ਅਨਾਹੀਮ ਦੇ ਸਾਬਕਾ ਮੇਅਰ ਹੈਰੀ ਸਿੱਧੂ ਨੂੰ ਕੈਦ ਤੇ ਜੁਰਮਾਨਾ

In ਅਮਰੀਕਾ
April 02, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਨਾਹੀਮ ਦੇ ਸਾਬਕਾ ਮੇਅਰ ਹੈਰੀ ਸਿੱਧੂ ਨੂੰ ਐਂਜਲ ਸਟੇਡੀਅਮ ਦੀ ਵਿਵਾਦਤ ਵਿਕਰੀ ਦੇ ਮਾਮਲੇ ਦੀ ਸੰਘੀ ਜਾਂਚ ਵਿਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 50 ਹਜਾਰ ਡਾਲਰ ਦਾ ਜੁਰਮਾਨਾ ਵੀ ਭਰਨਾ ਪਵੇਗਾ। ਯੂ ਐਸ ਡਿਸਟ੍ਰਿਕਟ ਜੱਜ ਜੌਹਨ ਡਬਲਯੂ ਹੋਲਕੋਮਬ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਿੱਧੂ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ। ਰਿਹਾਈ ਤੋਂ ਬਾਅਦ ਇਕ ਸਾਲ ਲਈ ਉਸ ਨੂੰ ਨਿਗਰਾਨੀ ਵਿਚ ਰਹਿਣਾ ਪਵੇਗਾ। ਸਜ਼ਾ ਸੁਣਾਉਣ ਸਮੇ 67 ਸਾਲਾ ਸਿੱਧੂ ਨੇ ਕੋਈ ਖਾਸ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਅਦਾਲਤ ਵਿਚ ਪਰਿਵਾਰਕ ਮੈਂਬਰ ਤੇ ਉਸ ਦੇ ਸਮਰਥਕ ਵੀ ਹਾਜਰ ਸਨ। ਅਦਾਲਤ ਨੇ ਉਸ ਨੂੰ 2 ਸਤੰਬਰ ਨੂੰ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਦਾ ਆਦੇਸ਼ ਦਿੱਤਾ ਹੈ।

Loading