ਅਨੰਦ ਸਾਹਿਬ ਬਾਣੀ ਵਿਚ ਸਦੀਵੀ ਅਨੰਦ ਦਾ ਸੰਕਲਪ

In ਮੁੱਖ ਲੇਖ
January 23, 2025
ਡਾਕਟਰ ਰਜਿੰਦਰ ਸਿੰਘ: ਅਨੰਦ ਮਨ ਦੀ ਵਕਤੀ ਖ਼ੁਸ਼ੀ ਦੀ ਲਹਿਰ ਨਹੀਂ ਹੈ । ਇਹ ਸਹਿਜ ਅਵਸਥਾ ਨਾਲ ਸੰਬੰਧਿਤ ਸਦੀਵੀ ਵਿਗਾਸ ਹੈ । ਇਹ ਕਰਤਾਰੀ ਸਿਰਜਣਾ ਦੇ ਵਿਰਾਟ ਅਤੇ ਵਚਿੱਤਰ ਰੂਪ ਦੇ ਵਿਸਮਾਦ ਨਾਲ ਜੁੜਿਆ ਹੋਇਆ ਹੈ ।ਅਨੰਦ ਸਾਹਿਬ ਬਾਣੀ ਰੂਹਾਨੀ ਅਨੰਦ ਦੇ ਸੰਕਲਪ ਨੂੰ ਰੂਪਮਾਨ ਕਰਦੀ ਹੈ ।ਇਹ ਅਨੰਦ ਦੁਨਿਆਵੀ ਪਦਾਰਥਾਂ ਦੇ ਭੰਡਾਰੀਕਰਨ, ਭੋਗਵਾਦ ਦੀ ਬਿਰਤੀ, ਮਨੋਰੰਜਨ ਤੇ ਖਾਣਪੀਣ ਦੇ ਸੁਆਦਾਂ ਤੋਂ ਪਾਰ ਨਾਮ ਰੱਤੇ ਹਿਰਦਿਆਂ ਵਿਚ ਵਿਗਸਦਾ ਹੈ ।ਅਨੰਦ ਸਾਹਿਬ ਦੀ ਬਾਣੀ ਮਨੁੱਖ ਨੂੰ ਸੰਸਾਰ ਵਿਚ ਆਪਣੀ ਭੂਮਿਕਾ ਦੀ ਸਾਰਥਿਕਤਾ ਪ੍ਰਤੀ ਸੁਚੇਤ ਕਰਦੀ ਹੈ ।ਜੀਵਨ ਦੇ ਮਨੋਰਥ ਨੂੰ ਸਮਝਣ ਅਤੇ ਸਫਲ ਕਰਨ ਲਈ ਗੁਰੂ ਤੋਂ ਮਿਲੀ 'ਦਿਬ ਦਿ੍ਸਟਿ' ਦੇ ਮਹੱਤਵ ਨੂੰ ਸਥਾਪਿਤ ਕਰਦੀ ਹੈ । ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ¨ (ਅੰਗ : 922) ਮਨੁੱਖ ਦੀਆਂ ਅੱਖਾਂ ਅੱਗੇ ਭੋਗਵਾਦੀ ਮਾਨਸਿਕਤਾ, ਵੈਰ-ਵਿਰੋਧ, ਭੇਦ-ਭਾਵ ਦੇ ਪਏ ਪਰਦੇ ਕਾਰਨ ਪੈਦਾ ਹੋਇਆ ਅੰਧ (ਅਸਲੀਅਤ ਨਾ ਦੇਖ ਸਕਣ ਦੀ ਅਸਮਰੱਥਾ) ਤੋਂ ਪਾਰ ਪਾਉਣ ਲਈ ਸਤਿਗੁਰੂ ਦੀ ਸਿੱਖਿਆ ਅਤਿ ਜ਼ਰੂਰੀ ਹੈ: 'ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦਿ੍ਸਟਿ ਹੋਈ |' (ਅੰਗ : 922) ਗੁਰੂ ਅਮਰਦਾਸ ਜੀ ਨੇ ਮਨੁੱਖੀ ਮਾਨਸਿਕਤਾ ਦੀਆਂ ਸਮੱਸਿਆਵਾਂ ਨੂੰ ਸਮਝਿਆ । ਮਨ ਦੀ ਖ਼ੁਸ਼ੀ ਲਈ ਚੁਸਤੀਆਂ-ਚਲਾਕੀਆਂ ਅਤੇ ਵਿਲਾਸਤਾ ਵਿਚ ਗ੍ਰਸੇ ਮਨੁੱਖ ਨੂੰ ਸਦੀਵੀ ਅਨੰਦ ਦੀ ਪ੍ਰਾਪਤੀ ਦਾ ਭੇਦ ਦੱਸਿਆ ।ਸਦੀਵੀ ਅਨੰਦ ਦੀ ਪ੍ਰਾਪਤੀ ਦਾ ਆਧਾਰ ਗੁਰੂ ਪ੍ਰਤੀ ਸਨਮੁੱਖਤਾ ਅਤੇ ਅਕਾਲ ਪੁਰਖ ਦੀ ਪ੍ਰੇਮਾ ਭਗਤੀ 'ਚ ਵਿਆਪਕ ਹੈ ।ਅਨੰਦ ਸਾਹਿਬ ਅਨੁਸਾਰ ਭਗਤੀ ਇਕ ਰਸਮ ਨਹੀਂ ਜੀਵਨ ਜਾਚ ਨਾਲ ਸੰਬੰਧਿਤ ਹੈ | ਇਹ 'ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ¨' (ਅੰਗ : 918) ਦੀ ਅਵਸਥਾ ਹੈ । ਮਨੁੱਖ ਦੀ ਸਮੁੱਚੀ ਜ਼ਿੰਦਗੀ ਬੰਦਗੀ ਅਤੇ ਪਰਉਪਕਾਰ ਦੇ ਰਾਹ 'ਤੇ ਤੁਰਦੀ ਹੈ । ਅਨੰਦ ਸਾਹਿਬ ਨੇ 'ਭਗਤਾ ਕੀ ਚਾਲ ਨਿਰਾਲੀ' ਦਾ ਬਿੰਬ ਸਿਰਜ ਕੇ ਇਸ ਨੂੰ ਸੰਸਾਰਕ ਸੋਚ ਦੇ ਲਾਲਸਾ ਅਤੇ ਹੰਕਾਰ ਭਰੇ ਤੌਰ-ਤਰੀਕਿਆਂ ਤੋਂ ਨਿਖੇੜ ਕੇ ਇਸ ਦੀ ਮਹੱਤਤਾ ਨੂੰ ਸਥਾਪਿਤ ਕੀਤਾ ਹੈ | ਇਹ ਖੰਡੇ ਤੋਂ ਤਿੱਖੇ ਅਤੇ ਵਾਲ ਤੋਂ ਬਰੀਕ ਰਾਹ ਉੱਤੇ ਤੁਰਨ ਸਮਾਨ ਬੇਹੱਦ ਬਿਖਮ ਕਾਰਜ ਹੈ: ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਿਗ ਚਲਣਾ¨ ਲਬੁ ਲੋਭੁ ਅਹੰਕਾਰੁ ਤਜਿ ਤਿ੍ਸਨਾ ਬਹੁਤੁ ਨਾਹੀ ਬੋਲਣਾ¨ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ¨ (ਅੰਗ : 918-19) 'ਭਗਤਾ ਕੀ ਚਾਲ ਨਿਰਾਲੀ' ਸੰਸਾਰ ਤੋਂ ਉਪਰਾਮਤਾ ਨਹੀਂ ਹੈ | ਇਹ ਸੰਸਾਰ ਦੇ ਵਿਕਾਰਾਂ ਤੋਂ ਉਪਰਾਮਤਾ ਹੈ ।ਸਿੱਖ ਧਰਮ ਸਮਾਜ ਤੇ ਸਮੁੱਚੀ ਮਾਨਵਤਾ ਪ੍ਰਤੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਭਰਿਆ ਹੋਇਆ ਹੈ । ਗੁਰੂ ਅਮਰਦਾਸ ਜੀ ਅਨੁਸਾਰ ਉਹ ਵਸਤੂਆਂ ਅਤੇ ਵਰਤਾਰੇ, ਜੋ ਅਕਾਲ ਪੁਰਖ ਦੀ ਯਾਦ ਵਿਸਾਰ ਦੇਣ ਦਾ ਕਾਰਨ ਬਣਦੇ ਹਨ, ਮਾਇਆ ਹਨ । ਜੋ ਜਗਿਆਸੂ ਸੰਸਾਰ 'ਚ ਰਹਿੰਦੇ ਹੋਏ ਵੀ ਅਕਾਲ ਪੁਰਖ ਦੀ ਪ੍ਰ੍ਰੀਤ ਵਿਚ ਰੰਗੇ ਹੋਏ ਹਨ ਅਤੇ ਮਨੁੱਖਤਾ ਦੀ ਸੇਵਾ ਦਾ ਜਜ਼ਬਾ ਪਾਲ ਕੇ ਮਨ ਦੇ ਕੋਨਿਆਂ ਨੂੰ ਰੌਸ਼ਨ ਕਰਦੇ ਹਨ, ਉਹ ਮਾਇਆ ਵਿਚ ਗਲਤਾਨ ਨਹੀਂ ਹੁੰਦੇ ।