
ਅੰਮ੍ਰਿਤਸਰ/ਏ.ਟੀ.ਨਿਊਜ਼ : ਸਿੱਖਾਂ ਦੇ ਮਸਲਿਆਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਬਿਆਨ ਦਿਤਾ ਹੈ। ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਦੇ ਮਸਲਿਆਂ ਨੂੰ ਅਦਾਲਤਾਂ ਵਿੱਚ ਲਿਜਾਣ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲਿਆਉਣੇ ਚਾਹੀਦੇ ਹਨ ਕਿਉਂਕਿ ਗੁਰਮਤਿ ਦੇ ਸਿਧਾਂਤ ’ਤੇ ਚਲਦਿਆਂ ਹੋਇਆਂ ਹਰ ਮਸਲੇ ਦਾ ਹੱਲ ਸੰਵਾਦ ਰਾਹੀਂ ਕਢਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਤਾਂ ਹੀ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਗਈ ਸੀ ਤਾਂ ਜੋ ਇਥੇ ਬੈਠ ਕੇ ਸਿੱਖਾਂ ਦੇ ਮਸਲਿਆਂ ਦੇ ਹੱਲ ਕੱਢੇ ਜਾ ਸਕਣ। ਜਥੇਦਾਰ ਗੜਗੱਜ ਖਮਾਣੋਂ ਦੇ ਇਤਿਹਾਸਕ ਅਸਥਾਨ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਵਾ ਸਾਹਿਬ ਵਿਖੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ।
ਉਨ੍ਹਾਂ ਮਾਨਵਤਾ ਨੂੰ ਸੁਨੇਹਾ ਦਿੰਦੇ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦਿਤੀਆਂ ਗਈਆਂ ਸਿਖਿਆਵਾਂ ’ਤੇ ਪਹਿਰਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਵੱਲੋਂ ਹਰ ਸਿੱਖ ਨੂੰ ਅਪਣੇ ਕੋਲ ਰਵਾਇਤੀ ਹਥਿਆਰ (ਸ੍ਰੀ ਸਾਹਿਬ) ਰੱਖਣ ਦਾ ਹੁਕਮ ਦਿਤਾ ਸੀ ਜਿਸ ’ਤੇ ਅੱਜ ਦੇ ਮਾਹੌਲ ਨੂੰ ਵੇਖਦੇ ਹੋਏ ਸਮੁੱਚੀ ਸੰਗਤ ਨੂੰ ਅਮਲ ਕਰਨ ਦੀ ਲੋੜ ਹੈ ਅਤੇ ਹਰ ਸਿੱਖ ਨੂੰ ਅਪਣੇ ਕੋਲ ਸ੍ਰੀ ਸਾਹਿਬ ਵਰਗੇ ਹਥਿਆਰ ਰੱਖਣ ਦੀ ਲੋੜ ਹੈ ਤਾਂ ਜੋ ਲੋੜ ਪੈਣ ’ਤੇ ਮਜਲੂਮਾਂ ਦੀ ਰਖਿਆ ਕੀਤੀ ਜਾ ਸਕੇ ਅਤੇ ਨਾਲ ਹੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਿਆ ਜਾਵੇ।