ਮੋਹਾਲੀ/ਏ.ਟੀ.ਨਿਊਜ਼: ਮੋਹਾਲੀ ਕੋਰਟ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਿਜੀਲੈਂਸ ਰਿਮਾਂਡ ਵਿੱਚ ਚਾਰ ਦਿਨਾ ਦਾ ਵਾਧਾ ਕਰ ਦਿੱਤਾ ਹੈ। ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਸੱਤ ਦਿਨਾਂ ਦੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਦੋਵਾਂ ਧਿਰਾਂ ਵਿਚਾਲੇ ਚਾਰ ਘੰਟੇ ਦੇ ਕਰੀਬ ਬਹਿਸ ਚੱਲੀ। ਵਿਜੀਲੈਂਸ ਨੇ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਹੋਣ ਸੰਬੰਧੀ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਮੋਹਾਲੀ ਕੋਰਟ ਤੋਂ ਬਾਹਰ ਆਏ ਸਰਕਾਰੀ ਵਕੀਲ ਪ੍ਰੀਤਇੰਦਰ ਸਿਘ ਦਾ ਕਹਿਣਾ ਹੈ ਕਿ ਮਜੀਠੀਆ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਮਜੀਠੀਆ ਨੇ ਜਾਂਚ ਦੌਰਾਨ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਸ ਡਰੱਗਜ਼ ਨਾਲ ਜੁੜਿਆ ਹੈ। ਇਸ ਤੋਂ ਇਲਾਵਾ ਸਰਕਾਰੀ ਵਕੀਲ ਨੇ ਕਿਹਾ ਕਿ ਮਜੀਠੀਆ ਨੂੰ ਗੋਰਖਪੁਰ ਲਿਜਾਇਆ ਜਾ ਸਕਦਾ ਹੈ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਸਰਕਾਰੀ ਖਿਲਾਫ਼ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਮਜੀਠੀਆ ਕਦੀ ਗੋਰਖਪੁਰ ਗਏ ਹੀ ਨਹੀਂ।
ਜ਼ਿਕਰਯੋਗ ਹੈ ਕਿ ਮਜੀਠੀਆ ਨੂੰ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਪਹਿਲਾਂ 26 ਜੂਨ ਨੂੰ 7 ਦਿਨਾਂ ਦਾ ਵਿਜੀਲੈਂਸ ਰਿਮਾਂਡ ਦਿੱਤਾ ਸੀ ਜੋ 2 ਜੁਲਾਈ ਨੂੰ ਖਤਮ ਹੋ ਗਿਆ ਤੇ ਅੱਜ ਉਨ੍ਹਾਂ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ। ਵਿਜੀਲੈਂਸ ਬਿਊਰੋ ਨੇ ਮਜੀਠੀਆ ਵੱਲੋਂ ਸਹਿਯੋਗ ਦੀ ਘਾਟ ਤੇ ਹੋਰ ਜਾਂਚ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੂਜੇ ਸੂਬਿਆਂ ’ਚ ਲਿਜਾਣ ਲਈ ਰਿਮਾਂਡ ਹੋਰ ਵਧਾਉਣ ਦੀ ਮੰਗ ਕੀਤੀ ਸੀ। ਮਜੀਠੀਆ ਦੀ ਪੇਸ਼ੀ ਮੌਕੇ ਮੋਹਾਲੀ ਕੋਰਟ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਇਸੇ ਦੌਰਾਨ ਪੁਲਿਸ ਨੇ ਅੰਬ ਸਾਹਿਬ ਤੋਂ ਪੁਲਿਸ ਨਾਕੇ ਤੋੜ ਕੇ ਵਿਜੀਲੈਂਸ ਭਵਨ ਵੱਲ ਮਾਰਚ ਕਰਦੇ ਹੋਏ ਅਕਾਲੀ ਆਗੂਆਂ, ਦਰਬਾਰਾ ਸਿੰਘ ਗੁਰੂ, ਪਰਵਿੰਦਰ ਸਿੰਘ ਸੋਹਾਣਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਦਰਜਨਾਂ ਵਰਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੁਖਬੀਰ ਸਣੇ ਬਾਕੀ ਆਗੂਆਂ ਨੂੰ ਫੇਜ਼ 11 ਦੇ ਥਾਣੇ ਵਿੱਚ ਲਿਜਾਣ ਤੋਂ ਕੁਝ ਦੇਰ ਬਾਅਦ ਛੱਡ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਅੱਜ ਜਿਵੇਂ ਹੀ ਚੰਡੀਗੜ੍ਹ-ਮੋਹਾਲੀ ਸਰਹੱਦ ਨੇੜੇ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੁਖਬੀਰ ਬਾਦਲ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਇੱਕ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਵਿਰੁੱਧ ‘ਸ਼ਾਂਤਮਈ ਵਿਰੋਧ ਪ੍ਰਦਰਸ਼ਨ’ ਲਈ ਮੋਹਾਲੀ ਦੇ ਫੇਜ਼ 8 ਵਿਚਲੇ ਗੁਰਦੁਆਰਾ ਅੰਬ ਸਾਹਿਬ ਜਾ ਰਹੇ ਸਨ, ਜਿੱਥੇ ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ। ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਵਰਕਰਾਂ ਨੂੰ ਇੱਕ ਬੱਸ ਵਿੱਚ ਮੋਹਾਲੀ ਪੁਲੀਸ ਥਾਣੇ ਲਿਜਾਇਆ ਗਿਆ।
![]()
