ਅਪਰੇਸ਼ਨ ਸੰਧੂਰ ਸੰਬੰਧੀ ਵੱਖ-ਵੱਖ ਬਿਰਤਾਂਤ ਵਧਾ ਰਹੇ ਹਨ ਭੰਬਲਭੂਸਾ

In ਖਾਸ ਰਿਪੋਰਟ
June 02, 2025
ਅਭੈ ਕੁਮਾਰ ਦੂਬੇ : ਸੋਸ਼ਲ ਮੀਡੀਆ ’ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ਕੰਰ ਦੇ ਦੋ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਸਾਰਾ ਦੇਸ਼ ਹੈਰਾਨ ਹੈ। ਭਾਰਤ ਦੇ ਵਿਦੇਸ਼ ਮੰਤਰੀ ਭਲਾ ਅਜਿਹੀਆਂ ਗੱਲਾਂ ਕਿਵੇਂ ਕਰ ਸਕਦੇ ਹਨ? ਇੱਕ ਵਿੱਚ ਉਹ ਕਹਿੰਦੇ ਹੋਏ ਦਿਸ ਰਹੇ ਹਨ- ਇਟ ਦਾ ਸਟਾਰਟ ਆਫ਼ ਆਪ੍ਰੇਸ਼ਨ ਵੀ ਹੈਡ ਸੈਂਡ ਏ ਮੈਸੇਜ ਟੂ ਪਾਕਿਸਤਾਨ (ਅਸੀਂ ਆਪ੍ਰੇਸ਼ਨ ਕਰਨ ਦੇ ਸ਼ੁਰੂ ਵਿੱਚ ਹੀ ਪਾਕਿਸਤਾਨ ਨੂੰ ਦੱਸ ਦਿੱਤਾ ਸੀ) ਕੋਈ ਵੀ ਇਸ ਦਾ ਹਿੰਦੀ ਜਾਂ ਪੰਜਾਬੀ ਮਤਲਬ ਸਮਝ ਸਕਦਾ ਹੈ। ਇਸ ਦੇ ਬਾਅਦ ਜੈਸ਼ੰਕਰ ਕਹਿ ਰਹੇ ਹਨ ਕਿ ਪਾਕਿਸਤਾਨ ਸਮਝ ਲਵੇ ਕਿ ਅਸੀਂ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਹਮਲਾ ਕਰ ਰਹੇ ਹਾਂ, ਉਨ੍ਹਾਂ ਦੇ ਫ਼ੌਜੀ ਸੰਸਥਾਨਾਂ ’ਤੇ ਨਹੀਂ। ਦੂਸਰੀ ਵੀਡੀਓ ਵਿੱਚ ਇੱਕ ਵਿਦੇਸ਼ੀ ਪੱਤਰਕਾਰ ਉਨ੍ਹਾਂ ਤੋਂ ਪੁੱਛਦਾ ਹੈ ਕਿ- ਵੇਅਰ ਵਾਜ਼ ਯੂਐੱਸ ਇੰਨ ਦਿਸ ਪ੍ਰੋਸਿਸ? (ਇਸ ਪ੍ਰਕਿਰਿਆ ਵਿੱਚ ਅਮਰੀਕਾ ਕਿੱਥੇ ਸੀ?) ਤਾਂ ਜੈਸ਼ੰਕਰ ਹੈਰਾਨੀ ਵਿੱਚ ਪਾਉਣ ਵਾਲਾ ਜਵਾਬ ਦਿੰਦੇ ਹਨ- ਵੈੱਲ, ਯੂਐੱਸ ਵਾਜ਼ ਇੰਨ ਯੂਨਾਈਟਿਡ ਸਟੇਟ (ਅਮਰੀਕਾ, ਅਮਰੀਕਾ ਵਿੱਚ ਹੀ ਸੀ) ਇਸ ਤੋਂ ਬਾਅਦ ਉਹ ਥਿੜਕੇ ਹੋਏ ਸ਼ਬਦਾਂ ਤੇ ਬਿਖਰੀ ਹੋਈ ਵਾਕ ਬਣਤਰ ਵਿਚ ਕਹਿੰਦੇ ਹਨ ਕਿ (ਅਮਰੀਕੀ) ਵਿਦੇਸ਼ ਮੰਤਰੀ ਰੂਬਿਓ ਨੇ ਮੇਰੇ ਨਾਲ ਅਤੇ ਉਪ ਰਾਸ਼ਟਰਪਤੀ ਵੇਂਸ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਪਾਕਿਸਤਾਨ ਤੇ ਹੋਰ ਤਾਕਤਾਂ ਨਾਲ ਵੀ ਗੱਲਬਾਤ ਕੀਤੀ। ਹੁਣ ਵਿਦੇਸ਼ ਮੰਤਰੀ ਦੇ ਇਨ੍ਹਾਂ ਬਿਆਨਾਂ ਦਾ ਕੀ ਮਤਲਬ ਕੱਢਿਆ ਜਾਵੇ? ‘ਅਪਰੇਸ਼ਨ ਸੰਧੂਰ’ ਸਿਰਫ਼ 22 ਮਿੰਟ ਚੱਲਿਆ ਸੀ। ਜੇਕਰ ਉਨ੍ਹਾਂ ਨੇ ਅਪਰੇਸ਼ਨ ਦੇ ਖ਼ਤਮ ਹੋਣ ਦੇ ਬਾਅਦ ਪਾਕਿਸਤਾਨ ਨੂੰ ਦੱਸਿਆ ਸੀ ਤਾਂ ਉਨ੍ਹਾਂ ਦਾ ਵਾਕ- ‘ਇਟ ਦਾ ਸਟਾਰਟ ਆਫ਼’ ਦੀ ਬਜਾਏ ‘ਇਟ ਦਾ ਐਂਡ ਆਫ਼’ ਨਾਲ ਸ਼ੁਰੂ ਹੋਣਾ ਚਾਹੀਦਾ ਸੀ। ਦੂਸਰੇ ਵੀਡੀਓ ਤੋਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਜੰਗਬੰਦੀ (ਸੀਜ਼ਫ਼ਾਇਰ) ਵਿੱਚ ਅਮਰੀਕਾ ਦੀ ਵਿਸ਼ੇਸ਼ ਭੂਮਿਕਾ ਸੀ। ਮਤਲਬ ਕਸ਼ਮੀਰ ਦੇ ਮੁੱਦੇ ਦਾ ਅੰਤਰਰਾਸ਼ਟਰੀਕਰਨ ਹੋ ਚੁੱਕਾ ਹੈ। ਜੋ ਕਹਾਣੀਆਂ ਬਣੀਆਂ-ਬਣਾਈਆਂ ਹੁੰਦੀਆਂ ਹਨ, ਉਨ੍ਹਾਂ ਨੂੰ ਸੁਣਾਇਆ ਜਾਂਦਾ ਹੈ। ਪਰ ਕੁਝ ਕਹਾਣੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਨਾ ਸਿਰਫ਼ ਬਣਦਾ ਦੇਖਦੇ ਹਾਂ ਸਗੋਂ ਖੁਦ ਵੀ ਉਨ੍ਹਾਂ ਨੂੰ ਬਣਾਉਣ ਵਿੱਚ ਭਾਈਵਾਲੀ ਕਰਦੇ ਹਾਂ। ਇਸ ਨੂੰ ਅੰਗਰੇਜ਼ੀ ’ਚ ‘ਨੈਰੇਟਿਵ’ (ਬਿਰਤਾਂਤ ਬੁਣਨਾ) ਕਿਹਾ ਜਾਂਦਾ ਹੈ। ਇਸ ਹਕੀਕਤ ਨੂੰ ਕੁਝ ਅਸਲੀ ਤੇ ਕੁਝ ਫ਼ਰਜ਼ੀ ਟੁਕੜਿਆਂ ਨੂੰ ਚਾਲਾਕੀ ਨਾਲ ਵਰਤ ਕੇ ਘੜਿਆ ਜਾਂਦਾ ਹੈ। ਇਸ ਸਮੇਂ ਦੇਸ਼ ਦੇ ਅੰਦਰ ਤੇ ਬਾਹਰ ਦੀ ਦੁਨੀਆ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਏ ਫ਼ੌਜੀ ਸੰਘਰਸ਼ ਦੇ ਬਾਰੇ ’ਚ ਇੱਕ-ਦੂਜੇ ਦੇ ਸਮਾਨਾਂਤਰ ਕਈ ਬਿਰਤਾਂਤ ਬਣਾ ਕੇ ਸਾਨੂੰ ਦੱਸੇ ਜਾ ਰਹੇ ਹਨ। ਰੋਜ਼ਾਨਾ ਉਨ੍ਹਾਂ ਵਿੱਚ ਕੋਈ ਨਾ ਕੋਈ ਟੁਕੜਾ ਜੋੜ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਤਾਜ਼ਾ ਬਣੇ ਰਹਿੰਦੇ ਹਨ। ਇਸ ’ਚ ਦੋ ਗੱਲਾਂ ਖਾਸ ਹਨ- ਪਹਿਲੀ, ਇਹ ਸਾਰੇ ਬਿਰਤਾਂਤ ਇੱਕ-ਦੂਜੇ ਤੋਂ ਪ੍ਰਭਾਵਿਤ ਹੋਏ ਬਗੈਰ ਚਲਾਏ ਜਾ ਰਹੇ ਹਨ। ਦੂਸਰੀ, ਅਸੀਂ ਸਭ ਭਾਵ ਆਮ ਲੋਕ ਵੀ ਕਈ ਤਰ੍ਹਾਂ ਦੇ ਟੁਕੜਿਆਂ ਨੂੰ ਚੁਣ ਕੇ ਜੋੜ ਕੇ ਆਪੋ-ਆਪਣੇ ਮਤਲਬ ਕੱਢ ਰਹੇ ਹਨ। ਇਸ ਚੱਕਰ ’ਚ ਅਫ਼ਸੋਸਨਾਕ ਨਤੀਜਾ ਇਹ ਹੈ ਕਿ ਮੁੱਦਤਾਂ ਬਾਅਦ ਸਰਕਾਰ ਜੋ ਬਿਰਤਾਂਤ ਬਣਾਉਣਾ ਤੇ ਜ਼ਿਆਦਾਤਰ ਰੂਪ ’ਚ ਚਲਾਉਣਾ ਚਾਹੁੰਦੀ ਹੈ, ਉਹ ਕਿਹੜਾ ਹੈ- ਇਹ ਸਮਝਣਾ ਤਕਰੀਬਨ ਨਾਮੁਮਕਿਨ ਹੋ ਗਿਆ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਕੋਈ ਕੇਂਦਰੀ ਬਿਰਤਾਂਤ ਹੁੰਦਾ, ਜਿਸ ’ਤੇ ਲੋਕ ਯਕੀਨ ਕਰਦੇ। ਇੱਕ ਲਗਾਤਾਰ ਚੱਲਦਾ ਹੋਇਆ ਬਿਰਤਾਂਤ ਉਹ ਹੈ, ਜੋ ਸਾਨੂੰ ਟੀ.ਵੀ. ਦੇ ਕਮਰਸ਼ੀਅਲ ਖ਼ਬਰਾਂ ਵਾਲੇ ਚੈਨਲ ਪਰੋਸ ਰਹੇ ਹਨ, ਜੋ ਬਹੁਤ ਹਾਸੋਹੀਣਾ ਤੇ ਅਵਿਸ਼ਵਾਸਯੋਗ ਹੈ। ਇਨ੍ਹਾਂ ਚੈਨਲਾਂ ਨੇ ਤਾਂ ਸੰਘਰਸ਼ ਦੌਰਾਨ ਲਾਹੌਰ ’ਤੇ ਭਾਰਤ ਦਾ ਕਬਜ਼ਾ ਤੱਕ ਕਰਵਾ ਦਿੱਤਾ ਸੀ, ਕਰਾਚੀ ਦੀ ਬੰਦਰਗਾਹ ਤਬਾਹ ਹੋ ਜਾਣ ਦੀ ਖ਼ਬਰ ਦਿੱਤੀ ਗਈ ਸੀ। ਭਾਰਤੀ ਫ਼ੌਜਾਂ ਨੂੰ ਇਸਲਾਮਾਬਾਦ ਵੱਲ ਵਧਦੀਆਂ ਹੋਈਆਂ ਦੱਸਿਆ ਗਿਆ ਸੀ ਤੇ ਜਨਰਲ ਆਸਿਮ ਮੁਨੀਰ ਨੂੰ ਗਿ੍ਰਫ਼ਤਾਰ ਤੱਕ ਕਰਵਾ ਦਿੱਤਾ ਸੀ। ਉਸ ਸਮੇਂ ਇਹ ਚੈਨਲ ਆਪਣੀਆਂ ਸਕਰੀਨਾਂ ’ਤੇ ਇੱਕ ਜਾਸੂਸੀ ਕਹਾਣੀ ਵੀ ਚਲਾ ਰਹੇ ਸਨ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਫ਼ਿਕਰ ਨਹੀਂ ਹੈ ਕਿ ਹਿਸਾਰ ਪੁਲਿਸ ਨੇ ਅਧਿਕਾਰਤ ਤੌਰ ’ਤੇ ਇਨ੍ਹਾਂ ਦੀਆਂ ਕਈ ਗੱਲਾਂ ਦਾ ਖੰਡਨ ਕਰ ਦਿੱਤਾ ਹੈ। ਪਰ ਮੀਡੀਆ ਦੇ ਇਸ ਹਿੱਸੇ ਨੂੰ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ। ਇਸੇ ਦੇ ਸਮਾਨਾਂਤਰ ਇੱਕ ਦੂਸਰਾ ਬਿਰਤਾਂਤ ਸਰਕਾਰੀ ਹਸਤੀਆਂ ਦੇ ਬਿਆਨਾਂ ਤੋਂ ਬਣ ਰਿਹਾ ਹੈ, ਜਿਸ ਨੂੰ ਆਮ ਲੋਕ ਖੁਦ ਆਪਣੇ ਮਨ ਵਿੱਚ ਤਿਆਰ ਕਰ ਰਹੇ ਹਨ। ਇਸ ’ਚ ਵਿਦੇਸ਼ ਮੰਤਰੀ ਦੇ ਕੁਝ ਬਿਆਨ ਸ਼ਾਮਿਲ ਹਨ, ਉਨ੍ਹਾਂ ਦੀ ਹੜਬੜਾਹਟ ਹੈਰਾਨੀ ’ਚ ਪਾਉਣ ਵਾਲੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਨ੍ਹਾਂ ਬਿਆਨਾਂ ਦਾ ਉਹ ਅਰਥ ਕੱਢ ਕੇ ਦੱਸਿਆ ਹੈ ਜਿਸ ਤੋਂ ਹਿੰਦੀ-ਅੰਗਰੇਜ਼ੀ ਜਾਨਣ ਵਾਲੇ ਨਾਗਰਿਕ ਮੁਸਕਰਾਉਣ ਲਈ ਮਜਬੂਰ ਹਨ। ਇਥੇ ਫ਼ੌਜ ਦੇ ਬੁਲਾਰਿਆਂ ਦੇ ਦਾਅਵੇ ਵੀ ਹਨ, ਜਿਨ੍ਹਾਂ ’ਚੋਂ ਇੱਕ ਨੂੰ ਤਾਂ ਵਾਪਸ ਵੀ ਲੈ ਲਿਆ ਗਿਆ ਹੈ। ਇਨ੍ਹਾਂ ਦੋਹਾਂ ਦੇ ਸਮਾਨਾਂਤਰ ਇੱਕ ਤੀਸਰਾ ਬਿਰਤਾਂਤ ਭਾਜਪਾ ਦੇ ਜ਼ਿੰਮੇਵਾਰ ਪ੍ਰਤੀਨਿਧੀਆਂ ਦੇ ਬਿਆਨਾਂ ਤੋਂ ਬਣ ਰਿਹਾ ਹੈ। ਜਿਵੇਂ ਕਿ, ਕਈ ਵਾਰ ਦੇ ਵਿਧਾਇਕ ਇੱਕ ਨੇਤਾ ਨੇ ਕਰਨਲ ਸੋਫ਼ੀਆ ਕੁਰੈਸ਼ੀ ਨੂੰ ‘ਅੱਤਵਾਦੀਆਂ ਦੀ ਭੈਣ’ ਦੱਸ ਦਿੱਤਾ। ਇੱਕ ਉਪ ਮੁੱਖ ਮੰਤਰੀ ਨੇ ਸੈਨਾ ਨੂੰ ਪ੍ਰਧਾਨ ਮੰਤਰੀ ਦੇ ਪੈਰਾਂ ’ਚ ਝੁਕੀ ਹੋਈ (ਨਤਮਸਤਕ) ਕਰਾਰ ਦੇ ਦਿੱਤਾ। ਇੱਕ ਰਾਜ ਸਭਾ ਸੰਸਦ ਨੂੰ ਬੈਸਰਨ (ਪਹਿਲਗਾਮ) ਵਾਦੀ ਵਿੱਚ ਮਾਰੇ ਗਏ ਸੈਲਾਨੀਆਂ ਦੀਆਂ ਪਤਨੀਆਂ ’ਚੋਂ ਵੀਰਾਂਗਣਾ ਜਿਹੇ ਗੁਣਾਂ ਦੀ ਕਮੀ ਤੱਕ ਨਜ਼ਰ ਆ ਗਈ। ਇਨ੍ਹਾਂ ਬਿਆਨਾਂ ’ਤੇ ਰਾਜਨੀਤੀ ਹੋਣ ਤੋਂ ਲੈ ਕੇ ਵੱਡੀਆਂ ਅਦਾਲਤਾਂ ਤੱਕ ਸੁਣਵਾਈ ਹੋ ਰਹੀ ਹੈ, ਪਰ ਗੱਲ ਕਿਤੇ ਰੁਕ ਨਹੀਂ ਰਹੀ। ਇਨ੍ਹਾਂ ਤਿੰਨ ਸਮਾਨਾਂਤਰ ਚੱਲ ਰਹੇ ਬਿਰਤਾਂਤਾਂ ’ਚੋਂ ਭਾਰਤ ਸਰਕਾਰ ਦਾ ਅਧਿਕਾਰਤ ਬਿਰਤਾਂਤ ਕਿਹੜਾ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਬਿਰਤਾਂਤਾਂ ਦੇ ਇਸ ਬੋਲਬਾਲੇ ’ਚ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਸਰਕਾਰ ‘ਤੇ ਆਪਣੇ ਸਵਾਲਾਂ ਦੀ ਗੋਲਾਬਾਰੀ ਕਰ ਰਹੀ ਹੈ। ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕਰਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਭਾਵਿਤ ਘਟਨਾ ਸਥਾਨਾਂ ਦੇ ਦੌਰੇ ਕਰ ਰਹੇ ਹਨ। ਇੱਕ ਤਰ੍ਹਾਂ ਨਾਲ ਵੇਖਿਆ ਜਾਵੇ ਕਿ ਬਿਰਤਾਂਤਾਂ ਦੀ ਇਸ ਜੰਗ ’ਚ ਵਿਰੋਧੀ ਧਿਰ ਦਾ ਬਿਰਤਾਂਤ ਵੀ ਆਪਣੀ ਮੌਜੂਦਗੀ ਦਰਜ ਕਰਵਾ ਚੁੱਕਾ ਹੈ। ਸੱਤਾ ਧਿਰ ਲਈ ਖ਼ਤਰੇ ਦੀ ਘੰਟੀ ਬਣਦੇ ਜਾ ਰਹੇ ਇਸ ਬਿਰਤਾਂਤ ਦਾ ਸਰਕਾਰ ਵੱਲੋਂ ਵਿਵਹਾਰਕ ਖੰਡਨ ਜਾਂ ਸਮਰਥਨ ਕਦੋਂ ਹੋਵੇਗਾ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਸ਼ਾਇਦ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਇੱਕ ਅਜਿਹੀ ਉਲਝਣ ’ਚ ਫ਼ਸ ਗਿਆ ਹੈ, ਜਿਸ ਦੇ ਅੰਤਿਮ ਨਤੀਜੇ ਬਾਰੇ ਫ਼ਿਲਹਾਲ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਇਸ ਅਨਿਸਚਿਤਤਾ ਦਾ ਪਹਿਲਾ ਕਾਰਨ ਤਾਂ ਡੋਨਾਲਡ ਟਰੰਪ ਦਾ ਵਤੀਰਾ ਹੈ, ਜੋ ਪਹਿਲੀ ਨਜ਼ਰ ’ਚ ਭਾਵੇਂ ਹਾਸੋਹੀਣਾ ਜਾਂ ਬੇਲੋੜਾ ਲੱਗੇ ਪਰ ਉਸ ਨੇ ਭਾਰਤੀ ਵਿਦੇਸ਼ ਨੀਤੀ ਨੂੰ ਮੁਸ਼ਕਲ ’ਚ ਪਾ ਦਿੱਤਾ ਹੈ। ਦਰਅਸਲ ਟਰੰਪ ਦਾ ਆਪਣਾ ਇੱਕ ਬਿਰਤਾਂਤ ਹੈ, ਜਿਸ ਨਾਲ ਉਹ ਵਿਖਾਉਣਾ ਚਾਹੁੰਦੇ ਹਨ ਕਿ ਉਹ ਸਿਰਫ਼ ਅਮਰੀਕਾ ਨੂੰ ਹੀ ਨਹੀਂ ਚਲਾਉਂਦੇ, ਸਗੋਂ ਸਾਰੀ ਦੁਨੀਆ ਉਸ ਦੇ ਇਸ਼ਾਰਿਆਂ ’ਤੇ ਚੱਲਦੀ ਹੈ। ਉਸ ਨੇ ਆਪਣੇ ਆਪ ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕਸ਼ਮੀਰ ਮੁੱਦੇ ਨੂੰ ਲੈ ਕੇ ‘ਪੰਚ’ ਦੀ ਭੂਮਿਕਾ ਵਿੱਚ ਨਿਯੁਕਤ ਕਰ ਰੱਖਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਪ੍ਰਮਾਣੂ ਯੁੱਧ ਰੁਕਵਾਉਣ ਦੇ ਫ਼ਰਜ਼ੀ ਦਾਅਵੇ ਦੇ ਆਧਾਰ ’ਤੇ ਉਹ ਨੋਬਲ ਸ਼ਾਂਤੀ ਪੁਰਸਕਾਰ ਦਾ ਦਾਅਵਾ ਵੀ ਕਰ ਸਕਦਾ ਹੈ। ਟਰੰਪ ਦੇ ਚੱਕਰ ਵਿੱਚ ਭਾਰਤ ਲਈ ਇੱਕ ਮੁਸ਼ਕਿਲ ਇਹ ਪੈਦਾ ਹੋ ਗਈ ਹੈ ਕਿ ਉਹ ਪਾਕਿਸਤਾਨ ਦੁਆਰਾ ਕਸ਼ਮੀਰ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ ਦੇ ਬਿਰਤਾਂਤ ਨੂੰ ਪੂਰੀ ਤਰ੍ਹਾਂ ਨਾਲ ਨਾਕਾਮ ਨਹੀਂ ਕਰ ਪਾ ਰਿਹਾ ਹੈ। ਚੀਨ ਉਂਝ ਤਾਂ ਅਮਰੀਕਾ ਵਾਂਗ ਕੋਈ ਬਿਰਤਾਂਤ ਵੱਖਰੇ ਤੌਰ ’ਤੇ ਨਹੀਂ ਚਲਾ ਰਿਹਾ, ਪਰ ਉਹ ਪਾਕਿਸਤਾਨ ਦੇ ਭਾਰਤ ਵਿਰੋਧੀ ਬਿਰਤਾਂਤ ਨੂੰ ਮਜ਼ਬੂਤ ਕਰਨ ’ਚ ਲੱਗਾ ਹੋਇਆ ਦਿਖਾਈ ਦਿੰਦਾ ਹੈ। ਇਥੇ ਇੱਕ ਹੋਰ ਵਚਿੱਤਰ ਬਿਰਤਾਂਤ ਦੀ ਮੌਜੂਦਗੀ ਦੇਖੀ ਜਾ ਸਕਦੀ ਹੈ। ਇਸ ਨੇ ਅੰਤਰਰਾਸ਼ਟਰੀ ਹਥਿਆਰ ਉਦਯੋਗ ਦੀਆਂ ਵੱਖੋ-ਵੱਖ ਲਾਬੀਆਂ ਵਿਚਾਲੇ ਮੁਕਾਬਲੇਬਾਜ਼ੀ ਪੈਦਾ ਕਰ ਦਿੱਤੀ ਹੈ। ਫ਼ੌਜੀ ਸੰਘਰਸ਼ ਦੌਰਾਨ ਕਿਹੜਾ ਹਵਾਈ ਜਹਾਜ਼ ਡਿੱਗਿਆ, ਕਿਸ ਨੇ ਸੁੱਟਿਆ, ਹੁਣ ਕਿਹੜਾ ਸੌਦਾ ਰੱਦ ਹੋਵੇਗਾ, ਕੌਣ ਕਿਹੜਾ ਤੇ ਕਿਸ ਦਾ ਹਵਾਈ ਜਹਾਜ਼ ਖਰੀਦੇਗਾ-ਅਜਿਹੀਆਂ ਗੱਲਾਂ ਭਾਰਤੀ ਤੇ ਕੌਮਾਂਤਰੀ ਮੰਚ ’ਤੇ ਚੱਲ ਰਹੀਆਂ ਹਨ। ਇਸ ਦੇ ਪਿੱਛੇ ਖਰਬਾਂ ਡਾਲਰ ਦੇ ਯੂਰਪੀਨ, ਚੀਨੀ, ਤੁਰਕੀ ਤੇ ਅਮਰੀਕੀ ਹਥਿਆਰ ਉਦਯੋਗ ਦੀਆਂ ਹੱਥਕੰਢੇਬਾਜ਼ੀਆਂ ਹਨ। ਕੁੱਲ ਮਿਲਾ ਕੇ ਬਿਰਤਾਂਤਾਂ ਦਾ ਅਜਿਹਾ ਰਾਇਤਾ ਫ਼ੈਲਿਆ ਹੋਇਆ ਹੈ, ਜਿਸ ਨੂੰ ਸਰਕਾਰ ਦੀ ਬਹੁਮੁਖੀ ਦਖ਼ਲਅੰਦਾਜ਼ੀ ਦੇ ਬਗੈਰ ਭਰਮ ਦੀ ਇਹ ਸਥਿਤੀ ਦੂਰ ਨਹੀਂ ਕੀਤੀ ਜਾ ਸਕਦੀ। -ਲੇਖਕ ਅੰਬੇਡਕਰ ਯੂਨੀਵਰਸਿਟੀ ਦਿੱਲੀ ਵਿੱਚ ਪ੍ਰੋਫ਼ੈਸਰ ਤੇ ਭਾਰਤੀ ਭਾਸ਼ਾਵਾਂ ਵਿੱਚ ਅਭਿਲੇਖਾਗਾਰੀ ਖੋਜ ਪ੍ਰੋਗਰਾਮ ਦੇ ਨਿਰਦੇਸ਼ਕ ਹਨ।

Loading