਨਵੀਂ ਚੀਜ਼ ਸਾਡੇ ਕੋਲ ਹੋਵੇ। ਬੰਦਾ ਦਿਨ-ਰਾਤ ਇਨ੍ਹਾਂ ਨੂੰ ਪੂਰੀਆਂ ਕਰਨ ਲਈ ਕਿਸ਼ਤਾਂ ਦੇ ਚੱਕਰ 'ਚ ਪੈ ਜਾਂਦਾ ਹੈ। ਆਮਦਨ ਤੋਂ ਵੱਧ ਖਰਚਾ ਲੜਾਈ-ਝਗੜੇ ਨੂੰ ਦਾਅਵਤ ਦਿੰਦਾ ਹੈ। ਹੁੰਦਾ ਕੀ ਹੈ ਕਿ ਇਸ ਸਭ 'ਚ ਮਾਨਸਿਕ ਤਣਾਅ ਵੱਧ ਜਾਂਦਾ ਹੈ ਅਤੇ ਇਕ-ਦੂਜੇ ਪ੍ਰਤੀ ਪ੍ਰੇਮ-ਪਿਆਰ ਘੱਟ ਜਾਂਦਾ ਹੈ, ਇਸ ਦੀ ਪੂਰਤੀ ਲਈ ਇਨਸਾਨ ਘਰ ਤੋਂ ਬਾਹਰ ਸਹਾਰਾ ਭਾਲਦਾ ਹੈ, ਜੋ ਕਈ ਨਾਜਾਇਜ਼ ਰਿਸ਼ਤਿਆਂ ਨੂੰ ਜਨਮ ਦਿੰਦਾ ਹੈ। ਕਾਰਪੋਰੇਟ ਵੀ ਜ਼ਿੰਮੇਵਾਰ ਕਾਰਪੋਰੇਟ 'ਚ ਕੰਮ ਕਰਦੇ ਨੌਜਵਾਨ ਜੋੜੇ ਅਕਸਰ ਘਰ ਸਿਰਫ ਸੌਣ ਹੀ ਜਾਂਦੇ ਹਨ। ਜੋ ਇਨਸਾਨ ਸਵੇਰੇ 5 ਜਾਂ 6 ਵਜੇ ਉੱਠ ਕਿ ਰਾਤ ਦੇ 8-9 ਵਜੇ ਤੱਕ ਕੰਮ ਕਰੇਗਾ। ਉਸ ਕੋਲ ਘਰ ਜਾ ਕੇ ਥਕਾਵਟ ਤੋਂ ਸਿਵਾਏ ਪੱਲੇ ਕੁਝ ਨਹੀਂ ਹੋਊਗਾ। ਜੇ ਕਿਤੇ ਦੋਵਾਂ ਵਿਚਾਰ-ਤਕਰਾਰ ਹੋ ਗਈ ਤਾਂ ਫਿਰ ਉਸ ਨੂੰ ਠੀਕ ਕਰਨ ਦਾ ਸਮਾਂ ਵੀ ਨਹੀਂ ਹੁੰਦਾ। ਆਖਿਰ ਉਹ ਜੋੜੇ ਆਪਣੀ ਇਸ ਸਥਿਤੀ ਬਾਰੇ ਆਪਣੀ ਕੰਮ ਵਾਲੀ ਥਾਂ ਉਪਰ ਕਿਸੇ ਨਾ ਕਿਸੇ ਨਾਲ ਗੱਲ ਸਾਂਝੀ ਕਰ ਲੈਂਦੇ ਹਨ। ਫਿਰ ਉਥੋਂ ਸ਼ੁਰੂ ਹੁੰਦੀ ਹੈ ਉਪਰੋਂ ਮਦਦ ਤੇ ਖੈਰਖੁਆਹ ਦਾ ਮਖੌਟਾ ਪਾਏ ਲੋਕਾਂ ਵਲੋਂ ਸਲਾਹ। ਉਸ ਨੂੰ ਕਾਨੂੰਨ ਸਿਖਾ ਕੇ ਆਪਣੇ ਜਾਲ ਵਿਚ ਫਸਾਇਆ ਜਾਂਦਾ ਹੈ। ਜਦੋਂ ਤੱਕ ਅਸਲੀਅਤ ਸਾਹਮਣੇ ਆਉਂਦੀ ਹੈ, ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਘਰ ਦਾ ਖਿਲਾਰਾ ਪੰਚਾਇਤ ਜਾਂ ਫਿਰ ਕਚਹਿਰੀ 'ਚ ਪਹੁੰਚਦਾ ਹੈ। ਫਿਰ ਸਮਝ ਆਉਂਦੀ ਹੈ ਸਲਾਹ ਦੇਣ ਵਾਲੇ ਦੀ ਅੰਦਰੂਨੀ ਮਨਸ਼ਾ। ਬੰਦਿਆਂ ਦੀ ਘਟਦੀ ਅਹਿਮੀਅਤ: ਜਦੋਂ ਤੋਂ ਔਰਤਾਂ ਦੀ ਬਰਾਬਰੀ ਦੀ ਗੱਲ ਚੱਲੀ ਹੈ ਅਤੇ ਕੁਝ ਸੀਰੀਅਲਾਂ 'ਚ ਬੰਦੇ ਨੂੰ ਥੱਪੜ ਪੈਂਦੇ ਹੀ ਪੈਂਦੇ ਹਨ। ਉਸ ਵੇਲੇ ਤੋਂ ਭਲੇਮਾਣਸ ਬੰਦਿਆਂ ਦਾ ਜਿਊਣਾ ਹਰਾਮ ਹੋ ਗਿਆ ਹੈ। ਬਹੁਤੇ ਕਾਨੂੰਨ ਇਕਪਾਸੜ ਹਨ। ਅੱਗੋਂ ਪੁਲਿਸ ਵੀ ਬੰਦੇ ਨੂੰ ਫੜਨਾ ਸੌਖਾ ਸਮਝਦੀ ਹੈ, ਜਨਾਨੀਆਂ ਤੋਂ ਪੁਲਿਸ ਵੀ ਡਰਦੀ ਹੈ ਕਿ ਕਿਤੇ ਕੰਮ ਉਲਟ ਨਾ ਪੈ ਜਾਵੇ। ਸਾਡੇ ਕਾਨੂੰਨ ਵੀ ਇਹੋ ਜਿਹੇ ਹਨ, ਜੇ ਝੂਠਾ ਕੇਸ ਦਰਜ ਹੋ ਗਿਆ ਤਾਂ ਬੰਦਾ ਆਪਣਾ ਕੇਸ ਲੜ ਕੇ ਕਚਹਿਰੀ ਵਿਚੋਂ ਬਰੀ ਵੀ ਹੋ ਜਾਵੇ ਤਾਂ ਵੀ ਝੂਠਾ ਕੇਸ ਦਰਜ ਕਰਵਾਉਣ ਵਾਲੇ ਨੂੰ ਕੋਈ ਸਜ਼ਾ ਨਹੀਂ। ਪੁਲਿਸ ਅਤੇ ਜੱਜਾਂ ਦਾ ਅੱਧਾ ਕੰਮ ਰਹਿ ਜਾਵੇ, ਜੇ ਝੂਠਾ ਕੇਸ ਕਰਨ ਵਾਲੇ 'ਤੇ ਸਰਕਾਰ ਕੇਸ ਚਲਾਵੇ। ਧਾਰਾ 498ਏ ਕੀ ਹੈ?: ਆਈ.ਪੀ.ਸੀ. ਦੀ ਧਾਰਾ 498ਏ ਜਿਸ ਨੂੰ ਨਵੇਂ ਕਾਨੂੰਨ ਬੀ.ਐੱਨ.ਐੱਸ. 'ਚ 85 ਅਤੇ 86 ਅੰਕਿਤ ਕੀਤਾ ਗਿਆ ਹੈ, ਜਿਸ 'ਤੇ ਇਹ ਪਰਚਾ ਦਰਜ ਹੋ ਜਾਵੇ ਤੇ ਉਹ ਜੇਲ੍ਹ ਦੀ ਯਾਤਰਾ ਨਾ ਕਰੇ ਤਾਂ ਸਮਝ ਲਓ ਕਿ ਉਸ 'ਤੇ ਕੁਦਰਤ ਦੀ ਬਹੁਤ ਵੱਡੀ ਰਹਿਮਤ ਅਤੇ ਬਖਸ਼ਿਸ਼ ਹੈ। ਹਾਲਾਂਕਿ ਹੁਣ ਸੁਪਰੀਮ ਕੋਰਟ ਵੀ ਮੰਨਦੀ ਹੈ ਕਿ ਇਸ ਧਾਰਾ ਦੀ ਦੁਰਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ। ਮਾਣਯੋਗ ਅਦਾਲਤ ਵਲੋਂ ਵੱਖ-ਵੱਖ ਸਮੇਂ 'ਤੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਹਨ ਕਿ ਸਿੱਧੀ ਗ੍ਰਿਫ਼ਤਾਰੀ ਤਾਂ ਹੀ ਹੋਣੀ ਚਾਹੀਦੀ ਹੈ ਜੇ ਕੋਈ ਕੁੱਟਮਾਰ ਕਾਰਨ ਔਰਤ ਗੰਭੀਰ ਜ਼ਖ਼ਮੀ ਹੋਈ ਹੋਵੇ। ਦੂਜੀ ਗੱਲ ਇਹ ਹੈ ਜੇ ਸ਼ਿਕਾਇਤ ਆਉਂਦੀ ਹੈ ਤਾਂ ਉਸ 'ਤੇ 25 ਪੁਆਇੰਟਾਂ 'ਤੇ ਤਫਤੀਸ਼ ਕਰ ਕੇ ਜੇ ਸ਼ਿਕਾਇਤ ਸਹੀ ਨਿਕਲਦੀ ਹੈ ਤਾਂ ਹੀ ਗ੍ਰਿਫ਼ਤਾਰ ਕੀਤਾ ਜਾਵੇ, ਜਦੋਂ ਕਿ ਪੁਲਿਸ ਅੱਜ ਵੀ ਸਿੱਧਾ ਗ੍ਰਿਫ਼ਤਾਰੀ ਵੱਲ ਨੂੰ ਜਾਂਦੀ ਹੈ। ਜੇ ਔਰਤ ਦਾ ਪਤੀ ਜਾਂ ਕੋਈ ਹੋਰ ਰਿਸ਼ਤੇਦਾਰ ਔਰਤ ਨੂੰ ਜਾਂ ਉਸ ਨਾਲ ਜੁੜੇ ਵਿਅਕਤੀ ਨੂੰ ਮਜਬੂਰ ਕਰਕੇ ਉਸ ਤੋਂ ਕੋਈ ਚੱਲ-ਅਚੱਲ ਜਾਇਦਾਦ ਜਾਂ ਕੋਈ ਪੈਸੇ ਮੰਗੇ ਤਾਂ ਹੀ ਕੇਸ ਬਣਦਾ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਛੋਟੀ-ਮੋਟੀ ਘਰੇਲੂ ਨੋਕ-ਝੋਕ ਜੋ ਵਿਆਹੁਤਾ ਜੀਵਨ ਦਾ ਹਿੱਸਾ ਹੈ, ਉਸ 'ਤੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਸੱਸ ਵਲੋਂ ਘਰੇਲੂ ਕੰਮ ਬਾਰੇ ਕਹੇ ਜਾਣਾ ਕੋਈ ਹਿੰਸਾ ਨਹੀਂ ਮੰਨੀ ਜਾਵੇਗੀ। ਇਸ ਤਰ੍ਹਾਂ ਦੀ ਇਕ ਹੋਰ ਪਟੀਸ਼ਨ, ਜਿਸ 'ਚ ਸੁਪਰੀਮ ਕੋਰਟ ਦੇ ਬੈਂਚ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਨੇ 2024 'ਚ ਪਤੀ ਤੇ ਉਸ ਦੇ ਰਿਸ਼ਤੇਦਾਰਾਂ ਖ਼ਿਲਾਫ਼ ਦਿੱਤੀ ਐੱਫ਼.ਆਈ.ਆਰ. ਖਾਰਜ ਕੀਤੀ ਹੈ, ਕਿਉਂਕਿ ਪੁਆਇੰਟਾਂ ਦੇ ਆਧਾਰ 'ਤੇ ਤਫਤੀਸ਼ ਨਹੀਂ ਹੋਈ। ਉਨ੍ਹਾਂ ਦੇ ਹਿਸਾਬ ਨਾਲ ਲੜਕੀ ਆਪਣੇ ਮਾਂ-ਬਾਪ ਤੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੀ ਚੁੱਕ 'ਚ ਆ ਕੇ ਪਤੀ ਜਾਂ ਉਸ ਦੇ ਘਰ ਵਾਲਿਆਂ ਨੂੰ ਤੰਗ ਕਰਦੀ ਸੀ। ਪੁਲਿਸ ਸ਼ਿਕਾਇਤ ਆ ਜਾਣ 'ਤੇ ਸਿੱਧਾ ਹੀ ਆਦਮੀ ਨੂੰ ਗ੍ਰਿਫ਼ਤਾਰ ਕਰਨ 'ਤੇ ਉਤਾਰੂ ਹੋ ਜਾਂਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਤੀ ਦੀ ਪਟੀਸ਼ਨ ਜੋ ਉਸ ਨੇ 383 ਸੀ.ਆਰ.ਪੀ.ਸੀ. 'ਚ ਐੱਫ਼.ਆਈ.ਆਰ ਖਾਰਜ ਕਰਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ, ਉਸ ਨੂੰ ਮਾਣਯੋਗ ਸੁਪਰੀਮ ਕੋਰਟ ਤੋਂ ਨਿਆਂ ਮਿਲਿਆ ਸੀ। ਹਾਲ ਹੀ 'ਚ ਅਲਕਾ ਸ਼ਰਮਾ ਬਨਾਮ ਰਾਸ਼ੀ ਸ਼ਰਮਾ ਮਹਿਲਾ ਠਾਣਾ ਮੱਧ ਪ੍ਰਦੇਸ਼ (ਕ੍ਰਿਮੀਨਲ ਕੇਸ ਨੰ. 30092, 2022) ਵਿਚ ਮਾਣਯੋਗ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ ਆਪਣੇ ਫ਼ੈਸਲੇ 'ਚ ਫਿਰ ਸਪੱਸ਼ਟ ਕੀਤਾ ਹੈ ਕਿ 498ਏ ਅਧੀਨ ਕਰੂਅਲਟੀ ਤਾਂ ਹੀ ਹੈ, ਜੇ ਕੋਈ ਔਰਤ ਨੂੰ ਉਸ ਦਾ ਪਤੀ ਜਾਂ ਕੋਈ ਹੋਰ ਰਿਸ਼ਤੇਦਾਰ ਇਹੋ ਜਿਹੇ ਤਸੀਹੇ ਦੇਵੇ ਕਿ ਔਰਤ ਨੂੰ ਸਰੀਰਕ ਜਾਂ ਦਿਮਾਗੀ ਤੌਰ 'ਤੇ ਹਾਨੀ ਪਹੁੰਚਾਈ ਹੋਵੇ। ਅਸਲ 'ਚ ਸਾਰੀ ਗੱਲ ਹੈ ਹੈਂਕੜਬਾਜ਼ੀ ਦੀ, ਖ਼ਾਸ ਕਰਕੇ ਕੁੜੀ ਦੇ ਪੇਕਿਆਂ ਵਲੋਂ ਜਦੋਂ ਇਹ ਸਲਾਹ ਆਵੇ ਕਿ ਇਨ੍ਹਾਂ ਨੂੰ ਦੱਬ ਕੇ ਰੱਖ। ਦੂਜਾ ਵਿਆਹ ਤੋਂ ਪਹਿਲਾਂ ਜੇ ਮੁੰਡੇ-ਕੁੜੀ ਦੇ ਕੋਈ ਸੰਬੰਧ ਹਨ, ਉਹ ਵੀ ਪਿੱਛਾ ਨਹੀਂ ਛੱਡਦੇ ਅਤੇ ਪੈਸੇ ਖ਼ਾਤਰ ਵਿਆਹ ਤੋਂ ਬਾਅਦ ਬਲੈਕਮੇਲ ਵੀ ਕਰਦੇ ਹਨ। 498ਏ ਦੇ ਤਹਿਤ ਬਹੁਤੀਆਂ ਸ਼ਿਕਾਇਤਾਂ ਮੁੰਡੇ ਵਾਲਿਆਂ ਤੋਂ ਪੈਸੇ ਲੈਣ ਲਈ ਝੂਠੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਗੱਲ ਮੁੱਕਦੀ ਵੀ ਪੈਸੇ ਨਾਲ ਹੀ ਹੈ। ਪੈਸਾ ਪ੍ਰਧਾਨ ਹੋ ਗਿਆ ਸਮਾਜ ਕੀ ਕਹੇਗਾ, ਇਸ ਦੀ ਪਰਵਾਹ ਨਹੀਂ।

Loading