ਚੰਡੀਗੜ੍ਹ :
ਪੰਜਾਬ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਖਾਲੀ ਕਰਾਉਣ ਲਈ ‘ਅਪਰੇਸ਼ਨ ਹਾਈਵੇਅ’ ਦੀ ਗੁਪਤ ਯੋਜਨਾਬੰਦੀ ਕੀਤੀ, ਜਿਸ ਨੂੰ ਅੰਜਾਮ ਦੇਣ ਲਈ ਅੱਜ ਦੇ ਦਿਨ ਦੀ ਚੋਣ ਕੀਤੀ ਗਈ ਕਿਉਂਕਿ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂ ਕੇਂਦਰੀ ਵਜ਼ੀਰਾਂ ਨਾਲ ਮੀਟਿੰਗ ਲਈ ਚੰਡੀਗੜ੍ਹ ਪੁੱਜੇ ਹੋਏ ਸਨ। ਪੰਜਾਬ ਸਰਕਾਰ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਮੋਰਚੇ ’ਚੋਂ ਚੁੱਕਣਾ ਚੁਣੌਤੀ ਸੀ ਪਰ ਉਸ ਨੇ ਕੇਂਦਰੀ ਵਜ਼ੀਰਾਂ ਨਾਲ ਹੋਣ ਵਾਲੀ ਮੀਟਿੰਗ ਦਾ ਲਾਹਾ ਲਿਆ। ਸੂਤਰਾਂ ਮੁਤਾਬਕ ਗੁਪਤ ਰਣਨੀਤੀ ਤਹਿਤ ਸਰਕਾਰ ਨੇ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਨੂੰ ਮੀਟਿੰਗ ਤੋਂ ਵਾਪਸੀ ਵੇਲੇ ਚੁੱਕਣ ਦਾ ਫ਼ੈਸਲਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕਰਕੇ ਸਮੁੱਚਾ ਅਪਰੇਸ਼ਨ ਤਿਆਰ ਕੀਤਾ ਜਿਸ ਦੀ ਭਿਣਕ ਫੀਲਡ ਵਿਚਲੇ ਪੁਲਿਸ ਅਫ਼ਸਰਾਂ ਨੂੰ ਵੀ ਨਹੀਂ ਪੈਣ ਦਿੱਤੀ ਗਈ। ਜਿਵੇਂ ਹੀ ਕਿਸਾਨ ਆਗੂ ਚੰਡੀਗੜ੍ਹ ’ਚ ਕੇਂਦਰੀ ਵਜ਼ੀਰਾਂ ਨਾਲ ਮੀਟਿੰਗ ਕਰਨ ਮਗਰੋਂ ਵਾਪਸ ਰਵਾਨਾ ਹੋਏ ਤਾਂ ਮੋਹਾਲੀ ਜ਼ਿਲ੍ਹੇ ’ਚੋਂ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੰਜਾਬ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਐਕਸ਼ਨ ਲਈ ਵਾਢੀ ਤੋਂ ਪਹਿਲਾਂ ਦਾ ਸਮਾਂ ਚੁਣਿਆ ਹੈ। ਪਹਿਲੀ ਅਪ੍ਰੈਲ ਤੋਂ ਫ਼ਸਲ ਦੀ ਵਾਢੀ ਸ਼ੁਰੂ ਹੋਣ ਦਾ ਅਨੁਮਾਨ ਹੈ। ਸਰਕਾਰ ਨੂੰ ਇੰਝ ਲੱਗਦਾ ਹੈ ਕਿ ਪਹਿਲੀ ਅਪ੍ਰੈਲ ਤੋਂ ਕਿਸਾਨ ਵਾਢੀ ਵਿੱਚ ਰੁੱਝ ਜਾਣਗੇ ਅਤੇ ਮੁੜ ਲਾਮਬੰਦ ਨਹੀਂ ਹੋ ਸਕਣਗੇ। ਸੂਤਰਾਂ ਅਨੁਸਾਰ ਪਟਿਆਲਾ ਅਤੇ ਸੰਗਰੂਰ ਪੁਲਿਸ ਦੇ ਉੱਚ ਅਫ਼ਸਰਾਂ ਅਤੇ ਫੀਲਡ ਅਫ਼ਸਰਾਂ ਨੂੰ ਸਿਰਫ਼ ਇਹ ਹਦਾਇਤ ਕੀਤੀ ਗਈ ਸੀ ਕਿ ਨਸ਼ਿਆਂ ਖ਼ਿਲਾਫ਼ ਵੱਡਾ ਹੱਲਾ ਬੋਲਣਾ ਹੈ ਜਿਸ ਵਾਸਤੇ ਮੁਲਾਜ਼ਮ ਤਿਆਰ ਰਹਿਣ। ਗੁਪਤ ਰਣਨੀਤੀ ਤਹਿਤ ਇਸ ਦਿਨ ਨੂੰ ਹੀ ਅਹਿਮ ਮੰਨਿਆ ਗਿਆ ਕਿਉਂਕਿ ਡੱਲੇਵਾਲ ਅਤੇ ਹੋਰ ਆਗੂਆਂ ਦੇ ਚੰਡੀਗੜ੍ਹ ਆਉਣ ਮਗਰੋਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਦੇ ਸੀਨੀਅਰ ਆਗੂ ਦੀ ਅਣਹੋਂਦ ਕਾਰਨ ਸੁੰਨੇ ਰਹਿ ਜਾਣ ਦਾ ਅਨੁਮਾਨ ਸੀ। ਦੋਵੇਂ ਮੋਰਚਿਆਂ ’ਤੇ ਅੱਜ ਕਿਸਾਨਾਂ ਦੀ ਗਿਣਤੀ ਵੀ ਘਟ ਗਈ ਸੀ। ‘ਅਪਰੇਸ਼ਨ ਹਾਈਵੇਅ’ ਤਹਿਤ ਕਿਸਾਨ ਜਥੇਬੰਦੀਆਂ ਨੂੰ ਕੋਈ ਰਣਨੀਤੀ ਘੜਨ ਦਾ ਵੀ ਮੌਕਾ ਨਹੀਂ ਦਿੱਤਾ ਗਿਆ। ਵੇਰਵਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ਅਤੇ ਪਟਿਆਲਾ ਵਿੱਚ ਕਰੀਬ ਸੱਤ ਹਜ਼ਾਰ ਪੁਲਿਸ ਮੁਲਾਜ਼ਮ ਇਕੱਠੇ ਹੋਏ ਸਨ ਅਤੇ ਕਈ ਜ਼ਿਲ੍ਹਿਆਂ ਦੇ ਉੱਚ ਅਧਿਕਾਰੀ ਵੀ ਸੱਦੇ ਗਏ। ਜਾਣਕਾਰੀ ਮੁਤਾਬਕ ਹਿਰਾਸਤ ਵਿੱਚ ਲਏ ਜਾਣ ਵਾਲੇ ਆਗੂਆਂ ਵਾਸਤੇ ਅਗਾਊਂ ਕਈ ਮੈਰਿਜ ਪੈਲੇਸ ਵੀ ਕਬਜ਼ੇ ਵਿੱਚ ਲਏ ਗਏ ਸਨ।