ਅੰਮ੍ਰਿਤਸਰ/ ਏ.ਟੀ.ਨਿਊਜ਼: ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇੱਥੇ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਨੇ ਉਸ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਉਸ ਨੂੰ ਕੱਲ੍ਹ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਜਿਨ੍ਹਾਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ, ਦਾ ਪਿਛਲੇ ਦਿਨੀਂ ਸ਼ਾਮ ਨੂੰ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਾਰਜਕਾਰੀ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ।
ਵੇਰਵਿਆਂ ਮੁਤਾਬਕ ਪੁਲਿਸ ਵੱਲੋਂ ਸ਼ਾਮ ਨੂੰ ਲਾਲਜੀਤ ਸਿੰਘ ਭੁੱਲਰ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਜਿੱਥੇ ਮਾਮਲੇ ਸਬੰਧੀ ਪੁੱਛ-ਪੜਤਾਲ ਲਈ ਉਸ ਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ। ਅਦਾਲਤ ਵੱਲੋਂ ਦੋਵਾਂ ਧਿਰਾਂ ਦੇ ਵਕੀਲਾਂ ਦਾ ਪੱਖ ਸੁਣਨ ਤੋਂ ਬਾਅਦ ਪੰਜ ਦਿਨ ਦਾ ਰਿਮਾਂਡ ਦਿੱਤਾ ਗਿਆ। ਇਸ ਮੌਕੇ ਪੁਲਿਸ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਮੀਡੀਆ ਨੂੰ ਵੀ ਦੂਰ ਰੱਖਣ ਦਾ ਯਤਨ ਕੀਤਾ ਗਿਆ। ਭੁੱਲਰ ਦੇ ਹਮਾਇਤੀ ਵੀ ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ ਜਿਨ੍ਹਾਂ ਉਸ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਰਿਮਾਂਡ ਮੰਗਣ ਸਮੇਂ ਵੱਖ-ਵੱਖ ਸਬੂਤਾਂ ਦੀ ਬਰਾਮਦਗੀ ਦੀ ਦਲੀਲ ਦਿੱਤੀ ਗਈ।
ਪਰਿਵਾਰ ਵੱਲੋਂ ਸੀ. ਬੀ. ਆਈ. ਜਾਂਚ ਦੀ ਮੰਗ
ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ, ਜਿਨ੍ਹਾਂ ਨੇ ਪਿਛਲੇ ਦਿਨੀਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ, ਦੇ ਪਰਿਵਾਰ ਵੱਲੋਂ ਮਾਮਲੇ ਦੀ ਸੀ. ਬੀ. ਆਈ. ਜਾਂਚ ਅਤੇ ਸੁਰੱਖਿਆ ਮੁਹੱਈਆ ਕਰਾਉਣ ਦੀ ਮੰਗ ਕੀਤੀ ਗਈ ਹੈ। ਮ੍ਰਿਤਕ ਦੇਹ ਦਾ ਸਸਕਾਰ ਹੋਣ ਮਗਰੋਂ ਗਗਨਦੀਪ ਸਿੰਘ ਰੰਧਾਵਾ ਦੇ ਭਰਾ ਵਰਿੰਦਰਪਾਲ ਸਿੰਘ ਨੇ ਮੀਡੀਆ ਨੂੰ ਆਖਿਆ ਕਿ ਪਰਿਵਾਰ ਦੀ ਮੰਗ ਹੈ ਕਿ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕੀਤੀ ਜਾਵੇ। ਉਨ੍ਹਾਂ ਪੰਜਾਬ ਦੇ ਸਮੂਹ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਲਿਖਤੀ ਰੂਪ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਸੌਂਪਣ। ਉਨ੍ਹਾਂ ਆਖਿਆ ਕਿ ਪਰਿਵਾਰ ਨੂੰ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਭਰੋਸਾ ਨਹੀਂ ਹੈ ਕਿਉਂਕਿ ਹੁਣ ਤੱਕ ਇਸ ਮਾਮਲੇ ਵਿੱਚ ਐੱਫ. ਆਈ. ਆਰ. ਦਰਜ ਕਰਵਾਉਣ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੀ ਵੱਡੇ ਪੱਧਰ ’ਤੇ ਜੱਦੋਜਹਿਦ ਕਰਨੀ ਪਈ ਹੈ। ਇਸ ਦੌਰਾਨ ਸਸਕਾਰ ਸਮੇਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵੀ ਕਾਂਗਰਸ ਆਗੂ ਪੁੱਜੇ ਹੋਏ ਸਨ।
ਭੁੱਲਰ ਦੇ ਮਹਿਕਮੇ ਦੋ ਮੰਤਰੀਆਂ ਨੂੰ ਸੌਂਪੇ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਵਿਭਾਗਾਂ ਨੂੰ ਹੋਰਨਾਂ ਮੰਤਰੀਆਂ ਨੂੰ ਸੌਂਪ ਦਿੱਤਾ ਹੈ। ਇਸ ਦੌਰਾਨ ਪੰਜਾਬ ਦੇ ਕਰ, ਆਬਕਾਰੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਅਤੇ ਐੱਨ ਆਰ ਆਈ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੂੰ ਜੇਲ੍ਹ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਚਾਰ ਦਿਨਾ ਦੌਰੇ ’ਤੇ ਜਾਣ ਤੋਂ ਪਹਿਲਾਂ ਪਾਰਟੀ ਹਾਈਕਮਾਂਡ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ।
![]()