ਅਜਿਹੇ ਗੁਰਮੁਖ ਆਪਣੀ ਨਿਰਮਲਤਾ ਬਰਕਰਾਰ ਰੱਖਦੇ ਹਨ ਅਤੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ । ਅਨੰਦ ਸਾਹਿਬ ਸੰਸਾਰ ਨੂੰ ਮਾਇਆ ਜਾਂ ਝੂਠ ਸਮਝਣ ਦੀ ਥਾਂ ਹਰਿ ਦਾ ਰੂਪ ਸਮਝ ਕੇ ਸਵੀਕਾਰ ਕਰਦਾ ਹੈ: ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ¨ (ਅੰਗ : 922) ਸੰਸਾਰ ਨੂੰ ਹਰਿ ਕਾ ਰੂਪ ਮੰਨ ਕੇ ਸੰਸਾਰ ਤੋਂ ਭੱਜਣ ਦੀ ਥਾਂ ਇਸ ਨੂੰ ਸੁੰਦਰ ਬਣਾਉਣਾ ਸਿੱਖ ਭਗਤੀ ਧਾਰਾ ਦਾ ਅਹਿਮ ਹਿੱਸਾ ਹੈ।ਸਿੱਖ ਲਈ ਸੰਸਾਰ 'ਚ ਸਭ ਤੋਂ ਕੀਮਤੀ ਵਡਮੁੱਲੇ ਰਤਨ ਸਮਾਨ ਗੁਰੂ ਦਾ ਸ਼ਬਦ ਹੈ । ਸਿੱਖ ਜਾਦੂ-ਟੂਣਿਆਂ, ਕਰਮ ਕਾਂਡਾਂ, ਸਰੀਰ ਨੂੰ ਕਸ਼ਟ ਦੇਣ ਵਾਲੀ ਤਪੱਸਿਆ ਦੀ ਥਾਂ 'ਦੂਖ ਰੋਗ ਸੰਤਾਪ' ਤੋਂ ਮੁਕਤੀ ਲਈ ਗੁਰੂ ਦੀ 'ਸਚੀ ਬਾਣੀ' ਦਾ ਓਟ-ਆਸਰਾ ਲੈਂਦਾ ਹੈ । ਅਨੰਦ ਸਾਹਿਬ ਅਕਾਲ ਪੁਰਖ ਦੇ 'ਸਮਰਥ ਸਆਮੀ' ਦਾ ਬਿੰਬ ਸਥਾਪਿਤ ਕਰਦੀ ਹੈ | ਸੱਚੇ ਸਾਹਿਬ ਦੇ ਘਰ 'ਚ ਸਭ ਕੁਝ ਮੌਜੂਦ ਹੈ । ਉਸ ਦਾ ਨਾਂਅ ਮਨੁੱਖ ਦੀਆਂ ਸਭ ਭੁੱਖਾਂ (ਤਿ੍ਸ਼ਨਾਵਾਂ) ਮਿਟਾ ਦਿੰਦਾ ਹੈ | ਮਨੁੱਖ ਦੇ ਅੰਦਰਲਾ ਮੋਹ ਅਨੰਦ ਵਿਚ ਸਭ ਤੋਂ ਵੱਡੀ ਰੁਕਾਵਟ ਹੈ | ਗੁਰੂ ਦਾ ਸ਼ਬਦ ਮੋਹ ਨੂੰ ਸੰਤੋਖ ਵਿਚ ਪਲਟ ਦਿੰਦਾ ਹੈ ।ਮਨ ਨੂੰ ਸ਼ਾਂਤੀ ਨਾਲ ਭਰਪੂਰ ਕਰਦਾ ਹੈ ।ਇਸ ਤਰ੍ਹਾਂ ਸਦੀਵੀ ਪਰਮ ਅਨੰਦ ਦਾ ਦਰਵਾਜ਼ਾ ਖੁੱਲ੍ਹਦਾ ਹੈ: ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ¨ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ | (ਅੰਗ : 917) ਅਨੰਦ ਸਾਹਿਬ ਅਨੁਸਾਰ ਭਗਤੀ ਦਾ ਸੰਬੰਧ ਸਰੀਰ ਦੀ ਬਾਹਰਲੀ ਸੁੱਚਤਾ ਤੱਕ ਸੀਮਤ ਨਹੀਂ ਹੈ । ਇਹ ਤਨ ਦੀ ਜਲ 'ਚ ਅਤੇ ਮਨ ਦੀ ਗੁਰਬਾਣੀ ਦੇ ਸਰੋਵਰ 'ਚ ਡੁਬਕੀ ਲਾ ਕੇ ਤਨ ਅਤੇ ਮਨ ਦੋਵਾਂ ਦੀ ਪਵਿੱੱਤਰਤਾ ਨਾਲ ਸੰਬੰਧਿਤ ਹੈ । ਤਨ ਅਤੇ ਮਨ ਦੀ ਪਾਵਨਤਾ ਭਾਵ ਚੰਗਾ ਸੋਚਣਾ ਅਤੇ ਚੰਗਾ ਕਰਨਾ ਅਨੰਦ ਪੈਦਾ ਕਰਦਾ ਹੈ: ਜੀਅਹੁ ਨਿਰਮਲ ਬਾਹਰਹੁ ਨਿਰਮਲ¨ ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ¨ ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ¨ (ਅੰਗ : 919) ਜਗਿਆਸੂ ਭੁੱਲ ਕੇ ਵੀ ਭੈੜਾ ਕੰਮ ਨਹੀਂ ਕਰਦਾ, ਜਿਸ ਕਰਕੇ ਪਛਤਾਵਾ ਹੋਵੇ ।ਉਹ ਗੁਰੂ ਦੇ ਉਪਦੇਸ਼ ਅਨੁਸਾਰ ਅਮਲ ਕਰਦਿਆਂ ਸਦਾ ਸੱਚ ਨਾਲ ਇਕਸੁਰ ਵਡਭਾਗੀ ਹੁੰਦਾ ਹੈ: ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ¨ ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ¨ ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ¨ (ਅੰਗ : 917) ਅਨੰਦ ਸਾਹਿਬ ਦੀ ਬਾਣੀ ਕੱਚੀ ਅਤੇ ਸੱਚੀ ਬਾਣੀ ਦਾ ਸਪੱਸ਼ਟ ਨਿਖੇੜਾ ਕਰਦੀ ਹੈ । ਇਲਾਹੀ ਹੁਕਮ 'ਚ ਵਿਚਰ ਰਹੇ ਸਤਿਗੁਰੂ ਦੀ ਬਾਣੀ ਸੱਚੀ ਹੈ ਅਤੇ ਮਾਨਵਤਾ ਲਈ ਜੀਵਨ ਮੁਕਤੀ ਦਾ ਦਰਵਾਜ਼ਾ ਖੋਲ੍ਹਦੀ ਹੈ । ਕੱਚੀ ਬਾਣੀ ਮਾਰਗ ਦਰਸ਼ਨ ਕਰਨ ਦੇ ਸਮਰੱਥ ਨਹੀਂ ਇਹ ਭਰਮ ਅਤੇ ਭੇਖ ਨਾਲ ਜੋੜ ਕੇ ਮਾਨਵਤਾ ਦੀ ਅਧੋਗਤੀ ਦਾ ਕਾਰਨ ਬਣਦੀ ਹੈ ।ਸਤਿਗੁਰੂ ਕਿਸੇ ਵਿਸ਼ੇਸ਼ ਵਰਗ ਦੀ ਥਾਂ ਸਮੁੱਚੀ ਮਾਨਵਤਾ ਨੂੰ ਗਲੇ ਨਾਲ ਲਗਾਉਣ ਅਤੇ ਬਾਣੀ ਨਾਲ ਜੁੜਨ ਲਈ ਆਵਾਜ਼ ਮਾਰਦਾ ਹੈ: ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ¨ (ਅੰਗ : 920) ਅਨੰਦ ਸਾਹਿਬ ਤਨ ਮਨ ਧਨ ਦਾ ਪ੍ਰੇਮ ਸਮਰਪਣ ਹੈ ।ਸੰਸਾਰ ਨੂੰ ਹਰਿ ਕਾ ਰੂਪ ਸਮਝ ਕੇ ਸਨੇਹ ਨਾਲ ਦੇਖਣ ਅਤੇ ਸੁਚੱਜੇ ਢੰਗ ਨਾਲ ਵਿਵਹਾਰ ਕਰਨ ਦੀ ਜੁਗਤ ਹੈ । ਜ਼ਿੰਦਗੀ ਕੁਦਰਤ ਅਤੇ ਮਨੁੱਖਤਾ ਨਾਲ ਇਕਸੁਰਤਾ ਦਾ ਸਾਜ਼ ਬਣ ਜਾਂਦੀ ਹੈ ।ਅਨੰਦ ਜੀਵਨ ਨੂੰ ਭਗਤੀ, ਪਾਵਨਤਾ, ਪਰਉਪਕਾਰ ਅਤੇ ਪ੍ਰੇਮ ਨਾਲ ਸੰਗੀਤਮਈ ਬਣਾਉਣ ਦੀ ਅਵਸਥਾ ਹੈ, ਜਿਥੇ ਜੀਵਨ ਦੇ ਸਗਲ ਮਨੋਰਥ ਪੂਰੇ ਹੋਣ ਦਾ ਚਾਅ ਵਿਗਸਦਾ ਹੈ।

Loading