ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਇੱਕ ਵਾਰ ਫਿਰ ਆਪਣੀ ਦਮਨਕਾਰੀ ਨੀਤੀ ਨੂੰ ਅਮਲ ਵਿੱਚ ਲਿਆਂਦਾ ਹੈ। 43 ਮਿਲੀਅਨ ਤੋਂ ਵੱਧ ਨਾਗਰਿਕਾਂ ਨੂੰ ਦੁਨੀਆਂ ਨਾਲ ਜੋੜਨ ਵਾਲੀ ਇੰਟਰਨੈੱਟ ਸੇਵਾ ’ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਇੰਟਰਨੈੱਟ ਨਿਗਰਾਨੀ ਸੰਸਥਾ ਨੈੱਟਬਲਾਕਸ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟੈਲੀਫੋਨ ਸੇਵਾਵਾਂ ਦੇ ਨਾਲ-ਨਾਲ ਦੇਸ਼ ਵਿੱਚ ਇੰਟਰਨੈੱਟ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਤਾਲਿਬਾਨ ਨੇ ਇਸ ਨੂੰ ‘ਨੈਤਿਕਤਾ ਸੰਬੰਧੀ ਉਪਾਅ’ ਦੱਸਿਆ ਹੈ।
ਤਾਲਿਬਾਨ ਦੇ ਸਰਵਉੱਚ ਆਗੂ ਮੌਲਵੀ ਹਿਬਤੁੱਲਾ ਅਖੁੰਦਜਾਦਾ ਦੇ ਹੁਕਮ ਨਾਲ ‘ਫਾਈਬਰ-ਆਪਟਿਕ ਕੇਬਲ’ ’ਤੇ ਪੂਰਨ ਪਾਬੰਦੀ ਲਾਈ ਗਈ ਹੈ। ਉੱਤਰੀ ਬਾਲਖ ਸੂਬੇ ਦੇ ਗਵਰਨਰ ਹਾਜੀ ਜੈਦ ਨੇ ਕਿਹਾ ਕਿ ਇਹ ਪਾਬੰਦੀ ‘ਅਨੈਤਿਕ ਗਤੀਵਿਧੀਆਂ’ ਰੋਕਣ ਲਈ ਹੈ, ਪਰ ਇਹਨਾਂ ਗਤੀਵਿਧੀਆਂ ਦੀ ਸਪੱਸ਼ਟ ਵਿਆਖਿਆ ਨਹੀਂ ਕੀਤੀ। ਇਸ ਨਾਲ ਮੀਡੀਆ ਅਤੇ ਆਮ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕਾਬੁਲ ਦੇ ਟੋਲੋ ਨਿਊਜ ਟੀਵੀ ਨੇ ਦੱਸਿਆ ਕਿ ਇਸ ਬਲੈਕਆਊਟ ਨੇ ਮੀਡੀਆ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਬੁਰੀ ਤਰ੍ਹਾਂ ਠੱਪ ਕਰ ਦਿੱਤਾ। ਵਿਦੇਸ਼ਾਂ ਵਿੱਚ ਰਹਿਣ ਵਾਲੇ ਅਫਗਾਨ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਕਰ ਸਕਦੇ।
ਸਭ ਤੋਂ ਵੱਡਾ ਝਟਕਾ ਅਫਗਾਨ ਕੁੜੀਆਂ ਦੀ ਸਿੱਖਿਆ ਨੂੰ ਲੱਗਾ ਹੈ। ਤਾਲਿਬਾਨ ਦੇ ਛੇਵੀਂ ਜਮਾਤ ਤੋਂ ਅੱਗੇ ਕੁੜੀਆਂ ਦੀ ਸਿੱਖਿਆ ’ਤੇ ਪਾਬੰਦੀ ਤੋਂ ਬਾਅਦ, ਬਹੁਤ ਸਾਰੀਆਂ ਕੁੜੀਆਂ ਵਿਦੇਸ਼ੀ ਅਧਿਆਪਕਾਂ ਜਾਂ ਸੰਸਥਾਵਾਂ ਦੀਆਂ ਔਨਲਾਈਨ ਕਲਾਸਾਂ ’ਤੇ ਨਿਰਭਰ ਸਨ। ਇੰਟਰਨੈੱਟ ਬੰਦ ਹੋਣ ਨਾਲ ਇਹ ਰਾਹ ਵੀ ਬੰਦ ਹੋ ਗਿਆ।
‘ਵੂਮੈਨ ਫਾਰ ਅਫਗਾਨ ਵੂਮੈਨ’ ਸੰਸਥਾ ਨੇ ਚਿਤਾਵਨੀ ਦਿੱਤੀ ਕਿ ਇਹ ਬਲੈਕਆਊਟ ਨਾ ਸਿਰਫ ਅਫਗਾਨਾਂ ਨੂੰ ਚੁੱਪ ਕਰਵਾ ਰਿਹਾ ਹੈ, ਸਗੋਂ ਉਹਨਾਂ ਦੀ ਜੀਵਨ ਰੇਖਾ ਨੂੰ ਵੀ ਤੋੜ ਰਿਹਾ ਹੈ।ਇਸਦਾ ਮੀਡੀਆ, ਸਿੱਖਿਆ ਅਤੇ ਮਨੁੱਖੀ ਅਧਿਕਾਰਾਂ ’ਤੇ ਇਸ ਦਾ ਗੰਭੀਰ ਅਸਰ ਪਵੇਗਾ। ਤਾਲਿਬਾਨ ਦੀ ਇਹ ਨੀਤੀ ਦੇਸ਼ ਨੂੰ ‘ਡਿਜੀਟਲ ਹਨੇਰੇ’ ਵਿੱਚ ਧੱਕਣ ਦੀ ਕੋਸ਼ਿਸ਼ ਹੈ, ਜਿਸ ਨਾਲ ਲੋਕਾਂ ਦੀ ਆਵਾਜ ਅਤੇ ਅਜਾਦੀ ਹੋਰ ਸੁੰਗੜ ਜਾਵੇਗੀ।